‘ਪਛਤਾਵਾ’ ਉਸ ਨੰਨ੍ਹੀ ਜਾਨ ਦੀ ਵੱਡੀ ਕਹਾਣੀ ਹੈ ਜਿਸ ਉਤੇ ਦੁਸ਼ਵਾਰੀਆਂ ਦੀ ਲਗਾਤਾਰ ਵਾਛੜ ਪੈ ਰਹੀ ਹੈ। ਅਜਿਹੇ ਹਾਲਾਤ ਦੇ ਝੰਬੇ, ਪਤਾ ਨਹੀਂ ਕਿੰਨੇ ਕੁ ਜਿਊੜੇ ਲੀਹ ਤੋਂ ਲਹਿ ਕੇ ਗੁੰਮਨਾਮੀ ਦੇ ਬੱਦਲਾਂ ਪਿਛੇ ਲੁਕ ਜਾਂਦੇ ਹਨ। ਕੁਲਦੀਪ ਤੱਖਰ ਨੇ ਇਸ ਨੰਨ੍ਹੀ ਜਾਨ ਦੀ ਕਥਾ ਆਪਣੇ ਹੀ ਢੰਗ ਨਾਲ ਸੁਣਾਈ ਹੈ।
-ਸੰਪਾਦਕ
ਕੁਲਦੀਪ ਤੱਖਰ (ਕੈਲੀਫੋਰਨੀਆ)
ਮਨਜੀਤ ਮੈਨੂੰ ਆਪਣੇ ਸਕੂਲ ਦੇ ਬੱਚਿਆਂ ਬਾਰੇ ਦੱਸ ਰਹੀ ਸੀ; ਤੇ ਖਾਸ ਕਰ ਕੇ ਰੰਗਦਾਰ (ਕਾਲੇ) ਬੱਚਿਆਂ ਬਾਰੇ ਉਹ ਗਿਲੇ ਕਰ ਰਹੀ ਸੀ, ਉਹ ਸਕੂਲੇ ਬੜੇ ਗੰਦੇ ਆਉਂਦੇ ਨੇ, ਕੱਪੜੇ ਸਾਫ ਨਹੀਂ ਪਾਉਂਦੇ, ਨਲੀਆਂ ਵਗਦੀਆਂ ਨੇ, ਉਨ੍ਹਾਂ ਦੀਆਂ ਆਦਤਾਂ ਬੜੀਆਂ ਭੈੜੀਆਂ ਨੇ। ਉਨ੍ਹਾਂ ਦਾ ਆਹ ਨਹੀਂ ਚੰਗਾ, ਅਹੁ ਨਹੀਂ ਚੰਗਾ।
ਮਨਜੀਤ ਉਸੇ ਤਰ੍ਹਾਂ ਮੇਰੇ ਵੱਲੋਂ ਕੋਈ ਹੂੰ-ਹਾਂ ਨਾ ਕੀਤੇ ਜਾਣ ‘ਤੇ ਬੋਲੀ ਜਾ ਰਹੀ ਸੀ, “ਉਨ੍ਹਾਂ ਦੀਆਂ ਹੋਰ ਸਭ ਔਕੜਾਂ ਤਾਂ ਸਕੂਲ ਵਿਚ ਦੂਰ ਕੀਤੀਆਂ ਜਾ ਸਕਦੀਆਂ ਨੇ, ਪਰ ਜਿਹੜੇ ਬੱਚੇ ਸਕੂਲ ਗੰਦੇ ਆਉਂਦੇ ਨੇ, ਉਨ੍ਹਾਂ ਦਾ ਕੀ ਇਲਾਜ ਕੀਤਾ ਜਾਵੇ? ਆਪਣੇ ਗੰਦੇ ਬੱਚਿਆਂ ਵੱਲ ਵੇਖ ਕੇ ਮੈਨੂੰ ਤੇ ਏਨੀ ਸ਼ਰਮ ਆਉਂਦੀ ਏ ਕਿ ਮੈਂ ਦੂਜੇ ਅਧਿਆਪਕਾਂ ਅੱਗੇ ਅੱਖ ਨਹੀਂ ਚੁੱਕ ਸਕਦੀ। ਤੇ ਬੱਚਿਆਂ ਨਾਲੋਂ ਮੈਨੂੰ ਬਹੁਤਾ ਗੁੱਸਾ ਉਨ੍ਹਾਂ ਦੇ ਮਾਪਿਆਂ ਉਤੇ ਆਉਂਦਾ ਏ ਜਿਹੜੇ ਉਨ੍ਹਾਂ ਨੂੰ ਸਕੂਲੇ ਗੰਦਿਆਂ ਘੱਲਦੇ ਨੇ।” ਉਹ ਕਹਿੰਦੀ ਗਈ, ਜਿਹੜੇ ਇੰਜ ਨਹੀਂ ਕਰਦੇ, ਉਂਜ ਨਹੀਂ ਕਰਦੇ।æææ
ਉਹ ਜਿਉਂ-ਜਿਉਂ ਇਨ੍ਹਾਂ ਰੰਗਦਾਰ ਬੱਚਿਆਂ ਬਾਰੇ ਗਿਲੇ ਕਰ ਰਹੀ ਸੀ, ਮੇਰੀਆਂ ਅੱਖਾਂ ਅੱਗੇ ਟਰੇਸੀ ਦੀ ਸ਼ਕਲ ਘੁੰਮਦੀ ਜਾ ਰਹੀ ਸੀ ਜਿਹੜੀ ਪਿਛਲੇ ਸਾਲ ਮੇਰੀ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਮੈਂ ਸੋਚ ਰਿਹਾ ਸੀ ਕਿ ਟਰੇਸੀ ਤਾਂ ਰੰਗਦਾਰ ਬੱਚੀ ਨਹੀਂ ਸੀ; ਉਹ ਤਾਂ ਗੋਰੇ ਮਾਂ-ਪਿਓ ਦੀ ਧੀ ਸੀ। ਉਹਦਾ ਰੰਗ ਵੀ ਗੋਰਾ ਸੀ ਤੇ ਖੂਨ ਵੀ ਗੋਰਾ ਸੀ, ਪਰ ਜਮਾਤ ਵਿਚ ਜੇ ਕੋਈ ਗੰਦਾ ਬੱਚਾ ਸੀ ਤਾਂ ਉਹ ਟਰੇਸੀ ਹੀ ਸੀ।
ਜਦੋਂ ਟਰੇਸੀ ਮੇਰੀ ਜਮਾਤ ਵਿਚ ਸੀ, ਮੈਨੂੰ ਉਸ ਦੀ ਗੰਦਗੀ ਤੋਂ ਕਚਿਆਣ ਆਉਂਦੀ ਤੇ ਮੈਨੂੰ ਉਸ ‘ਤੇ ਬੜਾ ਗੁੱਸਾ ਆਉਂਦਾ। ਮੈਂ ਉਸ ਨੂੰ ਆਪਣੇ ਲਾਗੇ ਨਹੀਂ ਸਾਂ ਲੱਗਣ ਦਿੰਦੀ, ਪਰ ਹੁਣ ਜਦੋਂ ਕਦੇ ਮੈਨੂੰ ਟਰੇਸੀ ਯਾਦ ਆਉਂਦੀ ਤਾਂ ਉਸ ਨੂੰ ਯਾਦ ਕਰ ਕੇ ਮੇਰੇ ਦਿਲ ਦਾ ਰੁੱਗ ਜਿਹਾ ਭਰਿਆ ਜਾਂਦਾ। ਟਰੇਸੀ ਨੂੰ ਯਾਦ ਕਰ ਕੇ ਕਈ ਵਾਰੀ ਆਪ ਮੁਹਾਰੇ ਹੀ ਅੱਥਰੂ ਵਹਿ ਤੁਰਦੇ ਨੇ, ਤੇ ਫਿਰ ਮੈਂ ਆਪਣੇ ਆਪ ਨੂੰ ਕੋਸਦੀ ਹਾਂ ਕਿ ਉਦੋਂ ਮੈਂ ਇਸ ਅਮੁੱਲੇ ਜੀਅ ਦੀ ਪਛਾਣ ਕਿਉਂ ਨਾ ਕੀਤੀ। ਸੱਚਮੁੱਚ ਹੀ ਜਦੋਂ ਕੋਈ ਚੀਜ਼ ਸਾਡੇ ਹੱਥਾਂ ਵਿਚ ਹੁੰਦੀ ਏ ਤਾਂ ਅਸੀਂ ਉਸ ਦੀ ਕਦਰ ਨਹੀਂ ਕਰਦੇ, ਪਰ ਜਦੋਂ ਸਾਨੂੰ ਉਹਦੀ ਕੀਮਤ ਦਾ ਪਤਾ ਲੱਗਦਾ ਏ, ਉਹ ਸਾਡੇ ਕੋਲੋਂ ਬੜੀ ਦੂਰ ਜਾ ਚੁੱਕੀ ਹੁੰਦੀ ਏ।
ਹੁਣ ਟਰੇਸੀ ਦੀ ਇਕ-ਇਕ ਚੀਜ਼ ਚੇਤੇ ਕਰ ਕੇ ਮੇਰਾ ਦਿਲ ਭੁੱਬੀਂ ਰੋ ਉਠਦਾ ਏ। ਮੈਂ ਸੋਚਦੀ ਹਾਂ ਕਿ ਟਰੇਸੀ ਨਾਲ ਕੀਤੀ ਬਦਸਲੂਕੀ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਏ, ਤੇ ਇਸ ਪਾਪ ਦਾ ਪਛਤਾਵਾ ਮੇਰੇ ਮਰਨ ਤੋਂ ਬਾਅਦ ਵੀ ਸ਼ਾਇਦ ਮੈਨੂੰ ਚੰਬੜਿਆ ਰਵ੍ਹੇ।
ਇਕ ਨਹੀਂ, ਦੋ ਨਹੀਂ ਸਗੋਂ ਪੂਰੇ ਚਾਰ ਮਹੀਨੇ ਹੋ ਗਏ ਸਨ ਟਰੇਸੀ ਨੂੰ ਇਕ ਹੀ ਸੂਟ ਪਾ ਕੇ ਸਕੂਲੇ ਆਉਂਦਿਆਂ। ਜਿਹੜੇ ਇਨ੍ਹਾਂ ਚਹੁੰ ਮਹੀਨਿਆਂ ਵਿਚ ਇਕ-ਅੱਧੀ ਵਾਰ ਹੀ ਸ਼ਾਇਦ ਧੋਤੇ ਹੋਣ। ਪੈਂਟ ਉਹਦੀ ਦੇ ਦੋਵੇਂ ਪਹੁੰਚੇ ਥੱਲਿਓਂ ਉਡੇ ਹੋਏ ਸਨ। ਦੋਵਾਂ ਬੂਟਾਂ ਦੇ ਤਲਿਆਂ ਵਿਚ ਮੋਰੀਆਂ ਸਨ ਤੇ ਕਮੀਜ਼ ਨੂੰ ਗਲਮੇ ਵਾਲੇ ਬਟਨ ਤੋਂ ਸਿਵਾ ਹੋਰ ਕੋਈ ਬੀੜਾ ਨਹੀਂ ਸੀ।
ਪਹਿਲਾਂ-ਪਹਿਲ ਮੈਂ ਉਸ ਨੂੰ ਦੂਜੇ-ਤੀਜੇ ਦਿਨ ਨਵੇਂ ਕੱਪੜੇ ਪਾ ਕੇ ਆਉਣ ਨੂੰ ਆਖਿਆ, ਪਰ ਜਦੋਂ ਉਹ ਉਨ੍ਹਾਂ ਕੱਪੜਿਆਂ ਵਿਚ ਆਉਣੋਂ ਨਾ ਹਟੀ ਤਾਂ ਮੈਂ ਉਸ ਨੂੰ ਸਾਰੀ ਜਮਾਤ ਦੇ ਸਾਹਮਣੇ ਬੈਂਚ ‘ਤੇ ਖਲਾਰਨਾ ਸ਼ੁਰੂ ਕਰ ਦਿੱਤਾ, ਪਰ ਜਾਪਦਾ ਸੀ ਬੈਂਚ ਉਤੇ ਖਲੋਣ ਦੀ ਵੀ ਹੁਣ ਉਹ ਆਦੀ ਹੁੰਦੀ ਜਾਂਦੀ ਸੀ ਤੇ ਉਸ ਨੂੰ ਇਸ ਦਾ ਕੋਈ ਫਰਕ ਨਹੀਂ ਸੀ ਪੈਂਦਾ। ਘੰਟਿਆਂ ਬੱਧੀ ਉਹ ਉਸੇ ਤਰ੍ਹਾਂ ਬਗੈਰ ਟੱਸ ਤੋਂ ਮੱਸ ਹੋਇਆਂ, ਬੈਂਚ ਉਤੇ ਖਲੋਤੀ ਰਹਿੰਦੀ। ਇੰਜ ਮੈਨੂੰ ਸਗੋਂ ਉਸ ਉਤੇ ਹੋਰ ਗੁੱਸਾ ਆਉਂਦਾ। ਮੈਂ ਜਾ ਕੇ ਉਹਦੇ ਦੋ-ਤਿੰਨ ਚਪੇੜਾਂ ਜੜ੍ਹ ਦਿੰਦੀ। ਜਾਪਦਾ ਕਿ ਇਨ੍ਹਾਂ ਚਪੇੜਾਂ ਦਾ ਵੀ ਉਹਦੇ ‘ਤੇ ਕੋਈ ਅਸਰ ਨਹੀਂ ਹੁੰਦਾ।
“ਤੂੰ ਨਵੇਂ ਕੱਪੜੇ ਪਾ ਕੇ ਕਿਉਂ ਨਹੀਂ ਆਉਂਦੀ?” ਮੈਂ ਉਸ ਨੂੰ ਪੁੱਛਦੀ, ਪਰ ਉਹ ਬਿਟਰ-ਬਿਟਰ ਮੇਰੇ ਮੂੰਹ ਵੱਲ ਵੇਖੀ ਜਾਂਦੀ ਤੇ ਫਿਰ ਪਤਾ ਨਹੀਂ ਕਿਥੋਂ ਦੋ ਮੋਟੇ-ਮੋਟੇ ਅੱਥਰੂ ਉਹਦੀਆਂ ਅੱਖਾਂ ਵਿਚ ਆ ਕੇ ਰੁਕ ਜਾਂਦੇ ਜਿਹੜੇ ਕਦੀ ਵੀ ਅੱਖਾਂ ਤੋਂ ਬਾਹਰ ਨਹੀਂ ਸਨ ਨਿਕਲੇ। ਬਜਾਏ ਇਸ ਦੇ ਕਿ ਮੇਰੀ ਉਹਦੇ ਨਾਲ ਹਮਦਰਦੀ ਹੁੰਦੀ, ਮੇਰਾ ਮਨ ਸਗੋਂ ਉਹਦੇ ਬਾਰੇ ਹੋਰ ਕਠੋਰ ਹੁੰਦਾ ਗਿਆ। ਛੋਟੀ-ਛੋਟੀ ਗੱਲ ‘ਤੇ ਹੁਣ ਮੈਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਪਰ ਮਜਾਲ ਸੀ ਕਿ ਟਰੇਸੀ ਟੱਸ ਤੋਂ ਮੱਸ ਹੋਵੇ! ਜਦੋਂ ਵੇਖੋ ਉਹ ਦੋਵੇਂ ਮੋਟੇ-ਮੋਟੇ ਅੱਥਰੂ ਉਹਦੀਆਂ ਅੱਖਾਂ ਵਿਚ ਅਟਕੇ ਹੁੰਦੇ।
ਆਮ ਤੌਰ ‘ਤੇ ਹੁਸ਼ਿਆਰ ਵਿਦਿਆਰਥੀ ਜਮਾਤ ਦੀ ਅਗਲੀ ਕਤਾਰ ਵਿਚ ਬਹਿੰਦੇ, ਟਰੇਸੀ ਭਾਵੇਂ ਪੜ੍ਹਨ ਵਿਚ ਸਾਰੀ ਜਮਾਤ ਨਾਲੋਂ ਹੁਸ਼ਿਆਰ ਸੀ, ਫਿਰ ਵੀ ਉਹ ਹਮੇਸ਼ਾ ਜਮਾਤ ਦੇ ਪਿਛੇ ਲੁਕ ਕੇ ਬੈਠਦੀ। ਇਕ ਦਿਨ ਸਵੇਰੇ-ਸਵੇਰੇ ਮੈਂ ਜਮਾਤ ਵਿਚ ਪੈਰ ਪਾਇਆ ਹੀ ਸੀ ਕਿ ਮੈਨੂੰ ਟਰੇਸੀ ਦਾ ਮੂੰਹ ਹਿਲਦਾ ਦਿਸਿਆ। ਮੈਂ ਝੱਟ ਉਹਦੇ ਸਿਰ ‘ਤੇ ਜਾ ਕੜਕੀ। ਟਰੇਸੀ ਇਕ ਵਾਰ ਤਾਂ ਕੰਬ ਗਈ। ਅਮਰੂਦ ਉਹਨੇ ਹੱਥ ਵਿਚ ਫੜਿਆ ਹੋਇਆ ਸੀ ਤੇ ਅਜੇ ਪਹਿਲਾ ਚੱਕ ਹੀ ਭਰਿਆ ਸੀ। ਮੇਰਾ ਪਾਰਾ ਪਹਿਲਾਂ ਹੀ ਚੜ੍ਹਿਆ ਹੋਇਆ ਸੀ। ਬੱਸ ਫਿਰ ਕੀ ਸੀ, ਜਿੱਧਰ ਪੈਂਦੀ ਏ, ਪੈਣ ਦੇ; ਤੇ ਅਮਰੂਦ ਉਹਦੇ ਹੱਥੋਂ ਖੋਹ ਕੇ ਮੈਂ ਕੂੜੇ ਵਾਲੀ ਟੋਕਰੀ ਵਿਚ ਸੁੱਟ ਦਿੱਤਾ, ਪਰ ਉਨ੍ਹਾਂ ਦੋ ਅੱਥਰੂਆਂ ਤੋਂ ਬਗੈਰ ਟਰੇਸੀ ਨੇ ਜਿਵੇਂ ਕੋਈ ਗਿਲਾ ਨਹੀਂ ਸੀ ਕੀਤਾ ਤੇ ਉਸ ਦਿਨ ਮੈਂ ਸਿਰਫ ਇਹੋ ਹੀ ਸਜ਼ਾ ਦਿੱਤੀ ਕਿ ਉਸ ਨੂੰ ਦੁਪਹਿਰ ਦਾ ਖਾਣਾ ਨਹੀਂ ਮਿਲੇਗਾ। ਭੁੱਖੀ-ਭਾਣੀ ਟਰੇਸੀ ਨੇ ਵਿਲਕਣੀਆਂ ਲੈਂਦਿਆਂ ਸਾਰੀ ਦਿਹਾੜੀ ਕੱਢ ਦਿੱਤੀ।
ਕਈ ਵਾਰੀ ਜਿਵੇਂ ਅਤਿ ਦੀ ਕਠੋਰਤਾ ਪਿਛੋਂ ਆਦਮੀ ਦਾ ਦਿਲ ਆਪਣੇ ਆਪ ਪਿਘਲਣ ਲੱਗ ਪੈਂਦਾ ਏ, ਇਸੇ ਤਰ੍ਹਾਂ ਮੇਰਾ ਦਿਲ ਵੀ ਟਰੇਸੀ ਬਾਰੇ ਕੁਝ ਨਰਮ ਹੋਣ ਲੱਗ ਪਿਆ। ਰਹਿ-ਰਹਿ ਕੇ ਮੈਨੂੰ ਖਿਆਲ ਸਤਾਉਂਦਾ ਕਿ ਮੈਂ ਉਸ ਨੂੰ ਭੁੱਖਿਆਂ ਕਿਉਂ ਰੱਖਿਆ!
ਇਕ ਦਿਨ ਮਾਰਕਿਟ ਵਿਚੋਂ ਲੰਘਦਿਆਂ ਮੇਰੇ ਮਨ ਵਿਚ ਪਤਾ ਨਹੀਂ ਕੀ ਆਇਆ, ਤੇ ਮੈਂ ਟਰੇਸੀ ਵਾਸਤੇ ਸਸਤਾ ਜਿਹਾ ਸੂਟ ਖਰੀਦ ਲਿਆ। ਉਹੋ ਟਰੇਸੀ ਜਿਸ ਨੂੰ ਮੈਂ ਅੱਖੀਂ ਨਹੀਂ ਸਾਂ ਵੇਖ ਸਕਦੀ, ਉਹਦਾ ਸੂਟ ਖਰੀਦ ਕੇ ਜਿਵੇਂ ਮੈਨੂੰ ਅਤਿਅੰਤ ਖੁਸ਼ੀ ਹੋ ਰਹੀ ਸੀ। ਦੂਜੇ ਦਿਨ ਮੈਂ ਬੜੇ ਚਾਅ ਨਾਲ ਸੂਟ ਛੁੱਟੀ ਵੇਲੇ ਟਰੇਸੀ ਨੂੰ ਦੇ ਦਿੱਤਾ ਤੇ ਪੱਕੀ ਕੀਤੀ ਕਿ ਅਗਲੇ ਦਿਨ ਉਹ ਨਵਾਂ ਸੂਟ ਪਾ ਕੇ ਜਮਾਤ ਵਿਚ ਆਵੇ, ਪਰ ਦੂਜੇ ਦਿਨ ਉਹ ਫਿਰ ਪੁਰਾਣੇ ਸੂਟ ਵਿਚ ਸੀ। ਮੈਂ ਉਸ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਰੋ-ਰੋ ਕੇ ਦੱਸਿਆ ਕਿ ਉਹ ਸੂਟ ਮੰਮੀ ਨੇ ਉਹਦੀਆਂ ਅੱਖਾਂ ਸਾਹਮਣੇ ਅੱਗ ਲਾ ਕੇ ਸਾੜ ਦਿੱਤਾ ਤੇ ਖਬਰਦਾਰ ਕੀਤਾ, ਜੇ ਏਦੂੰ ਅੱਗੇ ਇਸ ਕਾਲੀ ਮਾਸਟਰਾਣੀ ਕੋਲੋਂ ਕੁਝ ਲਿਆ। ਸੁਣ ਕੇ ਮੈਂ ਟਰੇਸੀ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ ਤੇ ਇੰਜ ਕਿੰਨਾ ਹੀ ਚਿਰ ਇਕ-ਦੂਜੀ ਦੇ ਗਲ ਲੱਗ ਕੇ ਅਸੀਂ ਰੋਂਦੀਆਂ ਰਹੀਆਂ।
ਜਦੋਂ ਕਦੇ ਸਵੇਰੇ ਮੀਂਹ ਵਰ੍ਹਦੇ ਵਿਚ ਟਰੇਸੀ ਸਕੂਲੇ ਆਉਂਦੀ, ਉਹਦੇ ਕੱਪੜੇ ਪਾਣੀ ਨਾਲ ਨੁੱਚੜੇ ਹੁੰਦੇ, ਕਿਉਂਕਿ ਉਹਦੇ ਕੋਲ ਨਾ ਤਾਂ ਕੋਈ ਛਤਰੀ ਸੀ ਤੇ ਨਾ ਹੀ ਬਰਸਾਤੀ। ਬੂਟਾਂ ਦੀਆਂ ਮੋਰੀਆਂ ਥਾਣੀਂ ਪਾਣੀ ਪੈ-ਪੈ ਕੇ ਉਹਦੀਆਂ ਜਰਾਬਾਂ ਗੜੁੱਚ ਹੋਈਆਂ ਹੁੰਦੀਆਂ। ਸਭ ਤੋਂ ਪਹਿਲਾਂ ਮੈਂ ਠਰੂੰ-ਠਰੂੰ ਕਰਦੀ ਟਰੇਸੀ ਨੂੰ ਕੰਬਲ ਵਿਚ ਵਲੇਟਦੀ ਤੇ ਫਿਰ ਉਹਦੇ ਸਾਰੇ ਕੱਪੜੇ ਬਿਜਲੀ ਦੇ ਚੁੱਲ੍ਹੇ ਅੱਗੇ ਸੁਕਾਉਂਦੀ। ਕੰਬਲ ਦੇ ਨਿੱਘ ਵਿਚ ਅਕਸਰ ਉਹ ਘੂਕ ਸੌਂ ਜਾਂਦੀ ਤੇ ਇੰਜ ਸੁੱਤੀ ਪਈ ਟਰੇਸੀ ਦਾ ਮੈਂ ਕਈ ਵਾਰੀ ਝੁਕ ਕੇ ਮੂੰਹ ਚੁੰਮ ਲੈਂਦੀ। ਜਮਾਤ ਵਿਚ ਪਿਛੇ ਬਹਿਣ ਦਾ ਵੱਡਾ ਕਾਰਨ ਵੀ ਇਹੋ ਸੀ ਕਿ ਉਹ ਬਹੁਤੀ ਵਾਰੀ ਬੈਠੀ-ਬੈਠੀ ਊਂਘਣ ਲੱਗ ਪੈਂਦੀ ਸੀ ਤੇ ਫਿਰ ਜਦੋਂ ਉਹਦਾ ਆਪਣੇ ਆਪ ‘ਤੇ ਕਾਬੂ ਨਾ ਰਹਿੰਦਾ ਤਾਂ ਪਤਾ ਨਾ ਲੱਗਣਾ, ਕਿਹੜੇ ਵੇਲੇ ਉਹ ਗੂੜ੍ਹੀ ਨੀਂਦਰੇ ਸੌਂ ਜਾਂਦੀ।
ਟਰੇਸੀ ਦੀਆਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਦ ਮੈਨੂੰ ਕੋਈ ਸਮਝ ਨਾ ਲੱਗੀ ਤਾਂ ਸੋਚਿਆ ਕਿ ਇਕ ਦਿਨ ਇਹਦੇ ਮਾਂ-ਪਿਓ ਨੂੰ ਮਿਲਿਆ ਜਾਵੇ, ਭਾਵੇਂ ਟਰੇਸੀ ਦੀ ਮਾਂ ਦੇ ਕਹੇ ਹੋਏ ਲਫਜ਼ ਚੇਤੇ ਕਰ ਕੇ ਮੈਂ ਉਨ੍ਹਾਂ ਨੂੰ ਮਿਲਣ ਤੋਂ ਕਤਰਾਉਂਦੀ ਹੀ ਸਾਂ।
ਇਕ ਦਿਨ ਛੁੱਟੀ ਵੇਲੇ ਮੀਂਹ ਬੜੇ ਜ਼ੋਰ ਦਾ ਪੈ ਰਿਹਾ ਸੀ। ਸਾਰੇ ਬੱਚੇ ਘਰਾਂ ਨੂੰ ਜਾ ਚੁੱਕੇ ਸਨ। ਅੱਧੇ ਕੁ ਘੰਟੇ ਬਾਅਦ ਜਮਾਤ ਦਾ ਕੁਝ ਕੰਮ ਮੁਕਾ ਕੇ ਜਦ ਮੈਂ ਘਰ ਜਾਣ ਵਾਸਤੇ ਕਾਰ ਵਿਚ ਬੈਠੀ ਤਾਂ ਸਾਹਮਣੀ ਕੰਧ ਨਾਲ ਖਲੋਤੀ ਟਰੇਸੀ ਉਤੇ ਮੇਰੀ ਨਜ਼ਰ ਪਈ। ਭੱਜ ਕੇ ਮੈਂ ਟਰੇਸੀ ਨੂੰ ਚੁੱਕ ਲਿਆ। ਠੰਢ ਨਾਲ ਉਹਦੇ ਦੰਦੋੜਿੱਕੇ ਵੱਜ ਰਹੇ ਸਨ। ਮੈਂ ਉਹਨੂੰ ਘਰ ਦਾ ਰਾਹ ਪੁੱਛਿਆ। ਮੈਂ ਸੋਚ ਰਹੀ ਸਾਂ ਕਿ ਇਕ ਤਾਂ ਇਹਨੂੰ ਘਰ ਛੱਡ ਆਵਾਂਗੀ ਤੇ ਦੂਜੇ, ਇਸੇ ਪੱਜ ਇਹਦੇ ਮਾਂ-ਪਿਓ ਨੂੰ ਮਿਲ ਆਵਾਂਗੀ।
ਮੈਂ ਬੂਹਾ ਖੜਕਾਇਆ। ਅਧਖੜ ਜਿਹੇ ਮਾੜਚੂ ਬੰਦੇ ਨੇ ਬੂਹਾ ਖੋਲ੍ਹਿਆ। ਮੈਂ ਆਪਣੀ ਜਾਣ-ਪਛਾਣ ਕਰਵਾਈ। ਉਸ ਨੇ ਟਰੇਸੀ ਨੂੰ ਆਪਣੇ ਨਾਲ ਘੁੱਟ ਲਿਆ ਤੇ ਮੈਨੂੰ ਅੰਦਰ ਆਉਣ ਲਈ ਕਿਹਾ। ਅੰਦਰ ਪੰਘੂੜੇ ਵਿਚ ਨਿੱਕਾ ਜਿਹਾ ਬਾਲ ਸੁੱਤਾ ਪਿਆ ਸੀ। ਟਰੇਸੀ ਦੇ ਪਿਓ ਨੇ ਮੈਨੂੰ ਚਾਹ ਦਾ ਕੱਪ ਪੁੱਛਿਆ ਜਿਹੜਾ ਮੈਂ ਸਵੀਕਾਰ ਕਰ ਲਿਆ। ਦੋ ਮਿੰਟਾਂ ਵਿਚ ਉਹ ਚਾਹ ਦੇ ਦੋ ਕੱਪ ਬਣਾ ਲਿਆਇਆ। ਟਰੇਸੀ ਨੂੰ ਉਸ ਨੇ ਦੁੱਧ ਗਰਮ ਕਰ ਦਿੱਤਾ। ਦੋ-ਚਾਰ ਇਧਰ-ਉਧਰ ਦੀਆਂ ਮਾਰਨ ਪਿਛੋਂ ਮੈਂ ਉਸ ਨੂੰ ਅਜੇ ਟਰੇਸੀ ਬਾਰੇ ਪੁੱਛਿਆ ਹੀ ਸੀ ਕਿ ਉਹ ਭਰੇ ਫੋੜੇ ਵਾਂਗ ਫਿੱਸ ਪਿਆ। ਟਰੇਸੀ ਨੂੰ ਇਕ ਵਾਰ ਫਿਰ ਉਸ ਨੇ ਘੁੱਟ ਕੇ ਆਪਣੇ ਨਾਲ ਲਾ ਲਿਆ।
“ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਕੀ ਕਰਾਂ”, ਉਹ ਦੱਸ ਰਿਹਾ ਸੀ, “ਜੇ ਟਰੇਸੀ ਨਾ ਹੁੰਦੀ ਤਾਂ ਅੱਜ ਨੂੰ ਮੈਂ ਸ਼ਾਇਦ ਕਦੋਂ ਦਾ ਮਰ-ਮੁੱਕ ਚੁੱਕਾ ਹੁੰਦਾ, ਪਰ ਇਹਦੇ ਹੁੰਦਿਆਂ ਨਾ ਤਾਂ ਮੈਂ ਮਰ ਸਕਦਾਂ ਤੇ ਨਾ ਜਿਉ ਸਕਦਾਂ। ਮੈਨੂੰ ਦੂਜੇ ਵਿਆਹ ਦਾ ਕੋਈ ਚਾਅ ਨਹੀਂ ਸੀ। ਜਦੋਂ ਟਰੇਸੀ ਦੀ ਮਾਂ ਮਰੀ, ਇਹ ਬਹੁਤ ਛੋਟੀ ਸੀ। ਮੈਂ ਸੋਚਿਆ, ਇਹ ਚੰਗੀ ਤਰ੍ਹਾਂ ਪਲ-ਪੁਸ ਜਾਵੇਗੀ। ਮੈਂ ਪੈਗੀ ਨਾਲ ਦੂਜਾ ਵਿਆਹ ਕਰਵਾਇਆ। ਪਹਿਲਾਂ-ਪਹਿਲ ਚਾਰ ਦਿਨ ਪੈਗੀ ਨੇ ਟਰੇਸੀ ਦੀ ਚੰਗੀ ਦੇਖ-ਭਾਲ ਕੀਤੀ। ਮੈਂ ਬੜਾ ਖੁਸ਼ ਸਾਂ, ਪਰ ਜਦੋਂ ਤੋਂ ਉਸ ਨੂੰ ਆਪਣੇ ਨਿਆਣੇ ਦੀ ਉਮੀਦ ਹੋ ਗਈ, ਉਦੋਂ ਤੋਂ ਹੀ ਉਹਦੇ ਤੌਰ-ਤਰੀਕੇ ਬਦਲ ਗਏ ਤੇ ਜਦੋਂ ਦਾ ਆਹ ਪੀਟਰ ਹੋਇਆ ਏ, ਟਰੇਸੀ ਉਹਨੂੰ ਜ਼ਹਿਰ ਲੱਗਣ ਲੱਗ ਪਈ ਏ।
ਗੱਲ ਕਰਦਿਆਂ-ਕਰਦਿਆਂ ਉਸ ਨੂੰ ਇੰਨਾ ਸਾਹ ਚੜ੍ਹ ਗਿਆ ਕਿ ਬੋਝੇ ਵਿਚੋਂ ਟਿਊਬ ਜਿਹੀ ਕੱਢ ਕੇ ਉਹਦਾ ਸਿਗਰਟ ਵਾਂਗ ਲੰਬਾ ਸਾਹ ਖਿੱਚਿਆ। ਉਹਦੇ ਖਾਰੇ ਅੱਥਰੂ ਡਿੱਗ-ਡਿੱਗ ਕੇ ਉਹਦੀ ਮਿੱਠੀ ਚਾਹ ਵਿਚ ਰਲੀ ਜਾ ਰਹੇ ਸਨ।
ਸਾਹ ਪਰਤਣ ਉਤੇ ਗੱਲ ਉਸ ਨੇ ਫਿਰ ਸ਼ੁਰੂ ਕੀਤੀ, “ਇਸ ਨਾਮੁਰਾਦ ਬਿਮਾਰੀ ਕਰ ਕੇ ਮੈਂ ਕੋਈ ਕੰਮ ਨਹੀਂ ਕਰ ਸਕਦਾ। ਹੁਣ ਮੈਂ ਤੇ ਟਰੇਸੀ ਬੱਸ ਪੈਗੀ ਦੀ ਰਹਿਮਤ ‘ਤੇ ਹੀ ਦਿਨ ਕਟੀ ਕਰ ਰਹੇ ਹਾਂ। ਜੇ ਜੀਅ ਕਰਦਾ ਏ ਤਾਂ ਸਾਨੂੰ ਖਾਣ ਨੂੰ ਕੁਝ ਦੇ ਛੱਡਦੀ ਏ; ਜੇ ਨਹੀਂ ਤਾਂ ਕਈ ਵਾਰੀ ਟਰੇਸੀ ਵਿਚਾਰੀ ਦੋ-ਦੋ ਦਿਨ ਭੁੱਖੀ ਹੀ ਸਕੂਲੇ ਚਲੀ ਜਾਂਦੀ ਏ।”
ਉਹਦੀ ਇਹ ਗੱਲ ਸੁਣ ਕੇ ਮੈਨੂੰ ਟਰੇਸੀ ਦਾ ਜਮਾਤ ਵਿਚ ਅਮਰੂਦ ਖਾਣਾ ਚੇਤੇ ਆਇਆ ਤੇ ਮੇਰੀ ਭੁੱਬ ਨਿਕਲ ਗਈ। ਉਹ ਉਸੇ ਤਰ੍ਹਾਂ ਗੱਲ ਕਰੀ ਜਾ ਰਿਹਾ ਸੀ, “ਹੁਣ ਪੈਗੀ ਆਪ ਸਾਰੀ-ਸਾਰੀ ਰਾਤ ਕਲੱਬਾਂ ਵਿਚ ਤੁਰੀ ਫਿਰਦੀ ਏ ਤੇ ਟਰੇਸੀ ਨੂੰ ਪੀਟਰ ਕੋਲ ਬਿਠਾ ਜਾਂਦੀ ਏ। ਇਹ ਵੀ ਅਜੇ ਬਹੁਤ ਨਿਆਣੀ ਏ। ਇਕ ਦਿਨ ਬੈਠਿਆਂ-ਬੈਠਿਆਂ ਇਹਦੀ ਅੱਖ ਲੱਗ ਗਈ। ਮਾਰ-ਮਾਰ ਕੇ ਉਸ ਨੇ ਇਹਦੀਆਂ ਹੱਡੀਆਂ ਤੋੜ ਦਿੱਤੀਆਂ। ਜੇ ਮੈਂ ਕੋਲੋਂ ਬੋਲਿਆ ਤਾਂ ਆਖਣ ਲੱਗੀ ਕਿ ਖਬਰਦਾਰ! ਜੇ ਤੂੰ ਕੋਈ ਹੋਰ ਬਕ-ਬਕ ਕੀਤੀ। ਨਹੀਂ ਤਾਂ ਹੁਣੇ ਤੁਹਾਨੂੰ ਦੋਵਾਂ ਨੂੰ ਘਰੋਂ ਬਾਹਰ ਕੱਢ ਦਿਆਂਗੀ। ਟਰੇਸੀ ਕਰ ਕੇ ਮੈਨੂੰ ਹੁਣ ਇਸ ਦਾ ਹਰ ਜ਼ੁਲਮ ਸਹਿਣਾ ਪੈਂਦਾ ਏ। ਇਹ ਵਿਚਾਰੀ ਸਾਰੀ-ਸਾਰੀ ਰਾਤ ਪੀਟਰ ਕੋਲ ਬੈਠੀ ਰਹਿੰਦੀ ਏ। ਤੇ ਸਵੇਰੇ ਉਸੇ ਤਰ੍ਹਾਂ ਬਿਨਾਂ ਕੁਝ ਖਾਧਿਆਂ-ਪੀਤਿਆਂ ਉਨ੍ਹਾਂ ਹੀ ਕੱਪੜਿਆਂ ਵਿਚ ਸਕੂਲੇ ਤੁਰ ਜਾਂਦੀ ਏ।”
ਹੋਰ ਕੁਝ ਸੁਣਨ ਦੀ ਜਿਵੇਂ ਮੇਰੇ ਵਿਚ ਹਿੰਮਤ ਨਹੀਂ ਸੀ। ਗੱਚ ਮੇਰਾ ਭਰਿਆ ਹੋਇਆ ਸੀ। ਉਸੇ ਤਰ੍ਹਾਂ ਕੁਝ ਹੋਰ ਆਖਿਆਂ-ਸੁਣਿਆਂ ਉਹਦੇ ਕੋਲੋਂ ਉਠ ਕੇ ਮੈਂ ਬਾਹਰ ਆ ਗਈ।
ਦੂਜੇ ਦਿਨ ਟਰੇਸੀ ਜਮਾਤ ਵਿਚ ਨਾ ਆਈ। ਉਹ ਬੜੀ ਘੱਟ ਗੈਰਹਾਜ਼ਰ ਹੁੰਦੀ ਸੀ। ਮੈਂ ਸੋਚਿਆ, ਸ਼ਾਇਦ ਕੱਲ੍ਹ ਦੀ ਉਸ ਨੂੰ ਠੰਢ ਲੱਗ ਗਈ ਹੋਵੇ। ਕੱਲ੍ਹ ਵਾਂਗ ਅੱਜ ਵੀ ਛੁੱਟੀ ਵੇਲੇ ਉਸੇ ਤਰ੍ਹਾਂ ਮੀਂਹ ਪੈ ਰਿਹਾ ਸੀ। ਸਾਰੇ ਬੱਚੇ ਘਰਾਂ ਨੂੰ ਜਾ ਚੁੱਕੇ ਸਨ ਤੇ ਹਰ ਰੋਜ਼ ਵਾਂਗ ਸਕੂਲ ਦਾ ਕੰਮ ਮੁਕਾ ਕੇ ਜਦ ਮੈਂ ਬਾਹਰ ਨਿਕਲੀ ਤਾਂ ਐਨ ਕੱਲ੍ਹ ਵਾਲੀ ਥਾਂ ‘ਤੇ ਮੀਂਹ ਦੀ ਵਾਛੜ ਤੋਂ ਬਚਣ ਲਈ ਟਰੇਸੀ ਦਾ ਪਿਓ ਖਲੋਤਾ ਹੋਇਆ ਸੀ। ਮੈਨੂੰ ਵੇਖ ਕੇ ਕੰਬਦਾ-ਕੰਬਦਾ ਉਹ ਮੇਰੇ ਕੋਲ ਆਇਆ ਤੇ ਮੇਰੇ ਕੁਝ ਬੋਲੇ ਬਗੈਰ ਹੀ ਉਸ ਨੇ ਆਪ ਹੀ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ, “ਮੈਂ ਸੋਚਿਆ ਤੁਹਾਨੂੰ ਦੱਸ ਹੀ ਆਵਾਂ। ਸ਼ਾਇਦ ਤੁਸੀਂ ਟਰੇਸੀ ਬਾਰੇ ਫਿਕਰ ਕਰਦੇ ਹੋਵੋ। ਅੱਜ ਸਵੇਰੇ ਮੈਂ ਉਸ ਨੂੰ ਯਤੀਮਖਾਨੇ ਛੱਡ ਆਇਆ ਹਾਂ। ਉਸ ‘ਤੇ ਹਰ ਰੋਜ਼ ਹੁੰਦਾ ਜ਼ੁਲਮ ਮੈਥੋਂ ਵੇਖਿਆ ਨਹੀਂ ਸੀ ਜਾਂਦਾ।”
ਇੰਨਾ ਆਖ ਕੇ ਉਹ ਚੁੱਪ ਹੋ ਗਿਆ। ਸੁਣ ਕੇ ਮੈਨੂੰ ਘੇਰਨੀ ਜਿਹੀ ਆਈ। ਜੀਅ ਕਰਦਾ ਸੀ, ਟਰੇਸੀ ਦੀ ਥਾਂ ਅੱਜ ਮੈਂ ਉਸ ਦੇ ਪਿਓ ਦੇ ਗਲ ਲੱਗ ਕੇ ਚੰਗੀ ਤਰ੍ਹਾਂ ਦਿਲ ਦਾ ਗੁਬਾਰ ਕੱਢ ਲਵਾਂ, ਪਰ ਜਿੰਨੇ ਚਿਰ ਨੂੰ ਮੈਂ ਕੁਝ ਹੋਸ਼ ਸੰਭਾਲੀ, ਉਹ ਗਲੀ ਦਾ ਮੋੜ ਮੁੜ ਚੁੱਕਾ ਸੀ।
ਪਤਾ ਨਹੀਂ ਉਹ ਮੇਰੇ ਅੱਥਰੂ ਨਹੀਂ ਸੀ ਵੇਖਣਾ ਚਾਹੁੰਦਾ ਜਾਂ ਆਪਣੇ ਮੇਰੇ ਕੋਲੋਂ ਛੁਪਾ ਰਿਹਾ ਸੀ।