ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਿਦੇਸ਼ ਤੋਂ ਪਿੰਡ ਪਹੁੰਚਦਿਆਂ ਹੀ ਅਸੀਂ ਵਿਆਹ ਦੀਆਂ ਤਿਆਰੀਆਂ ਅਰੰਭ ਦਿੱਤੀਆਂ। ਘਰ ਨੂੰ ਰੰਗ-ਰੋਗਨ ਕਰ ਰਹੀ ਲੇਬਰ ਦਾ ਠੇਕੇਦਾਰ ਸ਼ਾਮ ਨੂੰ ਚਾਹ ਪੀਂਦਿਆਂ ਪੁੱਛਣ ਲੱਗਾ, “ਤੁਸੀਂ ਵਿਆਹ ਵਾਸਤੇ ਹਲਵਾਈ ਕਰ ਲਿਐ?” ਮੇਰੇ ਮੂੰਹੋਂ ‘ਹਾਲੇ ਨਹੀਂ’ ਸੁਣਦਿਆਂ ਹੀ ਉਹ ਇਕ ਹਲਵਾਈ ਦਾ ਨਾਂ ਲੈ ਕੇ ਉਸ ਦੀਆਂ ਸਿਫਤਾਂ ਦੇ ਪੁਲ ਬੰਨਣ ਲੱਗ ਪਿਆ। ਖਾਣ-ਪੀਣ ਵਾਲੀਆਂ ਵੰਨ-ਸੁਵੰਨੀਆਂ ਆਈਟਮਾਂ ਬਣਾਉਣ ਵਿਚ ਉਸ ਹਲਵਾਈ ਦੀ ਨਿਪੁੰਨਤਾ ਦੇ ਗੋਗੇ ਗਾਉਂਦਿਆਂ ਠੇਕੇਦਾਰ ਨੇ ਮੈਨੂੰ ਚੋਖਾ ਪ੍ਰਭਾਵਿਤ ਕੀਤਾ।
ਹਲਵਾਈ ਦਾ ‘ਉਸਤਤ ਪਾਠ’ ਠੇਕੇਦਾਰ ਨੇ ਉਦੋਂ ਹੀ ਬੰਦ ਕੀਤਾ, ਜਦ ਮੈਂ ਉਸ ਹਲਵਾਈ ਨੂੰ ਵਿਆਹ ਦੀ ਸਾਈ ਦੇਣ ਲਈ ‘ਹਾਂ’ ਕਰ ਦਿੱਤੀ। ਜੇਤੂ ਮੁਸਕਾਨ ਜਿਹੀ ਛੱਡਦਿਆਂ ਠੇਕੇਦਾਰ ਨੇ ਆਪਣੀ ਜੇਬ ਫਰੋਲੀ ਤੇ ਹਲਵਾਈ ਦਾ ਫੋਨ ਨੰਬਰ ਮੇਰੇ ਹੱਥ ਫੜਾ ਦਿੱਤਾ।
ਦੂਜੇ ਦਿਨ ਸਵਖਤੇ ਹੀ ਉਹ ਹਲਵਾਈ ਸਾਡੇ ਘਰੇ ਆ ਗਿਆ। ਵਿਆਹ ਦੀ ਤਰੀਕ ਡਾਇਰੀ ਵਿਚ ਨੋਟ ਕਰਨ ਤੋਂ ਬਾਅਦ ਉਸ ਨੇ ਆਪਣਾ ਲੋੜੀਂਦਾ ਸਾਮਾਨ ਲਿਖਾਉਣ ਤੋਂ ਪਹਿਲਾਂ ਸਾਨੂੰ ਮੈਰਿਜ ਪੈਲੇਸ ਬੁੱਕ ਕਰਨ ਬਾਰੇ ਪੁੱਛਿਆ। ਮੈਂ ਦੱਸਿਆ ਕਿ ਮੈਰਿਜ ਪੈਲੇਸ ਦੇ ਧਮੱਚੜਪੁਣੇ ਵਾਲੇ ਵਿਆਹ ਸਾਨੂੰ ਪਸੰਦ ਨਹੀਂ, ਅਸੀਂ ਘਰੇ ਹੀ ਵਿਆਹ ਕਰਨਾ ਚਾਹੁੰਦੇ ਹਾਂ।
“ਦੇਖ ਲਓ ਜੀ!” ਕਹਿੰਦਿਆਂ ਉਸ ਨੇ ਨੱਕ-ਬੁੱਲ੍ਹ ਵੱਟਿਆ ਤੇ ਉਪਰੋਥਲੀ, ਘਰਾਂ ਵਿਚ ਹੋਏ ਕਈ ਵਿਆਹਾਂ ਦੇ ਕਿੱਸੇ ਸੁਣਾਉਣੇ ਸ਼ੁਰੂ ਕਰ ਦਿੱਤੇæææ ਫਲਾਣੇ ਦੇ ਵਿਆਹ ਉਤੇ ਮੀਂਹ ਆ ਗਿਆæææ ਢਿਮਕੇ ਦੇ ਟੈਂਟ ਛੋਟਾ ਪੈ ਗਿਆ, ਬਰਾਤੀ ਵੱਧ ਆ ਗਏæææ ਧਿੰਗਾਣੇ ਦੇ ਅਹੁ ਹੋ ਗਿਆæææ ਵੋਹ ਹੋ ਗਿਆ। ਉਸ ਦਾ ‘ਨਿੰਦਿਆ ਪਾਠ’ ਸਾਡੇ ਉਤੇ ਅਸਰ ਕਰ ਗਿਆ ਅਤੇ ਉਸ ਨੇ ਝੱਟ ਨਿਸ਼ਾਨੇ ‘ਤੇ ਤੀਰ ਮਾਰਨ ਵਾਂਗ ਨੇੜਲੇ ਸ਼ਹਿਰ ਦੇ ਇਕ ਮੈਰਿਜ ਪੈਲੇਸ ਦੀ ਦੱਸ ਪਾ ਦਿੱਤੀ। ਆਪਣੇ ਸਾਮਾਨ ਦੀ ਲੰਮੀ ਲਿਸਟ ਸਾਡੇ ਹੱਥ ਦੇ ਕੇ ਇਕ ਤਾਂ ਉਸ ਨੇ ‘ਹਦਾਇਤ’ ਇਹ ਕਰ ਦਿੱਤੀ ਕਿ ਸਾਮਾਨ ਫਲਾਣੀ ਦੁਕਾਨ ਤੋਂ ਹੀ ਲਿਆਇਓ; ਦੂਜੀ ਇਕ ‘ਸ਼ੁਰ੍ਹਲੀ’ ਹੋਰ ਛੱਡ ਗਿਆ। ਸਾਡੇ ਮੁੰਡਿਆਂ ਨੂੰ ਕਹਿੰਦਾ, ਸਰਦਾਰ ਜੀ ਹੋਰਾਂ ਨੂੰ ਨਹੀਂ ਪਤਾ ਰਿਵਾਜ ਦਾ, ਡੀæਜੇæ ਜ਼ਰੂਰ ਕਰ ਲਿਓ ਫਲਾਣਾ ਸੂੰਹ ਦਾ। ਮੇਰਾ ਨਾਂ ਲੈ ਦਿਓ ਉਹਦੇ ਕੋਲ।
ਮੈਰਿਜ ਪੈਲੇਸਾਂ ਦੀ ਨਿਖੇਧੀ ਕਰਦਿਆਂ ਹੁਣੇ ਹੀ ਮੈਂ ਖੌਰੂ-ਪੁੱਟ ਡੀæਜੇæ ਵਿਰੁਧ ਚੰਗਾ ਲੈਕਚਰ ਝਾੜਿਆ ਸੀ। ਇਸ ਕਰ ਕੇ ਉਹ ਜਾਣ ਲੱਗਾ ਮੈਥੋਂ ਜ਼ਰਾ ਪਰਦੇ ਜਿਹੇ ਨਾਲ ਡੀæਜੇæ ਵਾਲੇ ਦਾ ਕਾਰਡ ਵੀ ਸਾਡੇ ਮੁੰਡਿਆਂ ਨੂੰ ਦੇ ਗਿਆ।
ਉਸੇ ਦਿਨ ਦੁਪਹਿਰੋਂ ਬਾਅਦ ਅਸੀਂ ਹਲਵਾਈ ਦੇ ਦੱਸੇ ਹੋਏ ਮੈਰਿਜ ਪੈਲੇਸ ਪਹੁੰਚੇ। ਉਥੇ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਵਿਆਹ ਦੀ ਤਰੀਕ ਪੈਲੇਸ ਵਾਲਿਆਂ ਦੀ ਡਾਇਰੀ ਵਿਚ ਚੜ੍ਹੀ ਹੋਈ ਸੀ। ਪੈਲੇਸ ਵਾਲੇ ਨੇ ਭਾਅ-ਭੱਤੇ ਦੀ ਗੱਲ ਨਬੇੜ ਕੇ ਸਾਨੂੰ ਹਾਰਾਂ ਤੇ ਫੁੱਲਾਂ ਵਾਲੇ ਦਾ ਸੰਪਰਕ ਨੰਬਰ ਬਿਨ ਮੰਗਿਆਂ ਹੀ ਦੇ ਦਿੱਤਾ। ਕਹਿੰਦਾ, ਜੀ ਸਾਡੇ ਇਲਾਕੇ ਵਿਚ ਇਹੀ ਬੰਦਾ ‘ਟੌਪ’ ਦਾ ਕੰਮ ਕਰਦਾ ਹੈ, ਨਾਲੇ ਪੈਸੇ ਵੀ ਜਾਇਜ਼ ਹੀ ਲੈਂਦਾ ਹੈ।
ਹਲਵਾਈ ਦੀ ਸਿਫਾਰਸ਼ ਵਾਲੀ ਦੁਕਾਨ ਤੋਂ ਸਾਮਾਨ ਲਿਆ ਤਾਂ ਉਸ ਕਰਿਆਨੇ ਵਾਲੇ ਨੇ ਬੜੇ ਉੱਦਮ ਨਾਲ ਦੁਕਾਨ ਤੋਂ ਬਾਹਰ ਨਿਕਲ ਕੇ ਸਾਨੂੰ ਉਸੇ ਬਾਜ਼ਾਰ ਵਿਚਲੀ ਮਨਿਆਰੀ ਦੀ ਦੁਕਾਨ ‘ਤੇ ਜਾਣ ਦਾ ਰਾਹ ਸਮਝਾਇਆ। ਮਨਿਆਰੀ ਵਾਲੇ ਨੇ ਸਾਡੀ ਬਣਾਈ ਲਿਸਟ ਦਾ ਸਾਰਾ ਸਾਮਾਨ ਕਾਊਂਟਰ ‘ਤੇ ਰਖਵਾ ਕੇ ਸਰਸਰੀ ਨਜ਼ਰ ਮਾਰੀ ਤੇ ਦੁਕਾਨ ‘ਤੇ ਕੰਮ ਕਰਦੀਆਂ ਕੁੜੀਆਂ ਨੂੰ ਆਵਾਜ਼ ਮਾਰ ਕੇ ਦੋ ‘ਆਈਟਮਾਂ’ ਹੋਰ ਮੰਗਵਾਈਆਂ। ਅਖੇ, ਮਾਈਆਂ ਲਾਉਣ ਵਾਲੀ ਫੱਟੀ ਤੇ ਸਾਹਾ-ਚਿੱਠੀ ਲਿਆਓ।
ਸਾਡੇ ਘਰੇ ਮਿਸਤਰੀ ਦੀਆਂ ਬਣਾਈਆਂ ਹੋਈਆਂ ਫੱਟੀਆਂ ਤੇ ਇਸ ‘ਬਾਜ਼ਾਰੂ ਫੱਟੀ’ ਵਿਚ ਇਹੀ ਫਰਕ ਸੀ ਕਿ ਇਹਦੇ ‘ਤੇ ਗੋਟਾ-ਕਿਨਾਰੀ ਵਾਲਾ ਲਾਲ ਰੰਗ ਦਾ ਕੱਪੜਾ ਵਲ੍ਹੇਟਿਆ ਹੋਇਆ ਸੀ। ਇਹ ਫੱਟੀ ਤਾਂ ਮੇਰੇ ਨਾਂਹ-ਨਾਂਹ ਕਰਦਿਆਂ ਦੁਕਾਨਦਾਰ ਨੇ ਬਦੋ-ਬਦੀ ਸਾਡੇ ਸਾਮਾਨ ਵਿਚ ਘਸੋੜ ਦਿੱਤੀ, ਪਰ ਮੈਂ ਰੈਡੀਮੇਡ ਸਾਹਾ ਚਿੱਠੀ ਲੈਣ ਤੋਂ ਅੜ ਗਿਆ। ਪਿੰਡ ਰਹਿੰਦਿਆਂ ਮੈਂ ਘਰ-ਘਰ ਜਾ ਕੇ ਸਾਹਾ ਚਿੱਠੀਆਂ ਲਿਖਣ ਵਾਲਾ ਤੇ ਮਾੜਾ-ਮੋਟਾ ‘ਲੇਖਕ’ ਹੁੰਦਿਆਂ ਇਹ ਬਾਜ਼ਾਰੂ ਚਿੱਠੀ ਕਿਉਂ ਲਵਾਂ? ਭਾਈ-ਪੈਂਚਾਂ ਦੀ ਹਾਜ਼ਰੀ ਵਿਚ ਸ਼ਗਨਾਂ ਵਾਲੀ ਚਿੱਠੀ ਮੈਂ ਖੁਦ ਲਿਖ ਲਵਾਂਗਾ!
ਖੈਰ! ਵਿਆਹ ਤੋਂ ਬਾਅਦ ਰੰਗ-ਰੋਗਨ ਵਾਲੇ ਠੇਕੇਦਾਰ ਤੋਂ ਲੈ ਕੇ ਹਲਵਾਈ, ਪੈਲੇਸ ਮਾਲਕ, ਫੁੱਲਾਂ ਵਾਲੇ ਮਾਲੀ ਤੇ ਕਰਿਆਨੇ-ਮੁਨਿਆਰੀ ਵਾਲੇ ਦੁਕਾਨਦਾਰਾਂ ਤੱਕ, ਇਸ ਵਪਾਰਕ ਅੰਗਲੀ-ਸੰਗਲੀ ਬਾਰੇ ਇਕ ਗਰਾਈਂ ਨਾਲ ਗੱਲ ਕੀਤੀ ਤਾਂ ਉਸ ਨੇ ਇਕ-ਦੂਜੇ ਨੂੰ ‘ਕਮਿਸ਼ਨ’ ਦੇਣ ਦਾ ਖੁਲਾਸਾ ਕਰਦਿਆਂ ਨਵੀਂ ਗੱਲ ਦੱਸੀ। ਕਹਿੰਦਾ, ਸ਼ਹਿਰ ਜਾ ਕੇ ਦੋਖੋ ਜੀ! ਹਸਪਤਾਲਾਂ ਵਾਲਿਆਂ ਨੇ ਬੱਸ ਅੱਡੇ ਵਿਚੋਂ ਸਵਾਰੀਆਂ ਚੁੱਕਣ ਵਾਲੇ ਰਿਕਸ਼ੇ ਤੇ ਆਟੋ ਰਿਕਸ਼ੇ ਵਾਲਿਆਂ ਨਾਲ ਵੀ ‘ਕਮਿਸ਼ਨ’ ਦੇਣਾ ਕੀਤਾ ਹੋਇਐ। ਖਾਸ ਕਰ ਕੇ ਪਿੰਡਾਂ ਤੋਂ ਆਉਂਦੀਆਂ ਮਿਨੀ ਬੱਸਾਂ ਵਿਚੋਂ ਉਤਰਦੀਆਂ ਮਰੀਜ਼-ਸਵਾਰੀਆਂ, ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਉਣ ਲਈ ਪੰਜਾਹ ਤੋਂ ਸੌ ਰੁਪਏ ਦਿੱਤੇ ਜਾਂਦੇ ਨੇ। ਇਹ ਨਵੀਨਤਮ ਜਾਣਕਾਰੀ ਸੁਣ ਕੇ ਮੈਨੂੰ ਪੂਰਾ ਚਾਨਣ ਹੋ ਗਿਆ ਕਿ ਕਾਰੋਬਾਰੀ ਵਪਾਰੀ ਕਿਵੇਂ ਤੇ ਕਿਉਂ ਇਕ-ਦੂਜੇ ਲਈ ‘ਏਜੰਟਪੁਣਾ’ ਕਰਦੇ ਨੇ।
ਇਸ ਲੇਖ ਦੇ ਸਿਰਲੇਖ ਮੁਤਾਬਕ ਬੰਦੇ ਦਾ ਵੀ ਜ਼ਿਕਰ ਹੋ ਗਿਆ ਤੇ ਬਾਜ਼ਾਰ ਦਾ ਵੀ। ਰਹਿ ਗਿਆ ਬਾਂਦਰ! ਉਹ ਕਥਾ ਇੰਜ ਹੈ, ਜੰਗਲੀ ਇਲਾਕੇ ਵਿਚ ਵੱਸਦੇ ਇਕ ਪਿੰਡ ਦੇ ਆਲੇ-ਦੁਆਲੇ ਬਾਂਦਰ ਬਹੁਤ ਰਹਿੰਦੇ ਸਨ। ਕਿਸੇ ਵਪਾਰੀ ਨੇ ਉਸ ਪਿੰਡ ਵਿਚ ਡੌਂਡੀ ਪਿਟਵਾ ਦਿੱਤੀ ਕਿ ਸੌ ਰੁਪਿਆ ਪ੍ਰਤੀ ਬਾਂਦਰ ਖਰੀਦਾਂਗਾ। ਪੇਂਡੂਆਂ ਨੇ ਇਹ ਸੋਚ ਕੇ ਗੱਲ ਬਹੁਤੀ ਗੌਲੀ ਨਾ ਕਿ ਇਹ ਕੋਈ ਮੂਰਖ ਹੀ ਹੋਵੇਗਾ ਜੋ ਬਾਂਦਰਾਂ ਲਈ ਸੌ ਰੁਪਏ ਫਜ਼ੂਲ ਗਵਾਉਣ ਦੀਆਂ ਗੱਲਾਂ ਕਰਦਾ ਹੈ, ਪਰ ਸਵੇਰੇ-ਸ਼ਾਮ ਡੌਂਡੀ ਸੁਣ ਕੇ ਥੋੜ੍ਹੇ ਜਿਹੇ ਪੇਂਡੂਆਂ ਨੇ ਹਾਸੇ ਭਾਣੇ ਕੁਝ ਬਾਂਦਰ ਫੜ ਕੇ ਉਸ ਵਪਾਰੀ ਤੋਂ ਸੌ-ਸੌ ਰੁਪਏ ਲੈ ਕੇ ਵੇਚ ਦਿੱਤੇ। ਇਹ ਖਬਰ ਸਾਰੇ ਪਿੰਡ ਵਿਚ ਫੈਲ ਗਈ।
ਥੋੜ੍ਹੇ ਦਿਨਾਂ ਬਾਅਦ ਉਸ ਵਪਾਰੀ ਨੇ ਪਿੰਡ ਵਿਚ ਫਿਰ ਡੌਂਡੀ ਪਿਟਵਾਈ ਕਿ ਹੁਣ ਉਹ ਇਕ ਬਾਂਦਰ ਦੇ ਦੋ ਸੌ ਰੁਪਏ ਦੇਵੇਗਾ। ਪਹਿਲਾਂ ਨਾਲੋਂ ਵੱਧ ਉਤਸ਼ਾਹ ਦਿਖਾਉਂਦਿਆਂ ਪਿੰਡ ਵਾਸੀਆਂ ਨੇ ਕਈ ਬਾਂਦਰ ਫੜ ਕੇ ਦੋ-ਦੋ ਸੌ ਨੂੰ ਵੇਚ ਦਿੱਤੇ। ਦੂਜੇ ਦਿਨ ਵਪਾਰੀ ਨੇ ਪੰਜ ਸੌ ਰੁਪਏ ਰੇਟ ਕਰ ਦਿੱਤਾ। ਵਿਚਾਰੇ ਪੇਂਡੂਆਂ ਦੀ ਨੀਂਦ ਉਡ ਗਈ। ਸਾਰਾ ਪਿੰਡ ਹੀ ਆਸ-ਪਾਸ ਦੇ ਇਲਾਕਿਆਂ ਵਿਚੋਂ ਬਾਂਦਰ ਫੜਨ ਲੱਗ ਪਿਆ। ਜਿੰਨੇ ਕਿਸੇ ਦੇ ਹੱਥ ਆਏ, ਪੰਜ-ਪੰਜ ਸੌ ਰੁਪਏ ਨੂੰ ਵੇਚ ਦਿੱਤੇ। ਹੁਣ ਪਿੰਡ ਵਾਸੀ ਬੜੀ ਬੇਸਬਰੀ ਨਾਲ ਵਪਾਰੀ ਦੀ ਅਗਲੀ ‘ਪੇਸ਼ਕਸ਼’ ਉਡੀਕਣ ਲੱਗੇ।
ਕੁਝ ਦਿਨਾਂ ਬਾਅਦ ਵਪਾਰੀ ਪਿੰਡ ਵਿਚ ਫਿਰ ਆ ਗਿਆ। ਪਿੰਡ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਕਿਉਂਕਿ ਵਪਾਰੀ ਨੇ ਐਲਾਨ ਕਰ ਦਿੱਤਾ ਕਿ ਹੁਣ ਉਹ ਇਕ ਹਜ਼ਾਰ ਰੁਪਏ ਨੂੰ ਬਾਂਦਰ ਖਰੀਦੇਗਾ, ਪਰ ਨਾਲ ਹੀ ਉਸ ਨੇ ਦੱਸਿਆ ਕਿ ਹਫਤੇ ਕੁ ਲਈ ਮੈਂ ਦੂਰ ਆਪਣੇ ਘਰੇ ਜਾ ਰਿਹਾ ਹਾਂ। ਬੱਸ, ਅਗਲੇ ਹਫਤੇ ਆ ਕੇ ਨਵੇਂ ਰੇਟ ‘ਤੇ ਬਾਂਦਰ ਲਵਾਂਗਾ। ਵਪਾਰੀ ਦੇ ਜਾਣ ਤੋਂ ਬਾਅਦ ਪਿੰਡ ਵਾਲਿਆਂ ਨੇ ਚੁੱਕ ਲਈਆਂ ਪੂਛਾਂ, ਭੱਜ ਤੁਰੇ ਬਾਂਦਰਾਂ ਦੀ ਭਾਲ ਵਿਚ; ਪਰ ਬਾਂਦਰ ਤਾਂ ਉਨ੍ਹਾਂ ਫੜ-ਫੜ ਕੇ ਮੁਕਾ ਹੀ ਛੱਡੇ ਸਨ। ਵਿਚਾਰੇ ਇਧਰ-ਉਧਰ ਭਟਕਦੇ ਖਾਲੀ ਹੱਥ ਵਾਪਸ ਆ ਗਏ।
ਘੁੰਮਦਿਆਂ-ਘੁਮਾਉਂਦਿਆਂ ਉਨ੍ਹਾਂ ਇਕ ਜਗ੍ਹਾ ਦੇਖਿਆ ਕਿ ਵਾੜੇ ਵਿਚ ਬਹੁਤ ਸਾਰੇ ਬਾਂਦਰ ਤਾੜੇ ਹੋਏ ਹਨ। ਉਨ੍ਹਾਂ ਦੀ ਦੇਖ-ਭਾਲ ਲਈ ਮੁਨਸ਼ੀ ਉਥੇ ਬੈਠਾ ਸੀ। ਪੇਂਡੂਆਂ ਨੇ ਮੁਨਸ਼ੀ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਇਹ ਬਾਂਦਰ-ਵਾੜਾ ਉਸੇ ਵਪਾਰੀ ਦਾ ਹੈ ਜੋ ਇਕ ਹਫਤੇ ਵਾਸਤੇ ਆਪਣੇ ਘਰੇ ਗਿਆ ਹੋਇਆ। ਮੁਨਸ਼ੀ ਨੇ ਇਹ ਵੀ ਦੱਸਿਆ ਕਿ ਮੇਰੇ ਮਾਲਕ ਨੇ ਹੁਣ ਹਜ਼ਾਰ ਰੁਪਏ ਨੂੰ ਬਾਂਦਰ ਖਰੀਦਿਆ ਕਰਨਾ ਹੈ। ਇਸ ਲਈ ਬਹੁਤੀ ਮਾਇਆ ਚਾਹੀਦੀ ਹੈ। ਮਾਇਆ ਲੈਣ ਹੀ ਉਸ ਦਾ ਮਾਲਕ ਸ਼ਹਿਰ ਗਿਆ ਹੋਇਆ ਹੈ।
ਪੇਂਡੂਆਂ ਦੀਆਂ ਵਾਛਾਂ ਖਿੜ ਗਈਆਂ। ਉਨ੍ਹਾਂ ਕੁਝ ਚੁਸਤ-ਚਲਾਕ ਵਿਚੋਲਿਆਂ ਰਾਹੀਂ ਮੁਨਸ਼ੀ ਨਾਲ ਰਾਬਤਾ ਕਾਇਮ ਕੀਤਾ। ਸੌਦਾ ਤੈਅ ਕਰਦਿਆਂ ਗੱਲ ਇਥੇ ਮੁੱਕੀ ਕਿ ਮੁਨਸ਼ੀ ਸੱਤ ਸੌ ਰੁਪਏ ਨੂੰ ਬਾਂਦਰ ਵੇਚਣ ਲਈ ਤਿਆਰ ਹੋ ਗਿਆ, ਪਰ ਉਸ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਗੱਲ ਦੀ ਬਾਹਰ ਭਾਫ ਨਾ ਨਿਕਲੇ। ਇਸ ਕਰ ਕੇ ਜ਼ਰਾ ਹਨੇਰੇ ਹੋਏ ਬਾਂਦਰ ਲੈਣ ਆਇਆ ਕਰੋ।
ਪੇਂਡੂ ਖੁਸ਼ ਹੋ ਗਏ ਕਿ ਵਪਾਰੀ ਨੇ ਸਾਥੋਂ ਹਜ਼ਾਰ ਦਾ ਬਾਂਦਰ ਖਰੀਦ ਹੀ ਲੈਣਾ ਹੈ। ਇੰਜ ਇਕ ਬਾਂਦਰ ਮਗਰ ਤਿੰਨ ਸੌ ਰੁਪਏ ਤਾਂ ਵੱਟ ਹੀ ਲਿਆ ਕਰਨੇ ਹਨ। ਇਹ ਸੋਚ ਕੇ ਉਨ੍ਹਾਂ ਨੇ ਇਧਰੋਂ-ਉਧਰੋਂ ਵਿਆਜੂ ਪੈਸੇ ਚੁੱਕ ਕੇ ਮੁਨਸ਼ੀ ਕੋਲੋਂ ਬਾਂਦਰ ਖਰੀਦਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਮੁਨਸ਼ੀ ਦੇ ਸਾਰੇ ਬਾਂਦਰ ਵਿਕ ਗਏ। ਵਪਾਰੀ ਦਾ ਹਫਤਾ ਪੂਰਾ ਹੋ ਗਿਆ। ਉਡੀਕਣ ਤੋਂ ਬਾਅਦ ਪੇਂਡੂ ਬੰਦੇ, ਵਪਾਰੀ ਦਾ ਪਤਾ ਸੁਰ ਪੁੱਛਣ ਲਈ ਮੁਨਸ਼ੀ ਦੇ ਵਾੜੇ ਗਏ। ਉਥੇ ਬੰਦਾ ਨਾ ਕੋਈ ਪਰਿੰਦਾ! ਜਿੱਧਰ ਗਏ ਬਾਣੀਏਂ ਉਧਰ ਗਿਆ ਵਪਾਰ!
ਬਾਜ਼ਾਰੂ ਬਿਰਤੀਆਂ ਵਾਲਾ ਵਪਾਰੀ, ਬੰਦਿਆਂ ਨੂੰ ਬਾਂਦਰ ਬਣਾ ਕੇ ਆਪਣੇ ਰਾਹ ਲੱਗਾ।æææ ਤੇ ਲਿਸ਼ਕਵੇਂ ਦਿਲ ਲਭਾਊ ਇਸ਼ਤਿਹਾਰਾਂ ਨਾਲ ਬੰਦੇ ਨੂੰ ਬਾਂਦਰ ਬਣਾਉਣ ਦੀ ਬਾਜ਼ਾਰੂ ਕਾਰਸਤਾਨੀ ਬ-ਦਸਤੂਰ ਚੱਲ ਰਹੀ ਹੈ।