ਅਸਫਲਤਾ ਦੀ ਸ਼ਾਨ:ਆਲੀਆ ਬਨਾਮ ਆਲੀਆ

ਜਗਜੀਤ ਸਿੰਘ ਸੇਖੋਂ
ਮਾਸੂਮ ਚਿਹਰੇ ਵਾਲੀ ਕਾਮਯਾਬ ਅਦਾਕਾਰਾ ਆਲੀਆ ਭੱਟ ਦੀ ਫਿਲਮ ‘ਸ਼ਾਨਦਾਰ’ ਆਪਣੀ ਸ਼ਾਨ ਕਾਇਮ ਨਹੀਂ ਰੱਖ ਸਕੀ ਹੈ। ਇਹ ਫਿਲਮ ਫਲਾਪ ਤਾਂ ਰਹੀ ਹੀ ਹੈ, ਅਦਾਕਾਰੀ ਪੱਖੋਂ ਵੀ ਇਸ ਫਿਲਮ ਦੀ ਵਾਹਵਾ ਨੁਕਤਾਚੀਨੀ ਹੋਈ ਹੈ। ਆਲੀਆ ਨੇ 1999 ਵਿਚ ਆਈ ਫਿਲਮ ‘ਸੰਘਰਸ਼’ ਵਿਚ ਬਾਲ ਕਲਾਕਾਰ ਵਜੋਂ ਫਿਲਮ ਜਗਤ ਵਿਚ ਦਾਖਲਾ ਲਿਆ ਸੀ, ਪਰ 2012 ਵਿਚ ਫਿਲਮ ‘ਸਟੂਡੈਂਟ ਆਫ ਦਿ ਯੀਅਰ’ ਨਾਲ ਉਸ ਨੇ ਫਿਲਮ ਜਗਤ ਵਿਚ ਪੂਰੇ ਧੜੱਲੇ ਨਾਲ ਦਾਖਲਾ ਲਿਆ ਸੀ।

ਹੁਣ ਉਸ ਨੂੰ ਪਹਿਲੀ ਵਾਰ ਨਾਕਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਉਹ ‘ਹਾਈਵੇਅ’, ‘ਟੂ ਸਟੇਟਸ’, ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਆਦਿ ਫਿਲਮਾਂ ਨਾਲ ਆਪਣੀ ਅਦਾਕਾਰੀ ਦਾ ਡੰਕਾ ਵਜਾ ਚੁੱਕੀ ਹੈ। ‘ਹਾਈਵੇਅ’ ਨਾਲ ਉਸ ਦੀ ਬੜੀ ਚੜ੍ਹਤ ਹੋਈ ਸੀ। ਉਂਜ ਆਲੀਆਂ ਨੇ ‘ਸ਼ਾਨਦਾਰ’ ਦੀ ਨਾਕਾਮੀ ਨੂੰ ਬੜੀ ਸ਼ਾਨ ਨਾਲ ਸਵੀਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਜਿਸ ਢੰਗ ਨਾਲ ਅੰਬਰ ਵਿਚ ਕਾਮਯਾਬੀ ਦੀ ਉਡਾਣ ਭਰ ਰਹੀ ਸੀ, ਇਕ ਨਾ ਇਕ ਦਿਨ ਤਾਂ ਇਕ ਵਾਰ ਹੇਠਾਂ ਆਉਣਾ ਹੀ ਸੀ, ਪਰ ਇਸ ਨਾਲ ਉਸ ਦੀ ਲਗਨ ਵਿਚ ਕੋਈ ਫਰਕ ਨਹੀਂ ਪਿਆ ਹੈ। ਕਾਮਯਾਬੀ ਅਤੇ ਨਾਕਾਮਯਾਬੀ ਇਕੋ ਸਿੱਕੇ ਦੇ ਦੋ ਪਹਿਲੂ ਹਨ।
ਅਗਲੇ ਸਾਲ ਆਲੀਆ ਭੱਟ ਦੀਆਂ ਦੋ ਫਿਲਮਾਂ ਰਿਲੀਜ਼ ਹੋਣੀਆਂ ਹਨ: ‘ਉੜਤਾ ਪੰਜਾਬ’ ਅਤੇ ‘ਕਪੂਰ ਐਂਡ ਸੰਨਜ਼’। ‘ਉੜਤਾ ਪੰਜਾਬ’ ਵਿਚ ਉਸ ਨਾਲ ਕਰੀਨਾ ਕਪੂਰ ਖਾਨ ਅਤੇ ਸ਼ਾਹਿਦ ਕਪੂਰ ਵੀ ਹਨ ਅਤੇ ਫਿਲਮ ‘ਕਪੂਰ ਐਂਡ ਸੰਨਜ਼’ ਵਿਚ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਤੇ ਸਿਧਾਰਥ ਮਲਹੋਤਰਾ ਉਸ ਦੇ ਸਾਥੀ ਕਲਾਕਾਰ ਹਨ। ਇਸ ਤੋਂ ਇਲਾਵਾ ਉਹ ਵਰੁਣ ਧਵਨ, ਸ਼ਾਹਰੁਖ ਖਾਨ ਅਤੇ ਰਣਬੀਰ ਕਪੂਰ ਨਾਲ ਤਿੰਨ ਫਿਲਮਾਂ ਕਰ ਰਹੀ ਹੈ। ਇਨ੍ਹਾਂ ਫਿਲਮਾਂ ਦੇ ਨਾਂ ਅਜੇ ਰੱਖੇ ਨਹੀਂ ਗਏ ਅਤੇ ਇਨ੍ਹਾਂ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। ਆਲੀਆ ਦੀ ਕਾਮਯਾਬੀ ਦੇ ਸਿਰ ਉਤੇ ਜਬੌਂਗ ਡੌਟ ਕੌਮ ਨੇ ਉਸ ਨਾਲ ਰਲ ਕੇ ਔਰਤਾਂ ਲਈ ਕੱਪੜਿਆਂ ਦੀ ਸੀਰੀਜ਼ ਆਰੰਭ ਕੀਤੀ ਹੈ। ਅਜਿਹੇ ਕਾਰੋਬਾਰਾਂ ਤੋਂ ਇਲਾਵਾ ਆਲੀਆ ਚੈਰਿਟੀ ਦੇ ਕੰਮ ਵੀ ਕਰਦੀ ਰਹਿੰਦੀ ਹੈ।