ਗੁਰਬਖ਼ਸ਼ ਸਿੰਘ ਸੋਢੀ
ਪੰਜਾਬ ਵਿਚ ਇਕ ਹੋਰ ਪੰਥਕ ਜਥੇਬੰਦੀ ਬਣਾਉਣ ਦਾ ਐਲਾਨ ਹੋ ਗਿਆ ਹੈ। ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋæ ਦਰਸ਼ਨ ਸਿੰਘ ਖਾਲਸਾ ਨੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੇ ਨਾਂ ਹੇਠ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਜਥੇਬੰਦੀ ਰਾਹੀਂ ਅਕਾਲ ਤਖਤ ਤੇ ਸਿੱਖ ਧਰਮ ਉਤੇ ਸਿਆਸਤ ਦਾ ਗਲਬਾ ਉਖੇੜਨ ਦੀ ਮੁਹਿੰਮ ਚਲਾਈ ਜਾਵੇਗੀ। ਸਿੱਖ ਜਗਤ ਵਿਚ ਪਏ ਇਸ ਭੁਲੇਖੇ ਕਿ ਜਥੇਦਾਰ ਹੀ ਅਕਾਲ ਤਖ਼ਤ ਹੈ, ਬਾਰੇ ਚੇਤਨਾ ਮੁਹਿੰਮ ਚਲਾਉਣ ਬਾਰੇ ਵੀ ਕਿਹਾ ਗਿਆ ਹੈ। ਪ੍ਰੋæ ਸਾਹਿਬ ਮੁਤਾਬਕ ਸਿਰਫ ਜਥੇਦਾਰ ਹੀ ਅਕਾਲ ਤਖਤ ਨਹੀਂ ਹੈ, ਸੰਗਤ ਨੂੰ ਹੁਣ ਇਹ ਦੱਸਣ ਦੀ ਬਹੁਤ ਲੋੜ ਹੈ।
ਪ੍ਰੋæ ਦਰਸ਼ਨ ਸਿੰਘ ਨਵੀਂ ਬਣਾਈ ਜਥੇਬੰਦੀ ਦੇ ਪ੍ਰਧਾਨ ਹੋਣਗੇ। ਸਾਬਕਾ ਆਈæਏæਐਸ਼ ਅਫਸਰ ਗੁਰਤੇਜ ਸਿੰਘ ਤੇ ਖਾਲਸਾ ਪੰਚਾਇਤ ਦੇ ਮੁਖੀ ਰਾਜਿੰਦਰ ਸਿੰਘ ਖਾਲਸਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਂਜ, ਇਸ ਜਥੇਬੰਦੀ ਨੂੰ ਗੈਰ-ਸਿਆਸੀ ਰੱਖਣ ਬਾਰੇ ਵੀ ਕਿਹਾ ਗਿਆ ਹੈ। ਉਹ ਖੁਦ ਭਾਵੇਂ ਚੋਣਾਂ ‘ਚ ਹਿੱਸਾ ਨਹੀਂ ਲੈਣਗੇ ਪਰ ਸਿਆਸੀ ਖੇਤਰ ਦੀਆਂ ਚੰਗੀਆਂ ਸ਼ਖ਼ਸੀਅਤਾਂ ਦੀ ਹਮਾਇਤ ਕੀਤੀ ਜਾਵੇਗੀ। ਚੇਤੇ ਰਹੇ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਦਸਮ ਗ੍ਰੰਥ ਅਤੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉਤੇ ਛਿੜੇ ਵਿਵਾਦ ਤੋਂ ਬਾਅਦ ਪ੍ਰੋæ ਦਰਸ਼ਨ ਸਿੰਘ ਨੂੰ ਪੰਥ ‘ਚੋਂ ਛੇਕ ਦਿੱਤਾ ਸੀ। ਇਸ ਬਾਰੇ ਪ੍ਰੋæ ਸਾਹਿਬ ਦਾ ਕਹਿਣਾ ਸੀ ਕਿ ਉਹ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਨ੍ਹਾਂ ਵਿਰੁਧ ਜਾਰੀ ਕੀਤੇ ਹੁਕਮਨਾਮੇ ਨੂੰ ਨਹੀਂ ਮੰਨਦੇ, ਕਿਉਂਕਿ ਇਹ ਸਿਆਸੀ ਦਬਾਅ ਹੇਠ ਤੇ ਇੱਕਤਰਫਾ ਜਾਰੀ ਕੀਤਾ ਗਿਆ ਸੀ। ਇਸ ਬਾਰੇ ਜਦੋਂ ਉਹ ਆਪਣਾ ਪੱਖ ਰੱਖਣ ਅਕਾਲ ਤਖਤ ਗਏ ਸਨ ਤਾਂ ਜਥੇਦਾਰ ਨੇ ਉਨ੍ਹਾਂ ਦੀ ਸੁਣਵਾਈ ਕਰਨੀ ਵੀ ਜ਼ਰੂਰੀ ਨਹੀਂ ਸੀ ਸਮਝੀ।
ਉਂਜ, ਇਕ ਨੁਕਤਾ ਤਾਂ ਐਨ ਸਪਸ਼ਟ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਨਾਲ ਜੁੜੀਆਂ ਤਕਰੀਬਨ ਸਾਰੀਆਂ ਅਹਿਮ ਧਾਰਮਿਕ ਸੰਸਥਾਵਾਂ ‘ਤੇ ਸਿਆਸੀ ਗਲਬਾ ਕਾਇਮ ਕੀਤਾ ਹੋਇਆ ਹੈ। ਇਸ ਗਲਬੇ ਨੂੰ ਤੋੜਨ ਲਈ ਗਾਹੇ-ਬਗਾਹੇ ਯਤਨ ਵੀ ਹੁੰਦੇ ਰਹੇ ਹਨ, ਪਰ ਅਜੇ ਤੱਕ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਅਸਲ ‘ਚ ਅਜੋਕੀ ਸਿੱਖ ਸਿਆਸਤ ਵਿਚ ਧਰਮ ਤੇ ਸਿਆਸਤ ਇੰਨੇ ਕੋਝੇ ਢੰਗ ਨਾਲ ਰਲਗੱਡ ਹੋ ਗਏ ਹਨ ਕਿ ਮੀਰੀ-ਪੀਰੀ ਦਾ ਸਿਧਾਂਤ ਕਿਤੇ ਦੂਰ ਦੀ ਗੱਲ ਹੋ ਕੇ ਰਹਿ ਗਿਆ ਹੈ। ਹੁਣ ਤਾਂ ਹਾਲ ਇਹ ਹੈ ਕਿ ਸਿਆਸਤ ਚਲਾਉਣ ਲਈ ਧਰਮ ਦਾ ਸਹਾਰਾ ਲਿਆ ਜਾ ਰਿਹਾ ਹੈ।
ਇਕ ਹੋਰ ਨੁਕਤਾ ਵੀ ਹੈ ਕਿ ਹੁਣ ਤੱਕ ਜਿੰਨੀਆਂ ਵੀ ਜਥੇਬੰਦੀਆਂ, ਧੜਿਆਂ ਜਾਂ ਸੰਸਥਾਵਾਂ ਨੇ ਬਾਦਲ ਦਲ ਦਾ ਵਿਰੋਧ ਕੀਤਾ ਹੈ, ਉਨ੍ਹਾਂ ਦਾ ਮੁੱਖ ਏਜੰਡਾ ਵੀ ਧਰਮ ਦੀ ਥਾਂ ਸਿਆਸਤ ਹੀ ਰਿਹਾ ਹੈ। ਇਸ ਤਰ੍ਹਾਂ ਦੀ ਕੋਈ ਮਿਸਾਲ ਨਹੀਂ ਕਿ ਧਾਰਮਿਕ ਆਗੂਆਂ ਨੇ ਸਿਆਸੀ ਆਗੂਆਂ ਨੂੰ ਰੜੇ ਮੈਦਾਨ ਵਿਚ ਵੰਗਾਰਿਆ ਹੋਵੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖੁਦ ਵੀ ਮੰਨਦੇ ਸਨ ਅਤੇ ਉਨ੍ਹਾਂ ਦੇ ਸਮਰਥਕ ਵੀ ਕਿ ਉਹ ਬੁਨਿਆਦੀ ਤੌਰ ‘ਤੇ ਸਿਆਸੀ ਨਹੀਂ, ਸਗੋਂ ਧਾਰਮਿਕ ਆਗੂ ਸਨ, ਪਰ ਉਨ੍ਹਾਂ ਨੇ ਵੀ ਧਾਰਮਿਕ ਪਿੜ ਮੱਲਣ ਦੀ ਥਾਂ ਸਿਆਸਤ ਨੂੰ ਹੀ ਪਹਿਲ ਦਿੱਤੀ ਸੀ ਅਤੇ ਆਖਰ ਗੱਲ ਕਿਤੇ ਦੀ ਕਿਤੇ ਪਹੁੰਚ ਗਈ। ਬਾਅਦ ‘ਚ ਕੁਝ ਖਾੜਕੂ ਧਿਰਾਂ ਨੇ ਵੀ ਬਾਦਲਾਂ ਨੂੰ ਵੰਗਾਰਨ ਦਾ ਤਹੱਈਆ ਕੀਤਾ ਤੇ ਮੁਹਿੰਮਾਂ ਵੀ ਚਲਾਈਆਂ, ਪਰ ਉਨ੍ਹਾਂ ਵੀ ਸਿਆਸਤ ਨੂੰ ਹੀ ਆਪਣਾ ਪਿੜ ਬਣਾਇਆ ਤੇ ਬੁਰੀ ਤਰ੍ਹਾਂ ਮਾਰ ਵੀ ਖਾਧੀ। ਧਾਰਮਿਕ ਮੁਹਿੰਮਾਂ ‘ਤੇ ਚੜ੍ਹਨ ਦੀ ਗੱਲ ਸ਼ਾਇਦ ਉਨ੍ਹਾਂ ਕਦੀ ਸੋਚੀ ਜਾਂ ਗੌਲੀ ਨਹੀਂ। ਸਿੱਟੇ ਵਜੋਂ ਡੇਰਾਵਾਦੀਆਂ ਲਈ ਰਾਹ ਮੋਕਲਾ ਹੁੰਦਾ ਗਿਆ ਹੈ।
ਇਸ ਸਿਲਸਿਲੇ ‘ਚ ਸੰਸਾਰ ਪੱਧਰ ਦੀ ਇਕ ਜਾਨਦਾਰ ਮਿਸਾਲ ਹੈ ਜਦੋਂ ਕਿਸੇ ਨੇ ਧਰਮ ‘ਚ ਸਿਆਸਤ ਦੇ ਦਖਲ ਨੂੰ ਨੰਗੇ ਧੜ ਲਲਕਾਰਿਆ ਹੋਵੇ। ਇਹ ਜਰਮਨੀ ਦਾ ਪਾਦਰੀ ਫ੍ਰੈਡਰਿਕ ਗੁਸਤਾਵ ਐਮਿਲ ਮਾਰਟਿਨ ਨਿਮੋਲਰ (14 ਜਨਵਰੀ 1892-6 ਮਾਰਚ 1984) ਸੀ ਜੋ ਹੁਣ ਪਾਦਰੀ ਨਿਮੋਲਰ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਵਧੇਰੇ ਪਛਾਣ ਉਸ ਦੀ ਅਮਰ ਹੋ ਗਈ ਕਵਿਤਾ ‘ਜਦੋਂ ਉਹ ਮੇਰੇ ਲਈ ਆਏæææ’ ਨਾਲ ਹੈ। ਇਹ ਅਸਲ ਵਿਚ ਕਵਿਤਾ ਨਹੀਂ ਸੀ ਅਤੇ ਨਾ ਹੀ ਨਿਮੋਲਰ ਕਵੀ ਸੀ। ਇਹ ਤਾਂ ਉਸ ਦਾ ਇਕ ਬਿਆਨ ਸੀ ਜੋ ਇੰਨਾ ਜ਼ੋਰਦਾਰ ਹੋ ਨਿਬੜਿਆ ਕਿ ਛੇਤੀ ਹੀ ਹਰ ਪਾਸੇ ਮਸ਼ਹੂਰ ਹੋ ਗਿਆ। ਇਸ ਬਿਆਨ ਦੀਆਂ ਸਤਰਾਂ ਇਉਂ ਹਨ:
ਸਭ ਤੋਂ ਪਹਿਲਾਂ ਉਹ ਕਮਿਊਨਿਸਟਾਂ ਲਈ ਆਏ।
ਮੈਂ ਕੁਝ ਨਹੀਂ ਬੋਲਿਆ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ।
ਇਸ ਤੋਂ ਬਾਅਦ ਉਹ ਸੋਸ਼ਲਿਸਟਾਂ ਲਈ ਆਏ।
ਮੈਂ ਫਿਰ ਵੀ ਕੁਝ ਨਹੀਂ ਬੋਲਿਆ, ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸਾਂ।
ਮਗਰੋਂ ਉਹ ਟਰੇਡ ਯੂਨੀਅਨਿਸਟਾਂ ਲਈ ਆਏ।
ਮੈਂ ਫਿਰ ਕੁਝ ਨਹੀਂ ਬੋਲਿਆ, ਕਿਉਂਕਿ ਮੈਂ ਟਰੇਡ ਯੂਨੀਅਨਿਸਟ ਨਹੀਂ ਸਾਂ।
ਫਿਰ ਉਹ ਮੇਰੇ ਲਈ ਆਏ
ਤੇ ਉਦੋਂ ਕੋਈ ਨਹੀਂ ਸੀ ਬਚਿਆ
ਜੋ ਮੇਰੇ ਲਈ ਬੋਲਦਾ।
ਮਾਰਟਿਨ ਨਿਮੋਲਰ ਦੀ ਇਹ ‘ਕਵਿਤਾ’ ਬਹੁਤ ਮਸ਼ਹੂਰ ਹੋਈ। ਇਕ ਲਿਹਾਜ ਨਾਲ ਇਹ ਸੰਸਾਰ ਭਰ ਦੇ ਜੁਝਾਰੂਆਂ ਲਈ ਸਿਆਸੀ ਬਿਆਨ ਹੀ ਹੋ ਨਿਬੜੀ ਅਤੇ ਸਿਆਸੀ ਜ਼ੁਲਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਲਈ ਹਥਿਆਰ ਬਣ ਗਈ। ਮਾਰਟਿਨ ਨਿਮੋਲਰ ਬੁਨਿਆਦੀ ਰੂਪ ਵਿਚ ਕਮਿਊਨਿਸਟ-ਵਿਰੋਧੀ ਸੀ ਅਤੇ ਉਸ ਨੇ ਡਟ ਕੇ ਹਿਟਲਰ ਦੀ ਕੌਮਪ੍ਰਸਤੀ ਦੀ ਹਮਾਇਤ ਕੀਤੀ ਸੀ ਪਰ ਜਦੋਂ ਹਿਟਲਰ ਨੇ ਸਟੇਟ ਦੀ ਧਰਮ ‘ਤੇ ਸਰਦਾਰੀ ਦੀ ਗੱਲ ਕੀਤੀ ਤਾਂ ਨਿਮੋਲਰ ਛੇਤੀ ਹੀ ਹਿਟਲਰ ਵਿਰੁਧ ਡਟ ਗਿਆ ਅਤੇ ਇਕ ਧਾਰਮਿਕ ਜਥੇਬੰਦੀ ਦਾ ਲੀਡਰ ਹੋ ਨਿਬੜਿਆ।
ਪਾਦਰੀ ਨਿਮੋਲਰ 1916-17 ਵਿਚ ਲੜਾਕੂ ਜਹਾਜ਼ ਯੂ-73 ਦਾ ਨੇਵੀਗੇਸ਼ਨ ਅਫ਼ਸਰ ਸੀ ਅਤੇ ਪਾਦਰੀ ਉਹ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਬਣਿਆ ਸੀ। ਉਹ 1910 ‘ਚ ਇੰਪੀਰੀਅਲ ਜਰਮਨ ਨੇਵੀ ਵਿਚ ਭਰਤੀ ਹੋਇਆ ਤੇ 4 ਸਾਲ ਬਾਅਦ ਹੀ 1914 ਵਿਚ ਪਹਿਲੀ ਸੰਸਾਰ ਜੰਗ ਛਿੜ ਗਈ। ਜੰਗ ਖ਼ਤਮ ਹੋਣ ਤੋਂ ਬਾਅਦ ਨਿਮੋਲਰ ਤੇ ਹੋਰ ਕਮਾਂਡਰਾਂ ਨੂੰ ਯੂ-ਬੋਟਾਂ ਇੰਗਲੈਂਡ ਲਿਜਾਉਣ ਦੇ ਹੁਕਮ ਕੀਤੇ ਗਏ ਪਰ ਨਿਮੋਲਰ ਅਤੇ ਕੁਝ ਹੋਰਾਂ ਨੇ ਇਹ ਹੁਕਮ ਮੰਨਣ ਤੋਂ ਸਾਫ਼ ਨਾਂਹ ਕਰ ਦਿੱਤੀ। ਸਿੱਟੇ ਵਜੋਂ ਉਸ ਨੂੰ ਫੌਜ ਵਿਚੋਂ ਕੱਢ ਦਿੱਤਾ। 1920 ਵਿਚ ਉਸ ਨੇ ਪਾਦਰੀ ਬਣਨ ਦਾ ਫੈਸਲਾ ਕੀਤਾ ਤੇ ਮਿਊਨਸਟਰ ਯੂਨੀਵਰਸਿਟੀ ‘ਚ ਧਾਰਮਿਕ ਸਿੱਖਿਆ ਲੈਣੀ ਅਰੰਭ ਕਰ ਦਿੱਤੀ।
ਅਸਲ ਵਿਚ ਨਿਮੋਲਰ ਦੀਆਂ ਸਿਆਸੀ ਹਮਦਰਦੀਆਂ ਜਨਵਰੀ 1934 ਵਿਚ ਬਦਲਣੀਆਂ ਸ਼ੁਰੂ ਹੋਈਆਂ। ਉਦੋਂ ਨਿਮੋਲਰ ਅਤੇ ਦੋ ਹੋਰ ਉਘੇ ਪਾਦਰੀ, ਚਰਚ ਉਤੇ ਵਧ ਰਹੇ ਸਟੇਟ/ਸਿਆਸਤ ਦੇ ਪ੍ਰਭਾਵ ਬਾਰੇ ਵਿਚਾਰ-ਚਰਚਾ ਕਰਨ ਲਈ ਅਡੋਲਫ ਹਿਟਲਰ ਨੂੰ ਮਿਲੇ ਸਨ। ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ ਅਤੇ ਉਸ ਨੇ ਨਾਜ਼ੀ ਸਟੇਟ ਨੂੰ ਤਾਨਾਸ਼ਾਹ ਸਟੇਟ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਨੇ ਧਾਰਮਿਕ ਮਾਮਲਿਆਂ ਵਿਚ ਸਟੇਟ ਦੇ ਦਖ਼ਲ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ 1934 ਤੋਂ ਲੈ ਕੇ 1937 ਤੱਕ ਉਸ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ। ਜੁਲਾਈ 1937 ਨੂੰ ਉਸ ਨੂੰ ਗੈਸਤਾਪੋ (ਖੁਫੀਆ ਪੁਲਿਸ) ਨੇ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਬਰਲਿਨ ਦੀ ਜੇਲ੍ਹ ਵਿਚ ਸਾਢੇ ਸੱਤ ਮਹੀਨੇ ਡੱਕੀ ਰੱਖਿਆ। ਇਸ ਦੌਰਾਨ ਉਸ ਖ਼ਿਲਾਫ਼ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਉਸ ਨੂੰ ਰੱਖਿਆ ਵੀ ਇਕੱਲਿਆਂ ਹੀ ਗਿਆ। ਫਰਵਰੀ 1938 ਵਿਚ ਉਸ ਨੂੰ ਸਟੇਟ ਅਤੇ ਪਾਰਟੀ ਉਤੇ ਹਮਲਿਆਂ ਖ਼ਿਲਾਫ਼ ਕਾਨੂੰਨ ਤਹਿਤ 7 ਮਹੀਨੇ ਦੀ ਸਜ਼ਾ ਸੁਣਾਈ ਗਈ। ਉਹ ਭਾਵੇਂ ਸਾਢੇ ਸੱਤ ਮਹੀਨੇ ਪਹਿਲਾਂ ਹੀ ਜੇਲ੍ਹ ਵਿਚ ਕੱਟ ਚੁੱਕਾ ਸੀ ਪਰ ਉਸ ਨੂੰ ਛੱਡਿਆ ਨਹੀਂ ਗਿਆ। ਉਸ ਨੂੰ ਮਗਰੋਂ ਵੀ ਨਜ਼ਰਬੰਦ ਰੱਖਿਆ ਗਿਆ। ਫਿਰ ਗੈਸਤਾਪੋ ਉਸ ਨੂੰ ਤਿਰੋਲ (ਆਸਟਰੀਆ) ਲੈ ਗਈ। ਇਸ ਤਰ੍ਹਾਂ 7 ਸਾਲ ਦੀ ਕੈਦੀ ਪਿਛੋਂ 1944 ‘ਚ ਉਸ ਨੂੰ ਅਮਰੀਕੀ ਫੌਜੀ ਨੇ ਤਿਰੋਲ ਤੋਂ ਰਿਹਾ ਕਰਵਾਇਆ।
ਰਿਹਾਈ ਤੋਂ ਬਾਅਦ 1947 ਵਿਚ ਉਸ ਨੂੰ ‘ਹੇਜ਼ਨ ਨਾਸੋ ਲੂਥਰਨ ਚਰਚ’ ਦਾ ਪ੍ਰਧਾਨ ਥਾਪਿਆ ਗਿਆ। ਉਸ ਨੇ ਨਾਜ਼ੀਆਂ ਵੱਲੋਂ ਮਨੁੱਖਤਾ ਖ਼ਿਲਾਫ਼ ਕੀਤੇ ਅਪਰਾਧਾਂ ਦੀ ਮੁਆਫ਼ੀ ਲਈ ਸੰਸਾਰ ਭਰ ਦਾ ਦੌਰਾ ਕੀਤਾ। 1950ਵਿਆਂ ਦੇ ਮੱਧ ਤੱਕ ਪਹੁੰਚਦਿਆਂ ਨਿਮੋਲਰ ਪੈਸੀਫਿਸਟ (ਅਮਨ ਦੂਤ) ਬਣ ਗਿਆ। ਉਸ ਨੇ ਕਈ ਕੌਮਾਂਤਰੀ ਸੰਸਥਾਵਾਂ ਲਈ ਕੰਮ ਕੀਤਾ। ਇਨ੍ਹਾਂ ਵਿਚ ਕੌਮਾਂਤਰੀ ਅਮਨ ਲਈ ਸਰਗਰਮ ‘ਵਰਡ ਕੌਂਸਲ ਆਫ਼ ਚਰਚਜ਼’ ਸ਼ਾਮਲ ਹੈ।
ਪਾਦਰੀ ਨਿਮੋਲਰ ਦੀ ਇਹ ਲੰਮੀ ਕਹਾਣੀ ਸੁਣਾਉਣ ਦਾ ਮਤਲਬ ਇਹੀ ਹੈ ਕਿ ਇਸ ਤਰ੍ਹਾਂ ਦੀ ਸੁਰ ਅਤੇ ਸਰਗਰਮੀ ਪੰਜਾਬ ਵਿਚ ਕਿਤੇ ਸੁਣਾਈ ਨਹੀਂ ਦਿੱਤੀ ਜਿਸ ਤੋਂ ਧਰਮ ਦੇ ਮਾਮਲਿਆਂ ਵਿਚ ਸਿਆਸਤ ਦੇ ਦਖਲ ਖਿਲਾਫ ਬੁਲੰਦ ਹੋਈ ਆਵਾਜ਼ ਬਾਰੇ ਕੋਈ ਸੂਹ ਮਿਲਦੀ ਹੋਵੇ। ਹੁਣ ਤਾਂ ਸਗੋਂ ਪੰਜਾਬ ਵਿਚ ਧਰਮ ਦਾ ਬਹੁਤ ਬੁਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਧਰਮ ਦੇ ਇਸ ਸਿਆਸੀਕਰਨ ਨੂੰ ਟੁੱਕਣ ਲਈ ਪਾਦਰੀ ਮਾਰਟਿਨ ਨਿਮੋਲਰ ਕੋਈ ਰਾਹ ਦਿਖਾ ਸਕਦਾ ਹੈ।
ਹੁਣ ਦੇਖਣਾ ਇਹ ਹੈ ਕਿ ਪ੍ਰੋæ ਦਰਸ਼ਨ ਸਿੰਘ ਇਸ ਰਾਹ ਉਤੇ ਕਿੰਨੀ ਕਾਮਯਾਬੀ ਅਤੇ ਕਿੰਨਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਮੀਰੀ-ਪੀਰੀ ਦਾ ਸਿਧਾਂਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ, ਪੰਜਵੇਂ ਪਾਤਸ਼ਾਹ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਲਿਆਂਦਾ ਸੀ। ਜਦੋਂ ਉਨ੍ਹਾਂ 11 ਜੂਨ 1606 ਨੂੰ ਗੁਰਗੱਦੀ ਸੰਭਾਲੀ ਤਾਂ ਦੋ ਤਲਵਾਰਾਂ ਪਹਿਨੀਆਂ-ਇਕ ਮੀਰੀ ਤੇ ਇਕ ਪੀਰੀ ਦੀ। ਉਸ ਵੇਲੇ ਗੁਰੂ ਸਾਹਿਬ ਨੇ ਸਿੱਖੀ ਉਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ, ਸਿੱਖੀ ਦੇ ਬੂਟੇ ਦੇ ਬਚਾ ਅਤੇ ਫੈਲਾ ਲਈ ਪੀਰੀ ਦੇ ਨਾਲ ਨਾਲ ਮੀਰੀ ਵੱਲ ਸਿੱਖ ਸੰਗਤ ਦਾ ਧਿਆਨ ਦਿਵਾਇਆ ਸੀ। ਅਗਾਂਹ ਇਸ ਦੀਆਂ ਲੜੀਆਂ ਧਰਮ ਦੀਆਂ ਬੁਨਿਆਦਾਂ ਅਨੁਸਾਰ ਸਿਆਸਤ ਦਾ ਪਿੜ ਮੱਲਣ ਨਾਲ ਜੋੜੀਆਂ ਗਈਆਂ ਸਨ। ‘ਮੀਰੀ’ ਫਾਰਸੀ ਦਾ ਸ਼ਬਦ ਹੈ। ਇਹ ਅਰਬੀ ਦੇ ਸ਼ਬਦ ‘ਅਮੀਰ’ ਤੋਂ ਆਇਆ ਹੈ। ਅਮੀਰ ਦਾ ਮਤਲਬ ਕਮਾਂਡਰ, ਸ਼ਾਸਕ, ਮੁਖੀ ਹੈ। ਇਹ ਸ਼ਬਦ ਦੁਨੀਆਵੀ ਸੱਤਾ ਦੀ ਗੱਲ ਤੋਰਦਾ ਹੈ। ‘ਪੀਰੀ’ ਸ਼ਬਦ ਵੀ ਫਾਰਸੀ ਸ਼ਬਦ ‘ਪੀਰ’ ਤੋਂ ਬਣਿਆ ਹੈ। ਇਸ ਦਾ ਮਤਲਬ ਸੰਤ, ਅਧਿਆਤਮਿਕ ਰਾਹ ਦਸੇਰਾ ਤੇ ਧਾਰਮਿਕ ਜੀਵ ਹੈ। ‘ਪੀਰ’ ਦਾ ਸਮੁੱਚਾ ਸੰਕਲਪ ਧਾਰਮਿਕ ਆਗੂਆਂ ਨਾਲ ਜੁੜਿਆ ਹੋਇਆ ਹੈ ਤੇ ਹੁਣ ਸ਼ਾਇਦ ਪੰਜਾਬ ਨੂੰ ਕਿਸੇ ਅਜਿਹੇ ਹੀ ਪੀਰ ਦੀ ਲੋੜ ਹੈ।
Leave a Reply