ਅਸਹਿਣਸ਼ੀਲਤਾ ਖਿਲਾਫ ਬੁੱਧੀਜੀਵੀਆਂ ਦਾ ਕਾਫਲਾ ਹੋਇਆ ਲੰਬਾ

ਨਵੀਂ ਦਿੱਲੀ: ਦੇਸ਼ ਵਿਚ ਅਸਹਿਣਸ਼ੀਲਤਾ ਤੇ ਫਿਰਕੂ ਤਣਾਅ ਵਾਲੇ ਮਾਹੌਲ ਖਿਲਾਫ ਬੁੱਧੀਜੀਵੀਆਂ ਦਾ ਕਾਫਲਾ ਲੰਬਾ ਹੁੰਦਾ ਜਾ ਰਿਹਾ ਹੈ। ਲੇਖਕਾਂ, ਫਿਲਮਸਾਜ਼ਾਂ ਤੇ ਸਾਇੰਸਦਾਨਾਂ ਦੇ ਨਾਲ ਹੁਣ ਇਤਿਹਾਸਕਾਰ ਵੀ ਇਸ ਲੜਾਈ ਵਿਚ ਕੁੱਦ ਪਏ ਹਨ। ਚੋਟੀ ਦੇ ਸਾਇੰਸਦਾਨ ਪੀæਐਮæ ਭਾਰਗਵ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਉਤੇ ਭਾਰਤ ਨੂੰ Ḕਹਿੰਦੂ ਰਾਸ਼ਟਰ’ ਬਣਾਉਣ ਦੀਆਂ ਚਾਲਾਂ ਚੱਲਣ ਦੇ ਦੋਸ਼ ਲਾਉਂਦਿਆਂ ਆਪਣਾ ਪਦਮ ਭੂਸ਼ਣ ਐਵਾਰਡ ਵਾਪਸ ਮੋੜਨ ਦਾ ਐਲਾਨ ਕੀਤਾ ਹੈ।

ਬੁੱਧੀਜੀਵੀਆਂ ਵੱਲੋਂ ਛੇੜੀ ਇਸ ਮੁਹਿੰਮ ਵਿਚ ਸਾਇੰਸਦਾਨਾਂ ਦੇ ਦੂਜੇ ਸਮੂਹ ਦੀ ਸ਼ਮੂਲੀਅਤ ਦੇ ਨਾਲ ਹੀ ਰੋਮਿਲਾ ਥਾਪਰ, ਇਰਫ਼ਾਨ ਹਬੀਬ, ਕੇæਐਨæ ਪੰਨੀਕਰ ਤੇ ਮ੍ਰਿਦੁਲਾ ਮੁਖਰਜੀ ਸਣੇ 53 ਇਤਿਹਾਸਕਾਰਾਂ ਨੇ ਕਿਹਾ ਕਿ ਮੁਲਕ ਵਿਚ ਜਾਰੀ Ḕਬਹੁਤ ਹੀ ਮਾੜੇ ਮਾਹੌਲ’ ਦੇ ਬਾਵਜੂਦ ਸ੍ਰੀ ਮੋਦੀ ਇਕ ਵੀ ਭਰੋਸਾ ਦਿਵਾਊ ਬਿਆਨ ਦੇਣ ਵਿਚ ਨਾਕਾਮ ਰਹੇ ਹਨ।
ਇਸ ਤੋਂ ਪਹਿਲਾਂ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ 140 ਦਿਨ ਲੰਬੀ ਹੜਤਾਲ ਤੋਂ ਬਾਅਦ ਇਕ ਦਰਜਨ ਫਿਲਮ ਨਿਰਮਾਤਾਵਾਂ ਵੱਲੋਂ ਸਨਮਾਨ ਵਾਪਸ ਕਰਨ ਦੇ ਫੈਸਲੇ ਨੇ ਅਸਹਿਣਸ਼ੀਲ ਮਾਹੌਲ ਖਿਲਾਫ ਲੜਾਈ ਨੂੰ ਮਜ਼ਬੂਤੀ ਬਖਸ਼ੀ ਸੀ। ਲੇਖਕਾਂ ਤੇ ਕਲਾਕਾਰਾਂ ਤੋਂ ਸ਼ੁਰੂ ਹੋਈ ਇਸ ਆਵਾਜ਼ ਵਿਚ 53 ਇਤਿਹਾਸਕਾਰਾਂ ਤੇ ਵੱਡੀਆਂ ਸੰਸਥਾਵਾਂ ਨਾਲ ਜੁੜੇ ਸਾਇੰਸਦਾਨਾਂ ਵੀ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਵਿਦਿਆਰਥੀ ਕਿਸੇ ਯੋਗ ਵਿਅਕਤੀ ਦੀ ਬਜਾਏ ਸਿਰਫ ਭਾਜਪਾ ਦਾ ਮੈਂਬਰ ਹੋਣ ਦੀ ਕਾਬਲੀਅਤ ਨਾਲ ਗਜੇਂਦਰ ਚੌਹਾਨ ਨੂੰ ਇੰਸਟੀਚਿਊਟ ਦਾ ਚੇਅਰਮੈਨ ਲਗਾਉਣ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਵਿਚਾਰਾਂ ਦੇ ਵਖਰੇਵੇਂ ਕਰਕੇ ਕੱਟੜਪੰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੇ ਗਾਂ-ਮਾਸ ਦੇ ਮੁੱਦੇ ਉੱਤੇ ਬਣਾਇਆ ਜਾ ਰਿਹਾ ਮਾਹੌਲ ਦੇਸ਼ ਦੇ ਬਹੁ-ਧਰਮੀ, ਬਹੁ-ਨਸਲੀ, ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰੀ ਵਾਲੀ ਛਬਿ ਨਾਲ ਮੇਲ ਨਹੀਂ ਖਾਂਦਾ। ਇਤਿਹਾਸਕਾਰਾਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹ ਸੰਕੇਤ ਦੇਣ ਵਿਚ ਵੀ ਕਾਮਯਾਬ ਨਹੀਂ ਹੋਏ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਲਾਗੂ ਕਰਦਿਆਂ ਮਾਹੌਲ ਵਿਗਾੜਨ ਵਾਲਿਆਂ ਦੇ ਨਾਲ ਨਹੀਂ ਖੜ੍ਹੇ ਹੋਏ। ਹੈਦਰਾਬਾਦ ਦੇ ਨਾਮੀ ਸੈਂਟਰ ਫਾਰ ਸੈਲੂਲਰ ਐਂਡ ਮੋਲੇਕਿਊਲਰ ਬਾਇਓਲੋਜੀ ਦੇ ਬਾਨੀ ਸ੍ਰੀ ਭਾਰਗਵ (87 ਸਾਲ) ਨੇ ਕਿਹਾ ਕਿ ਉਹ 1986 ਵਿਚ ਮਿਲਿਆ ਆਪਣਾ ਐਵਾਰਡ ਵਾਪਸ ਮੋੜ ਰਹੇ ਹਨ। ਮੌਜੂਦਾ ਹਕੂਮਤ ਦੇਸ਼ ਨੂੰ ਲੋਕਤੰਤਰ ਤੋਂ ਲਾਂਭੇ ਲਿਜਾ ਰਹੀ ਹੈ ਤੇ ਮੁਲਕ ਨੂੰ ਹਿੰਦੂ ਧਾਰਮਿਕ ਤਾਨਾਸ਼ਾਹੀ ਬਣਾਉਣ ਵੱਲ ਵਧ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਦੇਸ਼ ਵਿਚ ਭਾਜਪਾ ਦੇ ਨਾਂ ਉਤੇ ਆਰæਐਸ਼ਐਸ਼ ਹੀ ਰਾਜ ਕਰ ਰਹੀ ਹੈ।
____________________________
ਇਨਾਮ ਮੋੜਨ ਵਾਲਿਆਂ ਨੂੰ ਸਰਕਾਰ ਵਿਰੋਧੀ ਦੱਸਿਆ
ਪਟਨਾ: ਕੇਂਦਰੀ ਮੰਤਰੀਆਂ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਨੇ ਐਵਾਰਡ ਮੋੜਨ ਵਾਲੇ ਬੁੱਧੀਜੀਵੀਆਂ ਦੀ ਨੁਕਤਾਚੀਨੀ ਕਰਦਿਆਂ ਇਨ੍ਹਾਂ ਨੂੰ Ḕਕੱਟੜ ਭਾਜਪਾ ਵਿਰੋਧੀ ਅਨਸਰ’ ਤੇ ਸਾਜ਼ਿਸ਼ ਕਰਾਰ ਦਿੱਤਾ ਹੈ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੇਰੇ ਖਿਆਲ ਵਿਚ ਇਹ ਸਭ ਕੁਝ ਸਿਆਸੀ ਕਾਰਨਾਂ ਕਰ ਕੇ ਹੋ ਰਿਹਾ ਹੈ, ਜਦੋਂਕਿ ਵਿਰੋਧ ਜ਼ਾਹਰ ਕਰਨ ਦੇ ਹੋਰ ਵੀ ਤਰੀਕੇ ਹਨ।
________________________
ਮੂਡੀਜ਼ ਨੇ ਵੀ ਕੀਤਾ ਮੋਦੀ ਨੂੰ ਖਬਰਦਾਰ
ਨਵੀਂ ਦਿੱਲੀ: ਆਲਮੀ ਅਦਾਰੇ ਮੂਡੀਜ਼ ਨੇ ਵੀ ਅਸਹਿਣਸ਼ੀਲਤਾ ਬਾਰੇ ਕੇਂਦਰ ਦੀ ਮੋਦੀ ਸਰਕਾਰ ਨੂੰ ਖਬਰਦਾਰ ਕੀਤਾ ਹੈ। ਮੂਡੀਜ਼ ਨੇ ਆਪਣੀ ਇਕ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ ਜੇ ਭਾਜਪਾ ਆਗੂ ਬਾਜ਼ ਨਾ ਆਏ ਤਾਂ ਇਸ ਦੀ ਕੀਮਤ ਭਾਰਤ ਨੂੰ Ḕਘਰੇਲੂ ਤੇ ਆਲਮੀ ਪੱਧਰ ਉਤੇ ਸਾਖ ਦੇ ਨੁਕਸਾਨ’ ਵਜੋਂ ਚੁਕਾਉਣੀ ਪੈ ਸਕਦੀ ਹੈ। ਅਦਾਰੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਾਜਪਾ ਆਗੂਆਂ ਨੂੰ ਭੜਕਾਊ ਕਾਰਵਾਈਆਂ ਤੋਂ ਵਰਜਣ ਤੇ ਕਾਬੂ ਵਿਚ ਰੱਖਣ ਦੀ ਸਲਾਹ ਦਿੱਤੀ ਹੈ। ਮੂਡੀਜ਼ ਨੇ ਕਿਹਾ ਹੈ ਕਿ ਭਾਜਪਾ ਕੋਲ ਅਹਿਮ ਸੁਧਾਰ ਪਾਸ ਕਰਨ ਲਈ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿਚ ਬਹੁਮਤ ਨਹੀਂ ਹੈ ਤੇ ਵਿਰੋਧੀ ਧਿਰ ਲਗਾਤਾਰ ਅੜਿੱਕੇ ਪਾ ਰਹੀ ਹੈ। ਇਸ ਦੌਰਾਨ ਹਾਲ ਹੀ ਵਿਚ ਵੱਖ-ਵੱਖ ਭਾਜਪਾ ਆਗੂਆਂ ਵੱਲੋਂ ਕੀਤੀ ਵਿਵਾਦਗ੍ਰਸਤ ਬਿਆਨਬਾਜ਼ੀ ਦੌਰਾਨ ਪਾਰਟੀ ਆਪਣਾ ਬਚਾਅ ਕਰਨ ਵਿਚ ਨਾਕਾਮ ਰਹੀ ਹੈ। ਮੂਡੀਜ਼ ਐਨਾਲਿਟਿਕਸ, ਜੋ ਮੂਡੀਜ਼ ਕਾਰਪੋਰੇਸ਼ਨ ਦੀ ਆਰਥਿਕ ਖੋਜ ਤੇ ਵਿਸ਼ਲੇਸ਼ਣ ਡਿਵੀਜ਼ਨ ਹੈ, ਵੱਲੋਂ ਤਿਆਰ ਇਸ ਰਿਪੋਰਟ ਵਿਚ ਕਿਹਾ ਗਿਆ ਹੈ, Ḕਭਾਵੇਂ ਮੋਦੀ ਨੇ ਆਪਣੇ ਆਪ ਨੂੰ ਕੌਮਪ੍ਰਸਤ ਬਿਆਨਬਾਜ਼ੀ ਤੋਂ ਦੂਰ ਹੀ ਰੱਖਿਆ ਹੈ, ਪਰ ਵੱਖ-ਵੱਖ ਭਾਰਤੀ ਘੱਟ ਗਿਣਤੀਆਂ ਵਿਚ ਉਕਸਾਹਟ ਪੈਦਾ ਕੀਤੇ ਜਾਣ ਨਾਲ ਤਣਾਅ ਬਣਿਆ ਹੈ।