ਇਸ ਲੇਖ ਵਿਚ ਸਿੱਖ ਵਿਦਵਾਨ ਕਰਮਜੀਤ ਸਿੰਘ ਨੇ ਪੰਜ ਪਿਆਰਿਆਂ ਦੇ ਸੰਕਲਪ ਨੂੰ ਮਾਡਲ ਵਜੋਂ ਵਿਚਾਰਿਆ ਹੈ ਅਤੇ ਇਸ ਦੀਆਂ ਤੰਦਾਂ ਜਮਹੂਰੀਅਤ ਨਾਲ ਜੋੜੀਆਂ ਹਨ। ਮੌਜੂਦਾ ਸੰਕਟ ਵਿਚ ਪੰਜ ਪਿਆਰਿਆਂ ਦੀ ਪਹਿਲਕਦਮੀ ਨੂੰ ਵਾਜਬ ਕਰਾਰ ਦਿੰਦਿਆਂ ਉਨ੍ਹਾਂ ਅਜੋਕੀ ਸਿੱਖ ਸਿਆਸਤ ਦੀ ਦਿਸ਼ਾ ਤੇ ਦਸ਼ਾ ਬਾਰੇ ਟਿੱਪਣੀਆਂ ਵੀ ਕੀਤੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਸਿੱਖ ਸਿਆਸਤ ਦੇ ਫਲਸਫਾਨਾ ਪਿਛੋਕੜ ਵੱਲ ਝਾਤੀ ਮਾਰਨ ਦਾ ਖਿਆਲ ਉਭਾਰਿਆ ਹੈ। ਉਹ ਇੱਛਾ ਕਰਦੇ ਜਾਪਦੇ ਹਨ ਕਿ ਇਸ ਖਿਆਲ ਦੀ ਚੂਲ, ਪਿਛਲੇ ਸਮੇਂ ਦੌਰਾਨ ਰੈਡੀਕਲ ਜਥੇਬੰਦੀਆਂ ਦੇ ਢਿਲਕ ਚੁੱਕੇ ਢਾਂਚੇ ਨੂੰ ਥੋੜ੍ਹਾ ਕੱਸੇਗੀ ਅਤੇ ਇਹ ਰਵਾਇਤੀ ਅਕਾਲੀਆਂ ਨੂੰ ਸਿੱਧੇ ਟੱਕਰਨ ਵਿਚ ਸਹਾਈ ਹੋਵੇਗੀ। -ਸੰਪਾਦਕ
ਕਰਮਜੀਤ ਸਿੰਘ
ਪੰਜ ਪਿਆਰਿਆਂ ਦੀ ਸੰਸਥਾ ਦੇ ਅਚਾਨਕ ਮੁੜ ਪ੍ਰਗਟ ਹੋ ਜਾਣ ਦੀ ਘਟਨਾ ਨੇ ਸਿੱਖ ਇਤਿਹਾਸ ਨੂੰ ਵੀ ਅਤੇ ਸਿੱਖ ਸੰਕਟ ਨੂੰ ਵੀ ਇਕ ਨਵਾਂ ਪਰ ਹੈਰਾਨਕੁਨ ਮੋੜ ਦੇ ਦਿੱਤਾ ਹੈ। ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ‘ਪੰਜ ਪਿਆਰੇ’ ਭਿਆਨਕ ਸੰਕਟ ਵਿਚ ਘਿਰੀ ਸਿੱਖ ਸਿਆਸਤ ਨੂੰ ਇਕ ਅਜਿਹੀ ਦਿਸ਼ਾ ਦੇ ਦੇਣਗੇ ਜੋ ਸਿੱਖ ਪੰਥ ਦੀ ਸਾਂਝੀ ਸੋਚ ਜਾਂ ਸਮੂਹਿਕ ਸਿਆਣਪ ਦਾ ਪ੍ਰਤੀਕ ਹੋ ਨਿਬੜੇਗੀ। ਸਿੱਖ ਵਿਦਵਾਨਾਂ ਨੇ ਇਸ ਡੂੰਘੀ ਰਮਜ਼ ਦੀ ਦਾਰਸ਼ਨਿਕ ਵਿਆਖਿਆ ਅਜੇ ਕਰਨੀ ਹੈ ਜਦੋਂਕਿ ਸਿੱਖ ਸਿਆਸਤਦਾਨ ਸਿਧਾਂਤ ਪੱਖੋਂ ਅਜੇ ਗਿੱਟੇ-ਗਿੱਟੇ ਪਾਣੀਆਂ ਵਿਚ ਹੀ ਤਰਨ ਦੀ ਜਾਚ ਸਿੱਖ ਰਹੇ ਹਨ।
ਰੂਸ ਦਾ ਮਹਾਨ ਨਾਵਲਕਾਰ, ਸ਼ਾਇਰ ਅਤੇ ਨੋਬਲ, ਇਨਾਮ ਜੇਤੂ ਪਾਸਤਰਨਾਕ (1890-1960) ਆਪਣੇ ਪਾਬੰਦੀਸ਼ੁਦਾ ਅਤੇ ਸੰਸਾਰ ਪ੍ਰਸਿੱਧ ਨਾਵਲ ‘ਡਾਕਟਰ ਜ਼ਿਵਾਗੋ’ ਵਿਚ ਇਤਿਹਾਸ ਦੀ ਚਾਲ ਤੇ ਅੰਦਾਜ਼ ਬਾਰੇ ਬੜੀ ਦਿਲਚਸਪ ਟਿੱਪਣੀ ਕਰਦਾ ਹੋਇਆ ਸਾਨੂੰ ਯਾਦ ਕਰਾਉਂਦਾ ਹੈ ਕਿ ਇਤਿਹਾਸ ਘਾਹ ਵਾਂਗ ਚੁੱਪ-ਚਾਪ ਵਧਦਾ ਰਹਿੰਦਾ ਹੈ। ਪਰ ਸਾਡੇ ਸਮਿਆਂ ਦੇ ਮਹਾਨ ਸਿੱਖ ਚਿੰਤਕ ਅਤੇ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਇਸ ਟਿੱਪਣੀ ਵਿਚ ਇਕ ਹੋਰ ਖ਼ਿਆਲ ਜੋੜਦਿਆਂ ਕਹਿੰਦਾ ਹੈ, ਇਹ ਠੀਕ ਹੈ ਕਿ ਇਤਿਹਾਸ ਚੁੱਪ-ਚਾਪ ਘਾਹ ਵਾਂਗ ਵਧਦਾ ਹੈ ਪਰ ਕਦੇ-ਕਦੇ ਇਸ ਵਿਚ ਗਰਜਵਾਂ ਨਾਦ ਵੀ ਹੁੰਦਾ ਹੈ। ਪੰਜ ਪਿਆਰਿਆਂ ਦੀ ਸੰਸਥਾ ਦਾ ਮੁੜ ਜਾਗਣਾ ਅਤੇ ਪੂਰੇ ਜਾਹੋ ਜਲਾਲ ਵਿਚ ਜਾਗਣਾ ‘ਗਰਜਵੇਂ ਨਾਦ’ ਦਾ ਪ੍ਰਤੀਕ ਹੀ ਜਾਪਦਾ ਹੈ। ਇਸ ਇਕ ਝਟਕੇ ਨਾਲ ਕੁਝ ਪਲਾਂ ਲਈ ਸਿੱਖ ਜਗਤ ਦੀਆਂ ਤਿੰਨ ਵੱਡੀਆਂ ਸੰਸਥਾਵਾਂ: ਸ਼੍ਰੋਮਣੀ ਕਮੇਟੀ, ਪੰਜ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ ਬੇਅਸਰ, ਨਿਗੂਣੇ, ਬੇਵੱਸ ਅਤੇ ਵਿਚਾਰੇ ਜਿਹੇ ਹੋ ਕੇ ਰਹਿ ਗਏ ਜਦੋਂਕਿ ਸਿੱਖ ਪੰਥ ਦੀ ਸਾਂਝੀ ਸੋਚ ਤੇ ਪੰਜ ਪਿਆਰੇ ਮੋਢੇ ਨਾਲ ਮੋਢਾ ਜੋੜ ਕੇ ਇਕ ਕਤਾਰ ਵਿਚ ਖਲੋਤੇ ਨਜ਼ਰ ਆਏ। ਬਸ, ਇੱਥੇ ਹੀ ਦਿਲਾਂ ਨਾਲ ਸੋਚਣ ਵਾਲੇ ਦਿਮਾਗਾਂ ਦੀ ਲੋੜ ਹੈ ਜੋ ਇਹ ਦੱਸਣ ਕਿ ਅਜਿਹਾ ਕਿਉਂ ਵਾਪਰਿਆ?
ਜਦੋਂ ਪੰਜ ਪਿਆਰਿਆਂ ਨੂੰ ਮੁਅੱਤਲ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ‘ਸੇਵਾ ਨਿਯਮਾਂ’ ਦੀ ਉਲੰਘਣਾ ਕੀਤੀ। ਇਹ ਸੇਵਾ ਨਿਯਮ ਅੱਗੇ ਜਾ ਕੇ ਕਾਨੂੰਨ ਦੇ ਦਾਇਰੇ ਵਿਚ ਆ ਜਾਂਦੇ ਹਨ ਪਰ ‘ਮਿੰਨੀ ਪਾਰਲੀਮੈਂਟ’ ਦੇ ਪ੍ਰਧਾਨ ਨੂੰ ਇਹ ਸਮਝ ਨਹੀਂ ਲੱਗੀ ਕਿ ਪੰਜ ਪਿਆਰਿਆਂ ਨੇ ‘ਤਕਨੀਕੀ ਜੁਗਤ’ ਨੂੰ ਚੁਣੌਤੀ ਦੇ ਕੇ ਉਸ ਇਤਿਹਾਸ ਨੂੰ ਸਾਕਾਰ ਕੀਤਾ ਜੋ ਦਿਲਾਂ ਉਤੇ ਉਕਰਿਆ ਹੁੰਦਾ ਹੈ ਅਤੇ ਜੋ ਆਤਮਾ ਨਾਲ ਜੁੜਿਆ ਹੁੰਦਾ ਹੈ, ਜਿਸ ਬਾਰੇ ਪ੍ਰੋæ ਪੂਰਨ ਸਿੰਘ ਨੇ ਕਿਹਾ ਸੀ ਕਿ ਸਿੱਖ ਪੰਥ ਰੂਹ ਦੇ ਜ਼ੋਰ ਨਾਲ ਜਿਊਂਦਾ ਹੈ। ਇਹੋ ਕਾਰਨ ਹੈ ਕਿ ਇਸ ਹਕੀਕਤ ਨੂੰ ਪੰਥ ਦੇ ਵਾਰਸਾਂ ਨੇ ਚਿਰੋਕਣਾ ਵਿਸਾਰਿਆ ਹੋਇਆ ਹੈ ਅਤੇ ਨਤੀਜੇ ਸਾਰਿਆਂ ਦੇ ਸਾਹਮਣੇ ਹਨ। ਜ਼ਿੰਦਗੀ ਦੇ ਵਰਤਾਰਿਆਂ ਨੂੰ ਹਰ ਸਮੇਂ ਕਾਨੂੰਨ ਦੀ ਨਜ਼ਰ ਤੋਂ ਵੇਖਣ ਵਾਲਿਆਂ ਲਈ ਕਾਨੂੰਨ ਦੇ ਮਾਹਿਰ ਅਤੇ ਬਰਤਾਨਵੀ ਕਾਨੂੰਨ ਦੇ ਮਹਾਨ ਵਿਆਖਿਆਕਾਰ ਵਿਲੀਅਮ ਬਲੈਕ ਸਟੋਨ (1723-1780) ਦਾ ਸੁਨੇਹਾ ਹੈ ਕਿ ‘ਕਾਨੂੰਨ ਲੋਕਾਂ ਦੇ ਸਦਾਚਾਰਕ ਜਜ਼ਬੇ ਦਾ ਮੁਜੱਸਮਾ ਹੁੰਦੇ ਹਨ।’ ਸੋ, ਪੰਜ ਪਿਆਰਿਆਂ ਨੇ ਜੋ ਫੈਸਲਾ ਸੁਣਾਇਆ, ਉਹ ਸੇਵਾ ਨਿਯਮਾਂ ਦੀ ਉਲੰਘਣਾ ਨਹੀਂ ਸੀ, ਉਹ ਸੇਵਾ ਨਿਯਮਾਂ ਤੋਂ ਉਪਰ ਉਠ ਜਾਣਾ ਸੀ। ਇਹ ਫੈਸਲਾ ਅਸਲ ਵਿਚ ਉਸ ਭੁੱਲੀ ਵਿਸਰੀ ਯਾਦ ਨੂੰ ਮੁੜ ਸਥਾਪਿਤ ਕਰਦਾ ਹੈ ਜੋ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਚ ਵਾਪਰੀ ਸੀ। ‘ਆਕਸਫੋਰਡ ਡਿਕਸ਼ਨਰੀ ਆਫ ਵਰਲਡ ਰਿਲੀਜਨਜ਼’ ਤਾਂ ਪੰਜ ਪਿਆਰਿਆਂ ਦੀ ਸੰਸਥਾ ਨੂੰ ‘ਸ਼੍ਰੋਮਣੀ’ ਅਤੇ ‘ਅੰਤਮ ਕਮਾਂਡਰ’ ਜਾਂ ‘ਅਥਾਰਿਟੀ’ ਸਵੀਕਾਰ ਕਰਦੀ ਹੈ।
ਪੰਜ ਪਿਆਰੇ ਦੋ ਵਾਰ ਇਤਿਹਾਸ ਵਿਚ ਗੁਰੂ ਪੰਥ ਦੇ ਮਰਤਬੇ ਨੂੰ ਪਹੁੰਚੇ ਹਨ। ਇਕ ਵਾਰ, ਚਮਕੌਰ ਦੀ ਗੜ੍ਹੀ ਵਿਚ ਅਤੇ ਦੂਜਾ ਉਸ ਸਮੇਂ ਜਦੋਂ ਦਸਮ ਪਿਤਾ ਨੇ ਦਾਦੂ ਦੀ ਸਮਾਧ ‘ਤੇ ਤੀਰ ਨਾਲ ਸਲਾਮ ਕੀਤਾ। ਕੀ ਇਹ ਕਿਹਾ ਜਾ ਸਕਦਾ ਹੈ ਕਿ 21 ਅਕਤੂਬਰ 2015 ਨੂੰ ਜਦੋਂ ਪੰਜ ਪਿਆਰਿਆਂ ਨੇ ਆਪਣੀ ਤਾਕਤ, ਪ੍ਰਭਾਵ ਅਤੇ ਪਰੰਪਰਾ ਦਾ ਪ੍ਰਗਟਾਵਾ ਕੀਤਾ, ਉਸ ਘਟਨਾ ਵਿਚ ਉਹ ਗੁਰੂ ਪੰਥ ਦਾ ਰੁਤਬਾ ਅਖ਼ਤਿਆਰ ਕਰ ਗਏ? ਇਸ ਦੀ ਵੰਨ-ਸਵੰਨੀ ਵਿਆਖਿਆ ਲਈ ਇਤਿਹਾਸ ਅਜੇ ਸਾਨੂੰ ਉਡੀਕ ਕਰਨ ਲਈ ਕਹਿੰਦਾ ਹੈ।
ਪੰਜ ਪਿਆਰਿਆਂ ਵੱਲੋਂ ਕੀਤੇ ਗਏ ਵਰਤਾਰੇ ਨੇ ਸਿੱਖ ਪੰਥ ਨੂੰ ਚੋਣ ਪ੍ਰਣਾਲੀ ਦੀ ਲੋੜ ਅਤੇ ਮਹੱਤਤਾ ਦਾ ਵੀ ਅਹਿਸਾਸ ਕਰਵਾਇਆ ਹੈ, ਜਿਸ ਨੂੰ ਵਿਦਵਾਨ ‘ਸਿਲੈਕਸ਼ਨ’ (ਚੋਣ) ਦਾ ਨਾਂ ਦਿੰਦੇ ਹਨ, ਪਰ ਸਿੱਖਾਂ ਨੇ ਇਸ ਪ੍ਰਣਾਲੀ ਨੂੰ ਕਦੇ ਵਰਤੋਂ ਵਿਚ ਨਹੀਂ ਲਿਆਂਦਾ। ਸੰਪਰਦਾਵਾਂ ਵਿਚ ਭਾਵੇਂ ਇਹ ਪ੍ਰਣਾਲੀ ਚਲਦੀ ਹੈ, ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਇਸ ਪ੍ਰਣਾਲੀ ਨੂੰ ਕਿਵੇਂ ਲਾਗੂ ਕੀਤਾ ਜਾਵੇ? ਇਹ ਸਿੱਖ ਜਗਤ ਲਈ ਵੱਡੀ ਸਮੱਸਿਆ ਹੈ। ਇਕ ਹੋਰ ਗੰਭੀਰ ਸਵਾਲ ਖੜ੍ਹਾ ਹੋ ਗਿਆ ਹੈ ਕਿ ਪੰਜ ਪਿਆਰਿਆਂ ਦੀ ਸੰਸਥਾ ‘ਸੱਤਾ ਦਾ ਇਕ ਵੱਖਰਾ ਕੇਂਦਰ’ ਬਣ ਜਾਵੇਗੀ ਅਤੇ ਜਮਹੂਰੀਅਤ ਦੀ ਵਰਤਮਾਨ ਪ੍ਰਣਾਲੀ ਵਿਚ ਸਿੱਖਾਂ ਦੀਆਂ ਹੋਰ ਸੰਸਥਾਵਾਂ ਨਾਲ ਉਸ ਦੇ ਰਿਸ਼ਤੇ ਕਿਸ ਤਰ੍ਹਾਂ ਦੇ ਹੋਣਗੇ? ਕੀ ਪੰਜ ਪਿਆਰੇ ਸਾਜਣ ਤੋਂ ਪਹਿਲਾਂ ਵੀ ਪੰਜ ਦੀ ਗਿਣਤੀ ਸਿੱਖ ਪੰਥ ਵਿਚ ਮਕਬੂਲ ਸੀ? ਇਤਿਹਾਸ ਇਸ ਦਾ ਜਵਾਬ ‘ਹਾਂ’ ਵਿਚ ਹੀ ਦਿੰਦਾ ਹੈ। ‘ਐਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਮੇਂ ਵੀ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੌਕੇ ਵੀ ਉਨ੍ਹਾਂ ਨਾਲ ਪੰਜ ਸਿੱਖ ਗਏ ਸਨ। ਔਰੰਗਜ਼ੇਬ ਕੋਲ ਜ਼ਫਰਨਾਮਾ ਪਹੁੰਚਾਉਣ ਲਈ ਵੀ ਗੁਰੂ ਸਾਹਿਬ ਨੇ ਪੰਜ ਸਿੰਘਾਂ-ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਦੇਸਾ ਸਿੰਘ, ਭਾਈ ਸ਼ਿਵ ਸਿੰਘ ਤੇ ਭਾਈ ਜੇਠਾ ਸਿੰਘ ਨੂੰ ਅਹਿਮਦਨਗਰ ਭੇਜਿਆ ਸੀ ਤਾਂ ਜੋ ਖਾਲਸਾ ਸ਼ਾਹੀ ਦਰਬਾਰ ਦੇ ਵਰਤੋਂ ਵਿਹਾਰਾਂ ਦੇ ਹਾਣ ਦਾ ਹੋ ਸਕੇ। ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਪੰਜ ਤੀਰ ਬਖਸ਼ਿਸ਼ ਕੀਤੇ ਅਤੇ ਨਾਲ ਹੀ ਪੰਜ ਸਿੰਘ ਭੇਜੇ ਤੇ ਹੁਕਮ ਕੀਤਾ ਕਿ ਉਹ ਇਨ੍ਹਾਂ ਸਿੰਘਾਂ ਦੀ ਸਲਾਹ ਮੁਤਾਬਿਕ ਕੰਮ ਕਰੇਗਾ।
ਪੰਜ ਪਿਆਰਿਆਂ ਦੀ ਸੰਸਥਾ ਦੇ ਉਜਾਗਰ ਹੋਣ ਨਾਲ ਜਿੱਥੇ ਰਵਾਇਤੀ ਅਕਾਲੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਰੈਡੀਕਲ ਜਥੇਬੰਦੀਆਂ ਨੂੰ ਸਿੱਖ ਕੌਮ ਵਿਚ ਆਪਣਾ ਪ੍ਰਭਾਵ ਜਮਾਉਣ ਦੇ ਮੌਕੇ ਹਾਸਲ ਹੋਣਗੇ। ਇਉਂ ਲਗਦਾ ਹੈ ਜਿਵੇਂ ਆਉਣ ਵਾਲੇ ਦਿਨਾਂ ਵਿਚ ਅਕਾਲ ਤਖਤ ਸਾਹਿਬ ਸਿੱਖ-ਤੰਤਰ ਦਾ ਮੂਲ ਕੇਂਦਰ ਬਿੰਦੂ ਬਣ ਕੇ ਸਾਹਮਣੇ ਆਉਣਗੇ। ਬਦਲੀ ਹੋਈ ਸਥਿਤੀ ਵਿਚ ਇਸ ਤਖਤ ਦਾ ਜਥੇਦਾਰ ਉਹੋ ਵਿਅਕਤੀ ਬਣ ਸਕੇਗਾ, ਰਹਿ ਸਕੇਗਾ ਤੇ ਟਿਕ ਸਕੇਗਾ ਜੋ ਖਾਲਸਾ ਪੰਥ ਦੇ ਰਾਜਨੀਤਕ, ਧਾਰਮਿਕ, ਰੂਹਾਨੀ ਅਤੇ ਆਰਥਿਕ ਤੇ ਸੱਭਿਆਚਾਰਕ ਜਜ਼ਬਿਆਂ ਦਾ ਮੁਜੱਸਮਾ ਹੋਵੇਗਾ। ਇਕ ਆਦਰਸ਼ਕ ਜਥੇਦਾਰ ਦਾ ਇੰਤਜ਼ਾਮ, ਜੋ ਹੁਣ ਤਕ ਸਿੱਖ ਕੌਮ ਦੀ ਰੂਪੋਸ਼ ਮਾਨਸਿਕਤਾ ਵਿਚ ਲੁਕਿਆ ਪਿਆ ਸੀ, ਉਹ ਪ੍ਰਗਟ ਹੋ ਗਿਆ ਹੈ, ਪਰ ਇਹ ਵੀ ਇਕ ਹਕੀਕਤ ਹੈ ਕਿ ਇਸ ਮਾਨਸਿਕਤਾ, ਰੀਝ ਤੇ ਤਮੰਨਾ ਦੀ ਖੁਸ਼ਬੋ ਦੀ ਰੂਪ-ਰੇਖਾ ਅਜੇ ਵੀ ਧੁੰਦਲੀ ਹੈ। ਆਉਣ ਵਾਲੀ ਸਿਆਸਤ ਵੱਖਰੀ ਹੋਵੇਗੀ ਪਰ ਪਹਿਲਾਂ ਵਾਲੀ ਯਕੀਨਨ ਨਹੀਂ ਹੋਵੇਗੀ ਕਿਉਂਕਿ ਪੰਜ ਪਿਆਰਿਆਂ ਦੀ ਸੰਸਥਾ ਨੇ ਸਾਰਿਆਂ ਨੂੰ ਝਟਕਾ ਦਿੱਤਾ ਹੈ।
ਪੰਜ ਪਿਆਰਿਆਂ ਦਾ ਮਾਡਲ ਯਕੀਨਨ ਜਮਹੂਰੀਅਤ ਦਾ ਇਕ ਨਿਵੇਕਲਾ ਤੇ ਨਵਾਂ ਪੈਰਾਡਾਈਮ-ਸ਼ਿਫਟ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਇਤਿਹਾਸ ਵਿਚ ਉਤਾਰਿਆ। ਇਹ ਮਾਡਲ ਉਤਮ ਜਾਂ ਸ੍ਰੇਸ਼ਟ ਕਿਸਮ ਦੇ ਵਿਅਕਤੀਆਂ ਦੀ ਚੋਣ ਉਤੇ ਆਧਾਰਿਤ ਸੀ ਜਦੋਂਕਿ ਵੋਟ ਰਾਜਨੀਤੀ ਦਾ ਮਾਡਲ ਸਿਰਾਂ ਦੀ ਗਿਣਤੀ ਨੂੰ ਪਹਿਲ ਦਿੰਦਾ ਹੈ। ਨਤੀਜਾ ਇਹ ਹੋਇਆ ਕਿ ਪੰਜ ਪਿਆਰਿਆਂ ਦਾ ਮਾਡਲ ਇਕ ਭੁੱਲੀ ਵਿਸਰੀ ਯਾਦ ਬਣ ਕੇ ਰਹਿ ਗਿਆ ਜਾਂ ਕਿਸੇ ਪ੍ਰਕਾਸ਼ ਉਤਸਵ ਮੌਕੇ ‘ਤੇ ਨਿਕਲਣ ਵਾਲੇ ਜਲੂਸਾਂ ਦੀ ਅਗਵਾਈ ਤਕ ਹੀ ਸੀਮਤ ਹੋ ਗਿਆ ਸੀ ਅਤੇ ਇਸ ਵਿਚ ਉਹ ਪੁਰਾਤਨ ਪਹਿਲ-ਤਾਜ਼ਗੀ ਨਹੀਂ ਸੀ ਰਹੀ। ਦੂਜੇ ਪਾਸੇ ਸਿੱਖ ਵਿਦਵਾਨਾਂ ਉਤੇ ਵੀ ਇਹ ਦੋਸ਼ ਆਇਦ ਹੁੰਦਾ ਹੈ ਕਿ ਉਨ੍ਹਾਂ ਨੇ ਦਸਮੇਸ਼ ਪਿਤਾ ਦੇ ਇਸ ਨਿਰਮਲ ਮਾਰਗ ਵਿਚ ਤਾਜ਼ਗੀ ਅਤੇ ਨਵੀਨਤਾ ਦੇ ਵੰਨ-ਸਵੰਨੇ ਰੰਗ ਤਾਂ ਕੀ ਭਰਨੇ ਸਨ ਸਗੋਂ ਵੋਟ ਰਾਜਨੀਤੀ ਦੇ ਮਾਡਲ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ। ਸ਼੍ਰੋਮਣੀ ਕਮੇਟੀ ਦਾ ਵਜੂਦ ਤੇ ਮਿਸਾਲ ਸਾਡੇ ਸਾਹਮਣੇ ਹੈ ਜਿੱਥੇ ਹਰ ਕਿਸਮ ਦੇ ਨੈਤਿਕ-ਅਨੈਤਿਕ ਸੋਮੇ ਅਤੇ ਸਾਧਨਾਂ ਦੀ ਵਰਤੋਂ ਕਰ ਕੇ ਜੇਤੂ ਉਮੀਦਵਾਰ ਇਸ ਮਿੰਨੀ ਪਾਰਲੀਮੈਂਟ ਵਿਚ ਦਾਖਲ ਹੁੰਦੇ ਹਨ। ਇਮਤਿਹਾਨ ਦੀ ਇਸ ਘੜੀ ਵਿਚ ਉਹ ਕੇਵਲ ਚਲਦੀਆਂ ਫਿਰਦੀਆਂ ਲਾਸ਼ਾਂ ਹੀ ਨਜ਼ਰ ਆਏ ਜਿਨ੍ਹਾਂ ਕੋਲ ਨਾ ਹੀ ਦਿਮਾਗ ਦੀ ਸੁਤੰਤਰਤਾ ਸੀ ਅਤੇ ਨਾ ਹੀ ਅਨਮੋਲ ਵਿਰਸੇ ਦੀ ਯਾਦ ਹੀ ਉਨ੍ਹਾਂ ਦੀ ਪੂੰਜੀ ਸੀ।
ਅਜਿਹੇ ਹਾਲਾਤ ਵਿਚ ਭਾਵੇਂ ਸਿੱਖਾਂ ਦੇ ਸੁਚੇਤ ਮਨ ਨੇ ਹਾਰ ਮੰਨ ਲਈ ਪਰ ਅਵਚੇਤਨ-ਜਗਤ ਸਦਾ ਹੀ ਬਾਗੀ ਰਿਹਾ। ਦਿਲਚਸਪ ਗੱਲ ਇਹ ਹੈ ਕਿ ਸੁਚੇਤ ਤੇ ਅਚੇਤ ਦੋਵੇਂ ਵਰਤਾਰੇ ਨਾਲ ਨਾਲ ਚਲਦੇ ਵੀ ਰਹੇ ਅਤੇ ਇਕ ਦੂਜੇ ਨਾਲ ਟਕਰਾਉਂਦੇ ਵੀ। ਅਚੇਤ ਮਨ ਇਕ ਤਰ੍ਹਾਂ ਨਾਲ ਦੱਬੀਆਂ ਤੇ ਦਬਾਈਆਂ ਖਾਹਿਸ਼ਾਂ, ਰੀਝਾਂ ਤੇ ਵਲਵਲਿਆਂ ਦਾ ਇਕ ਵੱਡਾ ਅਤੇ ਨਾ ਮੁੱਕਣ ਵਾਲਾ ਢੇਰ ਹੁੰਦਾ ਹੈ ਜਦੋਂਕਿ ਸੁਚੇਤ ਮਨ ਬਾਹਰੀ ਅਤੇ ਤਾਕਤਵਰ ਦਬਾਅ ਦੇ ਅਧੀਨ ਆਪਣੇ ਆਪ ਨੂੰ ਪ੍ਰੀਭਾਸ਼ਤ ਕਰਦਾ ਹੈ।
ਮੁੱਕਦੀ ਗੱਲ, 21 ਅਕਤੂਬਰ ਨੂੰ ਜਦੋਂ ਪੰਜ ਪਿਆਰਿਆਂ ਨੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਤਾਂ ਅਸਲ ਵਿਚ ਉਹ ਸਿੱਖਾਂ ਦੇ ਅਚੇਤ ਮਨ ਦਾ ਸਾਕਾਰ ਰੂਪ ਸੀ ਜਾਂ ਇਉਂ ਕਹਿ ਲਵੋ ਅਚੇਤ ਮਨ ਦੀ ਜਿੱਤ ਸੀ। ਸਾਨੂੰ ਇਤਿਹਾਸ ਨੂੰ ਇਸ ਨਜ਼ਰੀਏ ਤੋਂ ਵੀ ਕਦੇ ਕਦੇ ਹਮਦਰਦੀ ਨਾਲ ਦੇਖਦੇ ਰਹਿਣਾ ਚਾਹੀਦਾ ਹੈ। ਇਸ ਵੱਖਰੀ ਕਿਸਮ ਦੇ ਗਿਆਨ ਖੇਤਰ ਨਾਲ ਸਾਂਝ ਪਾਉਣ ਲਈ ਸਾਨੂੰ ‘ਅਵਚੇਤਨ’ ਦੇ ਮਹਾਨ ਫਿਲਾਸਫਰ ਕਾਰਲ ਜੁੰਗ (1875-1961) ਦੀ ਖੋਜ ਵੱਲ ਪਰਤਣਾ ਹੋਵੇਗਾ ਜੋ ਆਪਣੇ ਸਾਥੀ ਫਰਾਇਡ (1856-1939) ਤੋਂ ਇਹ ਵਿਚਾਰ ਰੱਖ ਕੇ ਵੱਖਰਾ ਹੋ ਗਿਆ ਸੀ ਕਿ ਅਚੇਤ ਮਨ ਤਾਂ ਰੂਹਾਨੀਅਤ ਦੀਆਂ ਗਹਿਰਾਈਆਂ ਦਾ ਇਕ ਵੱਡਾ ਸੋਮਾ ਹੁੰਦਾ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖ ਰਾਜਨੀਤੀ ਉਤੇ ਕਾਬਜ਼ ਹਾਕਮ ਧਿਰ ਨੇ ਸਿੱਖਾਂ ਦੇ ਸਮੂਹਿਕ-ਅਵਚੇਤਨ ਦੀ ਕਮਾਲ ਦੀ ਤਾਕਤ ਅਤੇ ਬਾਹੂਬਲ ਦੀ ਨਾ ਕਦੇ ਸਾਰ ਲਈ ਅਤੇ ਨਾ ਕਦੇ ਪਛਾਣ ਕੀਤੀ। ਇਸ ਦੇ ਸਿੱਟੇ ਉਹ ਹੁਣ ਭੁਗਤ ਰਹੇ ਹਨ ਅਤੇ ਸ਼ਾਇਦ ਇਹੋ ਜਿਹੀ ਚੁਣੌਤੀ ਕਦੇ ਵੀ ਉਨ੍ਹਾਂ ਦੇ ਸਾਹਮਣੇ ਨਹੀਂ ਸੀ ਆਈ। ਪਰ ਇਸ ਦੇ ਨਾਲ ਹੀ ਇਹ ਵੀ ਇਕ ਕੌੜੀ ਸੱਚਾਈ ਹੈ ਕਿ ਹਾਕਮ ਧਿਰ ਦਾ ਵਿਰੋਧ ਕਰਨ ਵਾਲੀ ਸਿੱਖ ਰਾਜਨੀਤੀ ਨੂੰ ਵੀ ਇਸ ਅਚੇਤ ਮਨ ਦੇ ਨੇੜੇ ਢੁਕਣ ਵਿਚ ਅਜੇ ਕਾਫੀ ਸਮਾਂ ਲੱਗੇਗਾ। ਉਦਾਸ ਕਰ ਦੇਣ ਵਾਲਾ ਸੱਚ ਇਹ ਹੈ ਕਿ ਹਨੇਰਾ ਹਾਲੇ ਵੀ ਬਰਕਰਾਰ ਹੈ।
(ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)