‘ਟਿੱਪ’ ਲੇਖ ਪਰਦੇਸਾਂ ਵਿਚ ਨਿੱਕੀਆਂ-ਨਿੱਕੀਆਂ ਖੁਸ਼ੀਆਂ ਦੇ ਜਸ਼ਨਾਂ ਦਾ ਜ਼ਿਕਰ ਹੈ। ਲੇਖਕ ਹਰਪ੍ਰੀਤ ਸੇਖਾ ਨੇ ਪਰਦੇਸਾਂ ਵਿਚ ਕਮਾਈਆਂ ਖਾਤਰ ਗਏ ਜਿਊੜਿਆਂ ਦੇ ਮਨਾਂ ਦੀ ਗਹਿਰਾਈ ਵਿਚੋਂ ਇਹ ਕਥਾ ਬਿਆਨ ਕੀਤੀ ਹੈ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ।
‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ
ਹਰਪ੍ਰੀਤ ਸਿੰਘ ਸੇਖਾ
ਮੈਂ ਬਾਗੋ-ਬਾਗ ਸੀ। ਇੱਕ ਘੰਟੇ ਵਿਚ ਹੀ ਸੱਤਰ ਡਾਲਰ ਬਣ ਗਏ ਸਨ। ਇਸ ਤਰ੍ਹਾਂ ਕਦੇ-ਕਦੇ ਹੀ ਹੁੰਦਾ ਹੈ। ਸਵਾਰੀ ਨੂੰ ਏਅਰਪੋਰਟ ‘ਤੇ ਲਾਹ ਕੇ ਮੈਂ ਵੀਡਸ* ਵੱਲ ਟੈਕਸੀ ਮੋੜ ਲਈ। ਸੋਚਿਆ ਕਿ ਹੁਣ ਭਾਵੇਂ ਏਅਰਪੋਰਟ ਤੋਂ ਟ੍ਰਿੱਪ ਦੀ ਕੁਝ ਉਡੀਕ ਵੀ ਕਰਨੀ ਪੈ ਜਾਵੇ ਤਾਂ ਕੋਈ ਚੱਕਰ ਨਹੀਂ। ਜੇ ਇਹ ਚੰਗਾ ਟ੍ਰਿੱਪ ਨਾ ਲੱਗਦਾ ਤਾਂ ਸ਼ਾਇਦ ਮੈਂ ਏਅਰਪੋਰਟ ‘ਤੇ ਨਾ ਹੀ ਰੁਕਦਾ, ਡਾਊਨ-ਟਾਊਨ ਮੁੜ ਜਾਂਦਾ। ਏਅਰਪੋਰਟ ‘ਤੇ ਕਈ ਵਾਰੀ ਉਡੀਕ ਕੁਝ ਜ਼ਿਆਦਾ ਹੀ ਲੰਮੀ ਹੋ ਜਾਂਦੀ ਹੈ। ਉਤਨੇ ਚਿਰ ‘ਚ ਅਗਲਾ ਡਾਊਨ-ਟਾਊਨ ਵਾਪਸ ਮੁੜ ਕੇ ਵੀ ਦੋ ਟ੍ਰਿੱਪ ਲਾ ਲੈਂਦਾ ਹੈ। ਹੁਣ ਜਦੋਂ ਇੱਕ ਟ੍ਰਿੱਪ ਨੇ ਹੀ ਧੰਨ-ਧੰਨ ਕਰਾ ਦਿੱਤੀ ਸੀ ਤਾਂ ‘ਕਿਉਂ ਵਾਧੂ ਦੀ ਭੱਜ-ਨੱਠ ਕਰਨੀ ਆ। ਵੀਡਸ ‘ਚ ਜਾ ਕੇ ਗੱਲਾਂ ਸੁਣਦੇ ਆਂ’, ਇਹ ਸੋਚ ਕੇ ਮੈਂ ਉਥੇ ਹੀ ਰੁਕ ਗਿਆ।
ਇਹ ਟ੍ਰਿੱਪ ਬਰਾਡਵੇ ‘ਤੇ ਓਕ ਸਟਰੀਟ ਨੇੜਿਓਂ ਮਿਲਿਆ ਸੀ। ਜਦੋਂ ਟੈਕਸੀ ਏਅਰਪੋਰਟ ਵਾਲੇ ‘ਆਰਥਰਲੇਇੰਗ ਬ੍ਰਿੱਜ’ ਉਤੇ ਪੁੱਜੀ ਤਾਂ ਸਵਾਰੀ ਜੇਬਾਂ ਟਟੋਲਣ ਲੱਗੀ। ਮੈਨੂੰ ਉਹ ਕੁਝ ਘਬਰਾਇਆ ਲੱਗਾ। ਫਿਰ ਉਸ ਨੇ ਆਪਣੇ ਹੱਥ ਵਾਲੇ ਥੈਲੇ ਨੂੰ ਖੋਲ੍ਹ ਕੇ ਦੇਖਿਆ। “ਮੈਂ ਆਪਣਾ ਪਾਸਪੋਰਟ ਘਰ ਭੁੱਲ ਆਇਆਂ”, ਉਸ ਨੇ ਕਿਹਾ। ਮੇਰੇ ਚਿੱਤ ‘ਚ ਇਕਦਮ ਆਇਆ, ‘ਬਣ’ਗੀ ਗੱਲ।’ ਉਹ ਫਿਰ ਬੋਲਿਆ, “ਮੇਰੀ ਉਡਾਣ ‘ਚ ਡੇਢ ਘੰਟਾ ਹੀ ਰਹਿੰਦੈ, ਇੰਨੇ ਚਿਰ ‘ਚ ਆਪਾਂ ਪਾਸਪੋਰਟ ਲਿਆ ਸਕਦੇ ਆਂ?”
“ਫਿਕਰ ਨਾ ਕਰ।” ਆਖਦਿਆਂ ਮੈਂ ਟੈਕਸੀ ਤੇਜ਼ ਕਰ ਦਿੱਤੀ। ਟੈਕਸੀ ਮੈਂ ਵਾਪਸ ਉਸ ਦੇ ਟਿਕਾਣੇ ਵੱਲ ਮੋੜ ਦਿੱਤੀ। ਜਦੋਂ ਵੀ ਟੈਕਸੀ ਕਿਸੇ ਲਾਲ ਬੱਤੀ ‘ਤੇ ਰੁਕਦੀ, ਉਸ ਦੀ ਚਿੰਤਾ ਵਧ ਜਾਂਦੀ। ਮੈਂ ਉਸ ਨੂੰ ਧਰਵਾਸਾ ਦਿੰਦਾ ਤੇ ਬੱਤੀ ਦੇ ਹਰੀ ਹੁੰਦਿਆਂ ਹੀ ਟੈਕਸੀ ਨੂੰ ਆਸੇ-ਪਾਸੇ ਦੀ ਦੂਜੇ ਵਾਹਨਾਂ ਤੋਂ ਮੂਹਰੇ ਕੱਢਣ ਦੀ ਕੋਸ਼ਿਸ਼ ਕਰਦਾ ਜਾਂ ਇਸ ਦਾ ਦਿਖਾਵਾ ਕਰਦਾ ਤਾਂ ਕਿ ਉਸ ਦਾ ਚਿੱਤ ਜ਼ਿਆਦਾ ਕਾਹਲਾ ਨਾ ਪਵੇ। ਕਿਰਾਏ ਵਾਲਾ ਮੀਟਰ ਤੇਜ਼ੀ ਨਾਲ ਹਿੰਦਸੇ ਬਦਲ ਰਿਹਾ ਸੀ। ਚੋਰੀਂ ਉਸ ਵੱਲ ਵੇਖ ਮੈਨੂੰ ਖੁਸ਼ੀ ਹੁੰਦੀ। ਇਕ ਵਾਰ ਮੇਰੀ ਨਜ਼ਰ ਮੀਟਰ ਤੋਂ ਝੱਟ ਬਾਅਦ ਉਸ ਵੱਲ ਹੋਈ। ਉਸ ਦਾ ਚਿੰਤਾਗ੍ਰਸਤ ਚਿਹਰਾ ਦੇਖ ਮੈਨੂੰ ਆਪਣੀ ਖੁਸ਼ੀ ਕਮੀਨਗੀ ਲੱਗੀ। ਸ਼ਾਇਦ ਮੈਂ ਆਪਣੀਆਂ ਨਜ਼ਰਾਂ ਵਿਚ ਹੀ ਦੁਬਾਰਾ ਉਠਣਾ ਚਾਹੁੰਦਾ ਸੀ, ਮੈਂ ਕਿਹਾ, “ਟੈਕਸੀ ਦੇ ਕਿਰਾਏ ਦਾ ਫਿਕਰ ਨਾ ਕਰੀਂ। ਜੇ ਤੂੰ ਚਾਹੇਂ ਤਾਂ ਜਦੋਂ ਪੰਜਾਹ ਡਾਲਰ ਹੋ ਗਏ, ਮੈਂ ਮੀਟਰ ਬੰਦ ਕਰ ਦਿਆਂਗਾ।” ਮੇਰਾ ਅੰਦਾਜ਼ਾ ਸੀ ਕਿ ਮੀਟਰ ‘ਤੇ ਪੰਜਾਹ ਤੋਂ ਸੱਠ ਡਾਲਰ ਦੇ ਵਿਚਕਾਰ ਚੱਲਣਗੇ।
“ਓਹ, ਧੰਨਵਾਦ। ਕਿਰਾਏ ਦੀ ਸਮੱਸਿਆ ਨਹੀਂ। ਮੇਰਾ ਫਿਕਰ ਤਾਂ ਉਡਾਣ ਖੁੰਝਣ ਦਾ ਹੈ।”
“ਫਿਕਰ ਨਾ ਕਰ। ਮੈਂ ਪੂਰੀ ਵਾਹ ਲਾਊਂਗਾ ਕਿ ਤੈਨੂੰ ਸਮੇਂ ਸਿਰ ਏਅਰਪੋਰਟ ‘ਤੇ ਪਹੁੰਚਾ ਦੇਵਾਂ।”
ਤੇ ਜਦੋਂ ਟੈਕਸੀ ਏਅਰਪੋਰਟ ‘ਤੇ ਪਹੁੰਚੀ ਤਾਂ ਉਸ ਦੀ ਉਡਾਣ ਵਿਚ ਹਾਲੇ ਪੌਣਾ ਘੰਟਾ ਰਹਿੰਦਾ ਸੀ। ਮੀਟਰ ‘ਤੇ ਚਰਵੰਜਾ ਡਾਲਰ ਤੇ ਕੁਝ ਸੈਂਟ ਚੱਲੇ ਸਨ। ਉਸ ਨੇ ਸੱਤਰ ਡਾਲਰ ਦੇ ਕੇ ਘੁੱਟ ਕੇ ਹੱਥ ਮਿਲਾਇਆ ਤੇ ਤਿੰਨ-ਚਾਰ ਵਾਰ “ਥੈਂਕ ਯੂ” ਕਿਹਾ।
ਚੰਗੇ ਟ੍ਰਿੱਪ ਦੇ ਨਾਲ-ਨਾਲ ਟਿੱਪ ਵਜੋਂ ਮਿਲੇ ਪੰਦਰਾਂ-ਸੋਲਾਂ ਡਾਲਰ ਮੈਨੂੰ ਖੁਸ਼ੀ ਦੇ ਰਹੇ ਸਨ; ਤੇ ਇਕ ਉਹ ਦਿਨ ਵੀ ਸੀ, ਜਦੋਂ ਟਿੱਪ ਕਰ ਕੇ ਮੈਂ ਹੀਣਾ-ਹੀਣਾ ਮਹਿਸੂਸ ਕੀਤਾ ਸੀ।
ਟੈਕਸੀ ਚਲਾਉਣ ਦੇ ਪਹਿਲੇ ਦਿਨ ਸ਼ਾਇਦ ਉਹ ਟ੍ਰਿੱਪ ਵੀ ਪਹਿਲਾ ਹੀ ਸੀ, ਇਕ ਸਵਾਰੀ ਨੇ ਪੰਜਾਹ ਸੈਂਟ ਬਕਾਏ ਦੇ ਵਾਪਸ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਸੀ, “ਕੀਪ ਦਾ ਚੇਂਜ।” ਮੈਨੂੰ ਆਪਣਾ-ਆਪ ਅਦਨਾ ਜਿਹਾ ਲੱਗਾ ਸੀ। ਜਿਵੇਂ ਕੋਈ ਕੁਲੀ ਨੂੰ ਸਮਾਨ ਚੁਕਾਉਣ ਤੋਂ ਬਾਅਦ ਇਨਾਮ ਵਜੋਂ ਚੁਆਨੀ-ਅਠਿਆਨੀ ਦੇ ਦੇਵੇ। ਮੇਰਾ ਜੀਅ ਕੀਤਾ ਸੀ ਕਿ ਗੋਲ਼ੀ ਮਾਰਾਂ ਇਸ ‘ਕੁੱਤੇ ਕੰਮ’ ਨੂੰ; ਪਰ ਗੋਲ਼ੀ ਮਾਰੀ ਨਹੀਂ ਸੀ ਗਈ। ਤੇ ਹੁਣ ਉਹੀ ਟਿੱਪ ਮੈਨੂੰæææ।
ਇਸ ਟਿੱਪ ਦੀ ਖੁਸ਼ੀ ਦਾ ਪ੍ਰਗਟਾਵਾ ਮੈਥੋਂ ਅਚੇਤ ਹੀ ਵੀਡਸ ਵਿਚ ਮਿਲੇ ਬਰਨਬੀ ਸ਼ਹਿਰ ਦੀ ਬੌਨੀਜ਼ ਟੈਕਸੀ ਵਾਲੇ ਇਕ ਜਾਣੂ ਕੋਲ ਹੋ ਗਿਆ। ਵੀਡਸ ਵਿਚ ਪਹੁੰਚ ਕੇ ਮੈਂ ਟੈਕਸੀ ਲਾਈਨ ਵਿਚ ਲਾ ਕੇ ਬਾਹਰ ਨਿਕਲ ਆਇਆ। ਉਥੇ ਇਸ ਗੱਲ ਦੀ ਮੌਜ ਹੁੰਦੀ ਹੈ ਕਿ ਟੈਕਸੀ ਵਿਚ ਬੈਠਣਾ ਨਹੀਂ ਪੈਂਦਾ। ਵੱਡੀ ਸਾਰੀ ਸਕਰੀਨ ‘ਤੇ ਲਿਖਿਆ ਆ ਜਾਂਦਾ ਹੈ ਕਿ ਟਰਮੀਨਲ ‘ਤੇ ਐਨੀਆਂ ਟੈਕਸੀਆਂ ਚਾਹੀਦੀਆਂ ਹਨ। ਟੈਕਸੀਆਂ ਵਾਰੀ ਸਿਰ ਤੁਰੀਆਂ ਜਾਂਦੀਆਂ ਹਨ। ਜਦੋਂ ਵਾਰੀ ਨੇੜੇ ਆਉਂਦੀ ਦਿਸੇ, ਉਦੋਂ ਆ ਕੇ ਟੈਕਸੀ ਵਿਚ ਬੈਠ ਜਾਵੋ। ਉਤਨਾ ਚਿਰ ਕਈ ਡਰਾਈਵਰਾਂ ਦੇ ਕਮਰੇ ਵਿਚ ਬੈਠ ਕੇ ਤਾਸ਼ ਕੁੱਟਣ ਲੱਗਦੇ ਹਨ। ਕਈ ਮੁਸਲਮਾਨ ਡਰਾਈਵਰ ਕਮਰੇ ਦੇ ਕੋਨੇ ਵਿਚ ਵਲ਼ੀ ਵਲਗਣ ਵਿਚ ਬੈਠ ਨਮਾਜ਼ ਪੜ੍ਹਦੇ ਹਨ। ਕਈ ਸੈਰ ਕਰ ਲੈਂਦੇ ਹਨ। ਮੈਂ ਲੱਤਾਂ ਸਿੱਧੀਆਂ ਕਰਨ ਲਈ ਟੈਕਸੀ ਵਿਚੋਂ ਬਾਹਰ ਨਿਕਲਿਆ ਹੀ ਸੀ ਕਿ ਮੇਰਾ ਉਹ ਜਾਣੂ ਆਪਣੀ ਟੈਕਸੀ ‘ਚੋਂ ਨਿਕਲਦਾ ਬੋਲਿਆ, “ਕਿਵੇਂ ਆ ਬਿਜਨਸ ਵੈਨਕੂਵਰ? ਆਇਆ ਸੂਤ?”
“ਬਿਜਨਸ ਤਾਂ ਐਸਾ-ਵੈਸਾ ਈ ਆ, ਪਰ ਮੇਰਾ ਸੂਤ ਲੱਗ ਗਿਆ।” ਮੇਰੇ ਮੂੰਹੋਂ ਅਚੇਤ ਈ ਨਿਕਲ ਗਿਆ। ਮੈਂ ਕੋਸ਼ਿਸ਼ ਕਰਦਾ ਹੁੰਨਾਂ ਕਿ ਚੰਗੇ ਟ੍ਰਿੱਪ ਦੀ ਬਹੁਤੀ ਡੌਂਡੀ ਨਾ ਪਿੱਟਾਂ। ਇਸ ਤਰ੍ਹਾਂ ਜਿਸ ਦਾ ਉਸ ਦਿਨ ਮੰਦਾ ਰਿਹਾ ਹੋਵੇ, ਉਸ ਦੀ ਤਕਲੀਫ ਵਧ ਜਾਂਦੀ ਹੈ। ਮੇਰੇ ਆਪਣੇ ਨਾਲ ਇਸ ਤਰ੍ਹਾਂ ਕਈ ਵਾਰੀ ਹੁੰਦਾ ਕਿ ਜਦੋਂ ਕਿਸੇ ਦਿਨ ਆਪਣਾ ਠੀਕ ਨਾ ਲੱਗਾ ਹੋਵੇ ਤੇ ਮੂਹਰੋਂ ਕੋਈ ਆਪਣੇ ‘ਸੂਤ’ ਲੱਗੇ ਦੀਆਂ ਫੜ੍ਹਾਂ ਮਾਰਨ ਲੱਗ ਪਵੇ, ਤਾਂ ਉਹ ਵਿਉਹ ਵਰਗਾ ਲੱਗਦਾ ਹੈ।
“ਥੋਡਾ ਕਿਵੇਂ ਆ?” ਮੈਂ ਪੁੱਛਿਆ।
“ਮੇਰਾ ਵੀ ਠੀਕ ਆ ਅੱਜ। ਆਹ ਤੀਹਾਂ ਦਾ ਟ੍ਰਿੱਪ ਸੀ ਪੈਂਤੀ ਦੇ ਗਿਆ।”
ਫਿਰ ਮੈਂ ਆਪਣੇ ਇਸ ਟ੍ਰਿੱਪ ਬਾਰੇ ਉਸ ਨੂੰ ਦੱਸਣ ਲੱਗ ਪਿਆ। ਸੁਣ ਕੇ ਉਹ ਬੋਲਿਆ, “ਮੈਨੂੰ ਵੀ ਦੋ ਕੁ ਵਾਰੀ ਮਿਲਿਆ ਇੱਦਾਂ ਦਾ ਟ੍ਰਿੱਪ। ਆਮ ਨਾਲੋਂ ਜ਼ਿਆਦਾ ਟਿੱਪ ਦੇਣਗੇ ਇਹੋ ਜੇ ਮੌਕੇ। ਦੇਣੀ ਬਣਦੀ ਵੀ ਐ, ਕਿ ਨਹੀਂ? ਆਪਾਂ ਵੀ ਤਾਂ ਖਤਰਾ ਮੁੱਲ ਲੈ ਕੇ ਸਪੀਡ ਵਧਾ ਦਿੰਨੇ ਆਂ।”
“ਗੋਰੇ ਈ ਟਿੱਪ ਦਿੰਦੇ ਆ। ਕਾਲੇ ਹੋਏ, ਚੀਨੇ ਹੋਏ, ਇਹ ਨਾ ਟਿੱਪ ਦੇ’ਗੇ।” ਸਾਡੇ ਨਾਲ ਤਿੰਨ ਡਰਾਈਵਰ ਹੋਰ ਆ ਰਲੇ। ਉਨ੍ਹਾਂ ‘ਚੋਂ ਇੱਕ ਬੋਲਿਆ।
“ਤੇ ਆਪਣੇ?” ਦੂਜਾ ਬੋਲਿਆ ਜਿਹੜਾ ਸ਼ਾਇਦ ਨਵਾਂ ਡਰਾਈਵਰ ਸੀ। ਉਸ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ।
“ਆਪਣੇ ਤਾਂ ਪਹਿਲੀ ਗੱਲ ਟੈਕਸੀ ਲੈਂਦੇ ਹੀ ਨ੍ਹੀਂ; ਜੇ ਲੈ ਲੈਣ, ਛੋਟ ਕਰਨ ਨੂੰ ਤਾਂ ਭਾਵੇਂ ਆਖ ਦੇਣ!” ਪਹਿਲਾ ਬੋਲਿਆ।
“ਸਾਰੇ ਇੱਕੋ ਜਿਹੇ ਨੀ ਹੁੰਦੇ, ਯਾਰ। ਵੱਖੋ-ਵੱਖਰੇ ਕਲਚਰ ਆ। ਐਧਰਲੇ ਜੰਮੇ-ਪਲੇ ਤਾਂ ਆਪਣੇ ਵੀ ਹੁਣ ਬਥੇਰੇ ਟੈਕਸੀ ਲੈ ਲੈਂਦੇ ਆ।” ਬੌਨੀਜ਼ ਵਾਲਾ ਬੋਲਿਆ।
“ਵੇਲੇ-ਕੁਵੇਲੇ ਇੰਡੀਆ ਤੋਂ ਆਏ ਵੀ ਲੈ ਲੈਂਦੇ ਆ। ਹਾਲੇ ਪਿਛਲੇ ਹਫਤੇ ਈ ਮੇਰੇ ਨਾਲ ਚੜ੍ਹਿਆ ਇੱਕ।” ਤੀਜਾ ਬੋਲਿਆ।
“ਕਿਰਾਇਆ ਦੇ ਗਿਆ ਸੀ?” ਪਹਿਲੇ ਨੇ ਕਿਹਾ।
ਤੀਜਾ ਥੋੜ੍ਹਾ ਜਿਹਾ ਹੱਸਿਆ ਤੇ ਫਿਰ ਬੋਲਿਆ, “ਉਹਨੂੰ ਵਿਚਾਰੇ ਨੂੰ ਟੈਕਸੀ ਮਜਬੂਰੀ ‘ਚ ਲੈਣੀ ਪਈ। ਕੁੜੀ ਕੁਛ ਘਰੇ ਭੁੱਲ’ਗੀ ਉਹਦੀ, ਤੇ ਉਹਨੇ ਏਅਰਪੋਰਟ ‘ਤੇ ਫੜਾਉਣ ਜਾਣਾ ਸੀ ਕੁੜੀ ਨੂੰ। ਬੈਠਣ ਸਾਰ ਹੀ ਦੱਸਣ ਲੱਗ ਪਿਆ ਕਿ ਕਿਵੇਂ ਸਾਰੇ ਕੰਮਾਂ ‘ਤੇ ਗਏ ਹੋਣ ਕਰ ਕੇ ਉਸ ਨੂੰ ਟੈਕਸੀ ਲੈਣੀ ਪਈ ਜਿਵੇਂ ਕਿਸੇ ਗੁਨਾਹ ਦੀ ਸਫਾਈ ਦੇ ਰਿਹਾ ਹੋਵੇ। ਫਿਰ ਉਹ ਸਕੀਰੀਆਂ ਜੀਆਂ ਕੱਢਣ ਲੱਗ ਪਿਆ। ਮੇਰੇ ਚਿੱਤ ‘ਚ ਆਈ ਕਿ ਆਖ ਦਿਆਂ, ਕਾਹਨੂੰ ਬਜ਼ੁਰਗਾ ਐਵੇਂ ਔਖਾ ਹੁੰਨੈ, ਨਾ ਦੇਈਂ ਕਰਾਇਆ। ਊਂ ਵੀ ਆਪਣੇ ਬੰਦੇ ਤੋਂ ਕਿਰਾਇਆ ਫੜਦਿਆਂ ਈ ਸੰਗ ਜੀ ਆਉਂਦੀ ਆ। ਫੇਰ ਉਹ ਚਿੰਤਾ ਜੀ ਕਰਨ ਲੱਗ ਪਿਆ, ਬਈ ਕੁੜੀ ਦੀ ਫਲੈਟ ਨਾ ਨੰਘ ਜੇ। ਮੈਂ ਸਪੀਡ ਚੱਕ’ਤੀ, ਸੋਚਿਆ ਬਈ ਨਹੀਂ ਤਾਂ ਸਾਲੇ ਨੇ ਕੰਨ ਖਾਈ ਜਾਣੇ ਆ। ਨਾਲੇ ਕੋਈ ਸੱਚੀਂ ਨਾ ਸਕੀਰੀ ਕੱਢ ਲੇ, ਪਰ ਕਰਾਇਆ ਦੇ ਗਿਆ ਪੂਰਾ।”
“ਟਿੱਪ-ਟੁੱਪ ਦੇ ਗਿਆ ਸੀ?” ਮੈਂ ਪੁੱਛਿਆ।
“ਕਰਾਇਆ ਤਾਂ ਪੂਰਾ ਈ ਦਿੱਤਾ, ਸਗੋਂ ਮੈਂ ਛੱਡੇ ਉਹਨੂੰ ਉਤਲੇ ਸੈਂਟ, ਪਰ ਜਾਂਦਾ ਜਾਂਦਾ ‘ਸੀਸ ਦੇ ਗਿਆ। ਕਹਿੰਦਾ, ਸ਼ਾਬਾਸ਼ੇ, ਜਿਉਂਦਾ ਰਹਿ।”
“ਸ਼ਾਬਾਸ਼ੇ ਨਾਲ ਟੈਕਸੀ ਦੀ ਟੈਂਕੀ ਭਰ’ਗੀ ਸੀ ਗੈਸ ਨਾਲ?” ਪਹਿਲਾ ਹੱਸ ਕੇ ਬੋਲਿਆ। ਅਸੀਂ ਵੀ ਹੱਸ ਪਏ।
*ਵੀਡਸ: ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ‘ਤੇ ਵਾਰੀ ਦੀ ਉਡੀਕ ਵਿਚ ਟੈਕਸੀਆਂ ਖੜ੍ਹਾਉਣ ਵਾਲੀ ਥਾਂ ਕੱਚੀ ਹੁੰਦੀ ਸੀ। ਉਥੇ ਘਾਹ-ਫੂਸ ਉਗਿਆ ਹੁੰਦਾ ਸੀ। ਉਦੋਂ ਡਰਾਈਵਰ ਇਸ ਥਾਂ ਨੂੰ ਵੀਡਸ ਆਖਦੇ। ਹੁਣ ਇਹ ਜਗ੍ਹਾ ਬਜਰੀ ਵਿਛਾ ਕੇ ਪੱਕੀ ਕਰ ਦਿੱਤੀ ਗਈ ਹੈ। ਇਕ ਵੱਡ-ਅਕਾਰੀ ਸਕਰੀਨ ਲੱਗ ਚੁੱਕੀ ਹੈ ਅਤੇ ਡਰਾਈਵਰਾਂ ਦੇ ਬੈਠਣ-ਉਠਣ ਲਈ ਵਧੀਆ ਇਮਾਰਤ ਵੀ ਬਣ ਗਈ ਹੈ, ਪਰ ਵਜਦੀ ਇਹ ਜਗ੍ਹਾ ਹਾਲੇ ਵੀ ਵੀਡਸ ਹੀ ਹੈ।