ਭਾਰਤੀ ਰੰਗ ਮੰਚ ਦਾ ਮਾਖਿਓਂ ਮਿੱਠਾ ਦੌਰ

ਗੁਲਜ਼ਾਰ ਸਿੰਘ ਸੰਧੂ
ਭਾਰਤੀ ਸਾਹਿਤਕਾਰਾਂ ਨੇ 1935 ਦੇ ਨੇੜੇ ਤੇੜੇ ਸੱਚੇ ਸੁੱਚੇ ਤੇ ਅਗਾਂਹ ਵਧੂ ਸਾਹਿਤ ਦਾ ਝੰਡਾ ਚੁੱਕਿਆ ਤਾਂ ਇਸ ਦੇ ਮੂਹਰਲੇ ਦਸਤਿਆਂ ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦਾ ਬੋਲ ਬੋਲਾ ਸੀ। 1947 ਦੀ ਦੇਸ਼ ਵੰਡ ਤੋਂ ਪਿੱਛੋਂ ਇਸ ਦੀ ਪੰਜਾਬ ਇਕਾਈ ਵਿਚ ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਸੁਰਿੰਦਰ ਕੌਰ, ਅਮਰਜੀਤ ਗੁਰਦਾਸਪੁਰੀ ਅਤੇ ਗੁਰਚਰਨ ਬੋਪਾਰਾਇ ਤੇ ਸਵਰਨ ਸਿੰਘ ਦੀ ਜੋੜੀ ਇਸ ਦੇ ਪ੍ਰਮੁੱਖ ਪਾਤਰਾਂ ਵਿਚੋਂ ਸਨ।

ਉਨ੍ਹਾਂ ਨੇ ਅਮਨ ਸ਼ਾਂਤੀ ਅਤੇ ਖੇਤਾਂ ਦੇ ਗੀਤ ਹੀ ਨਹੀਂ ਗਾਏ, ਮਿਰਜ਼ਾਂ ਸਾਹਿਬਾਂ ਤੇ ਦੁੱਲਾ ਭੱਟੀ ਵਰਗੇ ਲੋਕ-ਗਾਇਕਾਂ ਦੇ ਕਿੱਸੇ ਵੀ ਖੂਬ ਉਜਾਗਰ ਕੀਤੇ। ਮੇਰੇ ਵਰਗੇ ਪਹਿਲੇ ਸਮਿਆਂ ਦੇ ਲੋਕ ਵੀ ਉਨ੍ਹਾਂ ਦੇ ਗਾਉਣ ਦੀ ਖੁਸ਼ਬੂ ਹਵਾ ਵਿਚੋਂ ਫੜ ਕੇ ਖੁਸ਼ ਹੁੰਦੇ ਹਨ।
ਪੰਜਾਬੀ ਦੇ ਸਾਹਿਤਕ ਰਸਾਲੇ ‘ਹੁਣ’ ਨੇ ਆਪਣੀ ਸਥਾਪਨਾ ਦੇ ਦਸ ਵਰ੍ਹੇ ਪੂਰੇ ਕਰਨ ਉਤੇ ਪਿਛਲੇ ਦਿਨੀਂ ਪੰਜਾਬ ਕਲਾ ਪ੍ਰੀਸ਼ਦ ਦੇ ਰੰਧਾਵਾ ਆਡੀਟੋਰੀਅਮ ਵਿਚ ਰਚਾਏ ਸਮਾਗਮ ਸਮੇਂ ਉਨ੍ਹਾਂ ਦਿਨਾਂ ਨੂੰ ਮੁੜ ਚੇਤੇ ਕਰਨ ਦਾ ਵਧੀਆ ਯਤਨ ਕੀਤਾ। ਇਸ ਵਿਚ ਅਮਰਜੀਤ ਗੁਰਦਾਸਪੁਰੀ, ਗੁਰਚਰਨ ਬੋਪਾਰਾਇ ਤੇ ਸਵਰਨ ਸਿੰਘ ਆਪਣੇ ਜਾਹੋ-ਜਲਾਲ ਸਮੇਤ ਹਾਜ਼ਰ ਸਨ। ਇਥੇ ਗੁਰਚਰਨ ਬੋਪਾਰਾਇ ਤੇ ਸਵਰਨ ਸਿੰਘ ਦੀ ਜੋੜੀ ਨੇ ਪੁਰਾਣੇ ਸਮੇਂ ਦੇ ਮਾਖਿਓਂ ਮਿੱਠੇ ਬੋਲਾਂ ਨੂੰ ਪਹਿਲਾਂ ਵਾਂਗ ਹੀ ਗਾਇਆ ਤੇ ਮਾਣਿਆ। 83 ਵਰ੍ਹਿਆਂ ਦੀ ਉਮਰ ਨੂੰ ਟੱਪੇ ਅਮਰਜੀਤ ਗੁਰਦਾਸਪੁਰੀ ਆਪਣੇ ਪਹਿਲਾਂ ਵਾਲੇ ਦਮ-ਖਮ ਦਾ ਸਬੂਤ ਦਿੱਤਾ ਤਾਂ ਆਡੀਟੋਰੀਅਮ ਦੀਆਂ ਕੰਧਾਂ ਵੀ ਗੂੰਜਣ ਲਾ ਦਿੱਤੀਆਂ। ਮੈਂ ਵੇਖਿਆ ਕਿ ਇਨ੍ਹਾਂ ਦੀ ਪੇਸ਼ਕਾਰੀ ਤੇ ਅਦਾਇਗੀ ਨੂੰ ਸਰੋਤਿਆਂ ਨੇ ਪੁਰਾਣੇ ਸਮਿਆਂ ਵਾਂਗ ਹੀ ਮੰਤਰ ਮੁਗਧ ਹੋ ਕੇ ਸੁਣਿਆ। ਚੇਤੇ ਰਹੇ, ਚਾਰ ਕੁ ਸਾਲ ਪਹਿਲਾਂ ਜਦੋਂ ਭਾਸ਼ਾ ਵਿਭਾਗ ਨੇ ਵਧੀਆ ਗਾਇਕਾਂ ਦੀ ਚੋਣ ਕਰਨੀ ਸੀ ਤਾਂ ਮੀਟਿੰਗ ਦੇ ਸ਼ੁਰੂ ਹੋਣ ਤੱਕ ਉਨ੍ਹਾਂ ਕੋਲ ਅਮਰਜੀਤ ਦਾ ਉਸ ਦੇ ਨਾਂ ਤੋਂ ਬਿਨਾਂ ਹੋਰ ਕੋਈ ਜੀਵਨ ਬਿਉਰਾ ਨਹੀਂ ਸੀ। ਸੰਚਾਲਕਾਂ ਨੇ ਜਦੋਂ ਅਮਰਜੀਤ ਗੁਰਦਾਸਪੁਰੀ ਦਾ ਨਾਂ ਲਿਆ ਤਾਂ ਪੂਰੀ ਦੀ ਪੂਰੀ ਬੈਠਕ ਨੇ ਇਕ ਜ਼ੁਬਾਨ ਵਿਚ ਠੀਕ ਹੈ ਕਹਿ ਕੇ ਸੰਚਾਲਕਾਂ ਨੂੰ ਅਗਲੀ ਆਈਟਮ ਤੇ ਵਿਚਾਰ ਕਰਨ ਲਈ ਕਹਿ ਦਿੱਤਾ। ਇਹ ਇਕ ਅਜਿਹਾ ਨਾਂ ਸੀ ਜਿਹੜਾ ਜੀਵਨ ਬਿਉਰਾ ਜਾਣੇ ਬਿਨਾਂ ਮਿੰਟਾਂ ਸਕਿੰਟਾਂ ਵਿਚ ਪਾਸ ਹੋ ਗਿਆ।
ਰਸਾਲਾ ‘ਹੁਣ’ ਦੇ ਪ੍ਰਬੰਧਕਾਂ ਨੂੰ ਜਸ਼ਨ ਮੁਬਾਰਕ।
ਮਜ਼ਾਕ ਨੂੰ ਮਜ਼ਾਕ ਹੀ ਸਮਝੋ ਭਲੇ ਲੋਕੋ: ਮੈਂ 1953 ਵਿਚ ਨਵਾਂ ਨਵਾਂ ਦਿੱਲੀ ਗਿਆ ਤਾਂ ਪਾਕਿਸਤਾਨ ਤੋਂ ਉਜੱੜ ਕੇ ਆਏ ਸ਼ਰਨਾਰਥੀਆਂ ਨੇ ਅਪਣੇ ਸਿਰੜ ਤੇ ਉਦਮ ਨਾਲ ਉਥੋਂ ਦੀ ਆਰਥਕਤਾ ਵਿਚ ਅਜਿਹਾ ਨਾਮਣਾ ਖਟਿਆ ਕਿ ਦਿੱਲੀ ਦੀ ਸਥਾਨਕ ਵਸੋਂ ਉਨ੍ਹਾਂ ਨਾਲ ਈਰਖਾ ਕਰਨ ਲੱਗੀ। ਉਨ੍ਹਾਂ ਨੇ ਈਰਖਾ ਵਸ ਸਿੱਖਾਂ ਬਾਰੇ ਅਨੇਕਾਂ ਲਤੀਫੇ ਤੇ ਹਾਸੇ ਠੱਠੇ ਦੀਆਂ ਕਹਾਣੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਦਿਨ ਦੇ ਬਾਰਾਂ ਵਜੇ ਸਿੱਖਾਂ ਦੇ ਦਿਮਾਗ ਦਾ ਪੂਰੀ ਤਰ੍ਹਾਂ ਕੰਮ ਨਾ ਕਰਨਾ ਉਨ੍ਹਾਂ ਵਿਚੋਂ ਪ੍ਰਮੁੱਖ ਸੀ। ਇਸ ਦਾ ਕਾਰਨ ਸਿੱਖ ਵਸਨੀਕਾਂ ਦੇ ਸਿਰ ਉਤੇ ਸਿਖਰ ਦੁਪਹਿਰ ਪਗੜੀ ਦਾ ਭਾਰ ਸੀ। ਦਿੱਲੀ ਵਿਚ ਮੇਰੇ ਸਾਰੇ ਰਿਸ਼ਤੇਦਾਰ ਟੈਕਸੀਆਂ ਦੇ ਮਾਲਕ ਜਾਂ ਡਰਾਈਵਰ ਸਨ। ਏਸ ਧੰਦੇ ਵਿਚ ਉਨ੍ਹਾਂ ਦੀ ਗਿਣਤੀ ਦੂਜਿਆਂ ਨਾਲੋਂ ਬਹੁਤ ਵੱਧ ਸੀ। ਉਹ ਅਜਿਹੇ ਠੱਠੇ ਮਜ਼ਾਕ ਨੂੰ ਮਜ਼ਾਕ ਵਾਂਗ ਮਾਣਦੇ ਤੇ ਹੱਸ ਛੱਡਦੇ ਸਨ।
ਉਨ੍ਹੀਂ ਦਿਨੀਂ ਚਾਂਦਨੀ ਚੌਂਕ ਦੇ ਪ੍ਰਮੁੱਖ ਕੇਂਦਰੀ ਸਥਾਨ ਕੋਲੋਂ ਸਾਈਕਲ ਵਾਲਿਆਂ ਨੂੰ ਉਤਰ ਕੇ ਪੈਦਲ ਲੰਘਣਾ ਪੈਂਦਾ ਸੀ। ਪਰ ਇਸ ਸੁਰਤ ਦੀ ਉਲੰਘਣਾ ਕਰਨ ਵਾਲੇ ਵੀ ਘਟ ਨਹੀਂ ਸਨ। ਮੈਂ ਵੀ ਉਨ੍ਹਾਂ ਵਿਚੋਂ ਇੱਕ ਸਾਂ। ਇੱਕ ਦਿਨ ਦੁਪਹਿਰ ਵੇਲੇ ਉਥੋਂ ਦੀ ਲੰਘਣ ਲੱਗਿਆ ਤਾਂ ਟਰੈਫਿਕ ਵਾਲੇ ਸਿੱਖ ਸਿਪਾਹੀ ਨੇ ਮੈਨੂੰ ਰੋਕਣ ਲਈ ਸੀਟੀ ਮਾਰੀ। ਮੈਂ ਇੱਕ ਹੱਥ ਨਾਲ ਸਾਈਕਲ ਸੰਭਾਲ ਕੇ ਆਪਣੇ ਘੜੀ ਵਾਲੇ ਹੱਥ ਵਲ ਇਸ਼ਾਰਾ ਕੀਤਾ। ਇਹ ਦਸੱਣ ਲਈ ਕਿ ਸਿੱਖਾਂ ਲਈ ਇਹ ਸਮਾਂ ਠੀਕ ਨਹੀਂ। ਸਿਪਾਈ ਦਾ ਹਾਸਾ ਨਿਕਲ ਗਿਆ ਤੇ ਮੈਂ ਬਿਨਾਂ ਉਤਰੇ ਫਤਿਹਪੁਰੀ ਵਲ ਨੂੰ ਚਲਾ ਗਿਆ।
ਕਿਸ ਨੂੰ ਸਮਝਾਈਏ ਕਿ ਮਜ਼ਾਕ ਤਾਂ ਮਜ਼ਾਕ ਹੁੰਦਾ ਹੈ। ਇਹ ਸਵਾਦ ਲੈਣ ਤੇ ਜ਼ਿੰਦਗੀ ਮਾਨਣ ਲਈ ਘੜਿਆ ਜਾਂਦਾ ਹੈ।
ਚੀਨ ਨੇ ਇੱਕੋ ਬੱਚਾ ਪੈਦਾ ਕਰਨ ਦਾ ਬੰਧਨ ਨਕਾਰਿਆ: ਪ੍ਰਭਾਵੀ ਅੰਕੜਿਆਂ ਦੀ ਉਲਝਣ ਵਿਚ ਜਾਏ ਬਿਨਾਂ ਇਹ ਤੱਥ ਪੱਲੇ ਬੰਨ੍ਹਣ ਦੀ ਲੋੜ ਹੈ ਕਿ ਵਧ ਰਹੀ ਵੱਸੋਂ ਚੀਨ ਵਾਲਿਆਂ ਦਾ ਸਭ ਤੋਂ ਵੱਡਾ ਮਸਲਾ ਹੈ। ਕੌਮਾਂਤਰੀ ਪੱਧਰ ਉਤੇ ਇੰਗਲੈਂਡ ਵਿਚ ਇਨਟਰਨੈਸ਼ਨਲ ਪਲੈਨਡ ਪੇਰੈਂਟਹੁਡ ਫੈਡਰਰੇਸ਼ਨ ਦੀ ਸਥਾਪਤੀ ਉਪਰੰਤ ਸਾਰੇ ਪ੍ਰਮੁੱਖ ਦੇਸ਼ਾਂ ਨੇ ਇਸ ਦੀਆਂ ਸ਼ਾਖਾਵਾ ਖੋਲ੍ਹੀਆਂ ਜਿਹੜੀਆਂ ਅੱਜ ਵੀ ਕਾਇਮ ਹਨ। ਭਾਰਤ ਵਿਚਲੀ ਸ਼ਾਖਾ ਦਾ ਮੁੱਖ ਦਫ਼ਤਰ ਮੁੰਬਈ ਵਿਖੇ ਹੈ ਤੇ ਪਾਕਿਸਤਾਨ ਵਾਲੀ ਦਾ ਕਰਾਚੀ। ਚੀਨ ਨੇ ਇੱਕ ਕਦਮ ਅੱਗੇ ਜਾਂਦਿਆਂ 1970 ਦੇ ਨੇੜੇ ਤੇੜੇ ਆਪਣੀ ਸ਼ਹਿਰੀ ਵੱਸੋਂ ਉਤੇ ਕੇਵਲ ਇੱਕ ਬੱਚਾ ਪੈਦਾ ਕਰਨ ਅਤੇ ਪੇਂਡੂ ਵਸੋਂ ਉਤੇ ਦੋ ਬਚਿਆਂ ਦੀ ਪਾਬੰਦੀ ਲਾ ਦਿੱਤੀ। ਖਾਸ ਕਰਕੇ ਦੇਸ਼ ਦੇ ‘ਹਨ’ ਫਿਰਕੇ ਲਈ ਜਿਹੜਾ ਕਿ ਚੀਨ ਦੀ ਕੁੱਲ ਵੱਸੋਂ ਦਾ 95% ਹੈ।
ਇਨ੍ਹਾਂ ਚਾਰ ਦਹਾਕਿਆਂ ਵਿਚ ਹੋਇਆ ਇਹ ਕਿ ਚੀਨ ਵਿਚ ਬਜ਼ੁਰਗਾਂ ਦੀ ਗਿਣਤੀ ਛੜਪੇ ਮਾਰਦੀ ਵਧ ਗਈ ਤੇ ਨੌਜਵਾਨ ਵਸੋਂ ਜਿਹੜੀ ਦੇਸ਼ ਦੇ ਆਰਥਕ ਵਿਕਾਸ ਲਈ ਜ਼ਰੂਰੀ ਸੀ, ਉਸ ਦੀ ਗਤੀ ਘਟ ਗਈ ਤੇ ਘਟ ਰਹੀ ਹੈ। ਇਸ ਰੁਝਾਨ ਨੂੰ ਰੋਕਣ ਲਈ ਚਾਰ ਦਹਾਕੇ ਪਹਿਲਾਂ ਵਾਲੀ ਨੀਤੀ ਨੂੰ ਨੱਥ ਪਾਉਣੀ ਲਾਜ਼ਮੀ ਸੀ। ਇਹ ਗੱਲ ਵੱਖਰੀ ਹੈ ਕਿ ਨਵੀਂ ਨੀਤੀ ਦੇ ਆਲੋਚਕ ਇਸ ਤਬਦੀਲੀ ਨੂੰ ਵੀ ਬਹੁਤ ਥੋੜ੍ਹੀ ਤੇ ਬਹੁਤ ਦੇਰ ਪਿਛੋਂ ਅਪਣਾਈ ਕਹਿੰਦੇ ਹਨ। ਮਸਲਾ ਵੱਡਾ ਹੈ ਤੇ ਬਹੁਤੇ ਮਸਲੇ ਗਰਭਪਾਤ ਕਾਰਨ ਜਣਨੀ ਦੀ ਸਿਹਤ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨਾਲ ਸਬੰਧਤ ਹਨ। ਹਾਲ ਦੀ ਘੜੀ ਚੀਨ ਦੀ ਨਵੀਂ ਨੀਤੀ ਸਵਾਗਤਯੋਗ ਹੈ।
ਅੰਤਿਕਾ: (ਸੰਧੂ ਵਰਿਆਣਵੀ)
ਕੱਲ੍ਹ ਉਹ ਮੈਨੂੰ ਮਿਲ ਪਿਆ ਸੀ ਹੱਸ ਕੇ,
ਰਾਤ ਮੈਂ ਰੋ ਰੋ ਬਿਤਾਈ ਦੋਸਤੋ!
ਹਰ ਗਮੀ ਅਪਣੀ ਹੈ, ਮੇਰੀ ਆਪਣੀ
ਹਰ ਖੁਸ਼ੀ ਅਪਣੀ, ਪਰਾਈ ਦੋਸਤੋ!