ਸੰਪਾਦਕ ਜੀ,
ਮੈਂ ਜਸਵੀਰ ਸਿੰਘ ਲੰਗੜੋਆ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੇ ਦੋ ਲੇਖਾਂ ਬਾਰੇ ਪ੍ਰਤੀਕਰਮ ਦਿੱਤਾ ਹੈ। ਬਹੁਤ ਘਟ ਲੋਕ ਅਜਿਹੇ ਤਕਨੀਕੀ ਜਿਹੇ ਵਿਸ਼ੇ ‘ਤੇ ਟਿੱਪਣੀਆਂ ਕਰਦੇ ਹਨ। ‘ਕੁੱਪ’ ਤੋਂ ਗੱਲ ਸ਼ੁਰੂ ਕਰੀਏ। ਮੈਂ ਕਿਤੇ ਨਹੀਂ ਕਿਹਾ ਕਿ ਕੁੱਪ ਸ਼ਬਦ ਕਕਸ਼ ਤੋਂ ਬਣਿਆ ਹੈ ਤੇ ਮੈਂ ਆਪਣੇ ਲੇਖ ਕੱਖ ਦੇ ਅਰਥਾਂ ਵਾਲੇ ਕਕਸ਼ ‘ਤੇ ਹੀ ਘੁੰਮਾਈ ਜਾ ਰਿਹਾ ਹਾਂ? ਮੈਂ ਤਾਂ ‘ਮਹਾਨ ਕੋਸ਼’ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਸ ਵਿਚ ਕੱਖ ਦੇ ਅਰਥਾਂ ਵਾਲੇ ਕਕਸ਼ ਤੋਂ ‘ਕਕਸ਼ਪ’ ਬਣਦਿਆਂ ਕੁੱਪ ਦੇ ਬਣੇ ਹੋਣ ਦੀ ਗੱਲ ਕਹੀ ਗਈ ਹੈ
ਤੇ ਮੈਂ ਇਸ ਨੂੰ ਇਹ ਕਹਿ ਕੇ ਰੱਦ ਕੀਤਾ ਹੈ ਕਿ ਮੈਨੂੰ ਕਕਸ਼ਪ ਸ਼ਬਦ ਕਿਸੇ ਸੰਸਕ੍ਰਿਤ ਹਿੰਦੀ ਕੋਸ਼ ਵਿਚ ਨਹੀਂ ਮਿਲਿਆ। ਮੈਂ ਸ਼ੁਰੂ ਵਿਚ ਹੀ ਕਿਹਾ ਹੈ ਕਿ ਇਸ ਦੇ ਧਾਤੂ ਵਿਚ ਖੋਖਲੇਪਣ ਦਾ ਭਾਵ ਹੈ ਤੇ ‘ਸੰਸਕ੍ਰਿਤ ਵਿਚ ਕੂਪ ਦਾ ਅਰਥ ਮੋਰੀ, ਖੋਲ, ਗੁਫਾ, ਟੋਆ, ਖਾਈ ਤੇ ਖੂਹ ਆਦਿ ਹੈ।’ ਜਸਵੀਰ ਸਿੰਘ ਖੁਦ ਵੀ ਇਸ ਗੱਲ ਨੂੰ ਮੰਨ ਰਹੇ ਹਨ, “ਬਲਜੀਤ ਬਾਸੀ ਦਾ ਇਹ ਕਿਆਫ਼ਾ ਬਿਲਕੁਲ ਸਹੀ ਹੈ ਕਿ ਕੂਪ (ਖੂਹ), ਕੁੱਪ ਤੇ ਕੁੱਪੀ ਆਦਿ ਸ਼ਬਦ ਇੱਕੋ ਸ੍ਰੋਤ ਤੋਂ ਬਣੇ ਜਾਪਦੇ ਹਨ।” ਪਰ ਉਹ ਨਾਲ ਦੀ ਨਾਲ ਹੀ ਇਹ ਵੀ ਕਹੀ ਜਾ ਰਹੇ ਹਨ, “ਕੁੱਪ ਸ਼ਬਦ ‘ਕੁਤੁਪ’ ਤੋਂ ਬਣਿਆ ਹੈ।” ਇਹ ਗੱਲ ਵੀ ਮੈਂ ਇਸ ਤਰ੍ਹਾਂ ਕਹੀ ਹੈ, “ਪਰ ਕੁੱਪਾ ਸ਼ਬਦ ਦੀ ਵਿਆਖਿਆ ਇਕ ਹੋਰ ਤਰ੍ਹਾਂ ਵੀ ਕੀਤੀ ਜਾਂਦੀ ਹੈ। ‘ਮਹਾਨ ਕੋਸ਼’ ਨੇ, ਜਿਵੇਂ ਪਹਿਲਾਂ ਦਰਸਾਇਆ ਜਾ ਚੁੱਕਾ ਹੈ ਕਿ ਕੁੱਪਾ ਸ਼ਬਦ ਨੂੰ ਸੰਸਕ੍ਰਿਤ ‘ਕੁਤੁਪ’ ਤੋਂ ਬਣਿਆ ਦੱਸਿਆ ਹੈ। ਦੋ ਹਜ਼ਾਰ ਸਾਲ ਪਹਿਲਾਂ ਦੇ ਕੋਸ਼ਕਾਰ ਅਮਰ ਸਿੰਘ ਦੇ ਪ੍ਰਾਚੀਨ ਕੋਸ਼ ‘ਅਮਰਕੋਸ਼’ ਵਿਚ ਕੁਤੁਪ ਸ਼ਬਦ ਦਾ ਇੰਦਰਾਜ ਹੈ ਜਿਸ ਦਾ ਅਰਥ ਚਮੜੇ ਦਾ ਤੇਲ-ਪਾਤਰ ਹੈ। ‘ਕੁਤੁਪ’ ਵਿਚੋਂ ‘ਤ’ ਧੁਨੀ ਦੇ ਅਲੋਪਣ ਨਾਲ ਕੁੱਪ ਸ਼ਬਦ ਹਥਿਆਉਂਦਾ ਹੈ।”
ਪਾਠਕ ਧਿਆਨ ਦੇਣ ਕਿ ਇਸ ਬਿਆਨ ਵਿਚ ਮੈਂ ਕੁੱਪਾ ਸ਼ਬਦ ਦੀ ਇਕ ਮੁਤਬਾਦਲ ਵਿਉਤਪਤੀ ਦੱਸੀ ਹੈ ਪਰ ਇਸ ਦੇ ਸਹੀ ਹੋਣ ਬਾਰੇ ਨਿਸਚੇਪੂਰਬਕ ਨਹੀਂ ਕਿਹਾ। ਪਰ ਲੰਗੜੋਆ ਸਾਹਿਬ ਨੇ ਤਾਂ ਸਪੱਸ਼ਟ ਤੌਰ ‘ਤੇ ਇਸ ਦੀ ਹਾਮੀ ਭਰ ਦਿੱਤੀ ਹੈ।
‘ਕਕਸ਼’ ਸ਼ਬਦ ਦੇ ਉਸ ਵਲੋਂ ਦਰਸਾਏ ਸਾਰੇ ਅਰਥਾਂ ਬਾਰੇ ਮੈਨੂੰ ਪਤਾ ਹੈ ਪਰ ਜਦ ਮੈਂ ਇਸ ਨੂੰ ਖੂਹ ਜਾਂ ਕੁੱਪਾ ਦਾ ਮੂਲ ਨਹੀਂ ਮੰਨਦਾ ਫਿਰ ਇਸ ਦੀ ਚਰਚਾ ਕਿਉਂ ਕਰਾਂ? ਮੈਂ ਆਪਣੀ ਵਿਆਖਿਆ ਮੋਨੀਅਰ ਵਿਲੀਅਮਜ਼ ਦੇ ਸੰਸਕ੍ਰਿਤ ਕੋਸ਼ ਵਿਚ ਦਰਜ ‘ਕੂਪ’ ਇੰਦਰਾਜ ਦੇ ਆਧਾਰ ‘ਤੇ ਕੀਤੀ ਹੈ ਜਿਸ ਨੂੰ ਹੋਰ ਵੀ ਕਈਆਂ ਨੇ ਮੰਨਿਆ ਹੈ। ਏਡੀ ਵਿਦਵਤਾ ਵਾਲੇ ਵਿਦਵਾਨ ਨੇ ਵੀ ਇਸ ਨੂੰ ਕਕਸ਼ ਤੋਂ ਵਿਉਤਪਤ ਨਹੀਂ ਮੰਨਿਆ। ਉਂਜ ਉਸ ਨੇ ਵੀ ਇਸ ਦਾ ਸੰਧੀ-ਛੇਦ ਕਰਦਿਆਂ ਪੂਰੀ ਨਿਸ਼ਚਿਤਤਾ ਨਾਲ ਨਹੀਂ ਕਿਹਾ। ਉਸ ਦਾ ਸੰਧੀ-ਛੇਦ ਕੁਝ ਇਸ ਤਰ੍ਹਾਂ ਕੀਤਾ ਹੈ, “1æ ਕੁ ਅਤੇ ਅਪ?” ਪ੍ਰਸ਼ਨ ਚਿੰਨ੍ਹ ਦਰਸਾਉਂਦਾ ਹੈ ਕਿ ਇਹ ਉਸ ਦਾ ਅਨੁਮਾਨ ਹੈ। ਮੈਂ ਸਿਰਫ ਇਸ ਸੰਧੀ-ਛੇਦ ਦੀ ਆਪਣੇ ਵਲੋਂ ਵਿਆਖਿਆ ਕੀਤੀ ਹੈ। ਮੋਨੀਅਰ ਵਿਲੀਅਮਜ਼ ਸਮੇਤ ਸੰਸਕ੍ਰਿਤ ਕੋਸ਼ਾ ਵਿਚ ‘ਕੁ’ ਅਗੇਤਰ ਦਾ ਅਰਥ ਬੁਰਾ ਤੋਂ ਇਲਾਵਾ ਨਿਘਾਰ, ਗਿਰਾਵਟ ਵੀ ਦਿੱਤਾ ਹੋਇਆ ਹੈ। ਇਸ ਹਿਸਾਬ ਨਾਲ ਕੂਪ ਦਾ ਅਰਥ ਬੁਰਾ ਪਾਣੀ ਤਾਂ ਹੋ ਨਹੀਂ ਸਕਦਾ। ਸਿਆਣੇ ਪਾਠਕ ਦੋਵਾਂ ਵਿਚ ਅਰਥਾਂ ਦੀ ਨਿਕਟਤਾ ਦੇਖ ਸਕਦੇ ਹਨ। ਜੋ ਨੈਤਿਕਤਾ ਤੋਂ ਗਿਰਿਆ, ਨੀਚਾ ਜਾਂ ਨਿਘਾਰ-ਗ੍ਰਸਤ ਹੁੰਦਾ ਹੈ, ਉਹੀ ਬੁਰਾ ਹੁੰਦਾ ਹੈ। ਭੌਤਿਕ ਵਸਤਾਂ ਵਿਚ ਇਸ ਦਾ ਅਰਥ ਭੌਤਿਕ ਤੌਰ ‘ਤੇ ਨੀਵਾਂ, ਨੀਚਾ ਆਦਿ ਹੀ ਹੋਵੇਗਾ ਤੇ ਖੂਹ ਇਸ ਦੀ ਮਿਸਾਲ ਹੈ। ਉਂਜ ਇਕ ਹੋਰ ਅਗੇਤਰ ‘ਕੁ’ ਦਾ ਅਰਥ ਜ਼ਮੀਨ, ਭੂਮੀ ਵੀ ਹੁੰਦਾ ਹੈ। ਹਾਂ, ਕਕਸ਼ ਸ਼ਬਦ ਦੇ ਮਧਵਰਤੀ ਰੂਪ ਕਕਸ਼ਪ ਤੋਂ ਕੱਛੂ ਬਣਨ ਦੀ ਗੱਲ ਕਈਆਂ ਨੇ ਕਹੀ ਹੈ। ਅਸਲ ਵਿਚ ਕੱਛੂ ਦੀ ਤਿੰਨ ਤਰ੍ਹਾਂ ਵਿਉਤਪਤੀ ਕੀਤੀ ਜਾਂਦੀ ਹੈ ਜਿਸ ਦੀ ਚਰਚਾ ਫਿਰ ਕਦੇ ਕਰਾਂਗੇ।
ਸ਼ ਲੰਗੜੋਆ ਨੇ ਕਿਹਾ ਹੈ ਕਿ ਮੈਂ ਅੰਗਰੇਜ਼ੀ ਸ਼ਬਦ ੍ਹਵਿe ਨੂੰ ਧੱਕੇ ਨਾਲ ਕੁੱਪ ਸ਼ਬਦ ਨਾਲ ਜੋੜਿਆ ਹੈ। ਮੈਨੂੰ ਭਾਸ਼ਾ ਨਾਲ ਕੋਈ ਵਧੀਕੀ ਕਰਨ ਦੀ ਕੀ ਮਜਬੂਰੀ ਹੈ? ਮੈਂ ਦੱਸਿਆ ਸੀ ਕਿ ਇਹ ਸ਼ਬਦ ਭਾਰੋਪੀ ਮੂਲ ‘ਖeੁਪ’ ਨਾਲ ਸਬੰਧਤ ਹੈ। ਗਰੀਕ, ਲਾਤੀਨੀ ਦੀ ‘ਕ’ ਧੁਨੀ ਪੁਰਾਤਨ ਅੰਗਰੇਜ਼ੀ ਵਿਚ ਜਾ ਕੇ ‘ਹ’ ਵਿਚ ਬਦਲ ਜਾਂਦੀ ਹੈ। ਇਕ ਹੋਰ ਮਿਸਾਲ ਹੈ। ਭਾਰੋਪੀ ਮੂਲ ਖੱੋਨ ਵਿਚ ਕੁੱਤਾ ਦੇ ਭਾਵ ਹਨ। ਇਸ ਤੋਂ ਲਾਤੀਨੀ ਵਿਚ ਛਅਨਸਿ, ਅੰਗਰੇਜ਼ੀ ੍ਹੁਨਦ ਤੇ ਸੰਸਕ੍ਰਿਤ ਸਵਾਨ ਸ਼ਬਦ ਬਣੇ। ਪੰਜਾਬੀ ਸ਼ੁਆਨ ਇਹੋ ਹੈ, ‘ਏਕ ਸੁਆਨੁ ਦੁਇ ਸਆਨੀ ਨਾਲਿ’ (ਗੁਰੂ ਨਾਨਕ ਦੇਵ) ਅਰਥਾਤ ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ ਤ੍ਰਿਸ਼ਨਾ) ਹਨ (ਅਰਥ ਸਾਹਿਬ ਸਿੰਘ)। ਅੰਗਰੇਜ਼ੀ ਛਅਨਨਿe ਵੀ ਇਥੇ ਸਬੰਧਤ ਹੈ ਜੋ ਬਾਅਦ ਵਿਚ ਅਪਨਾਇਆ ਗਿਆ।
ਜਸਵੀਰ ਸਿੰਘ ਨੇ ਮੇਰੇ ਬਿਆਨਾਂ ਨੂੰ ਬਹੁਤ ਤੋੜਿਆ-ਮਰੋੜਿਆ ਤੇ ਮਰਜ਼ੀ ਅਨੁਸਾਰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਅਰਥਾਂ ਦੀ ਹੀ ਗੱਲ ਕਰ ਰਿਹਾ ਹਾਂ, ਧੁਨੀਆਂ ਵੱਲ ਤਾਂ ਆ ਹੀ ਨਹੀਂ ਰਿਹਾ। ਸਾਰੇ ਸ਼ਬਦ, ਇਨ੍ਹਾਂ ਦੇ ਧਾਤੂ ਤੇ ਭਾਰੋਪੀ ਮੂਲ ਮੁਢਲੇ ਤੌਰ ‘ਤੇ ਧੁਨੀਆਂ ਹੀ ਤਾਂ ਹਨ, ਸਾਰਥਕ ਧੁਨੀਆਂ। ਹਾਂ, ਏਨਾ ਜ਼ਰੂਰ ਹੈ ਕਿ ਜਿਨ੍ਹਾਂ ਧੁਨੀਆਂ ਦਾ ਉਨ੍ਹਾਂ ਨੂੰ ਇਲਹਾਮ ਹੋਇਆ ਹੈ ਤੇ ਉਨ੍ਹਾਂ ਦੇ ਦਾਅਵੇ ਅਨੁਸਾਰ ਜਿਨ੍ਹਾਂ ਦੇ ਅਰਥ ਉਨ੍ਹਾਂ ਨੇ ਦੁਨੀਆਂ ਵਿਚ ਪਹਿਲੀ ਵਾਰ ਕੀਤੇ ਹਨ, ਭਲਾ ਉਨ੍ਹਾਂ ਦਾ ਮੈਨੂੰ ਤੇ ਹੋਰ ਦੁਨੀਆਂ ਨੂੰ ਕਿਵੇਂ ਇਲਮ ਹੋ ਸਕਦਾ ਸੀ? ਸਿਤਮਜ਼ਰੀਫੀ ਹੈ ਕਿ ਇਨ੍ਹਾਂ ਮਿਥਿਆ ਧੁਨੀਆਂ ਦੇ ਆਧਾਰ ‘ਤੇ ਇਤਰਾਜ਼ ਤਾਂ ਲਿਖ ਮਾਰਿਆ ਹੈ ਪਰ ਇਸ ਨੂੰ ਚਰਚਿਤ ਸ਼ਬਦਾਂ ਵਿਚ ਲਾਗੂ ਕਿਥੇ ਕੀਤਾ ਹੈ?
ਹੁਣ ਆਈਏ ‘ਅਪ’ ਸ਼ਬਦ ‘ਤੇ। ਇਹ ਸ਼ਬਦ ਮੇਰੇ ਮਸਤਕ ਦੀ ਉਪਜ ਨਹੀਂ। ਜੇ ਸ਼ਬਦਾਵਲੀ ‘ਤੇ ਕੰਮ ਕਰਨ ਵਾਲੇ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦੇ ਅਰਥਾਂ ਵਾਲਾ ਇਕ ਸ਼ਬਦ ‘ਅਪ’ ਵਾਕਿਆ ਹੀ ਮੌਜੂਦ ਹੈ ਤਾਂ ਉਸ ਬਾਰੇ ਕੀ ਕਹੀਏ? ਉਨ੍ਹਾਂ ਕਿਹਾ ਹੈ ਕਿ ਮੇਰੇ “ਅਨੁਸਾਰ ‘ਆਬ’ ਸ਼ਬਦ ਤੋਂ ਹੀ ‘ਅਪ ਸ਼ਬਦ ਬਣਿਆ ਹੈ” -ਇਕ ਹੋਰ ਗਲਤ ਬਿਆਨੀ ਹੈ। ਮੈਂ ਕਿਥੇ ਅਜਿਹਾ ਕਿਹਾ ਹੈ? ਮੈਂ ਤਾਂ ਕਿਹਾ ਹੈ ਕਿ ਅਪ ਸ਼ਬਦ ਫਾਰਸੀ ਆਬ ਦਾ ਸਕਾ ਹੈ। ਇਕ ਸ਼ਬਦ ਦਾ ਕਿਸੇ ਹੋਰ ਸ਼ਬਦ ਤੋਂ ਬਣੇ ਹੋਣ ਅਤੇ ਉਸ ਦੇ ਸਕੇ ਹੋਣ ਵਿਚ ਢੇਰ ਅੰਤਰ ਹੈ। ਵਿਉਤਪਤੀ ‘ਤੇ ਕੰਮ ਕਰਨ ਵਾਲੇ ਇਸ ਤੱਥ ਨੂੰ ਖੂਬ ਜਾਣਦੇ ਹਨ। ਖੈਰ, ਮੈਂ ‘ਅਪ’ ਸ਼ਬਦ ਬਾਰੇ ਆਪਣੇ ਕਾਲਮ ‘ਸ਼ਬਦ-ਝਰੋਖਾ’ ਵਿਚ ਲਿਖ ਰਿਹਾ ਹਾਂ, ਇਸ ਲਈ ਇਥੇ ਇਸ ਦੀ ਹੋਰ ਚਰਚਾ ਬੇਲੋੜੀ ਹੈ।
-ਬਲਜੀਤ ਬਾਸੀ