ਸਰਕਾਰ ਤੇ ਪੰਥਕ ਧਿਰਾਂ ਵਿਚ ਜ਼ੋਰ-ਅਜ਼ਮਾਈ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਤੋਂ ਇਨਕਾਰ ਕਰਨ ਪਿੱਛੋਂ ਸਿੱਖ ਜਥੇਬੰਦੀਆਂ ਨੇ ਮੁੜ ਸਰਗਰਮੀ ਫੜ ਲਈ ਹੈ। ਪੰਥਕ ਜਥੇਬੰਦੀਆਂ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਸ਼ਾਂਤਮਈ ਰੋਸ ਮਾਰਚ ਕੀਤਾ। ਉਧਰ, ਦਲ ਖਾਲਸਾ ਤੇ ਪੰਚ ਪ੍ਰਧਾਨੀ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਦੇਸ਼ ਦੇਣ ਤੋਂ ਰੋਕਣ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਸਰਕਾਰ ਨੂੰ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 15 ਨਵੰਬਰ ਦਾ ਅਲਟੀਮੇਟਮ ਦਿੱਤਾ ਗਿਆ ਹੈ। ਦੂਜੇ ਬੰਨੇ, ਹਾਕਮ ਧਿਰ ਨੇ 10 ਨਵੰਬਰ ਨੂੰ ਬੁਲਾਏ ਸਰਬੱਤ ਖਾਲਸਾ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਵਾਚਣ ਤੇ ਉਸ ਅਨੁਸਾਰ ਹੀ ਜਥੇਦਾਰਾਂ ਬਾਰੇ ਕੋਈ ਫੈਸਲਾ ਲੈਣ ਦੀ ਰਣਨੀਤੀ ਬਣਾਈ ਹੈ। ਸਰਕਾਰ ਨੇ ਸਰਬੱਤ ਖਾਲਸਾ ਵਿਚ ਕਿਸੇ ਤਰ੍ਹਾਂ ਦੀ ਪ੍ਰਸ਼ਾਸਨਿਕ ਦਖਲ ਅੰਦਾਜ਼ੀ ਨਾ ਕਰਨ ਦਾ ਫੈਸਲਾ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਨੇ ਸਿਰਸਾ ਡੇਰਾ ਦੇ ਮੁਖੀ ਨੂੰ ਮੁਆਫ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੰਘਰਸ਼ ਵਿਚ ਦੋ ਸਿੱਖਾਂ ਦੀ ਮੌਤ ਉਪਰ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਫੈਲੇ ਰੋਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਮੁੜ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸੰਘਰਸ਼ ਵਿੱਢ ਦਿੱਤਾ ਹੈ। ਦੂਜੇ ਪਾਸੇ ਹਾਕਮ ਧਿਰ ਸੂਬੇ ਵਿਚ ਅਮਨ-ਕਾਨੂੰਨ ਦੀ ਗੱਡੀ ਲੀਹ ‘ਤੇ ਲਿਆਉਣ ਲਈ ਸੰਜੀਦਾ ਨਜ਼ਰ ਨਹੀਂ ਆ ਰਹੀ। ਸਰਕਾਰ ਵੱਲੋਂ ਨਿੱਤ ਦਿਨ ਕੋਰ ਕਮੇਟੀ ਦੀਆਂ ਮੀਟਿੰਗਾਂ ਕਰ ਕੇ ਪਾਰਟੀ ਨੂੰ ਨਫੇ-ਨੁਕਸਾਨ ਦੀ ਭਰਪਾਈ ਲਈ ਤਾਂ ਜੁਗਤਾਂ ਘੜੀਆਂ ਜਾ ਰਹੀਆਂ ਹਨ, ਪਰ ਲੋਕ ਰੋਹ ਨੂੰ ਸ਼ਾਂਤ ਕਰਨ ਬਾਰੇ ਕੋਈ ਰਣਨੀਤੀ ਬਣਾਉਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਹਾਕਮ ਧਿਰ ਨੇ ਸੀæਬੀæਆਈæ ਨੂੰ ਜਾਂਚ ਦੇ ਕੇ ਬੇਸ਼ੱਕ ਮਾਮਲਾ ਆਪਣੇ ਗਲੋਂ ਲਾਹੁਣ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਥਕ ਹਲਕਿਆਂ ਵੱਲੋਂ ਨਵੇਂ ਸੁਆਲ ਖੜ੍ਹੇ ਕੀਤੇ ਜਾ ਰਹੇ ਹਨ। ਸੁਆਲ ਕੀਤਾ ਜਾ ਰਿਹਾ ਹੈ ਕਿ ਜਾਂਚ ਸੀæਬੀæਆਈæ ਨੂੰ ਦੇਣੀ ਹੀ ਸੀ ਤਾਂ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਕਿਉਂ ਨਹੀਂ ਦਿੱਤੀ ਗਈ? ਅਕਾਲੀ ਦਲ ਨਾਲ ਸਬੰਧਤ ਸੀਨੀਅਰ ਆਗੂ ਖੁਦ ਇਹ ਮੰਨ ਰਹੇ ਹਨ ਕਿ ਕੋਟਕਪੂਰਾ ਘਟਨਾ ਪੁਲਿਸ ਦੀ ਲਾਪਰਵਾਹੀ ਕਰ ਕੇ ਵਾਪਰੀ ਹੈ, ਗੋਲੀ ਚਲਾਉਣ ਦੀ ਕੋਈ ਜ਼ਰੂਰਤ ਨਹੀਂ ਸੀ। ਸਿੱਖ ਵਿਦਵਾਨ ਤੇ ਆਗੂ ਇਹ ਮਹਿਸੂਸ ਕਰ ਰਹੇ ਹਨ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਵਿਚ ਸੀæਬੀæਆਈæ ਵੱਲੋਂ ਜਾਂਚ ਕੀਤੀ ਗਈ ਹੈ, ਪਰ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੋਕ ਰੋਹ ਦਾ ਵੱਡਾ ਕਾਰਨ ਸਰਕਾਰ ਪ੍ਰਤੀ ਲੋਕਾਂ ਵਿਚ ਨਾਰਾਜ਼ਗੀ ਹੀ ਸੀ। ਪਿਛਲੇ ਤਕਰੀਬਨ ਇਕ ਮਹੀਨੇ ਤੋਂ ਸਰਕਾਰ ਦੀਆਂ ਵੱਡੀਆਂ ਸਰਕਾਰੀ ਗਤੀਵਿਧੀਆਂ ਠੱਪ ਹੀ ਪਈਆਂ ਹਨ, ਸਿਰਫ ਮੁਹਾਲੀ ਵਿਚ ਦੋ ਰੋਜ਼ਾ ਸੰਮੇਲਨ ਹੀ ਹੋ ਸਕਿਆ ਹੈ। ਲੋਕ ਰੋਹ ਨੂੰ ਠੱਲ੍ਹ ਪਾਉਣ ਖਾਤਰ ਪੁਲਿਸ ਮੁਖੀ ਸੁਮੇਧ ਸੈਣੀ ਦਾ ਤਬਾਦਲਾ ਕੀਤਾ ਗਿਆ। ਕੁਝ ਹੋਰ ਵੱਡੀਆਂ ਤਬਦੀਲੀਆਂ ਦੀ ਵੀ ਚਰਚਾ ਹੈ। ਸੂਬੇ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਪ੍ਰਣਾਲੀ ਵੀ ਸ਼ੱਕੀ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਿਰੁੱਧ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਮੁਤਾਬਕ ਪੰਜ ਪਿਆਰਿਆਂ ਵੱਲੋਂ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤੇ ਬਾਰੇ ਇਕ ਘੰਟਾ ਪਹਿਲਾਂ ਪ੍ਰਬੰਧਕਾਂ ਨੂੰ ਜਾਣਕਾਰੀ ਮਿਲ ਗਈ ਸੀ, ਕਮੇਟੀ ਪ੍ਰਬੰਧਕਾਂ ਨੇ ਹਾਲਾਤ ਨੂੰ ਸੰਭਾਲਿਆ ਨਹੀਂ, ਜਿਸ ਤੋਂ ਆਗੂ ਖਫਾ ਹਨ।