ਪਰਵਾਸੀ ਅਤੇ ਪੰਜਾਬੀ ਸਭਿਆਚਾਰ

ਗੁਰਦਿਆਲ ਸਿੰਘ
ਫੋਨ: 707-554-4087
ਪੰਜਾਬੀ ਲੋਕ ਵੱਡੀ ਗਿਣਤੀ ਵਿਚ ਕੈਨੇਡਾ, ਅਮਰੀਕਾ ਤੇ ਹੋਰ ਕਈ ਮੁਲਕਾਂ ਵਿਚ ਵਸੇ ਹੋਏ ਹਨ। ਆਰਥਕ ਤੰਗੀ ਕਰਕੇ ਆਪਣਾ ਮੁਲਕ ਛੱਡਣਾ ਉਨ੍ਹਾਂ ਦੀ ਮਜਬੂਰੀ ਹੈ। ਕਰਜ਼ੇ ਦੀ ਮਾਰ ਹੇਠ ਆਇਆ ਕਿਸਾਨ ਖੁਦਕੁਸ਼ੀ ਵਿਚ ਹੀ ਮੁਕਤੀ ਦਾ ਰਾਹ ਦੇਖ ਰਿਹਾ ਹੈ। ਬੇਰੁਜ਼ਗਾਰੀ ਤੋਂ ਦੁਖੀ ਹੋਇਆ ਪੰਜਾਬੀ ਨੌਜਵਾਨ ਦਿਨ-ਰਾਤ ਪਰਦੇਸ ਜਾਣ ਦੇ ਸੁਪਨੇ ਲੈਂਦਾ ਹੈ। ਉਹ ਨਸ਼ਿਆਂ ਵਿਚ ਡੁੱਬ ਕੇ ਆਪਣੀ ਦਿਮਾਗੀ ਪਰੇਸ਼ਾਨੀ ਦੂਰ ਕਰਨਾ ਚਾਹੁੰਦਾ ਹੈ। ਪੰਜਾਬ ਸਰਕਾਰ ਧਰਮ ਦਾ ਜਾਪ ਕਰ ਕੇ, ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ।

ਲੋਕਾਂ ਦੀ ਨਾਸਮਝੀ, ਅਨਪੜ੍ਹਤਾ, ਵਹਿਮ-ਭਰਮ, ਗੁਲਾਮੀ ਵਾਲੀ ਜ਼ਿਹਨੀਅਤ, ਸਰਕਾਰੀ ਤਾਕਤ ਨੂੰ ਨਿੱਤ ਨਵਾਂ ਜੀਵਨ ਬਖਸ਼ਦੀ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਅਤੇ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਸਾਬਤ ਕਰਦੀ ਹੈ ਕਿ ਵਿਦਿਆ ਤੇ ਸਿਹਤ ਦੇ ਖੇਤਰ ਵਿਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਲਈ ਕੋਈ ਪਹਿਲ ਨਹੀਂ।
ਸਰਕਾਰੀ ਮਹਿਕਮਿਆਂ ਵਿਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਮਾਲ, ਪੁਲਿਸ ਅਤੇ ਪੀæਡਬਲਿਊæਡੀæ ਦੇ ਮਹਿਕਮੇ ਤਾਂ ਪਹਿਲਾਂ ਹੀ ਬਦਨਾਮ ਸਨ, ਹੁਣ ਤਾਲੀਮ ਅਤੇ ਸਿਹਤ ਮਹਿਕਮੇ ਵੀ ਇਸ ਚੋਰ-ਬਰਾਦਰੀ ਦੇ ਮੈਂਬਰ ਬਣ ਚੁੱਕੇ ਹਨ। ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਲਕ ਤੇ ਪ੍ਰਬੰਧਕ, ਕੀੜੇਮਾਰ ਦਵਾਈਆਂ ਦੇ ਸਕੈਂਡਲ ਵਿਚ ਮੁਜਰਮਾਂ ਦੀ ਕਤਾਰ ਵਿਚ ਖੜ੍ਹੇ ਹਨ। ਮੈਡੀਕਲ, ਇੰਜੀਨੀਅਰਿੰਗ ਤੇ ਨਰਸਿੰਗ ਸੰਸਥਾਵਾਂ ਨਕਲ ਮਰਵਾ ਕੇ ਜਾਅਲੀ ਡਿਗਰੀਆਂ ਵੰਡਣ ਉਤੇ ਲੱਗੀਆਂ ਹੋਈਆਂ ਹਨ। ਜੋ ਕੁਝ ਅੱਜ ਪੰਜਾਬ ਵਿਚ ਹੋ ਰਿਹਾ ਹੈ, ਇਸ ਦਾ ਅਸਰ ਪੱਛਮੀ ਮੁਲਕਾਂ ਵਿਚ ਵੱਸਦੇ ਪੰਜਾਬੀਆਂ ਨੂੰ ਵੀ ਕਮਜ਼ੋਰ ਕਰਦਾ ਹੈ। ਹਕੀਕਤ ਇਹ ਹੈ ਕਿ ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਆਦਿ ਮੁਲਕਾਂ ਵਿਚ ਰਹਿਣ ਵਾਲੇ ਪੰਜਾਬੀ ਦਿਨੋ-ਦਿਨ ਬੁਰਾਈ ਦੀ ਇਸ ਨਵੀਂ ਸਭਿਅਤਾ ਵਿਚ ਜਕੜੇ ਜਾ ਰਹੇ ਹਨ। ਟਰੱਕਾਂ ਦੇ ਡਰਾਈਵਰ ਹੁਣ ਸੀæਐਚæਪੀæ ਦੀ ਸਕਰੀਨਿੰਗ ਲਿਸਟ ਉਤੇ ਆ ਚੁੱਕੇ ਹਨ। ਉਨ੍ਹਾਂ ਦੀਆਂ ਸਿੱਖੀ ਰਹਿਤ ਵਾਲੀਆਂ ਕਹਾਣੀਆਂ ਸੁਣਨ ਲਈ ਕੋਈ ਤਿਆਰ ਨਹੀਂ ਹੈ।
ਕੈਨੇਡਾ ਅਤੇ ਅਮਰੀਕਾ ਦੇ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕ ਕੋਰਟਾਂ-ਕਚਹਿਰੀਆਂ ਦੇ ਕਟਹਿਰਿਆਂ ਵਿਚ ਖੜ੍ਹੇ ਹਨ। ਗੁਰਦੁਆਰਿਆਂ ਦੇ ਬਹੁਤੇ ਪ੍ਰਬੰਧਕ ਅਨਪੜ੍ਹ ਹਨ। ਜੇ ਇਨ੍ਹਾਂ ਕੋਲ ਸਕੂਲੀ ਵਿਦਿਆ ਹੈ, ਤਾਂ ਉਹ ਗੁਰਮਤਿ ਗਿਆਨ ਤੋਂ ਸੱਖਣੇ ਹਨ। ਇਸ ਪੁਰਾਣੀ ਪੀੜ੍ਹੀ ਦਾ ਨਵੀਂ ਪੀੜ੍ਹੀ ਨੇ ਕੋਈ ਅਸਰ ਨਹੀਂ ਕਬੂਲਿਆ। ਨਵੀਂ ਪੀੜ੍ਹੀ ਦੇ ਮੁੰਡੇ-ਕੁੜੀਆਂ ਗੁਰਦੁਆਰਿਆਂ ਅੰਦਰ ਹੁੰਦੇ ਇਕੱਠਾਂ ਤੋਂ ਅਕਸਰ ਗੈਰ-ਹਾਜ਼ਰ ਰਹਿੰਦੇ ਹਨ। ਪੰਜਾਬੀ ਸਕੂਲਾਂ ਦੀ ਹੋਂਦ ਨੇ ਪੰਜਾਬੀ ਚਰਿੱਤਰ ਨੂੰ ਕੋਈ ਉਭਾਰ ਨਹੀਂ ਦਿੱਤਾ। ਗੁਰਦੁਆਰਾ ਪ੍ਰਬੰਧਕ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਸਦਾ ਹੀ ਗੁਰਮਤਿ ਦੀਆਂ ਗੱਲਾਂ ਕਰਦੇ ਹਨ ਅਤੇ ਹਰ ਹੀਲੇ ਆਪਣਾ ਰਸੂਖ ਵਰਤ ਕੇ ਪੰਜਾਬ ਤੋਂ ਰਾਗੀ, ਢਾਡੀ ਤੇ ਕਥਾਵਾਚਕ ਬੁਲਾਉਂਦੇ ਹਨ ਤੇ ਅਖਬਾਰਾਂ ਰਾਹੀਂ ਲੋਕਾਂ ਨੂੰ ਗੁਰਦੁਆਰੇ ਆਉਣ ਦਾ ਸੱਦਾ ਦਿੰਦੇ ਹਨ। ਕੁਝ ਵਿਚਾਰਕਾਂ ਨੂੰ ਛੱਡ ਕੇ ਬਹੁਤੇ ਬੋਲਣ ਵਾਲੇ ਪੁਰਾਣੀਆਂ ਗੱਲਾਂ, ਪੁਰਾਣੇ ਮਜ਼ਮੂਨ ਦੁਹਰਾ ਕੇ ਤੁਰਦੇ ਬਣਦੇ ਹਨ। ਪੰਜਾਬ ਤੋਂ ਆਏ ਇਨ੍ਹਾਂ ਸਿਆਣਿਆਂ ਨੂੰ ਇਥੋਂ ਦੀ ਨਵੀਂ ਪੀੜ੍ਹੀ ਨਾਲ ਕੋਈ ਮੋਹ ਨਹੀਂ। ਅੰਗਰੇਜ਼ੀ ਨਾ ਆਉਣ ਕਾਰਨ ਇਨ੍ਹਾਂ ਵਿਚਾਰਵਾਨਾਂ ਦਾ ਇਥੋਂ ਦੇ ਮੁਕਾਮੀ ਲੋਕਾਂ ਨਾਲ ਕੋਈ ਸੰਪਰਕ ਨਹੀਂ ਬਣਦਾ। ਗੁਰਦੁਆਰਿਆਂ ਵਿਚ ਆਪਣੀ ਵਾਹ-ਵਾਹ ਕਰਵਾ ਕੇ, ਆਪਣੇ ਆਉਣ ਦੀ ਫੀਸ ਇਕੱਠੀ ਕਰ ਕੇ, ਉਹ ਪਰਤ ਜਾਂਦੇ ਹਨ।
ਪੰਜਾਬ ਤੋਂ ਆਉਣ ਵਾਲੇ ਸਾਡੇ ਮਹਿਮਾਨਾਂ ਵਿਚ ਸਿਆਸੀ ਲੀਡਰਾਂ ਦੀ ਲੰਮੀ ਕਤਾਰ ਸ਼ਾਮਲ ਹੈ। ਇਨ੍ਹਾਂ ਕਾਂਗਰਸੀ ਅਤੇ ਅਕਾਲੀ ਲੀਡਰਾਂ ਦੇ ਮੁਕਾਮੀ ਗੁਰਦੁਆਰਿਆਂ ਵਿਚ ਅੱਡੇ ਬਣੇ ਹੋਏ ਹਨ। ਪੰਜਾਬ ਵਿਚ ਚੋਣਾਂ ਵੇਲੇ ਇਹ ਸਿਆਸੀ ਲੀਡਰ ਪੱਛਮ ਵੱਲ ਆਪਣੀ ਫੇਰੀ ਦਾ ਕੈਲੰਡਰ ਤਿਆਰ ਕਰਦੇ ਹਨ। ਕੈਨੇਡਾ ਤੇ ਅਮਰੀਕਾ ਦੇ ਗੁਰਦੁਆਰਿਆਂ ਵਿਚ ਵੀ ਕਾਂਗਰਸੀਆਂ ਤੇ ਅਕਾਲੀਆਂ ਦੇ ਕੁਲੈਕਸ਼ਨ ਦਫਤਰ ਖੁੱਲ੍ਹ ਜਾਂਦੇ ਹਨ। ਇਥੇ ਕੰਮ ਕਰ ਰਹੇ ਏਜੰਟਾਂ ਰਾਹੀਂ ਇਹ ਪਾਰਟੀਆਂ ਆਪਣੇ ਲਈ ਫੰਡ ਇਕੱਠੇ ਕਰਦੀਆਂ ਹਨ। ਇਹ ਦੋ ਪਾਰਟੀਆਂ ਆਪਣੇ ਏਜੰਟਾਂ ਜਾਂ ਦੂਜੇ ਦਾਨੀ ਪੁਰਸ਼ਾਂ ਲਈ ਪੰਜਾਬ ਵਿਚ ਕੀ ਕਰਦੀਆਂ ਹਨ, ਇਸ ਭੇਤ ਬਾਰੇ ਖੋਜ ਕਰਨ ਦੀ ਲੋੜ ਹੈ।
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਚੱਲ ਰਹੇ ਕਬੱਡੀ ਮੈਚਾਂ ਵਾਂਗ ਹੁਣ ਅਮਰੀਕਾ ਵਿਚ ਵੀ ਮੈਚ ਖੇਡੇ ਜਾਂਦੇ ਹਨ। ਅਮਰੀਕਾ ਵਿਚ ਹੋਣ ਵਾਲੇ ਮੈਚਾਂ ਦੇ ਪ੍ਰਬੰਧਕ, ਪੰਜਾਬ ਦੇ ਖੇਡ ਪ੍ਰਬੰਧਕਾਂ ਦੇ ਬਹੁਤ ਨੇੜੇ ਹਨ। ਇਨ੍ਹਾਂ ਪ੍ਰਬੰਧਕਾਂ ਉਤੇ ਨਸ਼ੇ ਵਰਤਣ ਤੇ ਵੇਚਣ ਦੇ ਕਥਿਤ ਦੋਸ਼ ਵੀ ਲੱਗੇ ਹਨ। ਅਮਰੀਕਾ ਵਿਚ ਸੈਕਰਾਮੈਂਟੋ, ਮਾਡੈਸਟੋ, ਫਰਿਜ਼ਨੋ ਤੇ ਲਾਸ ਏਂਜਲਸ ਨਸ਼ੇ ਦੇ ਵਪਾਰਕ ਅੱਡੇ ਹਨ। ਕੈਨੇਡਾ ਵਿਚ ਵੈਨਕੂਵਰ, ਸਰੀ ਅਤੇ ਟੋਰਾਂਟੋ ਇਸ ਘਿਨਾਉਣੇ ਵਪਾਰ ਦੇ ਸੈਂਟਰ ਹਨ। ਨਸ਼ੇ ਦੀ ਵਿਕਰੀ ਦਾ ਪੰਜਾਬੀ ਨੌਜਵਾਨਾਂ ਉਤੇ ਬੁਰਾ ਅਸਰ ਪੈ ਰਿਹਾ ਹੈ। ਨਸ਼ਿਆਂ ਕਰਕੇ ਖੁਦਕੁਸ਼ੀ ਦੇ ਵੀ ਕਈ ਕੇਸ ਸਾਹਮਣੇ ਆਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿਚ ਆਪਣਾ ਸਾਰਾ ਜ਼ੋਰ ਅਕਾਲੀ ਪਾਰਟੀ ਦੇ ਸਿਆਸੀ ਹਿੱਤਾਂ ਦੀ ਪੂਰਤੀ ਉਤੇ ਹੀ ਲਾਇਆ ਹੋਇਆ ਹੈ। ਧਾਰਮਕ ਪੱਖੋਂ ਪੰਥ ਪ੍ਰਚਾਰਕਾਂ ਦਾ ਸਿੱਖ ਜਗਤ ਉਤੇ ਕੋਈ ਅਸਰ ਨਹੀਂ ਜਾਪਦਾ। ਉਹ ਜ਼ੁਬਾਨੀ-ਕਲਾਮੀ ਕਹਾਣੀਆਂ ਸੁਣਾ ਕੇ ਲੋਕਾਂ ਦਾ ਬੱਸ ਮਨ-ਪ੍ਰਚਾਵਾ ਕਰਦੇ ਜਾਪਦੇ ਹਨ। ਸਿੱਖਾਂ ਵਿਚ ਪੜ੍ਹਨ-ਲਿਖਣ ਪ੍ਰਤੀ ਕੋਈ ਉਤਸ਼ਾਹ ਨਹੀਂ। ਸਕੂਲਾਂ, ਕਾਲਜਾਂ ਵਿਚ ਬਹੁਤੇ ਵਿਦਿਆਰਥੀਆਂ, ਮਾਸਟਰਾਂ ਜਾਂ ਪ੍ਰੋਫੈਸਰਾਂ ਨੂੰ ਲਾਇਬਰੇਰੀ ਵਿਚ ਬੈਠ ਕੇ ਪੜ੍ਹਨ-ਲਿਖਣ ਦਾ ਸ਼ੌਕ ਹੀ ਨਹੀਂ ਹੈ। ਬਹੁਤੇ ਸਕੂਲ-ਕਾਲਜ ਤਾਂ ਲਾਇਬਰੇਰੀਆਂ ਤੋਂ ਹੀ ਸੱਖਣੇ ਹਨ। ਬਹੁ-ਗਿਣਤੀ ਪੰਜਾਬੀ ਵਿਦਿਆਰਥੀ, ਅੰਗਰੇਜ਼ੀ ਵਿਚ ਇਕ ਫਿਕਰਾ ਵੀ ਲਿਖਣ ਜਾਂ ਬੋਲਣ ਦੇ ਕਾਬਲ ਨਹੀਂ। ਪੰਜਾਬੀ ਕਾਲਜਾਂ ਦੇ ਪੜ੍ਹੇ ਹੋਏ ਡਿਗਰੀ ਯਾਫਤਾ ਇੰਜੀਨੀਅਰ ਤੇ ਡਾਕਟਰ ਬਾਹਰਲੇ ਮੁਲਕਾਂ ਵਿਚ ਇਨ੍ਹਾਂ ਟੈਕਨੀਕਲ ਪੇਸ਼ਿਆਂ ਵਿਚ ਬੁਰੀ ਤਰ੍ਹਾਂ ਮਾਰ ਖਾ ਰਹੇ ਹਨ। ਪੰਜਾਬ ਵਿਚ ਪ੍ਰਾਈਵੇਟ ਕਾਲਜਾਂ ਦੀ ਨਵੀਂ ਪੌਧ, ਬਾਹਰ ਦੀਆਂ ਡੋਨੇਸ਼ਨਾਂ ਉਤੇ ਜਿਉਂਦੀ ਹੈ।
ਅਮਰੀਕਾ ਤੇ ਕੈਨੇਡਾ ਵਿਚ ਰਹਿਣ ਵਾਲੇ ਨਾਲਾਇਕ ਵਿਦਿਆਰਥੀ ਆਪਣੇ ਮਾਂ-ਪਿਉ ਦੀ ਕਮਾਈ ਨੂੰ ਇਨ੍ਹਾਂ ਕਾਲਜਾਂ ਵਿਚ ਦਫ਼ਨ ਕਰਦੇ ਹਨ। ਪੰਜਾਬ ਸਰਕਾਰ ਕਦੇ ਵੀ ਆਪਣੇ ਕਾਰ-ਵਿਹਾਰ ਵਿਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਗੱਲ ਨਹੀਂ ਕਰਦੀ। ਗੁਰਦੁਆਰਿਆਂ ਵਿਚ ਸਿੱਖ ਚਾਲ-ਚਲਣ ਬਾਰੇ ਕਦੇ ਕੋਈ ਬਹਿਸ ਨਹੀਂ ਛੇੜੀ ਜਾਂਦੀ। ਦਾਜ-ਦਹੇਜ, ਜਾਤ-ਪਾਤ, ਊਚ-ਨੀਚ, ਨਾਰੀ ਸ਼ੋਸ਼ਣ ਦੀਆਂ ਨਿੱਤ ਨਵੀਆਂ ਕਹਾਣੀਆਂ, ਸਾਡਾ ਅੱਜ ਦਾ ਪੰਜਾਬੀ ਸਭਿਆਚਾਰ ਹੈ। ਕੀ ਅਸੀਂ ਅਜਿਹੇ ਸਭਿਆਚਾਰ ਨੂੰ ਪੱਛਮ ਦੇ ਸੁਖੀ ਜੀਵਨ ਦੀ ਸਰਦਾਰੀ ਦੇਣਾ ਚਾਹੁੰਦੇ ਹਾਂ? ਕੀ ਅਸੀਂ ਸਮਗਲਰਾਂ, ਜੂਏਬਾਜ਼ਾਂ ਤੇ ਨਕਲੀ ਖਿਡਾਰੀਆਂ ਵਾਂਗ ਅਮੀਰ ਬਣਨਾ ਚਾਹੁੰਦੇ ਹਾਂ? ਕੈਲੀਫੋਰਨੀਆ ਨੂੰ ਪੰਜਾਬ ਬਣਾ ਕੇ ਹੁਣ ਸਾਡਾ ਕਿਹੜੇ ਮੁਲਕ ਵੱਲ ਜਾਣ ਦਾ ਖਿਆਲ ਹੈ?