ਚੰਡੀਗੜ੍ਹ: ਨਵੰਬਰ 1984 ਦੇ ਸਿੱਖ ਕਤਲੇਆਮ ਦੀ 31ਵੀਂ ਬਰਸੀ ਮੌਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਭਖਿਆ ਹੋਇਆ ਹੈ। ਸਿੱਖ ਜਥੇਬੰਦੀਆਂ ਤੋਂ ਇਲਾਵਾ ਹੋਰ ਸਿਆਸੀ ਧਿਰਾਂ ਵੱਲੋਂ ਇਸ ਦਰਿੰਦਗੀ ਵਾਲੇ ਕਾਰੇ ਦੀ ਨਿੰਦਾ ਕੀਤੀ ਜਾ ਰਹੀ ਹੈ। ਹਰ ਸਾਲ ਨਵੰਬਰ ਅਜਿਹਾ ਮਹੀਨਾ ਹੁੰਦਾ ਹੈ, ਜਦੋਂ ਮੁਲਕ ਦੀਆਂ ਸਿਆਸੀ ਧਿਰਾਂ ਨੂੰ ਇਸ ਸ਼ਰਮਨਾਕ ਕਾਰੇ ਉਤੇ ਪਛਤਾਵਾ ਹੁੰਦਾ ਹੈ ਅਤੇ ਇਹ ਇਕ-ਦੂਜੇ ‘ਤੇ ਚਿੱਕੜ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਲੈਂਦੀਆਂ ਹਨ।
ਮੁਲਕ ਵਿਚ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਘਿਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਥੇ ਕਾਂਗਰਸ ਨੂੰ ਸਿੱਖ ਕਤਲੇਆਮ ਦੀ ਯਾਦ ਦਿਵਾ ਰਹੇ ਹਨ, ਉਥੇ ਕਾਂਗਰਸ ਗੁਜਰਾਤ ਦੰਗਿਆਂ ‘ਤੇ ਮੋਦੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੀ ਹੈ। ਉਧਰ, ਸਿੱਖ ਕਤਲੇਆਮ ਦੇ ਮੁਕੱਦਮੇ ਲੜ ਕੇ ਚਰਚਾ ਵਿਚ ਆਏ ਵਕੀਲ ਐਚæਐਸ਼ ਫੂਲਕਾ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਕਲੀਨ ਚਿੱਟ ਕਿਉਂ ਦੇ ਰਹੀ ਹੈ? ਮੋਦੀ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਨੌਂ ਮਹੀਨਿਆਂ ਵਿਚ ਇਸ ਮਸਲੇ ਨਾਲ ਜੁੜਿਆ ਇਕ ਵੀ ਮਾਮਲਾ ਨਹੀਂ ਖੋਲ੍ਹਿਆ। ਚੋਣਾਂ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਪੀੜਤਾਂ ਦੇ ਜ਼ਖਮਾਂ ਉਤੇ ਮੱਲ੍ਹਮ ਲਾਉਣ ਲਈ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇ ਵਾਅਦੇ ਕਰਦੀਆਂ ਹਨ, ਪਰ ਇਹ ਵਾਅਦੇ 31 ਸਾਲਾਂ ਬਾਅਦ ਵੀ ਵਫਾ ਨਹੀਂ ਹੋ ਸਕੇ।
ਤਕਰੀਬਨ ਇਕ ਦਰਜਨ ਜਾਂਚ ਕਮਿਸ਼ਨ/ਕਮੇਟੀਆਂ, 3600 ਤੋਂ ਵਧੇਰੇ ਗਵਾਹ, 31 ਸਾਲ ਦਾ ਵਕਫਾ ਤੇ ਅਦਾਲਤਾਂ ਵਿਚ ਇਨਸਾਫ ਲਈ ਪੀੜਤਾਂ ਦੀਆਂ ਪੁਕਾਰਾਂ ਵੀ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਕਰ ਸਕੀਆਂ। ਦਿੱਲੀ ਸਮੇਤ ਮੁਲਕ ਦੇ 18 ਸੂਬਿਆਂ ਦੇ ਤਕਰੀਬਨ 110 ਸ਼ਹਿਰਾਂ ਵਿਚ 7000 ਤੋਂ ਵਧੇਰੇ ਬੇਕਸੂਰ ਸਿੱਖਾਂ ਨੂੰ ਜਿਉਂਦੇ ਸਾੜਿਆ ਜਾਂ ਕੋਹ-ਕੋਹ ਕੇ ਮਾਰ ਦਿੱਤਾ ਗਿਆ। ਕਰੋੜਾਂ ਦੀ ਜਾਇਦਾਦ ਲੁੱਟੀ ਅਤੇ ਸਾੜ ਦਿੱਤੀ ਗਈ। ਇਕੱਲੇ ਨਵੀਂ ਦਿੱਲੀ ਵਿਚ ਹੋਏ 2733 ਕਤਲਾਂ (ਸਰਕਾਰੀ ਰਿਕਾਰਡ ਅਨੁਸਾਰ) ਵਿਚੋਂ ਸਿਰਫ 11 ਮਾਮਲਿਆਂ ਵਿਚ 30 ਵਿਅਕਤੀਆਂ ਨੂੰ ਹੀ ਸਾਧਾਰਨ ਉਮਰ ਕੈਦ ਦੀ ਸਜ਼ਾ ਹੋਈ ਜਿਨ੍ਹਾਂ ਵਿਚ ਕਤਲੇਆਮ ਦੇ ਕਿਸੇ ਵੀ ਮੁੱਖ ਸਾਜ਼ਿਸ਼ਕਾਰੀ ਤੇ ਅਗਵਾਈ ਕਰਨ ਵਾਲੇ ਵੱਡੇ ਆਗੂ ਨੂੰ ਸਜ਼ਾ ਨਹੀਂ ਮਿਲੀ। ਰਾਜਸੀ ਪਾਰਟੀਆਂ ਇਕ-ਦੂਜੀ ਖਿਲਾਫ ਦੋਸ਼ ਮੜ੍ਹ ਕੇ ਆਪਣਾ ਉੱਲੂ ਸਿੱਧਾ ਕਰਨ ਵਿਚ ਲੱਗੀਆਂ ਰਹੀਆਂ। ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2002 ਤੋਂ ਲੈ ਕੇ 2013 ਤੱਕ ਭਾਰਤ ਵਿਚ 8473 ਫਿਰਕੂ ਦੰਗਿਆਂ ਦੀਆਂ ਘਟਨਾਵਾਂ ਵਾਪਰੀਆਂ ਤੇ 2502 ਲੋਕ ਮਾਰੇ ਗਏ; ਜਦ ਕਿ 28 ਹਜ਼ਾਰ ਤੋਂ ਵੱਧ ਲੋਕ ਜਖਮੀ ਵੀ ਹੋਏ। ਇਹ ਗਰਾਫ ਹਰ ਸਾਲ ਤੇਜ਼ੀ ਨਾਲ ਉਤਾਂਹ ਨੂੰ ਜਾ ਰਿਹਾ ਹੈ। ਕੇਂਦਰ ਵਿਚ ਮੋਦੀ ਸਰਕਾਰ ਬਣਨ ਮਗਰੋਂ ਫਿਰਕੂ ਦੰਗਿਆਂ ਦੀਆਂ ਘਟਨਾਵਾਂ ਹੋਰ ਵੀ ਤੇਜ਼ ਹੋਈਆਂ ਹਨ। 2014 ਦੇ ਪਹਿਲੇ ਛੇ ਮਹੀਨਿਆਂ ਵਿਚ 252 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜਦੋਂ ਕਿ 2015 ਦੇ ਪਹਿਲੇ ਛੇ ਮਹੀਨਿਆਂ ਵਿਚ 330 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ।
ਦਿੱਲੀ ਵਿਚ ਯਾਦਗਾਰ ਬਣਾਉਣ ਦੀ ਤਿਆਰੀ: ਮੁਲਕ ਦੀ ਰਾਜਧਾਨੀ ਦਿੱਲੀ ਵਿਚ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕਾ ਪਾਸ ਕਰ ਦਿੱਤਾ ਹੈ। ਇਹ ਯਾਦਗਾਰ ਅਗਲੇ ਸਾਲ ਨਵੰਬਰ ਤੱਕ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਸਥਾਨ ਉਪਰ ਸ਼ਹੀਦ ਸਿੱਖਾਂ ਦੇ ਨਾਂ ਵੀ ਉਕਰੇ ਜਾਣਗੇ।