ਲੋਕ ਰੋਹ ਦਾ ਸ਼ਿਕਾਰ ਹੋਈ ਸਰਕਾਰ ਨੂੰ ਨਿਵੇਸ਼ਕਾਰਾਂ ਵੱਲੋਂ ਢਾਰਸ

ਚੰਡੀਗੜ੍ਹ: ਕਿਸਾਨ ਅੰਦੋਲਨ, ਡੇਰਾ ਮੁਖੀ ਨੂੰ ਮੁਆਫੀ ਦਾ ਵਿਵਾਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਤੇ ਘਿਰੀ ਪੰਜਾਬ ਸਰਕਾਰ ਨੂੰ ਦੂਜੇ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਵਿਚ ਨਿਵੇਸ਼ਕਾਰਾਂ ਨੇ ਥੋੜ੍ਹੀ ਢਾਰਸ ਦਿੱਤੀ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੰਮੇਲਨ ਦੌਰਾਨ ਸੂਬੇ ਵਿਚ ਨਿਵੇਸ਼ ਲਈ ਇਕ ਲੱਖ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ 378 ਸਮਝੌਤਿਆਂ ਉਤੇ ਸਹੀ ਪਾਈ ਗਈ ਹੈ।

ਇਸ ਨਾਲ ਸੂਬੇ ਦੇ 2æ50 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਹੋਵੇਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ 2013 ਵਾਲੇ ਸੰਮੇਲਨ ਦੌਰਾਨ 63000 ਕਰੋੜ ਦੇ ਨਿਵੇਸ਼ ਸਮਝੌਤੇ ਕੀਤੇ ਗਏ ਸਨ ਜਿਸ ਵਿਚੋਂ 41187 ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ। ਇੰਡੀਅਨ ਸਕੂਲ ਆਫ ਬਿਜ਼ਨਸ ਵਿਚ ਦੂਜੇ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਪੰਜਾਬ ਨਾ ਸਿਰਫ ਦੇਸ਼, ਸਗੋਂ ਦੁਨੀਆਂ ਭਰ ਦੇ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ, 2013 ਵਿਚ ਹੋਏ ਪਹਿਲੇ ਸੰਮੇਲਨ ਤੇ ਹੁਣ ਦੂਜੇ ਸੰਮੇਲਨ ਦੀ ਸਫਲਤਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੂੰਜੀ ਨਿਵੇਸ਼ ਦੇ ਪੱਖ ਤੋਂ ਪੰਜਾਬ ਦੇਸ਼ ਦਾ ਸਭ ਤੋਂ ਵਧੀਆ ਸੂਬਾ ਹੈ ਜਿਸ ਦਾ ਸਿਹਰਾ ਸੂਬੇ ਦੇ ਵਧੀਆ ਬੁਨਿਆਦੀ ਢਾਂਚਾ, ਵਧੀਆ ਸੜਕੀ ਨੈਟਵਰਕ, ਰੇਲ ਤੇ ਹਵਾਈ ਸੰਪਰਕ, ਉਚ ਦਰਜੇ ਦੇ ਟੈਲੀਕਾਮ ਨੈਟਵਰਕ ਨੂੰ ਜਾਂਦਾ ਹੈ। ਇਥੋਂ ਤੱਕ ਕਿ ਸੂਬੇ ਵਿਚ ਨਿਵੇਸ਼ ਦੇ ਪੱਖੋਂ ਪ੍ਰਵਾਨਗੀ ਦੀਆਂ ਸਾਰੀਆਂ ਸ਼ਕਤੀਆਂ ਇਕ ਅਧਿਕਾਰੀ ਨੂੰ ਦਿੱਤੀਆਂ ਗਈਆਂ ਹਨ, ਜੋ 23 ਵੱਖ-ਵੱਖ ਵਿਭਾਗਾਂ ਦੀਆਂ ਪ੍ਰਵਾਨਗੀਆਂ ਤੇ ਮਨਜ਼ੂਰੀਆਂ ਨੂੰ ਇਕ ਮਹੀਨੇ ਵਿਚ ਸਿਰਫ ਆਪਣੇ ਪੱਧਰ ਉਤੇ ਨਿਪਟਾਉਣ ਦੇ ਸਮਰੱਥ ਹੈ।
ਬਾਦਲ ਨੇ ਪੋਲੈਂਡ, ਚੀਨ, ਹੰਗਰੀ, ਦੱਖਣ ਕੋਰੀਆ ਤੇ ਡੈਲੀਗੇਟਾਂ ਸਣੇ ਅਮਰੀਕਾ, ਇੰਗਲੈਂਡ, ਫਰਾਂਸ, ਇਟਲੀ ਤੇ ਸਿੰਗਾਪੁਰ ਦੀਆਂ ਸੰਮੇਲਨ ਵਿਚ ਹਿੱਸਾ ਲੈਣ ਆਈਆਂ ਕੰਪਨੀਆਂ ਦੇ ਨੁਮਾਇੰਦਿਆਂ ਦਾ ਵੀ ਧੰਨਵਾਦ ਕੀਤਾ।ਸੂਬੇ ਦਾ ਉਦਯੋਗ ਹੋਰ ਥਾਵਾਂ ਉਤੇ ਤਬਦੀਲ ਹੋਣ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਸਨਅਤਾਂ ਲਈ ਵੱਡੀਆਂ ਰਿਆਇਤਾਂ ਦੇ ਬਾਵਜੂਦ ਸਨਅਤਕਾਰ ਇਥੇ ਨਿਵੇਸ਼ ਕਰਨ ਤੋਂ ਹਿਚਕਚਾਉਂਦੇ ਹਨ ਤੇ ਉਨ੍ਹਾਂ ਨੇ ਸਨਅਤਕਾਰਾਂ ਨੂੰ ਆਪਣੀ ਇਸ ਸੋਚ ਵਿਚ ਤਬਦੀਲੀ ਲਿਆਉਣ ਉਤੇ ਜ਼ੋਰ ਪਾਇਆ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸ ਵਿਚ ਅਗਲੇ ਸਾਲ ਜਨਵਰੀ ਤੱਕ ਸਾਰੇ ਪਿੰਡ, ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ 4-ਜੀ ਨਾਲ ਜੋੜ ਦਿੱਤੇ ਜਾਣਗੇ।
ਨਿਵੇਸ਼ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਹਾਊਸਿੰਗ, ਸਿਹਤ, ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਵੱਡੇ ਨਿਵੇਸ਼ ਸਬੰਧੀ ਸਮਝੌਤੇ ਹੋਏ ਜਿਸ ਵਿਚ ਰਿਲਾਇੰਸ ਵੱਲੋਂ 3500 ਕਰੋੜ ਤੇ ਵੋਡਾਫੋਨ ਵੱਲੋਂ 5000 ਕਰੋੜ ਰੁਪਏ ਦਾ ਨਿਵੇਸ਼ ਪ੍ਰਮੁੱਖ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਵਿਚ ਸੈਰ ਸਪਾਟਾ ਸਨਅਤ ਦੀਆਂ ਅਸੀਮ ਸੰਭਾਵਨਾਵਾਂ ਦੇ ਮੱਦੇਨਜ਼ਰ ਗੀਤਾਂਜਲੀ ਗਰੁੱਪ ਵੱਲੋਂ 1200 ਕਰੋੜ ਦੀ ਲਾਗਤ ਨਾਲ ਜਿਊਲਰੀ ਹੱਬ ਵਿਕਸਤ ਕੀਤੀ ਜਾ ਰਹੀ ਹੈ।
ਹੁਨਰ ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਨਾਮੀ ਕੰਪਨੀਆਂ ਵੱਲੋਂ ਸਾਲਾਨਾ 1æ5 ਲੱਖ ਨੌਜਵਾਨਾਂ ਨੂੰ ਪੇਸ਼ੇਵਰ ਸਿਖਲਾਈ ਦੇਣ ਸਬੰਧੀ ਪੰਜਾਬ ਸਰਕਾਰ ਨਾਲ ਸਮਝੌਤੇ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਕੁੜੀਆਂ ਨੂੰ ਵਿਸ਼ੇਸ਼ ਤੌਰ ਉਤੇ ਸਿਖਲਾਈ ਦੇਣ ਲਈ ਪੱਛੜੇ ਇਲਾਕਿਆਂ ਵਿਚ 50 ਹੁਨਰ ਵਿਕਾਸ ਕਾਲਜ ਖੋਲ੍ਹੇ ਜਾ ਰਹੇ ਹਨ।
_________________________________
ਪੋਲੈਂਡ ਐਗਰੋ ਪ੍ਰੋਸੈਸਿੰਗ ਖੇਤਰ ‘ਚ ਕਰੇਗਾ ਦੁੱਗਣਾ ਨਿਵੇਸ਼
ਮੁਹਾਲੀ: ਪੋਲੈਂਡ, ਪੰਜਾਬ ਅੰਦਰ ਖੇਤੀਬਾੜੀ, ਫੂਡ ਪ੍ਰੋਸੈਸਿੰਗ ਤੇ ਨਵੀਂ ਤਕਨਾਲੋਜੀ ਨੂੰ ਉਤਸ਼ਾਹਿਤ ਕਰੇਗਾ। ਵੀਟੋਲਡ ਜਰਜੀ ਪੀਟਰਵਿਜ ਸੈਕਰਟਰੀ ਆਰਥਿਕ ਵਿਭਾਗ ਪੋਲੈਂਡ ਨੇ ਸੈਸ਼ਨ ਦੇ ਉਦਘਾਟਨ ਮੌਕੇ ਕਿਹਾ ਕਿ ਭਾਰਤ ਦੇ ਅਨਾਜ ਭੰਡਾਰ ਵਿਚ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਤੇ ਅੰਨਦਾਤੇ ਵਜੋਂ ਜਾਣੇ ਜਾਂਦੇ ਪੰਜਾਬ ਸੂਬੇ ਨਾਲ ਸਹਿਯੋਗ ਕਰਕੇ ਉਹ ਬਹੁਤ ਉਤਸ਼ਾਹਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਇਕ ਹੱਬ ਵਜੋਂ ਉਭਰ ਕੇ ਸਾਹਮਣੇ ਆਵੇਗਾ। ਪੋਲੈਂਡ ਨੇ ਪੰਜਾਬ ਤੇ ਲਬਲਿਨ ਨਾਲ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਨਾਲ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ।
_____________________________
ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦਾ ਯਤਨ: ਭੱਠਲ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਨਿਵੇਸ਼ਕ ਸੰਮੇਲਨ ਨੂੰ ਬਾਦਲ ਸਰਕਾਰ ਦੀ ਰਾਜਨੀਤਕ ਖੇਡ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸੂਬੇ ਦੇ ਗੰਭੀਰ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਦਾ ਸ਼ੋਅ ਕਰ ਰਹੀ ਹੈ, ਜਿਸ ਤੋਂ ਰਾਜ ਨੂੰ ਕੁਝ ਹਾਸਲ ਨਹੀਂ ਹੋਵੇਗਾ। ਬੀਬੀ ਭੱਠਲ ਨੇ ਕਿਹਾ ਕਿ ਬਾਦਲ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿਚ ਢੇਰਾਂ ਨਵੇਂ ਪ੍ਰੋਜੈਕਟ ਲੱਗ ਰਹੇ ਹਨ ਤੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ, ਜਦੋਂ ਕਿ ਸਰਕਾਰ ਨੂੰ ਆਪਣੇ ਕਾਰਜਕਾਲ ਵਿਚ ਰਾਜ ਵਿਚ ਹੋਏ ਕੁੱਲ ਨਿਵੇਸ਼ ਦੀ ਜਾਣਕਾਰੀ ਦੇਣੀ ਚਾਹੀਦੀ ਹੈ।
______________________________
ਤੰਬਾਕੂ ਕੰਪਨੀਆਂ ਨੂੰ ਸੱਦੇ ‘ਤੇ ਵਿਵਾਦ ਭਖਿਆ
ਮੁਹਾਲੀ: ਤੰਬਾਕੂ ਉਤਪਾਦਾਂ ਵਿਰੁੱਧ ਸੰਘਰਸ਼ ਸ਼ੀਲ ਸਮਾਜ ਸੇਵੀ ਸੰਸਥਾ ‘ਜੈਨਰੇਸ਼ਨ ਸੇਵੀਅਰ ਐਸੋਸੀਏਸ਼ਨ’ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਦੂਜੇ ਪੰਜਾਬ ਪ੍ਰੋਗਰੈਸਿਵ ਸੰਮੇਲਨ ਵਿਚ ਇੰਡੀਅਨ ਤੰਬਾਕੂ ਕੰਪਨੀ ਨੂੰ ਸੱਦ ਕੇ ਤੰਬਾਕੂ ਕੰਟਰੋਲ ਐਕਟ ਦੀ ਘੋਰ ਉਲੰਘਣਾ ਕੀਤੀ ਹੈ। ਚੇਤੇ ਰਹੇ ਕਿ 31 ਮਈ ਨੂੰ ਡਬਲਯੂæਐਚæਓæ ਨੇ ਪੰਜਾਬ ਨੂੰ ਤੰਬਾਕੂ ਕੰਟਰੋਲ ਸਬੰਧੀ ਕੀਤੇ ਚੰਗੇ ਕਾਰਜਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਸੀ। ਸੰਸਥਾ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਅਰੋੜਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੜ ਲਿਖੇ ਪੱਤਰ ਵਿਚ ਅਪੀਲ ਕੀਤੀ ਹੈ ਕਿ ਤੰਬਾਕੂ ਉਤਪਾਦ ਤਿਆਰ ਕਰਨ ਵਾਲੀ ਇੰਡੀਅਨ ਤੰਬਾਕੂ ਕੰਪਨੀ (ਆਈæਟੀæਸੀæ) ਤੇ ਹੋਰ ਤੰਬਾਕੂ ਸਨਅਤਾਂ ਨਾਲ ਪੰਜਾਬ ਵਿਚ ਨਿਵੇਸ਼ ਲਈ ਸਮਝੌਤਾ ਨਾ ਕੀਤਾ ਜਾਵੇ।