ਸੱਚ ਦੀਆਂ ਸੂਹਾਂ

ਮੈਨ ਬੁੱਕਰ ਪੁਰਸਕਾਰ ਨੂੰ ਅੰਗਰੇਜ਼ੀ ਸਾਹਿਤ ਦੇ ਖੇਤਰ ਦਾ ਨੋਬੇਲ ਪੁਰਸਕਾਰ ਮੰਨਿਆ ਜਾਂਦਾ ਹੈ। ਇਸੇ ਲਈ ਇਸ ਪੁਰਸਕਾਰ ਦੇ ਜੇਤੂ ਦੇ ਨਾਮ ਦੇ ਐਲਾਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਇਸ ਸਾਲ ਇਹ ਪੁਰਸਕਾਰ ਜਮਾਇਕਨ ਨਾਵਲਕਾਰ ਮੈਰਲਨ ਜੇਮਜ਼ ਦੇ ਹਿੱਸੇ ਆਇਆ ਹੈ।

ਜੇਮਜ਼ ਨੂੰ ਇਹ ਐਜਾਜ਼ ਉਸ ਦੇ ਨਾਵਲ ‘ਏ ਬ੍ਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼’ (ਸੱਤ ਹੱਤਿਆਵਾਂ ਦਾ ਸੰਖੇਪ ਇਤਿਹਾਸ) ਲਈ ਮਿਲਿਆ ਹੈ।
ਇਸ ਨਾਵਲ ਦਾ ਨਾਮ ਇਸ ਦੇ ਇਤਿਹਾਸਕ ਕਿਤਾਬ ਹੋਣ ਦਾ ਪ੍ਰਭਾਵ ਪਾਉਂਦਾ ਹੈ। ਇਹ ਨਾਟਕੀ ਜਾਂ ਚੌਂਕਾਉਣ ਵਾਲਾ ਨਾਮ ਨਹੀਂ। ਇਸ ਦੇ ਬਾਵਜੂਦ ਇਹ ਨਾਵਲ ਸੱਚਮੁੱਚ ਹੀ ਸ਼ਾਨਦਾਰ ਹੈ। ਇਹ ਮੌਲਿਕ ਹੈ, ਪਾਠਕ ਨੂੰ ਟੁੰਬਦਾ ਹੈ, ਇਸ ਦੀ ਲੇਖਣ ਸ਼ੈਲੀ ਬਾਕਮਾਲ ਹੈ। ਇਸ ਨਾਵਲ ਦੇ ਪਾਤਰ, ਇਸ ਦਾ ਕਥਾਨਕ ਅਤੇ ਉਸ ਨਾਲ ਜੁੜੇ ਸੱਚ ਇਸ ਨਾਵਲ ਨੂੰ ਯਾਦਗਾਰੀ ਬਣਾਉਂਦੇ ਹਨ। ਇਹ ਨਾਵਲ ਅਗਲੇ 20 ਸਾਲ ਵੀ ਲੋਕਾਂ ਵਿਚ ਮਕਬੂਲ ਬਣਿਆ ਰਹੇਗਾ ਜਾਂ ਨਹੀਂ? ਇਸ ਸਵਾਲ ਦਾ ਜਵਾਬ ਤਾਂ ਭਾਵੇਂ ਭਵਿੱਖ ਦੇਵੇਗਾ, ਪਰ ਇਕ ਗੱਲ ਜ਼ਰੂਰ ਹੈ ਕਿ ਇਹ ਨਾਵਲ ਸ਼ਕਤੀਸ਼ਾਲੀ ਸਾਹਿਤ ਦੀ ਮਿਸਾਲ ਉਮਦਾ ਹੈ।
ਇਸ ਨਾਵਲ ਦੀ ਮੌਲਿਕਤਾ ਇਸ ਗੱਲ ਵਿਚ ਹੈ ਕਿ ਇਸ ਵਿਚ ਜਮਾਇਕਨ ਜੀਵਨ ਦਾ ਬਾਖੂਬੀ ਚਿਤਰਨ ਕੀਤਾ ਗਿਆ ਹੈ। ਇਸ ਦੀ ਸੁਰ ਤੇ ਸਰੂਪ ਯਥਾਰਥਵਾਦੀ ਹੈ ਅਤੇ ਇਸ ਦੇ ਸਾਰੇ ਪਾਤਰ ਵੀ ਆਮ ਜ਼ਿੰਦਗੀ ਦਾ ਹਿੱਸਾ ਹੋਣ ਦੇ ਪ੍ਰਭਾਵ ਦਿੰਦੇ ਹਨ। ਨਾਵਲ 1970ਵਿਆਂ ਦੇ ਜਮਾਇਕਾ ਦੀ ਕਹਾਣੀ ਪੇਸ਼ ਕਰਦਾ ਹੈ। ਇਸ ਦੇ ਪਾਤਰਾਂ ਵਿਚ ਅਪਰਾਧੀ ਗਰੋਹ ਦੇ ਮੈਂਬਰ, ਵੇਸਵਾਵਾਂ, ਜਾਸੂਸ, ਸਿਆਸਤਦਾਨ ਤੇ ਬੌਬ ਮਾਰਲੀ ਨਾਮੀ ਮਸ਼ਹੂਰ ਗਾਇਕ ਸ਼ਾਮਲ ਹਨ। ਕਥਾਨਕ 3 ਦਸੰਬਰ, 1976 ਨੂੰ ਵਾਪਰੀ ਘਟਨਾ ਨਾਲ ਸਬੰਧਤ ਹੈ। ਇਹ ਘਟਨਾ ਸਮੁੱਚੇ ਕੈਰੇਬੀਅਨ ਖਿੱਤੇ ਦੇ ਇਤਿਹਾਸ ਵਿਚ ਹੋਈਆਂ ਸਭ ਤੋਂ ਵੱਧ ਹਿੰਸਕ ਚੋਣਾਂ ਤੋਂ ਕੁਝ ਦਿਨ ਪਹਿਲਾਂ ਘਟੀ। ਬੌਬ ਮਾਰਲੀ ਨੇ ਜਮਾਇਕਾ ਵਿਚੋਂ ਸਿਆਸੀ ਤਣਾਅ ਖ਼ਤਮ ਕਰਨ ਲਈ ਸੰਗੀਤ ਸਮਾਰੋਹ ਵਿਚ ਭਾਗ ਲੈਣ ਦਾ ਫੈਸਲਾ ਕੀਤਾ ਸੀ। ਇਸ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਦੋ ਦਿਨ ਪਹਿਲਾਂ ਸੱਤ ਬੰਦੂਕਧਾਰੀਆਂ ਨੇ ਬੌਬ ਮਾਰਲੀ ਦੇ ਘਰ ਉਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਮਾਰਲੀ ਸਖ਼ਤ ਫੱਟੜ ਹੋ ਗਿਆ। ਉਸ ਦੀ ਪਤਨੀ, ਮੈਨੇਜਰ, ਅਤੇ ਕਈ ਹੋਰ ਲੋਕ ਵੀ ਜ਼ਖ਼ਮੀ ਹੋ ਗਏ।
ਉਸ ਸਮੇਂ ਭਾਵੇਂ ਇਹ ਚਰਚਾ ਚੱਲੀ ਕਿ ਇਹ ਹਮਲਾ ਸਿਆਸਤ ਤੋਂ ਪ੍ਰੇਰਿਤ ਸੀ, ਪਰ ਅਸਲ ਸੱਚਾਈ ਬਹੁਤੀ ਵਾਰ ਕੁਝ ਨਵੇਂ ਵੀ ਕਾਰਨ ਸਾਹਮਣੇ ਲਿਆਉਂਦੀ ਹੈ। ਹਮਲਾਵਰ ਕੌਣ ਸਨ, ਇਹ ਸਵਾਲ ਅਜੇ ਵੀ ਭੇਤ ਬਣਿਆ ਹੋਇਆ ਹੈ। ਬੌਬ ਮਾਰਲੀ ਆਪ ਵੀ ਬਹੁਤੇ ਦਿਨ ਨਹੀਂ ਜੀਵਿਆ। ਉਹ ਦੋ ਸਾਲਾਂ ਬਾਅਦ ਦਮ ਤੋੜ ਗਿਆ। ਇਹ ਸਾਰਾ ਦੁਖਾਂਤ ਅਤੇ ਹਮਲੇ ਨਾਲ ਜੁੜੇ ਭੇਤ ਕਿਸੇ ਵੀ ਗਲਪ ਲੇਖਕ ਲਈ ਬਿਹਤਰੀਨ ਵਿਸ਼ਾ-ਵਸਤੂ ਸਾਬਤ ਹੋ ਸਕਦੇ ਸਨ, ਪਰ ਕਿਸੇ ਵੀ ਸਮਕਾਲੀ ਲੇਖਕ ਨੇ ਇਸ ਕਹਾਣੀ ਨੂੰ ਹੱਥ ਨਹੀਂ ਪਾਇਆ। ਹੁਣ ਮੈਰਲਨ ਜੇਮਜ਼ ਵਰਗੇ ਪ੍ਰਤਿਭਾਸ਼ਾਲੀ ਲੇਖਕ ਨੇ ਇਸ ਕਹਾਣੀ ਨੂੰ ਯਾਦਗਾਰੀ ਨਾਵਲ ਵਿਚ ਬਦਲ ਦਿੱਤਾ ਹੈ। ਜੇਮਜ਼ ਨੇ ਨਾਵਲ ਦੇ ਮੁਖ ਬੰਦ ਵਿਚ ਲਿਖਿਆ ਹੈ- “ਇਹ ਸੱਚੀ ਕਹਾਣੀ ਦਾ ਕਾਲਪਨਿਕ ਪੁਨਰ-ਕਥਨ ਹੈ। ਮੈਨੂੰ ਯਕੀਨ ਹੈ ਕਿ ਜੇਕਰ ਬੌਬ ਮਾਰਲੀ ਜਿਉਂਦਾ ਹੁੰਦਾ ਤਾਂ ਉਸ ਨੇ ਇਸ ਘਟਨਾਵਲੀ ਦਾ ਬਿਆਨ ਉਸੇ ਢੰਗ ਨਾਲ ਹੀ ਕਰਨਾ ਸੀ ਜਿਵੇਂ ਮੈਂ ਮੈਰਲਨ ਜੇਮਜ਼ ਨੇ ਕੀਤਾ ਹੈ।”
‘ਏ ਬ੍ਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼’ ਵਿਚ ਜਿਸ ਅੰਦਾਜ਼ ਨਾਲ ਪੂਰੀ ਘਟਨਾਵਲੀ ਰਚੀ ਗਈ ਹੈ, ਉਹ ਪਾਠਕ ਨੂੰ ਜ਼ਰਾ ਵੀ ਉਚਾਟ ਨਹੀਂ ਹੋਣ ਦਿੰਦਾ। ਇਸੇ ਹੀ ਤਰਜ਼ ਦੇ, ਪਰ ਸਮੇਂ, ਸਥਾਨ ਤੇ ਪਾਤਰਾਂ ਪੱਖੋਂ ਵੱਖਰੇ ਵਿਸ਼ਾ-ਵਸਤੂ ਵਾਲਾ ਇਕ ਹੋਰ ਨਾਵਲ ‘ਸਵੀਟ ਸੌਰ’ (ਮਿੱਠਾ-ਖੱਟਾ) ਡੇਢ ਦਹਾਕਾ ਪਹਿਲਾਂ ਮਾਰਕੀਟ ਵਿਚ ਆਇਆ ਸੀ। ਤਿਮੋਥੀ ਮੋਅ ਵੱਲੋਂ ਲਿਖੇ ਗਏ ਉਸ ਨਾਵਲ ਵਿਚ ਲੰਡਨ ਵਿਚਲੇ ਚੀਨੀ ਗਰੋਹਾਂ ਦੀਆਂ ਸਰਗਰਮੀਆਂ ਦਾ ਬਿਰਤਾਂਤ ਪੇਸ਼ ਕੀਤਾ ਗਿਆ ਸੀ। ਇਸ ਨਾਵਲ ਨੂੰ ਵੀ ਉਦੋਂ ਬੁੱਕਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਪੁਰਸਕਾਰ ਇਸ ਦੇ ਹਿੱਸੇ ਨਹੀਂ ਸੀ ਆਇਆ। ‘ਏ ਬ੍ਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼’ ਵਿਚ ਲੇਖਣੀ ਦਾ ਮਿਆਰ ਤਿਮੋਥੀ ਮੋਅ ਦੇ ਮਿਆਰ ਤੋਂ ਕਿਤੇ ਉੱਚਾ ਹੈ। ਇਸੇ ਕਾਰਨ ਇਹ ਇਸ ਸਾਲ ਦੇ ਮੈਨ ਬੁੱਕਰ ਪੁਰਸਕਾਰ ਦਾ ਹੱਕਦਾਰ ਬਣਿਆ।
-ਨਵਚੇਤਨ ਸਿੰਘ