ਦੀਵਾਲੀ ਅਤੇ ਭਾਈ ਮਨੀ ਸਿੰਘ ਦੀ ਸ਼ਹਾਦਤ

ਡਾ: ਇੰਦਰ ਸਿੰਘ ਟਿਵਾਣਾ
ਦੀਵਾਲੀ ਭਾਰਤ ਦਾ ਇਕ ਅਜਿਹਾ ਅਹਿਮ ਤਿਉਹਾਰ ਹੈ, ਜਿਸ ਨੂੰ ਸਾਰੇ ਪ੍ਰਾਂਤਾਂ ਅਤੇ ਧਰਮਾਂ ਦੇ ਲੋਕ ਅਤਿਅੰਤ ਚਾਅ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਇਹ ਸਾਡੀ ਕੌਮੀ ਏਕਤਾ ਦਾ ਆਧਾਰ ਹੈ।
ਸਿੱਖ ਜਗਤ ਦੀਆਂ ਦੋ ਖਾਸ ਇਤਿਹਾਸਕ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ।

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਤੀ ਸੰਗਤਾਂ ਦੀ ਅਪਾਰ ਸ਼ਰਧਾ ਨੂੰ ਵੇਖ ਕੇ ਤਤਕਾਲੀ ਬਾਦਸ਼ਾਹ ਜਹਾਂਗੀਰ ਨੂੰ ਆਪਣੇ ਤਖਤ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਪ੍ਰਤੀਤ ਹੋਈਆਂ ਤਾਂ ਉਸ ਨੇ ਸੰਨ 1610 ਵਿਚ ਗੁਰੂਦੇਵ ਨੂੰ ਦਰਸ਼ਨ ਕਰਨ ਦੇ ਬਹਾਨੇ ਦਿੱਲੀ ਬੁਲਾ ਕੇ ਧੋਖੇ ਨਾਲ ਗਵਾਲੀਅਰ ਦੇ ਕਿਲੇ ‘ਚ ਕੈਦ ਕਰ ਲਿਆ, ਜਿਥੇ ਪਹਿਲਾਂ ਹੀ 52 ਰਾਜੇ ਬਗਾਵਤ ਦੇ ਦੋਸ਼ ‘ਚ ਬੰਦੀ ਸਨ। ਲੇਕਿਨ ਕੁਝ ਚਿਰ ਮਗਰੋਂ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰਾਂ ਨੂੰ ਮੁਕਤ ਕਰਨ ਦੀ ਇੱਛਾ ਪ੍ਰਗਟਾਈ ਪਰ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂਦੇਵ ਨੇ 52 ਰਾਜਿਆਂ ਨੂੰ ਵੀ ਮੁਕਤ ਕਰਨ ਦੀ ਸ਼ਰਤ ਰੱਖੀ। ਅੰਤ ਜਹਾਂਗੀਰ ਨੇ ਕਿਹਾ, Ḕਜਿੰਨੇ ਰਾਜੇ ਤੁਹਾਡੇ ਚੋਲੇ ਨੂੰ ਫੜ ਕੇ ਕਿਲੇ ਤੋਂ ਬਾਹਰ ਆ ਜਾਣਗੇ, ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।’ ਗੁਰੂ ਜੀ ਨੇ 50 ਕਲੀਆਂ ਵਾਲਾ ਬਹੁਤ ਵੱਡਾ ਚੋਲਾ ਸਿਲਵਾ ਲਿਆ। ਪੰਜਾਹ ਰਾਜੇ ਉਸ ਚੋਲੇ ਦੀਆਂ ਕਲੀਆਂ ਅਤੇ ਦੋ ਰਾਜੇ ਤਣੀਆਂ ਨੂੰ ਫੜ੍ਹ ਕੇ ਕਿਲੇ ਤੋਂ ਬਾਹਰ ਆ ਗਏ। Ḕਬੰਦੀ ਛੋੜ ਦਾਤਾ’ ਨੇ ਜਿਉਂ ਹੀ ਅੰਮ੍ਰਿਤਸਰ ਦੀ ਪਾਵਨ ਧਰਤੀ ‘ਤੇ ਆਪਣੇ ਚਰਨ ਪਾਏ, ਸੰਗਤਾਂ ਨੇ ਆਤਿਸ਼ਬਾਜ਼ੀ ਚਲਾ ਕੇ, ਦੀਪਮਾਲਾ ਕਰਕੇ ਅਤੇ ਮਠਿਆਈਆਂ ਵੰਡ ਕੇ ਗੁਰਾਂ ਦਾ ਸਵਾਗਤ ਕੀਤਾ। ਇਸੇ ਦਿਨ ਤੋਂ ਬਾਬਾ ਬੁੱਢਾ ਜੀ ਨੇ ਦੀਪਮਾਲਾ ਕਰਨ ਦੀ ਪਰੰਪਰਾ ਚਲਾ ਕੇ Ḕਬੰਦੀ-ਛੋੜ ਪੁਰਬ’ ਦੀਵਾਲੀ ਮਨਾਉਣੀ ਸ਼ੁਰੂ ਕਰਵਾ ਦਿੱਤੀ।
ਸੰਨ 1738 ਈ: ਵਿਚ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਨੇ ਸ੍ਰੀ ਅੰਮ੍ਰਿਤਸਰ ਵਿਚ ਇਕ ਬਹੁਤ ਵੱਡਾ ਮੇਲਾ ਲਾਉਣ ਦੀ ਯੋਜਨਾ ਬਣਾ ਕੇ ਦੀਵਾਲੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਉਣ ਦਾ ਫੈਸਲਾ ਕੀਤਾ ਪਰ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ ਪਹਿਲਾਂ ਤਾਂ ਮੇਲਾ ਲਾਉਣ ਦੀ ਆਗਿਆ ਨਹੀਂ ਦਿੱਤੀ ਪਰ ਬਾਅਦ ਵਿਚ (ਭਾਈ ਰਤਨ ਸਿੰਘ ਭੰਗੂ ਰਚਿਤ Ḕਸ੍ਰੀ ਗੁਰੂ ਪੰਥ ਪ੍ਰਕਾਸ਼’ ਪੰਨਾ 287 ਅਨੁਸਾਰ) ਦਸ ਹਜ਼ਾਰ ਰੁਪਏ ਮੇਲਾ-ਟੈਕਸ ਲਗਾ ਕੇ ਦੀਵਾਲੀ ਪੁਰਬ ਮਨਾਉਣ ਦੀ ਆਗਿਆ ਦੇ ਦਿੱਤੀ:
Ḕਦੁਆਲੀ ਕੋ ਥੋ ਮੇਲਾ ਲਾਯਾ
ਤੁਰਕਨ ਕੋ ਥੋ ਟਕਾ ਚੁਕਾਈ
ਦਸ ਹਜ਼ਾਰ ਰੁਪਯਾ ਠਹਿਰਾਯਾ
ਟਕਨ ਖਾਤਰ ਤਿਨ ਦਰੋਗਾ ਬਹਾਯਾ॥’
ਲੇਕਿਨ ਜਦੋਂ ਭਾਈ ਸਾਹਿਬ ਨੂੰ ਜ਼ਕਰੀਆ ਖਾਨ ਦੀ ਇਸ ਕੁਚਾਲ ਦਾ ਪਤਾ ਲੱਗਾ ਕਿ ਉਸ ਨੇ ਦੀਵਾਲੀ ਮੌਕੇ ਬਹੁਤ ਵੱਡੀ ਗਿਣਤੀ ‘ਚ ਆਉਣ ਵਾਲੇ ਸਿੱਖਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਹੈ ਤਾਂ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅੰਮ੍ਰਿਤਸਰ ਆਉਣੋਂ ਹੀ ਰੋਕ ਦਿੱਤਾ। ਫਲਸਰੂਪ ਨਾ ਸੰਗਤ ਅੰਮ੍ਰਿਤਸਰ ਆਈ ਤੇ ਨਾ ਹੀ ਟੈਕਸ ਦੇਣ ਯੋਗ ਰਕਮ ਇਕੱਤਰ ਹੋਈ। ਸਿੱਖਾਂ ਦੀ ਵਧਦੀ ਸ਼ਕਤੀ ਤੋਂ ਭੈਅਭੀਤ ਜ਼ਕਰੀਆ ਖਾਂ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਦਬਾਉਣ ਲਈ ਬਹਾਨੇ ਲੱਭਦਾ ਫਿਰਦਾ ਸੀ। ਇਸ ਤੋਂ ਚੰਗਾ ਮੌਕਾ ਉਸ ਨੂੰ ਹੋਰ ਕਿਹੜਾ ਮਿਲ ਸਕਦਾ ਸੀ? ਸੋ ਟੈਕਸ ਅਦਾ ਨਾ ਕਰਨ ਦੇ ਦੋਸ਼ ‘ਚ ਉਸ ਜ਼ਾਲਮ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਵਾ ਲਿਆ। ਜਦੋਂ ਭਾਈ ਮਨੀ ਸਿੰਘ ਨੇ ਉਸ ਦੇ ਸਾਹਮਣੇ ਜਾ ਕੇ ਫਤਿਹ ਗਜਾਈ ਤਾਂ ਉਹ ਹੋਰ ਵੀ ਭੜਕ ਗਿਆ, ਜਿਵੇਂ ਬਾਰੂਦ ‘ਤੇ ਚਿੰਗਾੜੀ ਪੈ ਗਈ ਹੋਵੇ। ਕਾਜ਼ੀ ਅਬਦੁਲ ਰਜ਼ਾਕ ਨੇ ਫਤਵਾ ਦਿੱਤਾ ਹੈ:
Ḕਖਾਨ ਕਹਯੋ ਹੋਹੁ ਮੁਸਲਮਾਨ,
ਤਬ ਛੋਡੈਂਗੇ ਤੁਮਰੀ ਜਾਨ।’
ਸੁਣਦੇ ਹੀ ਭਾਈ ਮਨੀ ਸਿੰਘ ਨੇ ਉਤਰ ਦਿੱਤਾ:
Ḕਸਿੰਘ ਨੇ ਕਹਯੋ ਹਮ ਸਿਦਕ ਨਾ ਹਾਰੇ,
ਕਈ ਜਨਮ ਸਿਦਕ ਸੋ ਗਾਰੈ।’
ਕਾਜ਼ੀ ਨੇ ਗੁੱਸੇ ਵਿਚ ਸਜ਼ਾ ਸੁਣਾਈ:
Ḕਬੰਦ ਬੰਦ ਸਿੰਘ ਮਨੀ ਕਰਾਵੋ।’
ਪਰ ਭਾਈ ਮਨੀ ਸਿੰਘ ਦਾ ਸਿੱਖੀ ਸਿਦਕ ਅਡੋਲ ਸੀ। ਉਨ੍ਹਾਂ ਨੇ ਹੱਸਦਿਆਂ ਕਿਹਾ:
Ḕਮੈਂ ਬੰਦ-ਬੰਦ ਅਬ ਚਹੋਂ ਕਟਾਯਾ॥
ਇਮ ਕਹਿ ਕੇ ਉਨ ਇਮੈ ਅਲਾਯਾ॥
ਅਬ ਪੈਸੇ ਪੇ ਕੁਛ ਨਾਹੀ॥
ਲੈ ਜਾਨ ਹਮਰੀ ਨਕਦੀ ਮਾਹੀ॥’
ਦੀਨ ਨਾ ਮੰਨਣ ਕਾਰਨ ਜੱਲਾਦ ਭਾਈ ਸਾਹਿਬ ਨੂੰ ਨਖਾਸ ਚੌਕ ਵੱਲ ਲੈ ਤੁਰੇ। ਏਨੇ ‘ਚ ਲਾਹੌਰੀ ਸਿੱਖ ਰੁਪਏ ਇਕੱਠੇ ਕਰਕੇ ਲੈ ਆਏ। ਉਹ ਪੈਸੇ ਅਦਾ ਕਰਕੇ ਭਾਈ ਸਾਹਿਬ ਨੂੰ ਛੁਡਾਉਣਾ ਚਾਹੁੰਦੇ ਸਨ ਪਰ ਭਾਈ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ, Ḕਜੇਕਰ ਤੁਸੀਂ ਮੈਨੂੰ ਇਸ ਸਮੇਂ ਛੁਡਾ ਲਵੋਗੇ ਤਾਂ ਇਹ ਫਿਰ ਕਿਸੇ ਨਾ ਕਿਸੇ ਬਹਾਨੇ ਮੈਨੂੰ ਮਾਰ ਦੇਣਗੇ, ਕਿਉਂਕਿ ਇਨ੍ਹਾਂ ਦੀ ਨੀਅਤ ਬਦਨੀਅਤ ਹੋ ਚੁੱਕੀ ਹੈ। ਸੰਗਤ ਦੇ ਬੇਹੱਦ ਜ਼ੋਰ ਦੇਣ ‘ਤੇ ਉਨ੍ਹਾਂ ਨੇ ਅੱਗੋਂ ਫੁਰਮਾਇਆ, Ḕਮੈਂ ਨਾਸ਼ਵਾਨ ਸਰੀਰ ਨੂੰ ਧਰਮ ਦੇ ਲੇਖੇ ਲਾ ਰਿਹਾ ਹਾਂ। ਇਸ ਲਈ ਸੰਗਤ ਨੂੰ ਖੁਸ਼ ਹੋਣਾ ਚਾਹੀਦਾ ਹੈ।’
ਜਲਾਦਾਂ ਨੇ ਆਪਣਾ ਕੰਮ ਅਰੰਭ ਕਰ ਦਿੱਤਾ। ਉਹ ਸਰੀਰ ਦੇ ਸਿਰਫ ਚਾਰ ਟੁਕੜੇ ਕਰਨਾ ਚਾਹੁੰਦੇ ਸਨ ਪਰ ਭਾਈ ਸਾਹਿਬ ਨੇ ਉਨ੍ਹਾਂ ਨੂੰ ਹੁਕਮ ਦਿੱਤਾ, Ḕਬੰਦ ਬੰਦ ਕੱਟੋ। ਸਭ ਤੋਂ ਪਹਿਲਾਂ ਉਂਗਲਾਂ ਦੇ ਸਾਰੇ ਜੋੜ ਕੱਟੋ, ਫਿਰ ਪਹੁੰਚਾ, ਕੂਹਣੀ ਅਤੇ ਮੋਢਾ। ਇਸੇ ਤਰ੍ਹਾਂ ਦੂਜੀ ਬਾਂਹ ਅਤੇ ਦੋਵਾਂ ਟੰਗਾਂ ਨੂੰ ਕੱਟੋ। ਆਪਣੇ ਕਾਜ਼ੀ ਦੇ ਹੁਕਮ ਦੀ ਪੂਰੀ-ਪੂਰੀ ਤਾਮੀਲ ਕਰੋ।’
ਜ਼ਾਲਮਾਂ ਨੇ 28 ਨਵੰਬਰ 1739 ਈ: ਨੂੰ ਲਾਹੌਰ ਦੇ ਮਸਤੀ ਦਰਵਾਜ਼ੇ ਦੇ ਬਾਹਰ ਭਾਈ ਸਾਹਿਬ ਦੇ ਸਰੀਰ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ। ਇਸੇ ਲਈ ਸਿੱਖ ਆਪਣੀ ਅਰਦਾਸ ‘ਚ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।
ਇਨ੍ਹਾਂ ਦੀ ਪਾਵਨ ਯਾਦ ‘ਚ ਲਾਹੌਰ ਸ਼ਹਿਰ ਦੇ ਸ਼ਾਹੀ ਕਿਲ੍ਹੇ ਦੇ ਕੋਲ Ḕਗੁਰਦੁਆਰਾ ਸ਼ਹੀਦ ਗੰਜ ਸਾਹਿਬ’ ਮੌਜੂਦ ਹੈ।
ਹੁਣ ਪ੍ਰਸ਼ਨ ਹੈ ਕਿ ਸਿੱਖਾਂ ਲਈ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਅਤੇ ਭਾਈ ਮਨੀ ਸਿੰਘ ਦੀ ਸ਼ਹੀਦੀ, ਦੋਵੇਂ ਇਕ ਸਮਾਨ ਹਨ? ਇਸ ਦਾ ਉਤਰ ਇਹ ਹੈ ਕਿ ਗੁਰਬਾਣੀ ਖੁਸ਼ੀ ਅਤੇ ਗਮੀ ਦੋਵਾਂ ਨੂੰ ਸਮਾਨ ਸਮਝਣ ਦਾ ਉਪਦੇਸ਼ ਦਿੰਦੀ ਹੈ। ਨੌਵੀਂ ਪਾਤਸ਼ਾਹੀ ਦਾ ਫੁਰਮਾਨ ਹੈ:
ਸੁਖੁ ਦੁਖੁ ਦੋਨੋਂ ਸਮ ਕਰਿ ਜਾਨੈ ਆਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗ ਤਤੁ ਪਛਾਨਾ॥੧॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥
ਉਪਰੋਕਤ ਦੋ ਇਤਿਹਾਸਕ ਘਟਨਾਵਾਂ ਦੇ ਫਲਸਰੂਪ ਸਿੱਖ ਹਰ ਵਰ੍ਹੇ ਦੀਵਾਲੀ ਪੁਰਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅਤਿਅੰਤ ਸ਼ਰਧਾ, ਪ੍ਰੇਮ ਅਤੇ ਉਤਸ਼ਾਹਪੂਰਵਕ ਮਨਾਉਂਦੇ ਹਨ।