ਬਾਤਾਂ ਮੋਸ਼ੇ ਤੇ ਅਸ਼ੇਰ ਦੀਆਂ

ਵਾਪਸੀ-3
ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਲੰਮੇ ਲੇਖ ‘ਵਾਪਸੀ’ ਵਿਚ ਯਹੂਦੀਆਂ ਦੀ ਵਤਨ ਵਾਪਸੀ ਦੀ ਲੰਮੀ ਕਹਾਣੀ ਸੁਣਾਈ ਹੈ। ਯਹੂਦੀਆਂ ਨੂੰ ਦੋ ਹਜ਼ਾਰ ਸਾਲ ਬਾਅਦ ਆਪਣਾ ਨਗਰ ਯੋਰੋਸ਼ਲਮ ਅਤੇ ਮੁਲਕ ਇਜ਼ਰਾਈਲ ਮਿਲਿਆ। ਉਹ ਕਦਮ ਕਦਮ ਉਜੜੇ, ਭਟਕੇ, ਗੁਲਾਮ ਹੋਏ, ਘੱਲੂਘਾਰਿਆਂ ਵਿਚ ਉਨ੍ਹਾਂ ਦੀ ਨਸਲਕੁਸ਼ੀ ਹੋਈ, ਪਰ ਸਬਰ ਨਾਲ ਕਦਮ ਕਦਮ ਯਹੂਦੀਆਂ ਦੀ ਵਾਪਸੀ ਹੁੰਦੀ ਗਈ। ਇਨ੍ਹਾਂ ਦੋ ਹਜ਼ਾਰ ਸਾਲਾਂ ਦੌਰਾਨ ਉਜਾੜਾ, ਸਜ਼ਾ, ਪਛਤਾਵਾ, ਰਜ਼ਾ, ਖਿਮਾ ਤੇ ਸ਼ੁਕਰਾਨਾ ਯਹੂਦੀ ਜ਼ਿੰਦਗੀ ਦੇ ਅਹਿਮ ਪਹਿਲੂ ਰਹੇ।

ਪਹਿਲਾਂ ਮਿਸਰ ਦੇ ਸੁਲਤਾਨ ਫਰਾਊਨ, ਫਿਰ ਈਸਾਈਆਂ ਅਤੇ ਫਿਰ ਮੁਸਲਮਾਨਾਂ ਤੋਂ ਉਨ੍ਹਾਂ ਨੂੰ ਨਿਰੰਤਰ ਦੁੱਖ ਮਿਲੇ। ਸਭ ਤੋਂ ਵੱਡਾ ਕਹਿਰ ਉਦੋਂ ਢੱਠਾ ਜਦੋਂ ਦੂਜੀ ਸੰਸਾਰ ਜੰਗ ਸਮੇਂ ਹਿਟਲਰ ਨੇ ਸੱਠ ਲੱਖ ਯਹੂਦੀਆਂ ਦਾ ਘਾਣ ਕੀਤਾ। ਉਨ੍ਹਾਂ ਨੂੰ ਖੁਦ ਨਹੀਂ ਪਤਾ, ਇਸ ਹਨੇਰਗਰਦੀ ਵਿਚੋਂ ਬਚੇ ਕਿਵੇਂ ਰਹੇ। ਉਨ੍ਹਾਂ ਦੇ ਮਨ ਮੰਦਰ ਦੀ ਯਾਦ ਵਿਚ ਇਜ਼ਰਾਈਲ ਦਾ ਰੇਗਿਸਤਾਨ ਸਦਾ ਵਸਿਆ ਰਿਹਾ। ਐਤਕੀਂ ਵਾਲੇ ਲੇਖ ਵਿਚ ਉਨ੍ਹਾਂ ਜਿਊੜਿਆਂ ਦੀ ਚਰਚਾ ਹੈ ਜੋ ਹਰ ਹਾਲ ਦੇਸ ਵਾਪਸੀ ਲਈ ਅਹੁਲਦੇ ਰਹੇ।

ਹਰਪਾਲ ਸਿੰਘ ਪੰਨੂ
ਫੋਨ: +91-94642-51454
ਯਹੂਦੀਆਂ ਸਾਹਮਣੇ ਅਨੇਕ ਉਲਝਣਾਂ ਸਨ। ਮਾਸਕੋ ਤੋਂ ਇਕ ਜਵਾਨ ਆਪਣੇ ਭਰਾ ਨੂੰ ਖਤ ਵਿਚ ਲਿਖਦਾ ਹੈ, ਕੋਈ ਤਕੜੀ ਅਥਾਰਿਟੀ ਚਾਹੀਦੀ ਹੈ, ਕੋਈ ਮਹਾਨ ਬੰਦਾ ਜਿਸ ਉਪਰ ਸਭ ਨੂੰ ਇਤਬਾਰ ਹੋਵੇ। ਮਸਲਨ, ਓਲੀਫਾਂ ਉਪਰ ਯਹੂਦੀਆਂ ਨੇ ਇਤਬਾਰ ਕਰ ਲਿਆ, ਪਰ ਜਦੋਂ ਕੋਈ ਆ ਕੇ ਦੱਸਦਾ ਹੈ ਕਿ ਓਲੀਫਾਂ ਦੀਆਂ ਸਕੀਮਾਂ ਫੇਲ੍ਹ ਹੋ ਗਈਆਂ ਹਨ, ਉਸ ਪਿਛੇ ਲੱਗਣ ਦਾ ਕੋਈ ਫਾਇਦਾ ਨਹੀਂ ਤਾਂ ਹਤਾਸ਼ ਯਹੂਦੀ ਮੁੜ ਹੱਥ ‘ਤੇ ਹੱਥ ਧਰ ਕੇ ਬੈਠ ਜਾਂਦੇ ਹਨ।
ਕਦੀ-ਕਦੀ ਸੁਲਤਾਨ ਵੱਸਣ ਦੀ ਆਗਿਆ ਦੇ ਦਿੰਦਾ, ਕਿਉਂਕਿ ਖਜ਼ਾਨੇ ਨੂੰ ਪੈਸੇ ਦੀ ਲੋੜ ਹੁੰਦੀ, ਕਦੀ ਸਰਕਾਰੀ ਪਾਲਿਸੀ ਅਜਿਹੀ ਹੁੰਦੀ ਕਿ ਆਉਂਦੇ ਪਰਵਾਸੀਆਂ ਨੂੰ ਵੱਖ-ਵੱਖ ਬੰਦਰਗਾਹਾਂ ‘ਤੇ ਜ਼ਲੀਲ ਕਰੋ ਤਾਂ ਕਿ ਬਾਕੀ ਆਉਣ ਵਾਲੇ ਯਹੂਦੀ ਅਮਰੀਕਾ ਦਾ ਰੁਖ ਕਰਨ। ਦਾਨੀਆਂ ਦੇ ਨੁਮਾਇੰਦੇ ਪੜਤਾਲ ਕਰਨ ਇਜ਼ਰਾਈਲ ਵਿਚ ਆਉਂਦੇ, ਮਿਹਨਤ ਦੇ ਬਾਵਜੂਦ ਜ਼ਮੀਨ ਘੱਟ ਉਪਜ ਦਿੰਦੀ, ਬਿਨਾਂ ਕਿਸਾਨੀ ਤਜਰਬੇ ਦੇ ਯਹੂਦੀ ਕਾਮੇ ਮਿੱਟੀ ਨਾਲ ਮਿੱਟੀ ਹੋਈ ਜਾਂਦੇ। ਮੌਸਮ ਸਹਿ ਨਾ ਹੁੰਦਾ, ਬੱਚੇ ਭੁੱਖਮਰੀ ਤੇ ਬਿਮਾਰੀ ਦਾ ਸ਼ਿਕਾਰ ਹੁੰਦੇ। ਮੱਖੀਆਂ, ਮੱਛਰਾਂ ਦੀ ਭਰਮਾਰ। ਅਜਿਹੇ ਦ੍ਰਿਸ਼ ਦੁਖਦਾਈ ਹੁੰਦੇ।
ਇਥੇ ਇਕ ਹੋਰ ਨਾਇਕ ਮੋਸ਼ੇ ਲਿਲੀਅਨ (1843-1910) ਦਾਖਲ ਹੁੰਦਾ ਹੈ, ਤੀਖਣ ਬੁੱਧੀ ਵਾਲਾ ਬੱਚਾ। ਧਰਮੀ ਤਰਖਾਣ ਦੇ ਘਰ ਪੈਦਾ ਹੋਇਆ। ਪਿਤਾ ਨੇ ਦੇਖਿਆ, ਅਸਾਧਾਰਨ ਯਾਦਦਾਸ਼ਤ ਹੈ, ਚਾਰ ਸਾਲ ਦੀ ਉਮਰ ਵਿਚ ਪੁਜਾਰੀਆਂ ਕੋਲ ਤੋਰੇਤ ਪੜ੍ਹਨ ਭੇਜ ਦਿੱਤਾ। ਅਧਿਆਪਕਾਂ ਨੂੰ ਅਕਸਰ ਹੈਰਾਨ ਕਰ ਦਿੰਦਾ, ਪਰ ਖੁਦ ਦਾ ਅਨੁਭਵ: ‘ਜਦੋਂ ਮੈਨੂੰ ਇਹ ਨਹੀਂ ਸੀ ਪਤਾ, ਵਿਦਿਆ ਕਿਸ ਬਲਾ ਦਾ ਨਾਮ ਹੈ, ਮੈਂ ਤੋਰੇਤ ਨੂੰ ਰੱਟੇ ਮਾਰਨ ਲੱਗਾ। ਬਚਪਨ ਦੀਆਂ ਖੇਡਾਂ ਤੋਂ ਵਾਂਝਾ ਰਹਿ ਗਿਆ। ਇਸ ਕਰ ਕੇ ਜਿਸਮਾਨੀ ਤੌਰ ‘ਤੇ ਮੈਂ ਅਧੂਰਾ ਰਿਹਾ। ਅਜੇ ਸੋਲਾਂ ਸਾਲ ਦਾ ਨਹੀਂ ਸਾਂ ਹੋਇਆ ਕਿ ਮਾਪਿਆਂ ਨੇ ਵਿਆਹ ਕਰ ਦਿੱਤਾ। ਧਰਮ ਗ੍ਰੰਥਾਂ ਤੋਂ ਬਾਹਰ ਕਿਸ ਤਰ੍ਹਾਂ ਦੀ ਅਕਲ ਇਲਮ ਹੈ, ਪਤਾ ਨਾ ਲੱਗਾ।’
ਵਧਦੀ ਉਮਰ ਅਤੇ ਆਲੇ-ਦੁਆਲੇ ਨਾਲ ਵਾਹ ਪੈਣ ਬਾਅਦ ਉਸ ਨੇ ਦੇਖਿਆ ਕਿ ਧਰਮ ਗ੍ਰੰਥ ਦੇ ਦੋ ਹਿੱਸੇ ਹਨ: ਇਕ ਰੱਬ ਦਾ ਹੁਕਮ, ਦੂਜਾ ਰੱਬ ਦੇ ਬੰਦਿਆਂ ਵਲੋਂ ਤਿਆਰ ਕੀਤੀ ਸਮਾਜਕ ਧਾਰਮਿਕ ਨੇਮਾਵਲੀ। ਮਹਿਸੂਸ ਕੀਤਾ ਕਿ ਬੰਦਿਆਂ ਨੇ ਬੜਾ ਕਚਰਾ ਤਿਆਰ ਕੀਤਾ ਹੋਇਆ ਹੈ। ਬੰਦਿਆਂ ਦਾ ਤਿਆਰ ਕੀਤਾ ਢਾਂਚਾ ਰੱਬ ਦੇ ਢਾਂਚੇ ਨਾਲ ਮਿਲਦਾ-ਜੁਲਦਾ ਹੋਣਾ ਚਾਹੀਦਾ ਸੀ, ਨਹੀਂ ਹੈ। ਉਸ ਨੂੰ ਬਹੁਤ ਕੁਝ ਫਜ਼ੂਲ, ਪ੍ਰਸੰਗਹੀਣ ਅਤੇ ਫਾਲਤੂ ਲੱਗਿਆ। ਧਰਮ ਉਹ ਹੋਵੇ ਜਿਹੜਾ ਸਮਕਾਲੀ ਮੁਸ਼ਕਿਲਾਂ ਦਾ ਸਾਹਮਣਾ ਕਰ ਕੇ ਹੱਲ ਲੱਭੇ। ਦੋ ਹਜ਼ਾਰ ਸਾਲ ਪੁਰਾਣੀ ਰਹਿਤ ਵੇਲਾ ਵਿਹਾ ਚੁੱਕੀ ਹੈ ਤੇ ਸਾਨੂੰ ਅਜੋਕੇ ਸਮਾਜ ਨਾਲੋਂ ਤੋੜ ਕੇ ਹਾਸੋਹੀਣੇ ਕਰ ਰਹੀ ਹੈ। ਪੈਗੰਬਰਾਂ ਦੀ ਰੂਹਾਨੀਅਤ ਕੇਂਦਰ ਵਿਚ ਰੱਖਦਿਆਂ ਨਵੀਂ ਰਹਿਤ ਦਾ ਵਿਧਾਨ ਉਸਾਰਨਾ ਜ਼ਰੂਰੀ ਹੋ ਗਿਆ ਹੈ।
ਫਿਰ ਜਿਹੜੇ ਅਧਿਆਪਕ, ਪੁਜਾਰੀ, ਖੈਰ-ਖਵਾਹ ਉਸ ਦੀ ਦਾਦ ਦਿੰਦਿਆਂ ਥੱਕਦੇ ਨਹੀਂ ਸਨ, ਨਿੰਦਿਆ ਕਰਨ ਲੱਗੇ। ਵਿਰੋਧ ਇੰਨਾ ਸਖਤ ਹੋ ਗਿਆ ਕਿ ਉਹ ਆਪਣਾ ਘਰ-ਪਰਿਵਾਰ ਛੱਡ ਕੇ ਓਡੇਸਾ ਦੀ ਅਨਪੜ੍ਹ ਆਬਾਦੀ ਵੱਲ ਚਲਾ ਗਿਆ। ਉਥੇ ਨਾ ਉਸ ਕੋਲ ਨੌਕਰੀ, ਨਾ ਕੋਈ ਗੱਲ ਸਮਝਣ ਦੇ ਸਮਰੱਥ। ਨੌਬਤ ਭੁੱਖਮਰੀ ਦੀ ਬਣੀ ਰਹਿੰਦੀ।
ਉਹ ਕਿਹਾ ਕਰਦਾ, ਧਰਮ ਦੇ ਨੇਮ ਫੌਜੀ ਪਰੇਡ ਵਾਂਗ ਨਹੀਂ। ਇਕ ਪਾਸੇ ਯੂਰਪ ਤਾਂ ਵਿਗਿਆਨ ਆਸਰੇ ਰੌਸ਼ਨੀ ਵੱਲ ਵਧ ਰਿਹਾ ਹੈ, ਇਕ ਯਹੂਦੀ ਹਨ ਕਿ ਹਨੇਰੇ ਤੋਂ ਇਲਾਵਾ ਇਨ੍ਹਾਂ ਨੂੰ ਕੁਝ ਚੰਗਾ ਨਹੀਂ ਲਗਦਾ। ਉਸ ਨੂੰ ਰੂਸੀ ਜ਼ਬਾਨ ਦੀ ਮੁਹਾਰਤ ਹਾਸਲ ਹੋਈ। ਨਵਾਂ ਪੁਰਾਣਾ ਰੂਸੀ ਸਾਹਿਤ ਪੜ੍ਹਿਆ-ਵਾਚਿਆ।
ਮਈ 1881 ਵਿਚ ਯਹੂਦੀਆਂ ਖਿਲਾਫ ਦੰਗੇ ਸ਼ੁਰੂ ਹੋ ਗਏ। ਡਾਇਰੀ ਵਿਚ ਲਿਖਿਆ, ਨੀਂਦ ਨਹੀਂ ਆਉਂਦੀæææ ਡਾਕੂ ਕਦੀ ਵੀ ਮਾਰ ਸਕਦੇ ਨੇ। ਸਾਡੇ ਬੱਚਿਆਂ ਨੂੰ ਅਜੇ ਇਹ ਨਹੀਂ ਪਤਾ, ਯਹੂਦੀ ਕੌਣ ਹੁੰਦੇ ਨੇ! ਇਨ੍ਹਾਂ ਬੱਚਿਆਂ ਨੂੰ ਮਾਰ ਦੇਣਗੇ। ਠੀਕ ਹੈ, ਸਾਡੇ ਵਡੇਰੇ ਸਾਰੀ ਉਮਰ ਜਿਸ ਖੌਫ ਵਿਚ ਜੀਵਨ ਬਿਤਾਉਂਦੇ ਰਹੇ, ਮੈਨੂੰ ਵੀ ਉਸ ਦਾ ਸੇਕ ਲੱਗੇ। ਗਿਆਰਾਂ ਮਈ: ਲੋਕ ਲੁੱਟ-ਮਾਰ ਕਰ ਰਹੇ ਹਨ, ਸ਼ਰਾਬ ਨਾਲ ਰੱਜੀ ਰੂਸੀ ਔਰਤ ਨੱਚ ਰਹੀ ਹੈ, ਗਾ ਰਹੀ ਹੈ, ਮੇਰਾ ਦੇਸ, ਇਹ ਮੇਰਾ ਦੇਸ। ਕੀ ਕੋਈ ਯਹੂਦੀ ਕਦੀ ਅਜਿਹਾ ਵਾਕ ਸ਼ਰੇਆਮ ਮੂੰਹੋਂ ਕੱਢ ਸਕਦਾ ਹੈ?
ਮੋਸ਼ੇ ਨੇ ਸਾਦਾ ਜਿਹਾ ਪੈਂਫਲਿਟ ਲਿਖ ਕੇ ਵੰਡਿਆ। ਲਿਖਿਆ, ਘਰ ਦੇ ਜੀਆਂ ਅਤੇ ਘਰ ਆਏ ਮਹਿਮਾਨ ਦੇ ਰੁਤਬੇ ਵਿਚ ਫਰਕ ਹੁੰਦਾ ਹੈ। ਜਿੰਨਾ ਚਿਰ ਮਹਿਮਾਨ, ਮਹਿਮਾਨ ਬਣ ਕੇ ਰਹੇ, ਠੀਕ; ਜੇ ਉਸ ਨੇ ਘਰ ਦੇ ਜੀਅ ਦਾ ਕੋਈ ਹੱਕ ਖੋਹਣਾ ਚਾਹਿਆ, ਮੁਕਾਬਲੇਬਾਜ਼ੀ ਵਿਚ ਆਇਆ, ਤਦ ਉਸ ਨੂੰ ਘਰੋਂ ਬਾਹਰ ਨਿਕਲਣਾ ਪਏਗਾ। ਸੰਸਾਰ ਵੱਡਾ ਸਾਰਾ ਪਰਿਵਾਰ ਹੈ, ਯਹੂਦੀ ਮਹਿਮਾਨ ਹਨ, ਅਜਨਬੀ ਹਨ। ਅਫਸੋਸ ਇਸ ਗੱਲ ਦਾ ਕਿ ਅਜਨਬੀ ਨੂੰ ਵੀ ਭੁੱਖ ਪਿਆਸ ਲਗਦੀ ਹੈ। ਤਾਂ ਠੀਕ ਹੈ, ਅਜਨਬੀ ਉਦਰਪੂਰਤੀ ਵਾਸਤੇ ਉਹ ਕੰਮ ਧੰਦਾ ਕਰੇ ਜਿਹੜਾ ਹੋਰਾਂ ਨੂੰ ਚੰਗਾ ਨਹੀਂ ਲਗਦਾ ਜਾਂ ਉਨ੍ਹਾਂ ਲਈ ਵਰਜਿਤ ਹੈ। ਜੇ ਵਰਜਿਤ ਧੰਦੇ ਵਿਚ ਕੁਝ ਵਧੀਕ ਮੁਨਾਫਾ ਆਉਣ ਲੱਗੇ, ਉਹ ਵੀ ਘਰ ਦੇ ਮਾਲਕ ਵਾਸਤੇ ਛੱਡਣਾ ਪਏਗਾ। ਜੇ ਘਰ ਦਾ ਕੋਈ ਜੀਅ ਭੁੱਖਾ ਹੈ ਤਾਂ ਅਜਨਬੀ ਯਹੂਦੀ ਦਾ ਰੋਟੀ ਉਪਰ ਕੀ ਹੱਕ? ਯਹੂਦੀ ਆਪਣੇ ਆਪ ਨੂੰ ਅਜਨਬੀ ਨਹੀਂ ਸਮਝਦੇ ਤਾਂ ਕੀ, ਬਾਕੀਆਂ ਲਈ ਅਜਨਬੀ ਨੇ। ਯਹੂਦੀ ਜਿਥੇ ਮਰਜ਼ੀ ਜਾ ਵਸੇ, ਜੋ ਮਰਜ਼ੀ ਕੰਮ ਕਰੇ, ਅਜਨਬੀ ਰਹੇਗਾ। ਕੀ ਕੋਈ ਅਜਿਹਾ ਤਰੀਕਾ ਹੈ ਕਿ ਇਹ ਅਜਨਬੀ ਘਰ ਦਾ ਮੈਂਬਰ ਹੋ ਸਕੇ? ਹਾਂ, ਜੇ ਆਪਣਾ ਧਰਮ ਛੱਡ ਕੇ ਈਸਾਈ ਹੋ ਜਾਵੇ ਤਾਂ ਇੱਜ਼ਤ ਮਿਲ ਸਕਦੀ ਹੈ; ਪਰ ਕੀ ਇਹ ਕੌਮ ਵਲੋਂ ਕੀਤੀ ਖੁਦਕੁਸ਼ੀ ਨਹੀਂ ਹੋਵੇਗੀ?æææ ਇਸ ਦਾ ਕੋਈ ਇਲਾਜ? ਇਲਾਜ ਹੈ, ਸਰਜਰੀ। ਆਪਣੇ ਆਪ ਨੂੰ ਪੁੱਟ ਕੇ ਇਹ ਅਭਾਗੇ ਲੋਕ ਧਰਤੀ ਦਾ ਕੋਈ ਅਜਿਹਾ ਟੁਕੜਾ ਲੱਭਣ ਜਿਥੇ ਇਨ੍ਹਾਂ ਦੇ ਬੋਲ-ਬਾਲੇ, ਇਨ੍ਹਾਂ ਦਾ ਆਪਣਾ ਝੰਡਾ ਹੋਵੇ। ਮੂਰਖਾਂ ਵਾਂਗ ਇਹ ਅਮਰੀਕਾ ਜਾ ਜਾ ਵਸ ਰਹੇ ਨੇ। ਉਥੇ ਇਨ੍ਹਾਂ ਦੇ ਇਤਿਹਾਸ ਉਪਰ ਉਹੀ ਲਹੂ ਦੇ ਛਿੱਟੇ ਫਿਰ ਦਿਸਣਗੇ ਜੋ ਪਹਿਲਾਂ ਦਿਸਦੇ ਰਹੇ ਹਨ। ਉਥੇ ਵੀ ਇਹ ਅਜਨਬੀ ਨੇ। ਇਕ ਥਾਂ ਬਚਦੀ ਹੈ, ਇਜ਼ਰਾਈਲ। ਸਿਆਸੀ ਤੌਰ ‘ਤੇ ਇਹ ਥਾਂ ਸਾਥੋਂ ਖੁੱਸ ਚੁੱਕੀ ਹੈ, ਸਾਡਾ ਇਤਿਹਾਸਕ ਹੱਕ ਅਜੇ ਵੀ ਇਸ ਉਪਰ ਹੀ ਬਣਦਾ ਹੈ। ਤੁਸੀਂ ਆਖੋਗੇ, ਸਾਡੀ ਪਿਤਰ ਦੇਸ ਵਾਪਸੀ ਦੀ ਗੱਲ ਸੁਣ ਕੇ ਲੋਕ ਮਜ਼ਾਕ ਉਡਾਉਣਗੇ! ਇਸ ਤੋਂ ਪਹਿਲਾਂ ਕੀ ਕਦੀ ਮਜ਼ਾਕ ਨਹੀਂ ਉਡਿਆ?æææ ਗੋਰਡਨ ਦੀ ਕਵਿਤਾ ਦੇ ਬੋਲ:
ਰੱਬ ਦਾ ਇੱਜੜ
ਤੁਸੀਂ ਪੁਛਿਆ ਕੌਣ ਹਾਂ ਅਸੀਂ:
ਕੀ ਹੈ ਸਾਡਾ ਜੀਣਾ?
ਆਲੇ-ਦੁਆਲੇ ਵਸਦੀਆਂ ਕੌਮਾਂ ਵਾਂਗ,
ਕੀ ਕੋਈ ਕੌਮ ਹਾਂ ਅਸੀਂ?
ਕਿ ਧਰਮ ਭਰਾਵਾਂ ਦਾ ਕਾਫਲਾ ਹੈ ਸਾਡਾ?
ਮੈਂ ਦੱਸਦਾਂ ਅਸਲੀ ਭੇਤ ਦੀ ਗੱਲ:
ਨਾ ਅਸੀਂ ਕੌਮ ਕੋਈ, ਨਾ ਸਮਾਜ਼ææ
ਕੇਵਲ ਇੱਜੜ
ਆਜੜੀ ਰੱਬ ਦੇ ਪਵਿਤਰ ਪਸ਼ੂ ਹਾਂ ਅਸੀਂ
ਧਰਤੀ ਸਾਡੀ ਵੇਦੀ
ਬਲੀ ਦੇਣ ਵਾਸਤੇ ਪਾਲੇ ਗਏ ਅਸੀਂ।
ਲਿਲੀਅਨ ਦੇ ਸ਼ਬਦ: ‘ਯਹੂਦੀਆਂ ਦਾ ਤ੍ਰਿਸਕਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ, ਅਸੀਂ ਮਨਮਰਜ਼ੀ ਨਾਲ ਤੁਹਾਡੇ ਦੇਸ ਵਿਚ ਨਹੀਂ ਆਏ। ਇਜ਼ਰਾਈਲ ਸਾਡਾ ਦੇਸ ਸੀ, ਉੁਥੋਂ ਸਾਨੂੰ ਜਬਰਨ ਕੱਢਿਆ ਗਿਆ। ਜਦੋਂ ਵਾਹ ਲੱਗੀ, ਵਾਪਸ ਪੁੱਜ ਜਾਵਾਂਗੇ। ਹਾਲੇ ਬਰਦਾਸ਼ਤ ਕਰੋ।’
ਇਜ਼ਰਾਈਲ ਵਿਚੋਂ ਨਿਕਲਿਆਂ ਹਜ਼ਾਰਾਂ ਸਾਲ ਬੀਤਣ ਪਿਛੋਂ ਯਹੂਦੀ ਭੁੱਲ ਗਏ ਕਿ ਉਨ੍ਹਾਂ ਦਾ ਕੋਈ ਦੇਸ ਹੁੰਦਾ ਸੀ। ਉਹ ਭੁੱਲ ਗਏ ਕਿ ਆਪਣੀ ਧਰਤੀ ਉਪਰ ਰਹਿਣ ਦੇ ਕੀ ਸੁੱਖ ਹੁੰਦੇ ਹਨ। ਜਿਹੜਾ ਬੰਦਾ ਅਚਾਨਕ ਯਾਦਦਾਸ਼ਤ ਖੋ ਬੈਠੇ, ਉਸ ਦੀ ਕਿਹੋ ਜਿਹੀ ਦਸ਼ਾ ਹੁੰਦੀ ਹੈ? ਯਹੂਦੀ ਆਪਣਾ ਅਤੀਤ ਭੁੱਲ ਗਏ ਹਨ। ਯਹੂਦੀ ਦੁਨੀਆਂ ਨੂੰ ਨਹੀਂ ਬਦਲ ਸਕਦੇ, ਉਡੀਕ ਸਕਦੇ ਹਨ ਕਿ ਆਪੇ ਦੁਨੀਆਂ ਬਦਲ ਜਾਏ, ਇਕ ਹੋਰ ਕੰਮ ਕਰ ਸਕਦੇ ਹਨ, ਖੁਦ ਨੂੰ ਬਦਲ ਲੈਣ, ਬਾਕੀ ਕੌਮਾਂ ਤੋਂ ਸ਼ਾਬਾਸ਼ ਲੈਣ ਦੀ ਥਾਂ ਆਪਣੇ ਦੇਸ ਵੱਲ ਰੁਖ ਕਰਨ, ਆਪਣਾ ਹੋਮਲੈਂਡ ਕਾਇਮ ਕਰਨ। ਇਹ ਕੰਮ ਹੋਰਾਂ ਨੇ ਨਹੀਂ ਕਰਨਾ, ਆਪ ਕਰਨਾ ਪਏਗਾ। ਇਹ ਕੰਮ ਜਲਦੀ ਕਰਨ ਵਿਚ ਘਾਟਾ ਨਹੀਂ ਪਵੇਗਾ, ਇਸ ਕੰਮ ਨੂੰ ਦੇਰ ਕਰਨ ਵਿਚ ਲਾਭ ਨਹੀਂ ਹੋਵੇਗਾ। ਜੇ ਹੋ ਸਕਦਾ ਹੈ ਵਧ ਤੋਂ ਵਧ, ਇਹ ਹੋਵੇਗਾ ਕਿ ਜਿਸ ਤਰ੍ਹਾਂ ਦੇ ਹਾਂ, ਉਸੇ ਤਰ੍ਹਾਂ ਦੇ ਰਹਾਂਗੇ, ਫਿਰ ਖਤਰਾ ਕਿਸ ਗੱਲ ਦਾ?
ਸਿਆਣੇ ਬੰਦਿਆਂ ਦੀ ਸਰਪ੍ਰਸਤੀ ਹੇਠ ਜ਼ਿਓਨਿਜਮ ਦੀ ਲਹਿਰ ਚੱਲੀ, ਪਰ ਬਾਵਜੂਦ ਇਸ ਦੇ ਕਿ ਇਸ ਦੀ ਵਧੀਕ ਜ਼ਰੂਰਤ ਰੂਸ, ਪੋਲੈਂਡ ਤੇ ਰੋਮਾਨੀਆ ਵਿਚ ਹੈ, ਇਸ ਦਾ ਪ੍ਰਬੰਧ ਪੱਛਮੀ ਯੂਰਪ ਤੇ ਦੂਰ ਪਾਰਲੇ ਇਲਾਕਿਆਂ ਵਿਚੋਂ ਹੋਵੇਗਾ ਕਿਉਂਕਿ ਇਧਰ ਪੁਲਿਸ ਦੀ ਸਖਤੀ ਵਧੀਕ ਹੈ। ਪੱਛਮੀ ਯੂਰਪ ਦੇ ਯਹੂਦੀ ਵਧੀਕ ਖੁਸ਼ਹਾਲ ਹਨ, ਸੋ ਪਰਵਾਸ, ਪੂਰਬ ਵਲੋਂ ਇਜ਼ਰਾਈਲ ਵਿਚ ਵਧੀਕ ਹੋਵੇਗਾ, ਪਰ ਦਾਨੀਆਂ ਦੇ ਪੈਸੇ ਪੱਛਮ ਵਲੋਂ ਆਉਣਗੇ। ਜਿਨ੍ਹਾਂ ਲੋਕਾਂ ਵਾਸਤੇ ਪਰਵਾਸ ਦੀ ਲਹਿਰ ਚਲਾਉਣੀ ਸੀ, ਨਾ ਉਨ੍ਹਾਂ ਨੂੰ ਸਿਆਸਤ ਦੀ ਆਦਤ ਸੀ, ਨਾ ਸਿਆਸਤ ਵਿਚ ਰੁਚੀ, ਨਾ ਸਮਰੱਥਾ। ਇਸ ਦਾ ਆਧਾਰ ਜ਼ਖਮੀ ਮਾਨਸਿਕਤਾ ਦਾ ਧੁੰਦਲਾ ਜਿਹਾ ਧਾਰਮਿਕ ਜਜ਼ਬਾ ਸੀ ਜਿਸ ਨਾਲ ਉਮੀਦਾਂ ਦਾ ਧਾਗਾ ਬੱਝਿਆ ਹੋਇਆ ਸੀ। ਇਸ ਲਹਿਰ ਦਾ ਲਿਖਤੀ ਵਿਸਥਾਰਪੂਰਣ ਰਿਕਾਰਡ ਨਹੀਂ ਮਿਲਦਾ, ਕਿਉਂਕਿ ਸੁਰੱਖਿਆ ਦੇ ਹਿਤ ਵਿਚ ਸਰਕਾਰੀ ਦਹਿਸ਼ਤ ਕਾਰਨ ਘਟ ਤੋਂ ਘਟ ਲਿਖਤ-ਪੜ੍ਹਤ ਰੱਖਣੀ ਸੀ।
ਪਰਵਾਸੀਆਂ ਦੇ ਵਸੇਬੇ ਵਾਸਤੇ ਧਨ ਦੀ ਲੋੜ ਸੀ, ਬਹੁਤ ਘੱਟ ਰਕਮ ਜਮ੍ਹਾਂ ਹੋ ਰਹੀ ਸੀ। ਵਧ ਤੋਂ ਵਧ ਰਕਮ, ਇਕ ਸਾਲ ਵਿਚ ਪੰਜ ਹਜ਼ਾਰ ਪੌਂਡ ਇਕੱਠੀ ਹੋਈ। ਇਸ ਨਾਲ ਖੂਹ ਖੋਦੇ ਜਾਣ, ਘਰ ਬਣਾਏ ਜਾਣ, ਪਸ਼ੂ ਖਰੀਦੇ ਜਾਣ ਕਿ ਖੇਤੀ ਦੇ ਸੰਦ? ਲੀਡਰਸ਼ਿਪ ਨੇ ਕਿਹਾ, ਜੇ ਸਾਡੇ ਲੋਕ ਗੁਲਾਮੀ ਅਤੇ ਹੋਰ ਬੁਰਾਈਆਂ ਵਿਚ ਪੂਰੀ ਤਰ੍ਹਾਂ ਧਸ ਚੁੱਕੇ ਹਨ, ਜੇ ਸਾਡੀ ਵਿਉਂਤ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਜਾਂ ਫਿਰ ਸਹੀ ਨਹੀਂ ਲਗਦੀ ਤਾਂ ਠੀਕ ਹੈ, ਅਸੀਂ ਬੱਚਿਆਂ ਵਾਂਗ ਪਰੀਆਂ ਦੇ ਕਿਸੇ ਦੇਸ ਵਿਚ ਕਿਉਂ ਵੱਸੀਏ? ਚੰਗਾ ਹੈ ਨਵੀਂ ਲੀਡਰਸ਼ਿਪ ਅੱਗੇ ਆਏ ਤੇ ਸਾਥੋਂ ਚੰਗਾ ਕੰਮ ਕਰੇ। ਅਸੀਂ ਤਿੰਨ ਬਸਤੀਆਂ ਵਸਾ ਦਿੱਤੀਆਂ, ਹੁਣ ਤੌਬਾ। ਸਾਡੇ ਲੋਕ ਮਾਨਸਿਕ ਤੌਰ ‘ਤੇ ਜੇ ਇੰਨੇ ਹੀ ਕਮਜ਼ੋਰ ਹਨ, ਫਿਰ ਬਿਮਾਰੀ ਲਾਇਲਾਜ ਹੈ।
ਜ਼ਿੰਮੇਵਾਰ ਲੋਕ ਸੋਚਣ ਲੱਗੇ, ਹੁਣ ਥਿਊਰੀ ਵਿਚਾਰਨ ਦਾ ਸਮਾਂ ਲੰਘ ਗਿਆ ਹੈ, ਇਸ ਉਪਰ ਅਮਲ ਕਰਨ ਦੀ ਲੋੜ ਹੈ। ਮੀਟਿੰਗ ਬੁਲਾਈ ਜਾਏ ਜਿਸ ਵਿਚ ਭਵਿੱਖ ਦਾ ਪ੍ਰੋਗਰਾਮ ਨਸ਼ਰ ਕਰੀਏ, ਪਰ ਹੋਵੇ ਇਹ ਗੁਪਤ; ਓਟੋਮਾਨ ਸੁਲਤਾਨ ਤੇ ਯਹੂਦੀਆਂ ਦੇ ਮੇਜ਼ਬਾਨ ਦੇਸ ਖਿਲਾਫ ਨਾ ਹੋ ਜਾਣ। ਇੰਨਾ ਪ੍ਰਭਾਵਸ਼ਾਲੀ ਹੋਵੇ ਕਿ ਦੁਨੀਆਂ ਜਾਣ ਜਾਏ, ਹੁਣ ਯਹੂਦੀ ਤੂਫਾਨ ਮੰਜ਼ਿਲ ਵੱਲ ਵਧਣ ਤੋਂ ਰੁਕੇਗਾ ਨਹੀਂ। ਫੈਸਲਾ ਹੋਇਆ, ਰੂਸੀ ਸਰਕਾਰ ਪਾਸ ਬੇਨਤੀ ਕੀਤੀ ਜਾਵੇ ਕਿ ਯਹੂਦੀਆਂ ਨੂੰ ਖੇਤੀ ਦਾ ਕਾਰੋਬਾਰ ਕਰਨ ਦਿੱਤਾ ਜਾਵੇ। ਦਾਨੀਆਂ ਦੀ ਸਹਾਇਤਾ ਨਾਲ ਇਜ਼ਰਾਈਲ ਵਿਚ ਖੇਤੀ ਕਰਨ ਦੀ ਆਗਿਆ ਦਿਉ। ਉਧਰ, ਸੁਲਤਾਨ ਅੱਗੇ ਵਸ ਜਾਣ ਦੀ ਅਰਜ਼ ਕੀਤੀ ਜਾਵੇ।
ਆਧੁਨਿਕ ਅਤੇ ਪੁਰਾਤਨ ਖਿਆਲਾਂ ਵਿਚਕਾਰ ਵੀ ਟਕਰਾਉ ਸੀ। ਮੀਟਿੰਗ ਵਿਚ ਅਜਿਹੇ ਮਸਲੇ ਵੀ ਆਏ, ਅਜੇ ਸਟੇਟ ਨੇ ਇਜ਼ਰਾਈਲ ਵਿਚ ਵਸਣ ਦੀ ਪੂਰੀ ਖੁੱਲ੍ਹ ਨਹੀਂ ਦਿੱਤੀ, ਨਾ ਮਿਲੇਗੀ। ਮੰਨ ਲਉ, ਕੋਈ ਸਿਆਸੀ ਫੈਸਲਾ ਆਪਣੇ ਹੱਕ ਵਿਚ ਸੁਲਤਾਨ ਤੋਂ ਕਰਵਾ ਲੈਂਦੇ ਹਾਂ, ਸਾਡੇ ਕਾਰੋਬਾਰ ਵਿਚ ਵਿਘਨ ਪੈਣਗੇ। ਕਾਨਫਰੰਸਾਂ ਵਿਚ ਪਾਸ ਹੋਏ ਇਹ ਮਤੇ ਪ੍ਰਾਪਤ ਹਨ, ਬਹਿਸਾਂ ਰਿਕਾਰਡ ਨਹੀਂ ਕੀਤੀਆਂ ਗਈਆਂ ਕਿਉਂਕਿ ਕੁੱੜਤਣ ਭਰੀਆਂ ਸਨ। ਜੇ ਮੰਗ ਕੀਤੀ ਜਾਂਦੀ, ਨਵੀਂ ਆਬਾਦੀ ਵਿਚ ਲਾਇਬਰੇਰੀ ਚਾਹੀਦੀ ਹੈ, ਰੌਲਾ ਪੈ ਜਾਂਦਾ, ਤੁਸੀਂ ਕਿਸਾਨਾਂ ਨੂੰ ਖੇਤਾਂ ਵਿਚ ਕੰਮ ਕਰਨ ਤੋਂ ਰੋਕ ਕੇ ਪੋਥੀਆਂ ਪੜ੍ਹਾਉਣੀਆਂ? ਤੀਜੇ ਪਾਸਿਓਂ ਆਵਾਜ਼ ਆਉਂਦੀ, ਜਿਹੜੇ ਇਜ਼ਰਾਈਲ ਵਿਚ ਵਸ ਗਏ ਹਨ, ਉਨ੍ਹਾਂ ਨੂੰ ਪੁੱਛੋ, ਹਸਪਤਾਲ ਚਾਹੀਦਾ ਹੈ ਕਿ ਲਾਇਬਰੇਰੀ; ਕਿ ਬੱਚਿਆਂ ਲਈ ਸਕੂਲ। ਇਕੋ ਦਮ ਸਭ ਕੁਝ ਤਾਂ ਬਣ ਨਹੀਂ ਸਕਦਾ।
ਵਸ ਗਏ ਯਹੂਦੀਆਂ ਵਾਸਤੇ ਤੰਬੂਆਂ ਦੀ ਰਿਹਾਇਸ਼ ਨਰਕ ਸਮਾਨ। ਕੇਵਲ ਮੱਖੀਆਂ ਮੱਛਰ ਨਹੀਂ, ਸੱਪ ਅਤੇ ਬਿੱਛੂ ਡੰਗਦੇ। ਹਥਿਆਰਬੰਦ ਅਰਬਾਂ ਦੇ ਗ੍ਰੋਹ ਹੱਲਾ ਬੋਲਦੇ, ਕਤਲ, ਅਗਜ਼ਨੀ, ਲੁੱਟ। ਯਹੂਦੀ ਨਿਹੱਥੇ ਨਹੀਂ ਬੈਠੇ, ਖੂਨ ਵੀਟਵਾਂ ਮੁਕਾਬਲਾ ਕਰਦੇ; ਆਖਰ ਅਰਬਾਂ ਨੂੰ ਚਾਲੂ ਕੱਢ ਲਿਆ, ਅਰਬ ਦਬਕਣ ਲਗ ਗਏ। ਤਾਂ ਵੀ ਪਰਦੇਸਾਂ ਦੀ ਇਹੋ ਜਿਹੀ ਜ਼ਿੰਦਗੀ ਮੁਸ਼ਕਿਲ ਤਾਂ ਹੈ ਹੀ ਸੀ। ਇਹੋ ਜਿਹੇ ਪਰਿਵਾਰ ਵੀ ਹੈ ਸਨ ਜਿਹੜੇ ਇਜ਼ਰਾਈਲ ਵਿਚਲਾ ਸਭ ਕੁਝ ਛਡ-ਛਡਾ ਕੇ ਫਿਰ ਉਸੇ ਨਰਕ ਵਿਚ ਪਰਤੇ ਜਿਥੋਂ ਉਮੀਦਾਂ ਲੈ ਕੇ ਕੇ ਨਿਕਲੇ ਸਨ, ਦੂਹਰੇ ਉਜਾੜੇ। ਸਕੂਲਾਂ ਕਾਲਜਾਂ ਵਿਚ ਯਹੂਦੀ ਦਾਖਲਿਆਂ ਦੀ ਸੀਮਾ ਰੂਸ ਵਿਚ 10% ਕਰ ਦਿੱਤੀ ਗਈ। ਪੜ੍ਹੇ-ਲਿਖਿਆਂ ਨੂੰ ਸਰਕਾਰੀ ਨੌਕਰੀ ਕੇਵਲ ਮੰਤਰੀ ਦੀ ਸਿਫਾਰਿਸ਼ ‘ਤੇ ਮਿਲਦੀ, ਤੇ ਮੰਤਰੀ ਕਦੇ ਸਿਫਾਰਿਸ਼ ਨਾ ਕਰਦਾ। ਸਾਹਮਣਿਓਂ ਰੂਸੀ ਮੁਲਾਜ਼ਮ ਆਉਂਦਾ ਦੇਖ ਕੇ ਯਹੂਦੀ ਆਪਣਾ ਹੈਟ ਉਤਾਰ ਕੇ ਸਲਾਮ ਕਰਦਾ, ਕੋਤਾਹੀ ਦੀ ਸਜ਼ਾ ਮਿਲਦੀ। ਇਕ ਵਾਰ ਦਿਆਲੂ ਅਫਸਰ ਨੇ ਸਿਫਾਰਿਸ਼ ਕਰ ਦਿੱਤੀ ਕਿ ਯਹੂਦੀਆਂ ਨਾਲ ਨਰਮਾਈ ਵਰਤਣੀ ਚਾਹੀਦੀ ਹੈ, ਜ਼ਾਰ ਬਾਦਸ਼ਾਹ ਨੇ ਫਾਈਲ ਦੇ ਹਾਸ਼ੀਏ ਵਿਚ ਆਪਣੀ ਟਿੱਪਣੀ ਲਿਖੀ, ਤਾਂ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ, ਸਾਡੇ ਯਸੂ ਮਸੀਹ ਨੂੰ ਕਰਾਸ ‘ਤੇ ਟੰਗ ਕੇ ਇਨ੍ਹਾਂ ਨੇ ਪਵਿਤਰ ਖੂਨ ਵਗਾਇਆ ਸੀ। ਇਸ ਨੀਤੀ ਸਦਕਾ 80ਵਿਆਂ ਵਿਚ ਪਰਵਾਸ ਦੀ ਦਰ ਦਸ ਹਜ਼ਾਰ ਸਾਲਾਨਾ ਤੋਂ ਵਧ ਕੇ 1890ਵਿਆਂ ਵਿਚ ਤੀਹ ਹਜ਼ਾਰ ਹੋ ਗਈ।
ਯਹੂਦੀ ਜਿਉਂ-ਜਿਉਂ ਉਜੜੇ, ਇਜ਼ਰਾਈਲ ਵਲ ਤੁਰੇ। ਉਨ੍ਹਾਂ ਵਿਰੁਧ ਉਥੇ ਕਾਨੂੰਨ ਸਖਤ ਹੋਈ ਜਾਂਦੇ, ਜ਼ਮੀਨ ਦੇ ਭਾਅ ਅਸਮਾਨ ਛੂਹਣ ਲੱਗੇ। ਪੈਸੇ ਵਾਲੇ ਫਿਰ ਵੀ ਖਰੀਦਣੋਂ ਨਾ ਹਟਦੇ ਤਾਂ ਅਰਬ ਬੇਚੈਨ ਹੋ ਜਾਂਦੇ। ਉਨ੍ਹਾਂ ਨੂੰ ਖਤਰੇ ਦੀ ਘੰਟੀ ਸੁਣਾਈ ਦੇਣ ਲੱਗੀ। ਸਰਕਾਰੀ ਨਫਰਤ ਕਾਰਨ ਅਰਬ ਮੁਲਾਜ਼ਮ ਵਧੀਕ ਰਿਸ਼ਵਤਖੋਰ ਹੋ ਗਏ। ਵਸੇਬਾ ਕਮੇਟੀ ਦੇ ਇਕ ਮੈਂਬਰ ਨੇ ਆਖਰ ਲਿਖਿਆ, ਰਿਫਿਊਜੀ ਕਦੀ ਸਹਾਇਤਾ ਮੰਗਣੋਂ ਨਹੀਂ ਹਟਣਗੇ। ਚਿੱਠੀਆਂ, ਤਾਰਾਂ ਰਾਹੀਂ ਕਹੀ ਜਾਣਗੇ, ਤੰਗ ਹਾਂ, ਪੈਸੇ ਭੇਜੋ, ਪੈਸੇ ਭੇਜੋ। ਆਖਰੀ ਯਹੂਦੀ ਦਾਨੀ ਕੋਲੋਂ ਆਖਰੀ ਪੈਸਾ ਮੁੱਕ ਜਾਏਗਾ ਤਾਂ ਵੀ ਇਹੋ ਹਾਲ ਰਹੇਗਾ। ਇਸ ਦਾ ਆਖਰ ਇਲਾਜ ਕਿਸੇ ਸਿਆਸੀ ਹੱਲ ਰਾਹੀਂ ਸੰਭਵ ਹੋਏਗਾ, ਨਹੀਂ ਤਾਂ ਇਕ ਵਸੇਬਾ ਕਮੇਟੀ ਅਸਤੀਫਾ ਦੇ ਦਿਆ ਕਰੇਗੀ, ਅਗਲੀ ਕਮੇਟੀ ਕੰਮ ਲੱਗ ਜਾਇਆ ਕਰੇਗੀ।
ਇਸ ਖਤ ਦਾ ਜਵਾਬ ਲਿਲੀਅਨ ਨੇ ਇਹ ਦਿੱਤਾ, ‘ਚੰਗੇ ਦਿਨ ਆਉਣਗੇ ਪਰ ਅਸੀਂ ਖਿੱਚ ਕੇ ਚੰਗੇ ਦਿਨ ਜਲਦੀ ਨਹੀਂ ਲਿਆ ਸਕਦੇ। ਸਫਲਤਾ ਮਿਲ ਜਾਏ ਤਾਂ ਸਾਰੇ ਆਖਦੇ ਹਨ, ਸਫਲ ਤਾਂ ਹੋਣਾ ਈ ਸੀ। ਫੇਲ੍ਹ ਹੋਣ ਦੀ ਸੂਰਤ ਵਿਚ ਸਵਾਲ ਦਰ ਸਵਾਲ ਉਠਦੇ ਹਨ। ਜਿਵੇਂ ਸਿਹਤ ਲਈ ਕਸਰਤ ਜ਼ਰੂਰੀ ਹੈ, ਖਤਰਨਾਕ ਸਵਾਲ ਵੀ ਜ਼ਰੂਰੀ ਹਨ ਪਰ ਜੇ ਆਪਣਿਆਂ ਵਲੋਂ, ਇਮਾਨਦਾਰੀ ਨਾਲ ਪੁੱਛੇ ਜਾਣ। ਆਪਣੇ ਮਿੱਤਰਾਂ-ਪਿਆਰਿਆਂ ਦੇ ਸਵਾਲ ਬੇਸ਼ਕ ਮੈਨੂੰ ਹਜ਼ਮ ਨਾ ਹੋਣ, ਮੈਂ ਉਤਰ ਲੱਭਾਂਗਾ। ਬੇਵਫਾਈ, ਬੇਈਮਾਨੀ ਤੋਂ ਇਲਾਵਾ ਸਭ ਕੁਝ ਬਰਦਾਸ਼ਤ ਕਰਾਂਗਾ।’
ਇਸ ਉਲਝੇ ਤਾਣੇ-ਪੇਟੇ ਵਿਚ ਇਕ ਹੋਰ ਬੰਦਾ ਅਸ਼ੇਰ (1856-1927) ਦਿਖਾਈ ਦਿੱਤਾ। ਉਸ ਦਾ ਪਿਤਾ ਚੰਗੇ ਅਸਰ ਰਸੂਖ ਵਾਲਾ ਕਾਰੋਬਾਰੀ ਸੀ ਜਿਸ ਦੀ ਰੂਸੀਆਂ ਵਿਚ ਇੱਜ਼ਤ ਸੀ। ਉਸ ਦੀ ਇੱਛਾ ਸੀ, ਉਸ ਦਾ ਤੀਖਣ ਬੁੱਧ ਬੇਟਾ ਧਰਮ ਪੋਥੀਆਂ ਪੜ੍ਹ ਕੇ ਉਚ ਕੋਟੀ ਦਾ ਪੁਜਾਰੀ ਹੋ ਕੇ ਨਾਮ ਕਮਾਵੇ। ਪਿਤਾ ਦੁਖੀ ਹੁੰਦਾ ਜਦੋਂ ਦੇਖਦਾ ਕਿ ਬਿਨਾਂ ਸਿਖਾਇਆਂ ਇਹ ਮੁੰਡਾ ਸੜਕ ਕਿਨਾਰੇ ਜੜੇ ਇਸ਼ਤਿਹਾਰ ਪੜ੍ਹੀ ਜਾਂਦਾ ਜਿਹੜੇ ਰੂਸੀ ਜ਼ਬਾਨ ਵਿਚ ਲਿਖੇ ਹੁੰਦੇ। ਦਿਤੇ ਗਏ ਧਰਮੀ ਕੋਟੇ ਦੇ ਸਿਲੇਬਸ ਤੋਂ ਬਿਨਾਂ ਉਹ ਸੈਕੂਲਰ ਵਿਦਿਆ ਖੁਦ ਹਾਸਲ ਕਰੀ ਜਾਂਦਾ। ਤੀਹ ਸਾਲ ਦੀ ਉਮਰ ਵਿਚ ਜਦੋਂ ਉਹ ਆਪਣੇ ਆਪ ਜੋਗਾ ਹੋ ਗਿਆ, ਉਸ ਨੂੰ ਲੱਗਾ ਜਿਵੇਂ ਧਰਮ ਗ੍ਰੰਥਾਂ ਦੀ ਵਿਦਿਆ ਪੜ੍ਹਨੀ ਠੀਕ ਸੀ ਪਰ ਵਧੇਰਾ ਵਕਤ ਖਾ ਗਈ। ਉਸ ਨੇ ਹਿਬਰੂ ਜ਼ੁਬਾਨ ਵਿਚ ਆਪਣਾ ਰਿਸਾਲਾ ਕੱਢਿਆ ਅਤੇ ਪਹਿਲੇ ਲੇਖ ਦੇ ਕਰਤਾ ਵਜੋਂ ਆਪਣਾ ਨਾਮ ਲਿਖਿਆ, ਆਮ ਆਦਮੀ। ਉਸ ਦਾ ਇਹੋ ਨਾਮ ਹਮੇਸ਼ਾ ਲਈ ਮਸ਼ਹੂਰ ਹੋ ਗਿਆ। ਉਸ ਸਦਕਾ ਹਿਬਰੂ ਜ਼ਬਾਨ ਨੇ ਆਪਣਾ ਪੁਰਾਣਾ ਲਿਬਾਸ ਤਜ ਕੇ ਆਧੁਨਿਕ ਪਹਿਰਾਵਾ ਪਹਿਨ ਲਿਆ ਜੋ ਹੁਣ ਤਕ ਚਲ ਰਿਹਾ ਹੈ। ਰੂਸੀਆਂ ਨੂੰ ਉਹ ਪੱਕਾ ਯਹੂਦੀ ਲੱਗਾ ਤੇ ਯਹੂਦੀ ਕਹਿੰਦੇ ਸਨ, ਇਹ ਨਾਸਤਕ ਹੈ। ਉਹ ਸ਼ਾਂਤ ਚਿਤ, ਬੇਪ੍ਰਵਾਹ, ਸਾਦਗੀ ਪੂਰਨ ਬੰਦਾ ਜਜ਼ਬੇ ਦਾ ਕਦਰਦਾਨ ਪਰ ਜਜ਼ਬਾਤੀਆਂ ਵਿਰੁਧ ਕਠੋਰ, ਕਿਹਾ ਕਰਦਾ, ‘ਮੈਂ ਤੁਹਾਨੂੰ ਪੂਰਨ ਸੱਚ ਦਾ ਉਹ ਨਿਕਾ ਜਿਹਾ ਹਿੱਸਾ ਦਿਖਾਵਾਂਗਾ ਜਿਹੜਾ ਬਦਸੂਰਤ ਹੈ।’
ਖੁਦ ਵਾਸਤੇ ਬੇਲਿਹਾਜ਼ ਬੰਦੇ ਤੋਂ ਹੋਰਾਂ ਲਈ ਲਿਹਾਜ਼ ਦੀ ਕੀ ਆਸ?
ਚੜ੍ਹਦੀ ਜਵਾਨੀ ਵਿਚ ਪਿਤਾ ਦਾ ਘਰ ਛੱਡ ਕੇ ਉਹ ਓਡੇਸਾ ਚਲਾ ਗਿਆ। ਬਹੁਤ ਜਲਦੀ ਅੰਗਰੇਜ਼ੀ ਅਤੇ ਫਰੈਂਚ ਸਿੱਖ ਲਈਆਂ। ਯਹੂਦੀ ਸਿਆਣਿਆਂ ਦੀਆਂ ਐਤਵਾਰੀ ਸਭਾਵਾਂ ਵਿਚ ਜਾ ਬੈਠਦਾ, ਬਹੁਤ ਧਿਆਨ ਨਾਲ ਸੁਣਦਾ, ਇਕ ਇਕ ਵਾਕ ਪੀਂਦਾ ਰਹਿੰਦਾ। ਬੇਹੱਦ ਪ੍ਰਭਾਵਿਤ ਹੋਇਆ। ਇਕ ਦਿਨ ਕਹਿਣ ਲੱਗਾ, ਤੁਹਾਡੀ ਹਰ ਗੱਲ ਮੰਨਣਯੋਗ ਨਹੀਂ। ਮੈਂ ਭਾਵੇਂ ਗੰਵਾਰ ਛੋਕਰਾ ਹਾਂ ਪਰ ਕੁਝ ਗੱਲਾਂ ਮੇਰੀਆਂ ਵੀ ਰੱਦ ਕਰਨ ਵਾਲੀਆਂ ਨਹੀਂ। ਉਸ ਦੇ ਵਾਕ ਕੁਝ ਇਸ ਤਰ੍ਹਾਂ ਹੁੰਦੇ:
ਪੁਰਾਣਾ ਵਿਸ਼ਵਾਸ ਅਉਧ ਬਿਤਾਏ, ਬੁੱਢਾ ਹੋ ਕੇ ਮਰ ਜਾਏ, ਦੁੱਖ ਨਹੀਂ ਹੁੰਦਾ।
ਜਵਾਨ ਵਿਸ਼ਵਾਸ ਡਗਮਗਾਏ, ਡਿਗ ਪਏ ਤੇ ਮਰ ਜਾਏ, ਉਸ ਦੇ ਦੁੱਖ ਦਾ ਕੀ ਕਹਿਣਾ।
ਅਸ਼ੇਰ ਦੇਖ ਰਿਹਾ ਸੀ, ਯਹੂਦੀਆਂ ਨੂੰ ਇਜ਼ਰਾਈਲ ਵਿਚ ਵਸਣਾ ਨਸੀਬ ਨਹੀਂ ਹੋ ਰਿਹਾ। ਉਹ ਸਵਾਲ ਕਰਦਾ, ਕੀ ਅਜਿਹੀ ਹੋਣੀ ਇਸ ਕਰ ਕੇ ਵਾਪਰ ਰਹੀ ਹੈ ਕਿ ਲੀਡਰਾਂ ਨੇ ਗਲਤੀਆਂ ਕੀਤੀਆਂ? ਗਿਣਤੀ ਦੇ ਥੋੜ੍ਹੇ ਕੁ ਬੰਦੇ, ਜੇ ਜਿਉਂਦੀ ਜਾਗਦੀ ਤੁਰੀ ਜਾਂਦੀ ਕੌਮ ਨੂੰ ਰਸਤੇ ਵਿਚ ਘੇਰ ਕੇ ਮਾਰ ਲੈਣ, ਫਿਰ ਉਹ ਕੀ ਕੌਮ ਹੋਈ? ਫਿਰ ਇਸ ਦੇ ਮਰਨ ਦਾ ਕੀ ਅਫਸੋਸ, ਮਰਨੀ ਹੀ ਸੀ।
ਉਹ ਦੋ ਵਾਰ ਇਜ਼ਰਾਈਲ ਗਿਆ। ਵਾਪਸੀ ‘ਤੇ ਉਥੋਂ ਦੇ ਯਹੂਦੀ ਬਾਸ਼ਿੰਦਿਆਂ ਬਾਰੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਹਾਲਾਤ ਲਿਖੇ ਤੇ ਕਿਹਾ, ਪਰਵਾਸ ਕਮੇਟੀ ਦੀ ਮੈਂਬਰਸ਼ਿਪ ਦੇ ਨਿਯਮਾਂ ਵਿਚ ਇਕ ਮਦ ਹੋਰ ਜੋੜੀ ਜਾਵੇ ਕਿ ਜਿਹੜਾ ਬੰਦਾ ਕਦੀ ਇਜ਼ਰਾਈਲ ਜਾ ਕੇ ਨਹੀਂ ਆਇਆ, ਉਹ ਪਰਵਾਸ ਪ੍ਰਬੰਧਕ ਕਮੇਟੀ ਦਾ ਮੈਂਬਰ ਨਾ ਹੋਵੇ।
ਅਪਰੈਲ 1891 ਵਿਚ ਉਸ ਨੇ ਆਪਣੇ ਘਰ ਖਤ ਵਿਚ ਲਿਖਿਆ, ਇਜ਼ਰਾਈਲ ਤੋਂ: ਜੀਵਨ ਦੇ ਤੁਛ ਕਾਰੋਬਾਰ, ਵਿਅਰਥ ਜ਼ਿੰਮੇਵਾਰੀਆਂ ਤੋਂ ਦੂਰ ਮੈਂ ਇਸ ਵੇਲੇ ਭੂਤਕਾਲ ਦੇ ਵਿਚਿਤਰ ਸੰਸਾਰ ਵਿਚ ਬੈਠਾ ਹਾਂ। ਕਦਮ-ਕਦਮ, ਇਕ-ਇਕ ਪੱਥਰ ਖੂਨ ਭਿਜਿਆ ਇਤਿਹਾਸ ਸੁਣਾਉਂਦਾ ਹੈ। ਇਧਰ ਦੇਖੋ, ਜ਼ੀਓਨ ਪਹਾੜੀ, ਉਧਰ ਟੈਂਪਲ ਮਾਊਂਟ। ਜ਼ੈਤੂਨ ਪਰਬਤ ਹਜ਼ਾਰਾਂ ਸਾਲ ਪਿਛੇ ਲੈ ਜਾਂਦੇ ਹਨ। ਉਨ੍ਹਾਂ ਆਧੁਨਿਕ ਲੋਕਾਂ ‘ਤੇ ਹਾਸਾ ਆਉਂਦਾ ਹੈ ਜਿਹੜੇ ਕਹਿੰਦੇ ਨੇ, ਯੋਰੋਸ਼ਲਮ ਛੱਡ ਕੇ ਅਸੀਂ ਕਿਤੇ ਹੋਰ ਵਸ ਜਾਵਾਂਗੇ। ਮੈਂ ਇਕ ਵੀ ਯਹੂਦੀ ਅਜਿਹਾ ਨਹੀਂ ਦੇਖਿਆ ਜਿਹੜਾ ਯੋਰੋਸ਼ਲਮ ਦੇਖ ਦੇ ਪਸੀਜਿਆ ਨਾ ਹੋਵੇ। ਜਿਨ੍ਹਾਂ ਕੌਮਾਂ ਨੇ ਇਸ ਥਾਂ ਦੀ ਪਵਿਤਰਤਾ ਦੇਖ-ਪਰਖ ਲਈ, ਇੰਚ-ਇੰਚ ਥਾਂ ਵਾਸਤੇ ਲੜੀਆਂ-ਮਰੀਆਂ, ਦੂਜੀਆਂ ਕੌਮਾਂ ਨੇ ਇਥੇ ਕਿਡੀਆਂ ਸ਼ਾਨਦਾਰ ਇਮਾਰਤਾਂ ਉਸਾਰੀਆਂ, ਸੰਸਥਾਵਾਂ ਉਸਾਰੀਆਂ। ਯਹੂਦੀਆਂ ਦੀ ਵਿਹਾਰਕ ਅਤੇ ਰੂਹਾਨੀ ਗਰੀਬੀ ਦੇਖੀ ਨਹੀਂ ਜਾਂਦੀ।
ਆਮ ਆਦਮੀ ਨੇ ਰਿਸਾਲੇ ਵਿਚ ਲਿਖਿਆ: ਅਰਬ ਵੀ ਪੈਗੰਬਰਾਂ ਦੀ ਔਲਾਦ ਹਨ, ਉਨ੍ਹਾਂ ਨੂੰ ਮੂਰਖ ਨਾ ਜਾਣੋ। ਤੁਸੀਂ ਉਨ੍ਹਾਂ ਦੇ ਬੇਕਾਰ ਪੱਥਰ, ਰੇਤ ਮਹਿੰਗੇ ਭਾਅ ਖਰੀਦੇ। ਉਨ੍ਹਾਂ ਦੇ ਉਪਜਾਊ ਖੇਤਾਂ ਵਿਚ ਯਹੂਦੀ ਸਸਤੇ ਮਜ਼ਦੂਰ ਹਨ। ਜਦੋਂ ਤੁਸੀਂ ਉਨ੍ਹਾਂ ਨੂੰ ਮੂਰਖ ਆਖਦੇ ਹੋ, ਤੁਹਾਡੀ ਮੂਰਖਤਾ ਉਪਰ ਉਹ ਪਿੱਠ ਪਿਛੇ ਹੱਸਦੇ ਹਨ। ਜਿਸ ਦਿਨ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਤੁਸੀਂ ਪੈਗੰਬਰ ਦੀ ਜ਼ਮੀਨ ਦੇ ਸ਼ਰੀਕ ਹੋ ਤੇ ਵੰਡਾਉਣੀ ਚਾਹੁੰਦੇ ਹੋ, ਫਿਰ ਨਤੀਜਾ ਦੇਖਣਾ।
ਮੈਂ ਮਹਾਨ ਦੀਵਾਰ ਲਾਗੇ ਖਲੋਤੇ ਯਹੂਦੀ ਪ੍ਰਾਰਥਨਾ ਕਰਦੇ ਦੇਖੇ ਤਾਂ ਖਿਆਲ ਆਇਆ, ਮੇਰੇ ਦੇਸ ਅਤੇ ਮੇਰੀ ਕੌਮ ਦੀ ਬਰਬਾਦੀ ਦੇ ਚਸ਼ਮਦੀਦ ਗਵਾਹ ਹਨ ਇਸ ਕੰਧ ਦੇ ਪੱਥਰ। ਕਿਹੜੀ ਤਬਾਹੀ ਵਧੀਕ ਉਦਾਸ ਕਰਦੀ ਹੈ? ਦੇਸ ਦੀ ਬਰਬਾਦੀ ਦੁਖਦਾਈ ਹੈ ਕਿ ਯਹੂਦੀ ਕੌਮ ਦੀ? ਦੇਸ ਤਬਾਹ ਹੋ ਗਿਆ ਪਰ ਕੌਮ ਜੇ ਅਜੇ ਜਿਉਂਦੀ ਹੈ, ਮੁੜ ਕੇ ਦੇਸ ਉਸਾਰ ਲਏਗੀ। ਜੇ ਕੌਮ ਮਰ ਗਈ ਤਾਂ ਕੀ ਇਲਾਜ?
ਇਥੇ ਰੂਸ ਵਿਚ ਮੈਂ ਮੂਰਖਤਾ, ਗਰੀਬੀ ਅਤੇ ਹੱਤਕ ਵਿਚ ਘਿਰਿਆ ਹੋਇਆ ਹਾਂ। ਇਨ੍ਹਾਂ ਸਰਾਪਾਂ ਵਲੋਂ ਪਿੱਠ ਮੋੜ ਕੇ ਇਕ ਝਾਤ ਆਪਣੇ ਪੱਛਮੀ ਯਹੂਦੀ ਭਰਾਵਾਂ ਵਲ ਪਾਉਂਦਾ ਹਾਂ ਜਿਥੇ ਉਹ ਪ੍ਰੋਫੈਸਰ, ਅਕਾਦਮੀਆਂ ਦੇ ਮੈਂਬਰ, ਫੌਜੀ ਤੇ ਸਿਵਿਲ ਅਫਸਰ ਹਨ। ਉਨ੍ਹਾਂ ਦੀ ਸਾਰੀ ਸ਼ਾਨੋ-ਸ਼ੌਕਤ ਪਿਛੇ ਮੈਨੂੰ ਦੂਹਰੀ ਗੁਲਾਮੀ ਦਿਸਦੀ ਹੈ, ਨੈਤਿਕ ਅਤੇ ਬੌਧਿਕ ਗੁਲਾਮੀ। ਆਪਣੇ ਇਨ੍ਹਾਂ ਭਰਾਵਾਂ ਦੀ ਖੁਸ਼ਹਾਲੀ ਦੇਖਦਿਆਂ ਆਪਣੇ ਆਪ ਨੂੰ ਪੁੱਛਦਾ ਹਾਂ, ਕੀ ਮੈਨੂੰ ਇਨ੍ਹਾਂ ਨਾਲ ਈਰਖਾ ਹੈ? ਸੱਚੇ ਦਿਲੋਂ ਮੇਰਾ ਉਤਰ ਹੈ, ਨਹੀਂ, ਹਰਗਿਜ਼ ਨਹੀਂ। ਮੇਰੇ ਕੋਲ ਜੇ ਮੇਰੇ ਹੱਕ ਨਹੀਂ ਹਨ ਤਾਂ ਵੀ ਇਨ੍ਹਾਂ ਹੱਕਾਂ ਦੀ ਪ੍ਰਾਪਤੀ ਵਾਸਤੇ ਮੈਂ ਆਪਣੀ ਜ਼ਮੀਰ ਨਹੀਂ ਵੇਚੀ।
***
ਖੱਬੇ ਪੱਖੀ ਅਰਥ ਸ਼ਾਸਤਰੀ ਪਰੂਧੋਂ ਦੀ ਯਹੂਦੀਆਂ ਬਾਰੇ ਟਿੱਪਣੀ ਹੈ, ਯਹੂਦੀ ਹਮੇਸ਼ਾ ਯਹੂਦੀ ਰਹਿਣਗੇ। ਕਿਰਤ ਦੇ ਦੁਸ਼ਮਣ, ਮਨੁੱਖਤਾ ਦੇ ਚਿੱਚੜ, ਢਾਹ-ਭੰਨ, ਸੱਟੇਬਾਜ਼ੀ, ਸੌਦੇਬਾਜ਼ੀ ਦੇ ਮਾਹਿਰ, ਰਾਜਿਆਂ-ਮਹਾਰਾਜਿਆਂ ਤੋਂ ਵਧੀਕ ਧਨ ਦੇ ਮਾਲਕ। ਅਸਲ ਹੁਕਮਰਾਨ ਤਾਂ ਉਹ ਹਨ ਜਹਾਨ ਦੇ।
ਸੱਜੇ ਪੱਖੀ ਵਿਲਹਮ ਮਾਰ ਨੇ ਲਿਖਿਆ, ਯਹੂਦੀ ਵਰਗਾ ਤਾਕਤਵਰ ਧਨੀ ਕੋਈ ਨਹੀਂ। ਈਸਾਈ ਉਸ ਤੋਂ ਮਾਰ ਖਾ ਗਏ ਹਨ। ਯਹੂਦੀ ਦਾ ਕੋਈ ਧਰਮ ਨਹੀਂ। ਰੱਬ ਨਾਲ ਵੀ ਉਸ ਨੇ ਸੌਦੇਬਾਜ਼ੀ ਦੀ ਲਿਖਤ ਕਰ ਰੱਖੀ ਹੈ।
1849 ਵਿਚ ਜ਼ਾਰ ਮੌਤ ਨਾਲ ਜੂਝ ਰਿਹਾ ਸੀ, ਪੈਰਿਸ ਦੇ ਯਹੂਦੀ ਪੁਜਾਰੀਆਂ ਨੇ ਫੈਸਲਾ ਕੀਤਾ ਕਿ ਚਾਰੇ ਯਹੂਦੀ ਮੰਦਰਾਂ ਵਿਚ ਉਸ ਦੀ ਸਿਹਤਯਾਬੀ ਵਾਸਤੇ ਅਰਦਾਸਾਂ ਕੀਤੀਆਂ ਜਾਣ। ਕਾਰਨ ਪੁੱਛਣ ‘ਤੇ ਪੁਜਾਰੀ ਨੇ ਦੱਸਿਆ, ਦੇਖੋ, ਜ਼ਾਰ ਨੇ ਬੇਸ਼ਕ ਭਾਰੀ ਗਿਣਤੀ ਵਿਚ ਯਹੂਦੀ ਕਤਲ ਕਰਵਾਏ, ਪਰ ਸੀ ਤਾਂ ਉਹ ਆਸਤਿਕ। ਜਦੋਂ ਉਹ ਸਾਡੇ ‘ਤੇ ਹੱਲੇ ਕਰਵਾ ਰਿਹਾ ਸੀ, ਅਜਿਹਾ ਕਰਨ ਲਈ ਉਸ ਨੂੰ ਉਸ ਦੀ ਜ਼ਮੀਰ ਕਹਿੰਦੀ ਸੀ ਤਾਂ ਅਜਿਹਾ ਕਰਦਾ ਸੀ। ਰੂਸ ਤੇ ਫਰਾਂਸ ਦੋਸਤ ਹਨ, ਦੋਸਤੀ ਦਾ ਤਕਾਜ਼ਾ ਹੈ ਕਿ ਅਸੀਂ ਉਸ ਦੀ ਲੰਮੀ ਉਮਰ ਲਈ ਅਰਦਾਸ ਕਰੀਏ।
ਬੋਦਨਹੀਮਰ ਬਚਪਨ (1881) ਦੀ ਘਟਨਾ ਦੱਸਦਾ ਹੈ: ਥੱਕੇ ਟੁੱਟੇ, ਬਿਮਾਰ, ਲੀਰਾਂ ਪਹਿਨੀ, ਗਠੜੀਆਂ ਚੁੱਕੀ ਲਿਆਉਂਦੇ ਯਹੂਦੀ ਦੇਖੇ। ਦਫਤਰ ਨੇੜੇ ਡੇਰਾ ਲਾ ਲਿਆ। ਉਨ੍ਹਾਂ ਦੀ ਹਾਲਤ ਦੇਖ ਕੇ ਹਰ ਇਕ ਨੂੰ ਤਰਸ ਆਇਆ। ਸਾਡੇ ਸਕੂਲ ਦੇ ਅਧਿਆਪਕ ਨੇ ਕਿਹਾ, ਆਪਾਂ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਸਭ ਨੇ ਕੁਝ ਨਾ ਕੁਝ ਦਿੱਤਾ। ਮੈਂ ਆਪਣੀ ਸਾਰੀ ਬੱਚਤ ਦੇ ਦਿੱਤੀ। ਸਾਡਾ ਦਿੱਤਾ ਦਾਨ, ਪਾਣੀ ਦੀ ਬਾਲਟੀ ਵਿਚ ਪਾਈ ਇਕ ਬੂੰਦ ਵਾਂਗ ਸੀ ਪਰ ਮੈਨੂੰ ਹੁਣ ਤਕ ਉਹ ਘਟਨਾ ਯਾਦ ਕਰ ਕੇ ਖੁਸ਼ੀ ਮਿਲਦੀ ਹੈ।
(ਚਲਦਾ)