ਕੁਲਦੀਪ ਕੌਰ
ਫਿਲਮਸਾਜ਼ ਸਈਦ ਅਖਤਰ ਮਿਰਜ਼ਾ ਦੀ ਚਰਚਾ ਉਨ੍ਹਾਂ ਦੀਆਂ ਫਿਲ਼ਮਾਂ ਦੇ ਅਜੀਬੋ-ਗਰੀਬ ਨਾਮਾਂ ਕਰ ਕੇ ਹੁੰਦੀ ਰਹੀ ਹੈ। ‘ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ’, ‘ਅਲਬ੍ਰਿੰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ?, ‘ਸਲੀਮ ਲੰਗੜੇ ਪੇ ਮਤ ਰੋ’, ਅਤੇ ‘ਮੋਹਨ ਜੋਸ਼ੀ ਹਾਜ਼ਿਰ ਹੋ’ ਵਰਗੀਆਂ ਫਿਲਮਾਂ ਬਣਾਉਣ ਵਾਲੇ ਮਿਰਜ਼ਾ ਫਿਲਮ ਬਣਾਉਣ ਨੂੰ ਸਮਾਜਕ ਬੇਇਨਸਾਫੀਆਂ ਖਿਲਾਫ ਗੁੱਸੇ ਦਾ ਜ਼ਰੂਰੀ ਪ੍ਰਗਟਾਵਾ ਮੰਨਦੇ ਹਨ।
ਉਨ੍ਹਾਂ ਅਨੁਸਾਰ ਫਿਲਮ ਅਤੇ ਸਾਹਿਤ ਦੋਵੇਂ ਵਿਚਾਰ ਦੀ ਉਪਜ ਹਨ। ਫਿਲਮ ‘ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’ ਵਿਚਲਾ ਮੈਕੇਨਿਕ (ਨਸੀਰੂਦੀਨ ਸ਼ਾਹ) ਕਿਵੇਂ ਇੱਕ ਨਿੱਜੀ ਸਪੇਸ ਤੋਂ ਬਾਹਰ ਆਪਣੀ ਸਮੂਹਿਕ ਸਪੇਸ ਤਲਾਸ਼ਦਾ ਹੈ, ਇਹ ਸਭਿਅਤਾ ਅਤੇ ਵਿਚਾਰ ਵਿਚਲੇ ਰਿਸ਼ਤੇ ਦੀ ਤਲਾਸ਼ ਹੈ। ਮਿਰਜ਼ਾ ਦੇ ਪਿਤਾ ਅਖਤਰ ਮਿਰਜ਼ਾ ‘ਨਯਾ ਦੌਰ’ ਅਤੇ ‘ਵਕਤ’ ਵਰਗੀਆਂ ਫਿਲਮਾਂ ਦੇ ਲੇਖਕ ਸਨ। ਘਰ ਵਿਚ ਹਰ ਭਾਸ਼ਾ ਦੀਆਂ ਕਿਤਾਬਾਂ ਮੌਜੂਦ ਸਨ, ਖਾਸ ਤੌਰ ‘ਤੇ ਜਿਹੜੀਆਂ ਪੁਰਾਤਨ ਸਭਿਆਤਾਵਾਂ ਦੀਆਂ ਕਹਾਣੀਆਂ ਸੁਣਾਉਦੀਆਂ ਸਨ। ਇਨ੍ਹਾਂ ਕਹਾਣੀਆਂ ਨੇ ਉਨ੍ਹਾਂ ਦੀਆਂ ਫਿਲਮਾਂ ਦੇ ਕਿਰਦਾਰ ਘੜੇ।
ਉਨ੍ਹਾਂ ਦੀ ਸਭ ਤੋਂ ਚਰਚਿਤ ਫਿਲਮ ‘ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’ ਉਨ੍ਹਾਂ ਦੀ ਆਪ ਲਿਖੀ ਫਿਲਮ ਹੈ। ਫਿਲਮ ਦਾ ਮੁੱਖ ਕਿਰਦਾਰ ਪਿੰਟੋ ਨਾਮ ਦਾ ਕੈਥੋਲਿਕ ਹੈ ਜੋ ਪੇਸ਼ੇ ਤੋਂ ਮਕੈਨਿਕ ਹੈ ਤੇ ਆਪਣੇ ਪਰਿਵਾਰ ਨਾਲ ਬੰਬਈ ਵਿਚ ਰਹਿ ਰਿਹਾ ਹੈ। ਉਹ ਸਟੈਲਾ ਨਾਮ ਦੀ ਕੁੜੀ ਨੂੰ ਪਿਆਰ ਕਰਦਾ ਹੈ ਜਿਸ ਨੂੰ ਉਹ ਆਪਣੇ ਰਾਤੋ-ਰਾਤ ਅਮੀਰ ਹੋਣ ਦੇ ਸੁਪਨਿਆਂ ਵਿਚ ਉਲਝਾਈ ਰੱਖਦਾ ਹੈ। ਅਮੀਰ ਹੋਣ ਲਈ ਉਹ ਅਮੀਰ ਗਾਹਕਾਂ ਦੀ ਚਮਚਾਗਿਰੀ ਕਰਦਾ ਹੈ ਤਾਂ ਕਿ ਉਹ ਉਸ ਨੂੰ ਅਮੀਰ ਹੋਣ ਦੇ ਸਸਤੇ ਨੁਸਖੇ ਦੇ ਦੇਣ।
ਪਿੰਟੋ ਦਾ ਘਰ ਉਨ੍ਹਾਂ ਦਿਨਾਂ ਵਿਚ ਵਿਚਾਰਾਂ ਦਾ ਅਖਾੜਾ ਬਣਿਆ ਹੋਇਆ ਹੈ। ਉਸ ਦਾ ਪਿਤਾ ਮਿੱਲ ਵਿਚ ਕਾਮਾ ਹੈ। ਉਨ੍ਹਾਂ ਹੀ ਦਿਨਾਂ ਵਿਚ ਮੁੰਬਈ ਵਿਚ ਮਿੱਲ ਕਾਮਿਆਂ ਦੀ ਹੜਤਾਲ ਹੋ ਜਾਂਦੀ ਹੈ ਜਿਹੜੀ ਮੰਦਵਾੜੇ ਕਾਰਨ ਹਜ਼ਾਰਾਂ ਕਾਮਿਆਂ ਦੇ ਰਾਤੋ-ਰਾਤ ਬੇਰੁਜ਼ਗਾਰ ਹੋਣ ਕਾਰਨ ਮੌਕੇ ਦੀ ਜ਼ਰੂਰਤ ਹੈ। ਪਿਤਾ ਦਿਨੋ-ਦਿਨ ਹੜਤਾਲ ਦੀ ਸਿਆਸੀ ਆਰਥਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁੱਤਰ ਲਈ ਉਹ ਹਾਰੀ ਹੋਈ ਜੰਗ ਲੜ ਰਿਹਾ ਇਨਸਾਨ ਹੈ। ਹਾਲਾਤ ਦੀ ਮਾਰ ਹੇਠ ਆਏ ਇਸ ਪਰਿਵਾਰ ਦਾ ਛੋਟਾ ਮੁੰਡਾ ਨਿਰਾਸ਼ਾ ਦੇ ਹਾਲਾਤ ਵਿਚ ਜੁਰਮਾਂ ਦੀ ਦੁਨੀਆਂ ਚੁਣ ਲੈਂਦਾ ਹੈ। ਜਦੋਂ ਪਿੰਟੋ ਆਪਣੇ ਛੋਟੇ ਭਰਾ ਨੂੰ ਜੇਲ੍ਹ ਜਾਂਦਿਆਂ ਅਤੇ ਪਿਤਾ ਨੂੰ ਘੁਮੰਡੀ ਅਮੀਰ ਹੱਥੋਂ ਜ਼ਲੀਲ ਹੁੰਦਿਆਂ ਤੱਕਦਾ ਹੈ ਤਾਂ ਉਸ ਨੂੰ ਆਪਣਾ ਸੱਚ ਦਿਸਣਾ ਸ਼ੁਰੂ ਹੁੰਦਾ ਹੈ। ਉਸ ਦੇ ਨਿੱਜਵਾਦ ਨੂੰ ਹੁਣ ਤੱਕ ਹਵਾ ਦੇ ਰਹੇ ਉਸ ਦੇ ਹਮਪਿਆਲਾ ਅਮੀਰ ਗਾਹਕ ਉਸ ਦੇ ਸੱਚ ਨੂੰ ਮੂਰਖਤਾ ਕਰਾਰ ਦੇਣਾ ਸ਼ੁਰੂ ਕਰ ਦਿੰਦੇ ਹਨ। ਉਸ ਨੂੰ ਆਪਣੇ ਪਿਤਾ ਦੀ ਸਮਝ ਆਉਂਣੀ ਸ਼ੁਰੂ ਹੋ ਜਾਂਦੀ ਹੈ। ਘੱਟ-ਗਿਣਤੀ ਵਰਗ ਨਾਲ ਸਬੰਧਿਤ ਹੋਣ ਦੀਆਂ ਵਿਸੰਗਤੀਆਂ ਸਮਝ ਆਉਣ ਲੱਗਦੀਆਂ ਹਨ। ਗਰੀਬ ਬੰਦੇ ਦੀ ਜ਼ਿੰਦਗੀ ਦੀ ਜ਼ਲਾਲਤ ਦਾ ਵਰਗ-ਵੰਡ ਨਾਲ ਰਿਸ਼ਤਾ ਸਮਝ ਪੈਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਇਹ ਵੀ ਸਮਝ ਆ ਜਾਂਦਾ ਹੈ ਕਿ ਬੰਦੇ ਦੀ ਨਿੱਜ ਦੀ ਸਫਲਤਾ ਦਾ ਅਰਥ ਉਸ ਦੇ ਸਮਾਜ ਦੀ ਸਫਲਤਾ ਨਾਲ ਜੁੜ ਕੇ ਹੀ ਬਣਦਾ ਹੈ।
ਇਸ ਫਿਲਮ ਦਾ ਨਿਰਮਾਣ ਨੈਸ਼ਨਲ ਫਿਲਮ ਫਾਂਇਨਾਸ ਦੁਆਰਾ ਕੀਤਾ ਗਿਆ ਸੀ ਤੇ ਇਸ ਨੂੰ ਕੌਮੀ ਪੁਰਸਕਾਰ ਵੀ ਪ੍ਰਾਪਤ ਹੋਇਆ। ਇਹ ਫਿਲਮ ਸੁਹਜ ਅਤੇ ਕਲਾ ਦੇ ਪੱਖ ਤੋਂ ਉਸ ਦੌਰ ਵਿਚ ਬਣ ਰਹੀਆਂ ਫਿਲਮਾਂ ਨਾਲੋਂ ਕਾਫੀ ਵੱਖਰੀ ਸੀ। ਫਿਲਮ ਦਾ ਇੱਕ ਪੱਖ ਇਸ ਦੁਆਰਾ ਐਂਗਲੋ-ਇੰਡੀਅਨ ਭਾਈਚਾਰੇ ਦੇ ਤਤਕਾਲੀ ਹਾਲਾਤ ਨੂੰ ਪਰਦੇ ‘ਤੇ ਲੈ ਕੇ ਆAਂਣਾ ਸੀ। ਫਿਲਮ ਭਾਵੇਂ ਘੱਟ ਬਜਟ ਵਿਚ ਬਣੀ ਸੀ ਪਰ ਇਸ ਦਾ ਤਕਨੀਕੀ ਪੱਖ ਕਮਾਲ ਦਾ ਸੀ। ਫਿਲਮ ਵਿਚ ਦਿਖਾਇਆ ਬਿਰਤਾਂਤ ਸਿਆਸੀ ਤੇ ਸਮਾਜਕ ਰੰਗ ਵਾਲਾ ਸੀ। ਫਿਲਮ ਦੇ ਜ਼ਿਆਦਾਤਰ ਕਲਾਕਾਰ ਫਿਲਮ ਅਤੇ ਟੀæਵੀæ ਸੰਸਥਾ ਪੁਣੇ ਨਾਲ ਜੁੜੇ ਹੋਏ ਸਨ। ਫਿਲਮ ਦੇ ਪਟਕਥਾ ਲੇਖਕ ਕੁੰਦਨ ਸ਼ਾਹ ਸਨ।