-ਜਤਿੰਦਰ ਪਨੂੰ
ਮਜ਼ਹਬ ਦੇ ਖੇਤਰ ਵਿਚ ਹੋ ਰਹੀ ਧੋਖਾਧੜੀ ਤੇ ਇਸ ਵਿਹਾਰ ਤੋਂ ਖਿਝੇ ਲੋਕਾਂ ਦੀ ਧਰਮ ਤੋਂ ਦੂਰੀ ਵਧਦੀ ਜਾ ਰਹੀ ਹੈ। ਧਰਮ ਤੋਂ ਲੋਕਾਂ ਦੀ ਵਧਦੀ ਦੂਰੀ ਦੇ ਦੋ ਰੰਗ ਹੋ ਸਕਦੇ ਹਨ। ਇੱਕ ਤਾਂ ਇਹ ਕਿ ਉਹ ਧਰਮ ਦੀ ਬੁਨਿਆਦ, ਜਿਸ ਨੂੰ ਰੱਬ ਕਿਹਾ ਜਾਂਦਾ ਹੈ, ਦੀ ਹੋਂਦ ਤੋਂ ਇਨਕਾਰੀ ਹੋ ਜਾਣ। ਇਹ ਗੱਲ ਕੋਈ ਨਵੀਂ ਨਹੀਂ ਹੋਣੀ, ਆਦਿ ਕਾਲ ਤੋਂ ਹੁੰਦਾ ਆ ਰਿਹਾ ਹੈ। ਪੁਰਾਣੇ ਸਮਿਆਂ ਵਿਚ ਇਸ ਬਾਰੇ ਬਹਿਸ ਸਗੋਂ ਸਹਿਣਸ਼ੀਲਤਾ ਨਾਲ ਚੱਲਦੀ ਸੀ। ਰੱਬ ਦੀ ਹੋਂਦ ਮੰਨਣ ਅਤੇ ਇਸ ਹੋਂਦ ਬਾਰੇ ਕਿੰਤੂ ਕਰਨ ਵਾਲੇ ਚਿੰਤਕ ਆਪਸ ਵਿਚ ਵਿਚਾਰ-ਵਟਾਂਦਰੇ ਵੀ ਕਰਦੇ ਹੁੰਦੇ ਸਨ।
ਦਲੀਲ ਦੀ ਥਾਂ ਸੋਟੇ ਮਾਰਨ ਅਤੇ ਕਤਲ ਦੀ ਧਮਕੀ ਦੇਣ ਦਾ ਕੰਮ ਉਦੋਂ ਵੀ ਹੋ ਜਾਂਦਾ ਸੀ, ਪਰ ਸਹਿਣਸ਼ੀਲਤਾ ਦੀ ਬਹਿਸ ਦਾ ਵਰਤਾਰਾ ਕਦੇ ਰੁਕਿਆ ਨਹੀਂ ਸੀ। ਹੁਣ ਇਸ ਬਹਿਸ ਦੇ ਅੱਗੇ ਬੰਨ੍ਹ ਲਾਏ ਜਾਣ ਲੱਗੇ ਹਨ। ਕਿਸੇ ਵੀ ਧਾਰਮਿਕ ਅਦਾਰੇ ਵਿਚੋਂ ਇਹ ਨਾਅਰਾ ਲੱਗ ਜਾਣਾ ਸਧਾਰਨ ਗੱਲ ਹੈ ਕਿ ‘ਧਰਮ ਦੀ ਜੈ ਹੋ, ਅਧਰਮ ਦਾ ਨਾਸ ਹੋ’, ਪਰ ਧਰਮ ਦੀ ਧਾਰਨਾ ਕੀ ਹੈ? ਇਸ ਦਾ ਨਾਅਰਾ ਲਾਉਣ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਨਾਅਰਾ ਬਸ ਨਾਅਰਾ ਹੁੰਦਾ ਹੈ। ਕਿਸੇ ਦੀ ਇਹ ਜੁਰਅੱਤ ਨਹੀਂ ਹੁੰਦੀ ਕਿ ਇਸ ਦੇ ਜਵਾਬ ਵਿਚ ‘ਅਧਰਮ ਦੀ ਜੈ’ ਦਾ ਨਾਅਰਾ ਲਾ ਦੇਵੇ। ਜਦੋਂ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਸੋਚੇਗਾ ਵੀ, ਆਪੋ ਵਿਚ ਲਗਾਤਾਰ ਲੜਦੇ ਰਹਿਣ ਵਾਲੇ ਸਾਰੇ ਧਰਮਾਂ ਦੇ ਠੇਕੇਦਾਰ ਮਿਲ ਕੇ ਉਸ ਦੇ ਗਲ਼ ਪੈ ਜਾਣਗੇ।
ਧਰਮ ਤੋਂ ਦੂਰੀ ਦਾ ਦੂਸਰਾ ਰੰਗ ਉਨ੍ਹਾਂ ਲੋਕਾਂ ਦਾ ਹੈ, ਜਿਹੜੇ ਕਿਸੇ ਧਰਮ ਦਾ ਵਿਰੋਧ ਕਦੇ ਨਹੀਂ ਕਰਦੇ, ਪਰ ਆਪਣੇ ਬਾਰੇ ਇਹ ਗੱਲ ਹਿੱਕ ਠੋਕ ਕੇ ਕਹਿੰਦੇ ਹਨ ਕਿ ਮੈਂ ਕਿਸੇ ਧਰਮ ਦੇ ਨਾਲ ਨਹੀਂ। ਇਨ੍ਹਾਂ ਲੋਕਾਂ ਦੇ ਵੀ ਦੋ ਰੰਗ ਮੰਨੇ ਜਾਂਦੇ ਹਨ। ਇੱਕ ਉਹ ਲੋਕ ਹਨ, ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਰਸ਼ਾਂ ਵਿਚ ਦਰਬਾਰ ਸਜਾਈ ਬੈਠੇ ਕਿਸੇ ਅਣਦਿਸਦੇ ਰੱਬ ਦੀ ਹੋਂਦ ਵਿਚ ਯਕੀਨ ਨਹੀਂ। ਦੂਸਰੇ ਰੰਗ ਵਾਲੇ ਲੋਕ ਰੱਬ ਦੀ ਹੋਂਦ ਨੂੰ ਨਕਾਰਦੇ ਨਹੀਂ, ਪਰ ਉਸ ਨੂੰ ਲੱਭਣ ਲਈ ਕਿਸੇ ਧਰਮ ਨਾਲ ਜੁੜਨ ਤੋਂ ਇਨਕਾਰੀ ਹਨ। ਉਹ ਧਰਮ ਨਿਰਲੇਪ ਹਨ। ਸੰਸਾਰ ਵਿਚ ਇਹੋ ਜਿਹੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ ਤੇ ਇੱਕ ਤਰ੍ਹਾਂ ਇਹ ਠੀਕ ਹੋ ਰਿਹਾ ਹੈ।
ਸਾਡੇ ਸਮਿਆਂ ਵਿਚ ਧਰਮ ਦੇ ਅਰਥ ਬਦਲਦੇ ਜਾ ਰਹੇ ਹਨ। ਵੱਡੇ-ਵੱਡੇ ਡੇਰਿਆਂ ਤੇ ਮਹਿੰਗੀਆਂ ਕਾਰਾਂ ਨਾਲ ਕਾਫਲਿਆਂ ਦੇ ਰੂਪ ਵਿਚ ਬੰਦੂਕਾਂ ਦੀ ਛਾਂ ਹੇਠ ਚੱਲਦੇ ਲੋਕ ਧਰਮ ਦੇ ਪ੍ਰਤੀਕ ਮੰਨੇ ਜਾਣ ਲੱਗ ਪਏ ਹਨ। ਗਰੀਬ ਲਾਲੋ ਦੇ ਘਰ ਬਹਿ ਕੇ ਰੁੱਖੀ-ਮਿੱਸੀ ਖਾਣ ਵਾਲੇ ਗੁਰੂ ਬਾਬੇ ਦੀ ਫੋਟੋ ਨੂੰ ਮੱਥਾ ਟੇਕਿਆ ਜਾਂਦਾ ਹੈ, ਪਰ ਉਸ ਦਾ ਸਿਧਾਂਤ ਪਾਸੇ ਕਰ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਦੇ ਮੁਖੀ ਨੇ ਹਰਿਮੰਦਰ ਸਾਹਿਬ ਆਉਣਾ ਹੋਵੇ ਤਾਂ ਗੁਰੂ ਘਰ ਦੀ ਟਾਸਕ ਫੋਰਸ ਉਸੇ ਤਰ੍ਹਾਂ ਆਮ ਲੋਕਾਂ ਨੂੰ ਪਰੇ ਧੱਕਣ ਲੱਗ ਪੈਂਦੀ ਹੈ, ਜਿਵੇਂ ਚੰਡੀਗੜ੍ਹ ਵਿਚ ਰਾਜ ਸਰਕਾਰ ਦੇ ਸਕੱਤਰੇਤ ਦੇ ਅੱਗੇ ਲੱਗੀ ਹੋਈ ਪੈਰਾ ਮਿਲਟਰੀ ਫੋਰਸ ਕਰਦੀ ਹੈ। ਧਰਮ ਅਸਥਾਨ ਦੀ ਸੇਵਾ ਲਈ ਹੁਣ ਇੱਕ ਚੀਫ ਸੈਕਟਰੀ ਵੀ ਰੱਖਿਆ ਗਿਆ ਹੈ। ਤੀਹ ਕੁ ਸਾਲ ਪਹਿਲਾਂ ਮਾਝੇ ਦੇ ਇੱਕ ਪਰਿਵਾਰ ਦੀ ਗਿਆਰਾਂ ਲੱਖ ਦੀ ਲਾਟਰੀ ਨਿਕਲ ਆਈ ਤਾਂ ਇਲਾਕੇ ਦੇ ਲੋਕ ਉਸ ਟੱਬਰ ਦੇ ਜੀਆਂ ਨੂੰ ‘ਗਿਆਰਾਂ ਲੱਖੀਏ’ ਆਖਣ ਲੱਗੇ ਸਨ। ਗੁਰੂ ਘਰ ਦਾ ਚੀਫ ਸੈਕਟਰੀ ਜਾਂਦਾ ਵੇਖ ਕੇ ਸੇਵਾਦਾਰ ਉਸ ਨੂੰ ‘ਤਿੰਨ ਲੱਖੀਆ’ ਆਖ ਕੇ ਹੱਸ ਛੱਡਦੇ ਹਨ।
ਬਾਕੀ ਸਾਰੇ ਦੇਸ਼ ਵਿਚ ਹਿੰਦੂ ਧਰਮ ਦੇ ਨਾਂ ਉਤੇ ਰਾਜਨੀਤੀ ਕਰਦੇ ਸਾਧਾਂ-ਸਾਧਵੀਆਂ, ਭੋਗੀ ਬਣੇ ਹੋਏ ਯੋਗੀ ਕਹਾਉਂਦੇ ਰਾਜਸੀ ਆਗੂਆਂ ਨੇ ਇਸ ਤੋਂ ਵੀ ਵੱਧ ਧਮੱਚੜ ਪਾ ਰੱਖਿਆ ਹੈ। ਆਮ ਲੋਕ ਹਕੀਕਤਾਂ ਤੋਂ ਅਣਜਾਣ ਹਨ ਜਾਂ ਬੇਵੱਸ ਹੋ ਗਏ ਹਨ। ਕੋਈ ਇਨ੍ਹਾਂ ਨੂੰ ‘ਸਰਬੱਤ ਖਾਲਸਾ’ ਦੇ ਰਾਹ ਪਾਵੇ ਤਾਂ ਪੈ ਸਕਦੇ ਹਨ, ਪਰ ਕੋਈ ਹੋਰ ਵੱਧ ਉਚੀ ਸੁਰ ਤੇ ਵੱਧ ਪ੍ਰਭਾਵੀ ਪ੍ਰਚਾਰ ਮਸ਼ੀਨਰੀ ਵਾਲਾ ਆਪਣੇ ਪੱਖ ਵਿਚ ਵਰਤਣਾ ਚਾਹੇ ਤਾਂ ਇਹ ਉਸ ਦੇ ਜਾਲ ਵਿਚ ਵੀ ਫਸ ਸਕਦੇ ਹਨ। ਇਹ ਸਾਡੇ ਸਮਿਆਂ ਦਾ ਸੱਚ ਹੈ ਕਿ ਲੋਕਾਂ ਦਾ ਕਿਸੇ ਵੀ ਧਰਮ ਦੇ ਨਾਂ ਉਤੇ ਵਰਗਲਾਏ ਜਾਣਾ ਆਮ ਗੱਲ ਬਣ ਗਈ ਹੈ।
ਅੱਜ ਦੇ ਇਸ ਸੱਚ ਵੱਲ ਵੇਖਿਆ ਜਾਵੇ ਤਾਂ ਸਮਝ ਆ ਸਕਦੀ ਹੈ ਕਿ ਬਹੁਤਾ ਖਿਲਾਰਾ ਉਨ੍ਹਾਂ ਧਰਮਾਂ ਵਿਚ ਪਿਆ ਹੋਇਆ ਹੈ, ਜਿੱਥੇ ਪੁਜਾਰੀ ਵਰਗ ਵਿਚ ਸ਼ਾਮਲ ਹੋਣ ਲਈ ਕਿਸੇ ਤਰ੍ਹਾਂ ਦੀ ਪੜ੍ਹਾਈ ਦੀ ਲੋੜ ਨਹੀਂ। ਜਿਸ ਬੰਦੇ ਨੂੰ ਕਿਤੇ ਕੋਈ ਨੌਕਰੀ ਨਹੀਂ ਮਿਲਦੀ, ਖੇਤੀ ਤੋਂ ਲੈ ਕੇ ਦੁਕਾਨਦਾਰੀ ਤੱਕ ਦਾ ਕੋਈ ਧੰਦਾ ਕਰ ਸਕਣ ਜੋਗੀ ਅਕਲ ਵੀ ਨਹੀਂ ਹੁੰਦੀ, ਉਹ ਕਿਸੇ ਨਾ ਕਿਸੇ ਧਰਮ ਦਾ ਮਾਰਗ-ਦਰਸ਼ਕ ਬਣ ਜਾਂਦਾ ਹੈ। ਸਾਈਕਲਾਂ ਦੇ ਪੈਂਚਰ ਲਾਉਣ ਤੋਂ ਅੱਕ ਗਿਆ ਕੋਈ ਆਸੂ ਮੱਲ ਜਦੋਂ ਇੱਕ ਡੇਰਾ ਬਣਾ ਕੇ ਬੈਠ ਗਿਆ ਤਾਂ ਪਹਿਲਾਂ ਆਸਾ ਰਾਮ ਬਣਿਆ, ਫਿਰ ਬਾਪੂ ਆਸਾ ਰਾਮ ਬਣਨ ਪਿੱਛੋਂ ਹੁਣ ਜੇਲ੍ਹ ਵਿਚ ਬੈਠਾ ਨਿਰਾਸ਼ਾ ਰਾਮ ਬਣਿਆ ਪਿਆ ਹੈ। ਅਪਰਾਧ ਜਗਤ ਤੋਂ ਆਏ ਕਈ ਮੁਜਰਮ ਹੁਣ ਆਪਣੇ ਨਾਂ ਨਾਲ ਸੰਤ ਅਤੇ ਮਹਾਤਮਾ ਲਿਖੀ ਫਿਰਦੇ ਹਨ। ਇਸ ਵਹਿਣ ਨੂੰ ਕੋਈ ਚੈਕ ਕਰਨ ਵਾਲਾ ਨਹੀਂ ਤੇ ਹਰ ਕਿਸੇ ਦਾ ਦਾਅ ਲੱਗੀ ਜਾ ਰਿਹਾ ਹੈ। ਧਰਮ ਦਾ ਖੇਤਰ ਧੋਖਾਧੜੀ ਦਾ ਬਾਜ਼ਾਰ ਬਣਦਾ ਜਾ ਰਿਹਾ ਹੈ।
ਬੰਦਿਆਂ ਨੇ ਧਰਮ ਬਣਾਇਆ ਸੀ, ਧਰਮ ਨੇ ਬੰਦੇ ਨੂੰ ਨਹੀਂ ਬਣਾਇਆ। ਜਿਨ੍ਹਾਂ ਨੇ ਬਣਾਇਆ ਸੀ, ਉਸ ਵੇਲੇ ਇਸ ਵਿਚ ਕੁਝ ਨਿਯਮ ਅਤੇ ਬੰਧੇਜ ਵੀ ਬਣਾਏ ਸਨ। ਉਨ੍ਹਾਂ ਨਿਯਮਾਂ ਬਾਰੇ ਹੁਣ ਕੋਈ ਗੱਲ ਹੀ ਨਹੀਂ ਕਰਦਾ। ਪੁਰਾਣੇ ਸਮੇਂ ਦੀਆਂ ਕਹਾਣੀਆਂ ਬਿਨਾਂ ਸ਼ੱਕ ਇਹੋ ਸਨ ਕਿ ਸਾਰੇ ਧਰਮ ਆਪਸੀ ਮੱਤਭੇਦਾਂ ਵਿਚ ਸਿਰਫ ਆਪਣੇ ਵਾਲੀ ਧਾਰਨਾ ਵਿਚ ਦੱਸੇ ਗਏ ਰੱਬ ਨੂੰ ਠੀਕ ਤੇ ਦੂਸਰਿਆਂ ਨੂੰ ਗਲਤ ਕਹਿੰਦੇ ਸਨ, ਪਰ ਉਹ ਗੱਲ ਕੁਝ ਸਦੀਆਂ ਪਹਿਲਾਂ ਨਵੇਂ ਰੂਪ ਵਿਚ ਇਸ ਧਾਰਨਾ ਤੱਕ ਆ ਗਈ ਕਿ ਰਸਤੇ ਵੱਖ-ਵੱਖ ਹੋ ਸਕਦੇ ਹਨ, ਰੱਬ ਸਾਰਿਆਂ ਲਈ ਇੱਕੋ ਹੈ। ਭਾਰਤ ਵਿਚ ਸੂਫੀ ਲਹਿਰ ਤੇ ਭਗਤੀ ਲਹਿਰ ਆਪੋ ਵਿਚ ਇੱਕ-ਸੁਰ ਹੋ ਕੇ ਇਹ ਹੋਕਾ ਦੇਂਦੀਆਂ ਰਹੀਆਂ ਕਿ ਰਾਮ ਤੇ ਅੱਲ੍ਹਾ ਦੋਵੇਂ ਇੱਕੋ ਹਨ, ਪਰ ਉਨ੍ਹਾਂ ਦੀ ਮੱਤ ਨੂੰ ਮੱਤਭੇਦਾਂ ਦੇ ਵਣਜਾਰਿਆਂ ਨੇ ਮੰਨਿਆ ਨਹੀਂ ਸੀ। ਕਿਸੇ ਅਕਲ ਦੀ ਗੱਲ ਨੂੰ ਮੰਨਣ ਨਾਲ ਮੱਤਭੇਦਾਂ ਦੇ ਵਣਜਾਰਿਆਂ ਦਾ ਵਣਜ, ਕਾਰੋਬਾਰ, ਖਤਮ ਹੋਣ ਦਾ ਡਰ ਸੀ। ਰਾਮ ਤੇ ਅੱਲ੍ਹਾ ਨੂੰ ਜਦੋਂ ਇੱਕੋ ਮੰਨਿਆ ਜਾਵੇ ਤਾਂ ਰਾਮ ਦਾ ਮੰਦਿਰ ਢਾਹ ਕੇ ਮਸਜਿਦ ਬਣਾਉਣ ਜਾਂ ਅੱਲ੍ਹਾ ਦੀ ਮਸਜਿਦ ਢਾਹ ਕੇ ਮੰਦਿਰ ਦੀ ਉਸਾਰੀ ਦੇ ਐਲਾਨ ਕਰਨ ਦੀ ਲੋੜ ਨਹੀਂ ਪੈ ਸਕਦੀ। ਇਹ ਲੋੜ ਸਾਡੇ ਯੁੱਗ ਵਿਚ ਧਰਮ ਦੇ ਵਣਜ ਵਿਚੋਂ ਪੈਂਦੀ ਹੈ।
ਦੇਸ਼ ਲੋਕਾਂ ਦੀ ਹੋਂਦ ਨਾਲ ਦੇਸ਼ ਮੰਨੇ ਜਾਂਦੇ ਹਨ। ਕਿਸੇ ਜੰਗਲ ਦੇ ਦੁਆਲੇ ਹੱਦਬੰਦੀ ਕਰ ਦੇਣ ਜਾਂ ਕਿਤੇ ਪਾਣੀ ਦੇ ਵਿਚਾਲੇ ਖੜੇ ਕਿਸੇ ਇਕਲੌਤੇ ਟਾਪੂ ਨੂੰ ਦੇਸ਼ ਨਹੀਂ ਕਿਹਾ ਜਾਂਦਾ। ਉਸ ਹੱਦਬੰਦੀ ਦੇ ਵਿਚਾਲੇ ਜੇ ਲੋਕ ਰਹਿੰਦੇ ਹੋਣ ਤਾਂ ਉਸ ਨੂੰ ਦੇਸ਼ ਕਿਹਾ ਜਾ ਸਕਦਾ ਹੈ। ਭਾਰਤ ਨਾਲੋਂ ਚੌਗੁਣੇ ਤੋਂ ਵੱਡਾ ਅੰਟਾਰਕਟਿਕ ਖੇਤਰ ਹੈ, ਪਰ ਉਥੇ ਆਬਾਦੀ ਨਾ ਹੋਣ ਕਰਕੇ ਅਜੇ ਤੱਕ ਦੇਸ਼ ਨਹੀਂ ਗਿਣਿਆ ਜਾਂਦਾ। ਜਿਹੜੇ ਦੇਸ਼ ਤੋਂ ਕੋਈ ਖੋਜ ਕਰਦੀ ਟੀਮ ਉਥੇ ਪਹੁੰਚ ਜਾਵੇ, ਆਪਣੇ ਕੈਂਪ ਵਾਲੇ ਖੇਤਰ ਨੂੰ ਉਹ ਦੇਸ਼ ਆਪਣਾ ਅੰਗ ਕਹਿ ਛੱਡਦਾ ਹੈ। ਦੇਸ਼ਾਂ ਦਾ ਮਹੱਤਵ ਲੋਕਾਂ ਨਾਲ ਹੀ ਹੁੰਦਾ ਹੈ। ਕਿਸੇ ਧਰਮ ਜਾਂ ਧਾਰਨਾ ਦਾ ਮਹੱਤਵ ਵੀ ਲੋਕਾਂ ਦੇ ਸੁਖੀ ਜਾਂ ਦੁਖੀ ਹੋਣ ਦੀ ਸੋਚ ਨਾਲ ਮਿਣਨਾ ਚਾਹੀਦਾ ਹੈ।
ਸਾਡੀ ਬਦਕਿਸਮਤੀ ਹੈ ਕਿ ਭਾਰਤ ਵਿਚ ਧਰਮਾਂ ਦੇ ਆਗੂਆਂ ਨੇ ਲੋਕਾਂ ਨੂੰ ‘ਮੱਤ’ ਵੰਡਣ ਅਤੇ ਆਪਣੇ ਸਿਰਾਂ ਨਾਲ ਸੋਚਣ ਦਾ ਹੱਕ ਦੇਣ ਦੀ ਥਾਂ ਮੱਤਭੇਦਾਂ ਵਿਚ ਉਲਝਾ ਕੇ ਮਰਨ-ਮਾਰਨ ਦੇ ਰਾਹ ਪਾਈ ਰੱਖਿਆ ਹੈ। ਉਨ੍ਹਾਂ ਦੀ ਏਨੀ ਤੇਜ਼ ਤੇ ਤਿੱਖੀ ਚੱਲਣੀ ਦੇ ਬਾਵਜੂਦ ਭਾਰਤ ਵਿਚ ਜਦੋਂ ਕਦੇ ਕੋਈ ਇਹ ਗਾਉਂਦਾ ਹੈ ਕਿ ‘ਅੱਲ੍ਹਾ ਵਾਹਿਗੁਰੂ ਤੇ ਰਾਮ ਨਾਮ ਏਕੋ ਹੈ’ ਤਾਂ ਲੋਕ ਅਜੇ ਵੀ ਝੂਮਣ ਲੱਗਦੇ ਹਨ। ਇੱਕ ਲਾਵਾਰਸ ਬੱਚੇ ਲਈ ਫਿਲਮ ਦਾ ਇਹ ਗੀਤ ‘ਨਾ ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਨੇਗਾ’, ਅੱਜ ਵੀ ਲੋਕਾਂ ਨੂੰ ਜਜ਼ਬਾਤੀ ਕਰ ਦੇਂਦਾ ਹੈ। ਉਨ੍ਹਾਂ ਦਾ ਇਹ ਜਜ਼ਬਾ ਇਸ ਦੇਸ਼ ਦੇ ਵੱਸਦੇ ਰਹਿਣ ਦੀ ਨੀਂਹ ਹੈ, ਵਰਨਾ ਇਹ ਉਜੜ ਜਾਂਦਾ। ਭਾਰਤ ਦੇਸ਼ ਜਿਹੜੇ ਜਜ਼ਬਾਤ ਦੀ ਨੀਂਹ ਉਤੇ ਟਿਕਿਆ ਹੈ, ਉਸ ਦੀਆਂ ਦੋ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਜੋ ਮਜ਼ਹਬਾਂ ਵਿਚਾਲੇ ਮੱਤਭੇਦਾਂ ਦੇ ਵਣਜਾਰਿਆਂ ਤੋਂ ਵੱਖਰੀ ਧਾਰਨਾ ਦੀਆਂ ਹਨ।
ਪਹਿਲੀ ਇਹ ਕਿ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ, ਦੇਸ਼ ਵਿਚ ਦੋ ਧਰਮਾਂ ਦੇ ਲੋਕਾਂ ਵਿਚ ਪਾਟਕ ਬਾਰੇ ਹਰ ਪਾਸਿਓਂ ਖਬਰਾਂ ਆ ਰਹੀਆਂ ਸਨ। ਉਦੋਂ ਇੱਕ ਇਹੋ ਜਿਹੀ ਖਬਰ ਆਈ, ਜਿਹੜੀ ਹੋਰਨਾਂ ਤੋਂ ਵੱਖਰੀ ਸੀ। ਜਿਸ ਫੈਜ਼ਾਬਾਦ ਜ਼ਿਲ੍ਹੇ ਦੇ ਇੱਕ ਕਸਬੇ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹੀ ਗਈ, ਉਸੇ ਜ਼ਿਲ੍ਹੇ ਵਿਚ ਇੱਕ ਹਾਦਸੇ ਦੇ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਹਸਪਤਾਲ ਜਾ ਕੇ ਪਤਾ ਲੱਗਾ ਕਿ ਸਿਰ ਦੀ ਸੱਟ ਨਾਲ ਉਸ ਦੀ ਜਾਨ ਵੀ ਖਤਰੇ ਵਿਚ ਹੈ। ਉਸ ਨੇ ਖੜੇ ਪੈਰ ਆਪਣੀ ਇੱਛਾ ਦੱਸੀ ਕਿ ਜੇ ਮੈਂ ਮਰ ਜਾਵਾਂ ਤਾਂ ਮੈਂ ਅੱਖਾਂ ਦਾਨ ਕਰਨ ਲਈ ਫਾਰਮ ਭਰ ਰੱਖਿਆ ਹੈ, ਮੇਰੀਆਂ ਅੱਖਾਂ ਲੈ ਲਈਆਂ ਜਾਣ, ਪਰ ਨਾਲ ਮੇਰੀ ਇਹ ਬੇਨਤੀ ਹੈ ਕਿ ਇੱਕ ਅੱਖ ਕਿਸੇ ਹਿੰਦੂ ਅਤੇ ਦੂਸਰੀ ਕਿਸੇ ਮੁਸਲਮਾਨ ਨੂੰ ਲਾਈ ਜਾਵੇ। ਮੁੰਡਾ ਨਹੀਂ ਸੀ ਬਚ ਸਕਿਆ। ਬਾਅਦ ਵਿਚ ਜਦੋਂ ਇਹ ਇੱਛਾ ਪੂਰੀ ਕੀਤੀ ਗਈ, ਫੈਜ਼ਾਬਾਦ ਦੇ ਸਾਂਝੀ ਸੋਚ ਵਾਲੇ ਲੋਕਾਂ ਦਾ ਇਕੱਠ ਹੋਇਆ ਸੀ, ਫਿਰਕੂ ਸੋਚਣੀ ਵਾਲੇ ਉਥੇ ਨਹੀਂ ਸੀ ਆਏ।
ਦੂਸਰੀ ਮਿਸਾਲ ਹਾਲੇ ਡੇਢ ਮਹੀਨਾ ਪਹਿਲਾਂ ਦੀ ਹੈ। ਮੁੰਬਈ ਵਿਚ ਸਾਡੇ ਮਿੱਤਰ ਸਵਿੱਤਰ ਸਿੰਘ, ਜਿਨ੍ਹਾਂ ਨਾਲ ਸਿਰਫ ਫੋਨ ਉਤੇ ਗੱਲ ਹੁੰਦੀ ਹੈ, ਕਦੇ ਮਿਲ ਨਹੀਂ ਸਕੇ, ਨੇ ਇੱਕ ਅਖਬਾਰੀ ਕਤਰਨ ਭੇਜੀ ਹੈ, ਜਿਸ ਦਾ ਸਿਰਲੇਖ ਹੈ, ‘ਮੁਸਲਿਮ ਕੁੱਖ ਵਿਚੋਂ ਜਨਮਿਆ ਗਣੇਸ਼’। ਅਸੀਂ ਪਹਿਲਾਂ ਇਹ ਸਮਝਿਆ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇਗੀ, ਪਰ ਖਬਰ ਦਾ ਸਾਰ ਪੜ੍ਹ ਕੇ ਅਸੀਂ ਜਜ਼ਬਾਤੀ ਹੋ ਗਏ। ਇਹ ਖਬਰ ਆਖਦੀ ਹੈ ਕਿ ਇਲਿਆਸ ਨਾਂ ਦਾ ਮੁਸਲਮਾਨ ਆਪਣੀ ਪਤਨੀ ਨੂਰ ਜਹਾਂ ਨੂੰ ਜਣੇਪੇ ਵਾਸਤੇ ਹਸਪਤਾਲ ਲੈ ਕੇ ਜਾ ਰਿਹਾ ਸੀ। ਰਸਤੇ ਵਿਚ ਵਡਾਲਾ ਖੇਤਰ ਵਿਚ ਨੂਰ ਜਹਾਂ ਪੀੜ ਨਾਲ ਚੀਕਣ ਲੱਗ ਪਈ। ਟੈਕਸੀ ਵਾਲੇ ਨੇ ਟੈਕਸੀ ਅੱਗੇ ਤੋਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਸੋਚ ਤੋਂ ਵੀ ਘਾਬਰ ਗਿਆ ਕਿ ਟੈਕਸੀ ਵਿਚ ਬੱਚਾ ਨਾ ਹੋ ਜਾਵੇ। ਇਲਿਆਸ ਨੇ ਪਤਨੀ ਨੂੰ ਉਤਾਰਿਆ ਤੇ ਕੋਲ ਦਿਸਦੇ ਮੰਦਿਰ ਵਿਚ ਲੈ ਗਿਆ। ਉਥੇ ਸ਼ਰਧਾਲੂ ਹਿੰਦੂ ਔਰਤਾਂ ਨੇ ਆਂਢ-ਗਵਾਂਢ ਤੋਂ ਚਾਦਰਾਂ ਮੰਗ ਕੇ ਓਹਲਾ ਕੀਤਾ ਤੇ ਨੂਰ ਜਹਾਂ ਦਾ ਜਣੇਪਾ ਕਰਵਾਇਆ। ਪੁੱਤਰ ਜਨਮਿਆ। ਇਲਿਆਸ ਅਤੇ ਨੂਰ ਜਹਾਂ-ਦੋਵੇਂ ਜਣੇ ਏਨੀ ਸ਼ਰਧਾ ਨਾਲ ਲਬਰੇਜ਼ ਹੋ ਗਏ ਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਗਣੇਸ਼ ਰੱਖ ਦਿੱਤਾ। ਅਸੀਂ ਕਈ ਘਰਾਂ ਵਿਚ ਮਿਰਜ਼ਾ ਗਾਲਿਬ ਨਾਲ ਮੋਹ ਕਾਰਨ ਬੱਚਿਆਂ ਦੇ ਨਾਂ ਅਸਦ ਅਤੇ ਵਾਰਸ ਸ਼ਾਹ ਦੀ ਹੀਰ ਦੇ ਕੁਝ ਸ਼ੌਕੀਨਾਂ ਦੇ ਘਰੀਂ ਬੱਚਿਆਂ ਦੇ ਨਾਂ ਵਾਰਸ ਰੱਖੇ ਹੋਏ ਸੁਣੇ ਹਨ, ਪਰ ਮੁਸਲਮਾਨ ਜੋੜੇ ਦੇ ਬੱਚੇ ਦਾ ਨਾਂ ਗਣੇਸ਼ ਉਨ੍ਹਾਂ ਸਭਨਾਂ ਤੋਂ ਵੱਖਰੀ ਮਿਸਾਲ ਹੈ।
ਸ਼ਾਇਰ ਮੁਨੱਵਰ ਰਾਣਾ ਠੀਕ ਕਹਿੰਦੇ ਹਨ ਕਿ ਭਾਰਤੀ ਰਾਜਨੀਤੀ ਇਸ ਤਰ੍ਹਾਂ ਹੈ, ‘ਸ਼ਰਾਬੀ ਦੇਵਰੋਂ ਕੇ ਬੀਚ ਜੈਸੇ ਭੌਜਾਈ ਹੋਤੀ ਹੈ’। ਸੱਤਾ ਦੇ ਸ਼ਰਾਬ ਤੋਂ ਵੱਡੇ ਨਸ਼ੇ ਵਿਚ ਚੂਰ ਰਾਜਸੀ ਆਗੂ ਕਦੇ-ਕਦੇ ਜਿਸ ‘ਗੰਗਾ-ਜਮਨੀ ਸੱਭਿਆਚਾਰ’ ਦੀਆਂ ਗੱਲਾਂ ਸਾਡੇ ਲੋਕਾਂ ਦੀਆਂ ਵੋਟਾਂ ਲੈਣ ਨੂੰ ਕਰਦੇ ਹਨ, ਉਸ ਦਾ ਅਸਲ ਨਮੂਨਾ ਉਹ ਲੋਕ ਹਨ, ਜਿਹੜੇ ਦੋ ਅੱਖਾਂ ਭੇਟ ਕਰਨ ਮੌਕੇ ਇੱਕ ਅੱਖ ਹਿੰਦੂ ਤੇ ਦੂਸਰੀ ਮੁਸਲਮਾਨ ਨੂੰ ਲਾਉਣ ਲਈ ਕਹਿੰਦੇ ਹਨ ਜਾਂ ਜਿਹੜੇ ਮੰਦਰ ਵਿਚ ਮੁਸਲਮਾਨ ਕੁੱਖ ਵਿਚੋਂ ਗਣੇਸ਼ ਦੇ ਜਨਮ ਵਿਚ ਮਦਦ ਕਰ ਸਕਦੇ ਹਨ। ਭਾਰਤ ਵੱਸਦਾ ਹੈ ਤਾਂ ਇਨ੍ਹਾਂ ਲੋਕਾਂ ਦਾ ਵਸਾਇਆ ਵੱਸਦਾ ਹੈ, ਨਹੀਂ ਤਾਂ ਮਜ਼ਹਬ ਦੇ ਵਣਜਾਰਿਆਂ ਨੇ ਕਦੋਂ ਦਾ ਉਜਾੜ ਛੱਡਣਾ ਸੀ।