ਚੰਡੀਗੜ੍ਹ: ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣ ਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਭਾਵੇਂ ਅਕਾਲੀ ਦਲ ਇਸ ਨਾਲ ਪਾਰਟੀ ਨੂੰ ਕੋਈ ਫਰਕ ਨਾ ਪੈਣ ਦੀ ਗੱਲ ਆਖ ਰਿਹਾ ਹੈ, ਪਰ ਪੰਜਾਬ ਵਿਚ ਸਰਕਾਰ ਖਿਲਾਫ ਪੈਦਾ ਹੋਏ ਲੋਕ ਰੋਹ ਵਿਚ ‘ਆਪਣਿਆਂ’ ਦੀ ਬਗਾਵਤ ਤੋਂ ਡਾਢਾ ਦੁਖੀ ਹੈ। ਸ੍ਰੀ ਰਾਮੂਵਾਲੀਆ ਨੇ ਜਿਸ ਤਰ੍ਹਾਂ ਸੰਕਟ ਦੇ ਸਮੇਂ ਦਲ ਨੂੰ ਛੱਡਿਆ ਹੈ, ਉਸ ਤੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਹਿੱਲ ਕੇ ਰਹਿ ਗਈ ਹੈ।
ਅਕਾਲੀ ਦਲ ਨੇ ਫੌਰੀ ਕਾਰਵਾਈ ਕਰਦਿਆਂ ਸ੍ਰੀ ਰਾਮੂਵਾਲੀਆ ਨੂੰ ਦਲ ਵਿੱਚੋਂ ਕੱਢ ਦਿੱਤਾ ਹੈ। ਅਕਾਲੀ ਦਲ ਨੇ ਸ੍ਰੀ ਰਾਮੂਵਾਲੀਆ ਦੇ ਇਸ ਕਦਮ ਨੂੰ ‘ਸਿਰੇ ਦੀ ਮੌਕਾਪ੍ਰਸਤੀ’ ਤੇ ‘ਪਿੱਠ ਵਿਚ ਛੁਰਾ ਮਾਰਨ’ ਵਾਲਾ ਕਰਾਰ ਦਿੱਤਾ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਰਾਮੂਵਾਲੀਆ ਦਾ ਇਹ ਕਦਮ ਪੰਜਾਬ ਦੀਆਂ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰੇਗਾ। ਇਸ ਨਾਲ ਇਕ ਪਾਸੇ ਅਕਾਲੀ ਦਲ ਖਿਲਾਫ ਰੋਹ ਹੋਰ ਪ੍ਰਚੰਡ ਰੂਪ ਅਖਤਿਆਰ ਕਰੇਗਾ, ਦੂਜੇ ਪਾਸੇ ਅਕਾਲੀ ਲੀਡਰਸ਼ਿਪ ਦੇ ਮਨੋਬਲ ਨੂੰ ਵੀ ਸੱਟ ਲੱਗੇਗੀ। ਰਾਮੂਵਾਲੀਆ ਦੇ ਇਸ ਕਦਮ ਨੇ ਇਨ੍ਹਾਂ ਇਲਜ਼ਾਮਾਂ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਅਕਾਲੀ ਦਲ ਵਿਚ ਸਭ ਠੀਕ ਨਹੀਂ। ਰਾਮੂਵਾਲੀਆ ਦੇ ਇਸ ਕਦਮ ਨਾਲ ਵਿਦੇਸ਼ਾਂ ਵਿਚ ਵੀ ਅਕਾਲੀ ਦਲ ਦੇ ਆਧਾਰ ਨੂੰ ਖੋਰਾ ਲੱਗੇਗਾ। ਇਸ ਨਾਲ ਅਕਾਲੀ ਦਲ ਦੇ ਕੌਮੀ ਪਾਰਟੀ ਬਣਨ ਦੇ ਸੁਫਨੇ ਨੂੰ ਵੀ ਸੱਟ ਲੱਗੇਗੀ। ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਮਾਮਲੇ ਰਾਮੂਵਾਲੀਆ ਹੀ ਵੇਖ ਰਹੇ ਸਨ। ਉਨ੍ਹਾਂ ਦਾ ਦੂਜੇ ਰਾਜਾਂ ਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਵਿਚ ਚੰਗਾ ਆਧਾਰ ਹੈ। ਕਾਬਲੇਗੌਰ ਹੈ ਕਿ ਪਿਛਲੇ ਦਿਨੀਂ ਪੰਥਕ ਮਸਲਿਆਂ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਨੇ ਟਕਸਾਲੀ ਲੀਡਰਾਂ ਨੂੰ ਝੰਜੋੜ ਕੇ ਸੁੱਟ ਦਿੱਤਾ ਹੈ। ਅਕਾਲੀ ਲੀਡਰਾਂ ਦਾ ਘਰਾਂ ਵਿਚੋਂ ਨਿਕਲਣਾ ਔਖਾ ਹੋ ਗਿਆ ਹੈ। ਕੁਝ ਲੀਡਰਾਂ ਨੇ ਅੱਕ ਕੇ ਅਸਤੀਫੇ ਵੀ ਦੇ ਦਿੱਤੇ ਹਨ। ਪਾਰਟੀ ਅੰਦਰ ਬਾਗੀ ਸੁਰਾਂ ਤੇਜ਼ ਹੋ ਰਹੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ‘ਤੇ ਸਵਾਲ ਉੱਠ ਰਹੇ ਹਨ। ਅਜਿਹੇ ਮਾਹੌਲ ਵਿਚ ਸੀਨੀਅਰ ਲੀਡਰ ਰਾਮੂਵਾਲੀਆ ਦੇ ਝਟਕੇ ਨਾਲ ਅਕਾਲੀ ਦਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਅਕਾਲੀ ਦਲ ਤੋਂ ਵੱਖ ਹੋਣ ਨਾਲ ਹੋਰ ਲੀਡਰਾਂ ਉਤੇ ਵੀ ਅਸਤੀਫੇ ਦੇਣ ਦਾ ਦਬਾਅ ਵਧੇਗਾ।
________________________________
ਮੰਤਰੀ ਬਣ ਕੇ ਮੁਲਾਇਮ ਦਾ ਅਹਿਸਾਨ ਲਾਹਿਆ: ਰਾਮੂਵਾਲੀਆ
ਨਵੀਂ ਦਿੱਲੀ: ਯੂæਪੀæ ਦੇ ਕੈਬਨਿਟ ਮੰਤਰੀ ਬਣਨ ਪਿੱਛੋਂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਉਨ੍ਹਾਂ ਅਜਿਹਾ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਦਾ ਅਹਿਸਾਨ ਲਾਹੁਣ ਲਈ ਕੀਤਾ ਹੈ। ਸ੍ਰੀ ਯਾਦਵ ਨੇ ਉਨ੍ਹਾਂ ਨੂੰ ਯੂæਪੀæ ਤੋਂ ਰਾਜ ਸਭਾ ਲਈ ਭੇਜ ਕੇ ਅਹਿਸਾਨ ਕੀਤਾ ਸੀ, ਜਿਸ ਦਾ ਬਦਲਾ ਉਹ ਯੂæਪੀæ ਦੇ ਪੰਜਾਬੀ ਹਲਕਿਆਂ ਵਿਚ ਸਰਗਰਮ ਹੋ ਲਾਹੁਣਾ ਚਾਹੁੰਦੇ ਹਨ।
__________________________________
ਮੌਕਾਪ੍ਰਸਤ ਨਿਕਲਿਆ ਰਾਮੂਵਾਲੀਆ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਨੇ ਪਾਰਟੀ ਨਾਲ ਧੋਖਾ ਕਰ ਕੇ ਸਿਆਸੀ ਮੌਕਾਪ੍ਰਸਤੀ ਤੇ ਤਾਕਤ ਦੀ ਭੁੱਖ ਦਾ ਸਬੂਤ ਦਿੱਤਾ ਹੈ। ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਮੂਵਾਲੀਆ ਨੇ ਸਿਆਸਤ ਵਿਚ ‘ਆਇਆ ਰਾਮ, ਗਿਆ ਰਾਮ’ ਵਾਲੇ ਦਿਨਾਂ ਦੀ ਯਾਦ ਕਰਵਾ ਦਿੱਤੀ ਹੈ। ਰਾਮੂਵਾਲੀਆ ਨੇ ਅਕਾਲੀ ਦਲ ਨਾਲ ਵਿਸ਼ਵਾਸਘਾਤ ਕਿਸੇ ਵਿਚਾਰਕ ਮਤਭੇਦ ਕਰ ਕੇ ਨਹੀਂ, ਸਗੋਂ ਸਿਰਫ ਇਸ ਕਰ ਕੇ ਕੀਤਾ ਕਿਉਂਕਿ ਉਨ੍ਹਾਂ ਨੂੰ ਤਾਕਤ ਦੀ ਭੁੱਖ ਸੀ ਤੇ ਮੁਹਾਲੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਨਕਾਰਿਆ ਜਾ ਚੁੱਕਾ ਸੀ।
_____________________________
ਪੰਜਾਬ ਤੋਂ ਬਾਹਰ ਵਿਸਥਾਰ ਦੇ ਸੁਪਨੇ ਨੂੰ ਖੋਰਾ
ਜਲੰਧਰ: ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਉੱਤਰ ਪ੍ਰਦੇਸ਼ ਵਿਚ ਅਕਾਲੀ ਦਲ ਦਾ ਵਿਸਥਾਰ ਕਰਨ ਲਈ ਜ਼ਿੰਮੇਵਾਰੀ ਸੌਂਪੀ ਸੀ। ਇਸ ਤੋਂ ਪਹਿਲਾਂ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਵੀ ਉਨ੍ਹਾਂ ਨੂੰ ਇੰਚਾਰਜ ਬਣਾ ਕੇ ਭੇਜਿਆ ਸੀ। ਦੱਸਿਆ ਗਿਆ ਹੈ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਆਗੂਆਂ ਨੇ ਪੰਜਾਬ ਵਿਚ ਬਾਦਲਾਂ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਅਕਾਲੀ ਦਲ ਬਾਦਲ ਵੱਲੋਂ ਦੇਸ਼ ਵਿਚ ਪਾਰਟੀ ਦਾ ਵਿਸਥਾਰ ਕਰਨ ਲਈ ਯੋਜਨਾ ਘੜੀ ਜਾ ਰਹੀ ਹੈ। ਇਸੇ ਲੜੀ ਤਹਿਤ ਅਕਾਲੀ ਦਲ ਨੇ ਦਿੱਲੀ ਤੇ ਹਰਿਆਣਾ ਵਿਚ ਚੋਣਾਂ ਲੜੀਆਂ ਸਨ ਤੇ ਹੁਣ ਯੂæਪੀæ ਤੇ ਬਿਹਾਰ ਦੀ ਸਿਆਸਤ ‘ਤੇ ਵੀ ਬਾਦਲਾਂ ਦੀ ਅੱਖ ਸੀ, ਪਰ ਇਸ ਦਿਸ਼ਾ ਵਿਚ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਹੀ ਸ਼ ਰਾਮੂਵਾਲੀਆ ਦੇ ਫੈਸਲੇ ਨੇ ਅਕਾਲੀ ਦਲ ਬਾਦਲ ਨੂੰ ਹਿਲਾ ਦਿੱਤਾ ਤੇ ਹੁਣ ਲੀਡਰਸ਼ਿਪ ਨੂੰ ਕੋਈ ਗੱਲ ਨਹੀਂ ਅਹੁੜ ਰਹੀ ਹੈ।
______________________________
ਅਕਾਲੀ ਦਲ ਦਾ ਸੂਹੀਆ ਤੰਤਰ ਵੀ ਰਿਹਾ ਨਾਕਾਮ
ਚੰਡੀਗੜ੍ਹ: ਅਕਾਲੀ ਦਲ ਦਾ ਸੂਹੀਆ ਤੰਤਰ ਵੀ ਰਾਮੂਵਾਲੀਆ ਦੀ ਦਲ ਬਦਲੂ ਨੀਤੀ ਬਾਰੇ ਅਗਾਊਂ ਜਾਣਕਾਰੀ ਹਾਸਲ ਨਾ ਕਰ ਸਕਿਆ। ਅਕਾਲੀ ਲੀਡਰਾਂ ਨੂੰ ਵੀ ਨਿਊਜ਼ ਚੈਨਲਾਂ ਜ਼ਰੀਏ ਪਤਾ ਲੱਗਾ ਕਿ ਰਾਮੂਵਾਲੀਆ ਯੂæਪੀæ ਕੈਬਨਿਟ ਵਿਚ ਮੰਤਰੀ ਬਣ ਗਏ ਹਨ। ਪਿਛਲੇ ਦਿਨੀਂ ਉਨ੍ਹਾਂ ਦੇ ਅਸਤੀਫੇ ਦੀ ਵੀ ਚਰਚਾ ਸੀ, ਪਰ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਸੀ।