ਦੇਸ ਡੱਕਾ ਤੋੜਨਾ ਨ੍ਹੀਂ ‘ਲੇਬਰ’ ਕਹਾਉਣਾ ਜਾ ਕੇ,
ਪਹੁੰਚ ਪਰਦੇਸੀਂ ‘ਸੈਟ’ ਹੋਣ ਦਾ ਰਿਵਾਜ ਐ।
ਪੜ੍ਹਨ-ਗੁੜ੍ਹਨ ਵਾਲੀ ਰੀਤ ਹੁਣ ਬੰਦ ਹੋਈ,
ਵਿਰਸੇ ਤੋਂ ਪੁੱਠਾ ਹੋਇਆ ਵੱਖਰਾ ਅੰਦਾਜ਼ ਐ।
‘ਐਨ ਆਰ ਆਈ’ ਬਣ ਚੱਲਿਆ ਪੰਜਾਬ ਸਾਰਾ,
ਸੋਚਦਾ ਨਾ ਕੋਈ ਮਾਤ-ਭੂਮੀ ਵੀ ਨਾਰਾਜ਼ ਐ।
ਬਣੇ ਨੇ ਪੰਜਾਬੀ ‘ਐਮ ਪੀ, ਮੇਅਰ’ ਵਿਦੇਸ਼ਾਂ ਵਿਚ,
ਪਿਛੇ ਹੋਇਆ ਯੂ ਪੀ ਤੇ ਬਿਹਾਰੀਆਂ ਦਾ ਰਾਜ ਐ।
ਕੋਠੀ ਪਾਈ ਰੀਝ ਨਾਲ ਮੁੰਡੇ ਪਰਵਾਸੀਆਂ ਨੇ,
ਟੌਹਰ ਨਾਲ ਟੈਂਕੀ ਉਤੇ ਰੱਖਿਆ ਜਹਾਜ ਐ।
ਪੁੱਤ-ਪੋਤੇ ਨੂੰਹਾਂ ਸਾਰੇ ‘ਬਾਹਰਲੇ ਮੁਲਕ’ ਬੈਠੇ,
ਕੋਠੀ ਵਿਚ ਭਾਈਆ-ਬੇਬੇ ਭੱਈਆਂ ਦੇ ਮੁਥਾਜ ਐ।