ਰਵਾਇਤੀ ਜਾਹੋ ਜਲਾਲ ਨਾਲ ਸਜਿਆ ਯੂਬਾ ਸਿਟੀ ਦਾ ਨਗਰ ਕੀਰਤਨ

ਯੂਬਾ ਸਿਟੀ (ਤਰਲੋਚਨ ਸਿੰਘ ਦੁਪਾਲਪੁਰ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਟਾਇਰਾ ਬਿਊਨਾ ਦੀਆਂ ਸੰਗਤਾਂ ਦੇ ਉਦਮ ਨਾਲ ਸਜਾਇਆ ਸਾਲਾਨਾ 36ਵਾਂ ਨਗਰ ਕੀਰਤਨ ਲੰਘੀ ਪਹਿਲੀ ਨਵੰਬਰ, ਐਤਵਾਰ ਨੂੰ ਰਵਾਇਤੀ ਜਾਹੋ ਜਲਾਲ ਅਤੇ ਸ਼ਰਧਾ ਨਾਲ ਸਜਾਇਆ ਗਿਆ।

ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵਰਗੇ ਇਸ ਪਰਵਾਸੀ ਪੰਜਾਬੀਆਂ ਦੇ ਸਮਾਗਮ ਨੂੰ ਸਾਰਾ ਦਿਨ ਹੁੰਦੀ ਰਹੀ ਕਿਣਮਿਣ ਨੇ ਕਿਰਕਿਰਾ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸੰਗਤਾਂ ਦੇ ਪੂਰਨ ਸ਼ਰਧਾ, ਚਾਅ ਤੇ ਉਮਾਹ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ। ਸੰਗਤ ਦੀ ਗਿਣਤੀ ਪੱਖੋਂ ਨਗਰ ਕੀਰਤਨ ਜ਼ਰੂਰ ਸਲ੍ਹਾਭਿਆ ਗਿਆ। ਜ਼ਰਾ ਕੁ ਮੀਂਹ ਥੰਮ੍ਹਦਾ ਤਾਂ ਅਸਮਾਨ ‘ਚ ਉਡਦੇ ਹੈਲੀਕਾਪਟਰ ਸੰਗਤਾਂ ਉਤੇ ਰੰਗ-ਬਰੰਗੀਆਂ ਫੁੱਲ-ਪੱਤੀਆਂ ਵਰਸਾਉਣੀਆਂ ਸ਼ੁਰੂ ਕਰ ਦਿੰਦੇ।
ਗੁਰਦੁਆਰਾ ਟਾਇਰਾ ਬਿਊਨਾ ਵਿਖੇ ਮੁੱਖ ਦੀਵਾਨ ਹਾਲ ਵਿਚ ਸਾਰੀ ਰਾਤ ਚੱਲੇ ਦੀਵਾਨ ਵਿਚ ਸਥਾਨਕ ਸਿੱਖ ਆਗੂਆਂ ਦੀਆਂ ਤਕਰੀਰਾਂ ਤੋਂ ਇਲਾਵਾ ਵੱਖ ਵੱਖ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸ਼ ਜਰਨੈਲ ਸਿੰਘ ਅਤੇ ਅਕਾਲੀ ਦਲ (ਬਾਦਲ) ਉਤੇ ਦੋ ਵਿਧਾਨ ਰੱਖਣ ਦਾ ਕੇਸ ਕਰਨ ਵਾਲੇ ਸੋਸ਼ਲਿਸਟ ਬਜ਼ੁਰਗ ਸ਼ ਬਲਵੰਤ ਸਿੰਘ ਖੇੜਾ ਨੇ ਵੀ ਇਸ ਮੌਕੇ ਵਿਚਾਰਾਂ ਦੀ ਸਾਂਝ ਪਾਈ।
ਦਿਨ ਚੜ੍ਹੇ ਅਖੰਡ ਪਾਠ ਦੇ ਭੋਗ ਉਪਰੰਤ ਸ਼ਰਧਾ, ਸਤਿਕਾਰ ਤੇ ਚਾਅਵਾਂ ਉਮੰਗਾਂ ਨਾਲ ਸਜਾਏ ਗਏ ਮੁੱਖ ਫਲੋਟ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿਸ ਦੇ ਪਿਛੇ ਪ੍ਰਸਿਧ ਰਾਗੀ ਜਥੇ ਆਪਣੇ ਸਾਜਾਂ ਸਮੇਤ ਬੈਠੇ ਗੁਰਬਾਣੀ ਗਾਇਨ ਰਾਹੀਂ ਫਿਜ਼ਾ ਵਿਚ ਇਲਾਹੀ ਰੰਗ ਘੋਲ ਰਹੇ ਸਨ। ਬਸੰਤੀ ਬਾਣਿਆਂ ਵਿਚ ਸਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰੰਭ ਹੋਏ ਨਗਰ ਕੀਰਤਨ ਵਿਚ ਛਤਰੀਆਂ, ਬਰਸਾਤੀਆਂ ਅਤੇ ਮੋਮਜਾਮਿਆਂ ਨਾਲ ਸਿਰ ਢਕ ਕੇ Ḕਸਤਿਨਾਮ ਵਾਹਿਗੁਰੂḔ ਦਾ ਜਾਪ ਕਰਦੀਆਂ ਜਾ ਰਹੀਆਂ ਸੰਗਤਾਂ ਰੁਹਾਨੀ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਮੀਂਹ ਤੇਜ ਹੋਣ ‘ਤੇ ਮੌਕਾ-ਮੇਲ ਮੁਤਾਬਕ ਰਾਗੀ ਸਿੰਘ Ḕਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈḔ ਵਾਲਾ ਸ਼ਬਦ ਦਾ ਆਲਾਪ ਸ਼ੁਰੂ ਕਰ ਦਿੰਦੇ।
ਗੰਨੇ ਪੀੜ ਰਹੇ ਵੇਲਣਿਆਂ ‘ਤੇ ਠੰਢੀ ਰਸ ਪੀਣ ਲਈ ਸੰਗਤਾਂ ਦੀਆਂ ਲੱਗੀਆਂ ਕਤਾਰਾਂ, ਵੱਡੀਆਂ ਭੱਠੀਆਂ ‘ਤੇ ਭੁੱਜਦੀਆਂ ਛੱਲੀਆਂ ਲੈਣ ਲਈ ਬਿਹਬਲ ਲੋਕ, ਗਰਮਾ-ਗਰਮ ਜਲੇਬੀਆਂ ਪਲੇਟਾਂ ‘ਚ ਪਾਉਣ ਲਈ ਕਾਹਲੇ ਪੰਜਾਬੀ ਅਤੇ ਜਾਇਕੇਦਾਰ ਗੋਲ-ਗੱਪੇ ਛਕਣ ਲਈ ਆਪਣੀ ਵਾਰੀ ਉਡੀਕਦੀਆਂ ਬੀਬੀਆਂ-ਭੈਣਾਂ ਦੇ ਦ੍ਰਿਸ਼ ਇਸ ਨਗਰ ਕੀਰਤਨ ਦੀ ਵੰਨ-ਸੁਵੰਨਤਾ ਪ੍ਰਗਟਾ ਰਹੇ ਸਨ।
ਮੌਸਮ ਦੀ ਖਰਾਬੀ ਕਾਰਨ ਇਸ ਵਾਰ ਫਲੋਟਾਂ ਦੀ ਗਿਣਤੀ ਭਾਵੇਂ ਘੱਟ ਸੀ ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਆਮ ਆਦਮੀ ਪਾਰਟੀ ਅਤੇ ਹੋਰ ਕਈ ਗੁਰਦੁਆਰਾ ਕਮੇਟੀਆਂ, ਸਿੱਖ ਸਭਾ ਸੁਸਾਇਟੀਆਂ ਨੇ ਆਪੋ-ਆਪਣੇ ਫਲੋਟ ਰਵਾਇਤੀ ਢੰਗ ਨਾਲ ਸਜਾਏ ਹੋਏ ਸਨ। ਬਾਦਲ ਦਲੀਆਂ ਨੇ ਮੌਕੇ ਦੀ ਨਜ਼ਾਕਤ ਭਾਂਪਦਿਆਂ ਇਸ ਵਾਰ ਸਿਆਣਪ ਵਰਤੀ ਤੇ ਉਨ੍ਹਾਂ ਪਾਰਟੀ ਪੱਧਰ ‘ਤੇ ਕੋਈ ਸਰਗਰਮੀ ਨਾ ਵਿਖਾਈ। ਭਾਵੇਂ ਇਸ ਦਲ ਦੇ ਅਥਾਨਕ ਆਗੂਆਂ ਨੇ Ḕਵਿਸ਼ਾਲ ਕਾਨਫਰੰਸḔ ਕਰਨ ਦਾ ਐਲਾਨ ਕੀਤਾ ਹੋਇਆ ਸੀ। ਕੇਸਰੀ ਤੇ ਨੀਲੇ ਦੁਮਾਲਿਆਂ ਵਾਲੇ ਕਈ ਨੌਜਵਾਨ ਇਕ-ਦੂਜੇ ਨੂੰ ਬਾਦਲ ਦਲੀਆਂ ਦੀ ਕਾਨਫਰੰਸ ਦੇ ḔਸਥਾਨḔ ਬਾਰੇ ਪੁੱਛਦੇ-ਪੁਛਾਉਂਦੇ ਦੇਖੇ ਗਏ।
ਪੰਜਾਬ ਵਿਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਸੰਗਤਾਂ ਦਾ ਬਾਦਲ ਸਰਕਾਰ ਪ੍ਰਤੀ ਰੋਹ ਤੇ ਗੁੱਸਾ ਇਸ ਨਗਰ ਕੀਰਤਨ ਵਿਚ ਪ੍ਰਤੱਖ ਦਿਖਾਈ ਦੇ ਰਿਹਾ ਸੀ। ਵਰਤਮਾਨ ਸਮੇਂ ਪੰਥਕ ਸਰਗਰਮੀਆਂ ਦੀ ਅਗਵਾਈ ਕਰ ਰਹੇ ਪ੍ਰਚਾਰਕਾਂ ਦੇ ਸੱਦੇ ਮੁਤਾਬਕ ਸੰਗਤਾਂ ਵਿਚ ਕਾਲੀਆਂ ਦਸਤਾਰਾਂ-ਦੁਪੱਟਿਆਂ ਦੀ ਭਰਮਾਰ ਸੀ।
ਵਪਾਰਕ ਸਟਾਲਾਂ ਦੇ ਨਾਲ ਨਾਲ ਇਸ ਵਾਰ ਧਾਰਮਿਕ, ਇਤਿਹਾਸਕ ਤੇ ਸਾਹਿਤ ਸਮੱਗਰੀ ਵਾਲੇ ਸਟਾਲਾਂ ਦੀ ਵੀ ਭਰਮਾਰ ਸੀ। ਕੱਪੜੇ, ਗਹਿਣਿਆਂ ਅਤੇ ਹਾਰ-ਸ਼ਿੰਗਾਰ ਦੇ ਸਟਾਲਾਂ ਉਤੇ ਬੀਬੀਆਂ ਦਾ ਝੁਰਮਟ ਸੀ। ਵਰਲਡ ਸਿੱਖ ਫੈਡਰੇਸ਼ਨ ਦੇ ਸਟਾਲ ‘ਤੇ ਸਾਰਾ ਦਿਨ ਭੀੜ ਲੱਗੀ ਰਹੀ ਤੇ ਮਰਦਾਂ ਦੇ ਮੁਕਾਬਲੇ ਬੀਬੀਆਂ ਨੇ ਜ਼ਿਆਦਾ ਕਿਤਾਬਾਂ ਖਰੀਦੀਆਂ। ਇਸੇ ਸਟਾਲ ‘ਤੇ ਨਵੇਂ ਸਾਲ ਲਈ ਮੂਲ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੂੰ ਸਿਆਸਤ ਦੇ ਚੁੰਗਲ ਤੋਂ ਮੁਕਤ ਕਰਾਉਣ ਦੀ ਮੰਗ ਵਾਲੇ ਬੈਨਰ ਇਸ ਬੂਥ ‘ਤੇ ਖਿੱਚ ਦਾ ਕਾਰਨ ਬਣੇ ਹੋਏ ਸਨ।
ਪ੍ਰਸਤਾਵਿਤ ਰੂਟ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮੀਂ ਕਰੀਬ ਤਿੰਨ ਵਜੇ ਅਰਦਾਸ ਉਪਰੰਤ ਸਮਾਪਤ ਹੋਇਆ।
ਨਗਰ ਕੀਰਤਨ ਸਬੰਧੀ ਕਰੀਬ ਮਹੀਨਾ ਭਰ ਚੱਲੇ ਪ੍ਰੋਗਰਾਮਾਂ ਦੌਰਾਨ 30 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਅਤੇ ਢਾਡੀ ਦੀਵਾਨ ਸਜਾਏ ਗਏ। ਇਸੇ ਸ਼ਾਮ ਆਤਿਸ਼ਬਾਜੀ ਵੀ ਹੋਈ। 31 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਹੋਇਆ। ਸਨਿਚਰਵਾਰ ਦਿਨੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਈ ਅਤੇ ਇਕ ਐਜੂਕੇਸ਼ਨਲ ਸੈਮੀਨਾਰ ਹੋਇਆ।
ਇਨ੍ਹਾਂ ਪ੍ਰੋਗਰਾਮਾਂ ਦੌਰਾਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਤਾਰਾ ਸਿੰਘ ਤੋਂ ਇਲਾਵਾ ਭਾਈ ਦਵਿੰਦਰ ਸਿੰਘ ਸੋਢੀ, ਭਾਈ ਹਰਜੀਤਪਾਲ ਸਿੰਘ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਤਜਿੰਦਰ ਸਿੰਘ ਅਤੇ ਭਾਈ ਡਿੰਪਲ ਸਿੰਘ ਟੋਹਾਣਾ ਵਾਲਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦਾ ਢਾਡੀ ਜਥਾ ਢਾਡੀ ਵਾਰਾਂ ਦੇ ਗਾਇਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਦਾ ਰਿਹਾ। ਭਾਈ ਸਾਹਿਬ ਸਿੰਘ ਨੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੀ ਰੋਸ਼ਨੀ ਵਿਚ ਬਾਦਲ ਦਲ ਵਿਰੁਧ ਆਮ ਭਾਵਨਾਵਾਂ ਅਤੇ ਬਾਦਲ ਦਲੀਆਂ ਵਲੋਂ ਤੇਵਰ ਦਿਖਾਏ ਜਾਣ ਕਰਕੇ ਖਿੱਚੋਤਾਣ ਹੋ ਜਾਣ ਦੇ ਖਦਸ਼ੇ ਸਨ ਪ੍ਰੰਤੂ ਇਸ ਤੋਂ ਬਚਾਅ ਹੀ ਰਿਹਾ।
______________________________________
ਝਲਕੀਆਂ
ਮੌਤ ਉਪਰੰਤ Ḕਅੰਗ ਦਾਨḔ ਕਰਨ ਲਈ ਪ੍ਰਣ ਪੱਤਰ ਭਰਨ ਵਾਸਤੇ ਪਹਿਲੀ ਵਾਰ ਜੋੜ ਮੇਲੇ ‘ਤੇ ਬੂਥ ਲੱਗਾ। ਇਹ ਬੂਥ ਸਟਾਕਟਨ ਵਸਦੇ ਰਾਜਿੰਦਰ ਸਿੰਘ ਟਾਂਡਾ ਦੇ ਉਦਮ ਨਾਲ ਲਾਇਆ ਗਿਆ ਜਿਸ ਵਿਚ ਕਾਫੀ ਗਿਣਤੀ ਵਿਚ ਲੋਕਾਂ ਨੇ ਆਪਣੇ ਨਾਂ ਦਰਜ ਕਰਵਾਏ।

ਇਕ ਫਲੋਟ ‘ਤੇ ਕੁਝ ਅਕਾਲੀ ਆਗੂਆਂ ਦੇ ਪੁਤਲਿਆਂ ਦੇ ਨਾਲ ਨਾਲ ਪੀæਟੀæਸੀæ ਚੈਨਲ ਦੇ ਪੁਤਲੇ ਨੂੰ ਵੀ ḔਚਾਹਟਾḔ ਛਕਾਇਆ ਜਾ ਰਿਹਾ ਸੀ। ਰੋਸ ਅਤੇ ਵਿਅੰਗ ਦਾ ਸੁਮੇਲ ਕਰਦਿਆਂ ਲੰਗਰ ਦੇ ਇਕ ਸਟਾਲ ‘ਤੇ ਚਮਚਿਆਂ ਦੀ ਪੇਟੀ ਉਤੇ ਲਿਖਿਆ ਹੋਇਆ ਸੀ, Ḕਮੱਕੜ ਅਤੇ ਜੱਫੇ ਮਾਰ!Ḕ ਪੰਜਾਬ ਵਿਚ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਪ੍ਰਤੀ ਸ਼ਾਇਦ ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਸੀ। ਇਹ ਦਿਲਚਸਪ ਗੱਲ ਸੀ ਕਿ ਇਸ ਵਾਰ ਖਾਲਿਸਤਾਨੀ ਸੁਰ ਕੁਝ ਧੀਮੀ ਹੀ ਰਹੀ।

ਮੇਜ ਉਤੇ ਗਰਮਾ-ਗਰਮ ਜਲੇਬੀਆਂ ਦੀਆਂ ਪਲੇਟਾਂ ਸਜਾ ਰਿਹਾ ਇਕ ਸੇਵਾਦਾਰ ਉਚੀ ਉਚੀ ਹੋਕਾ ਦੇ ਰਿਹਾ ਸੀ, Ḕਸੂਗਰ ਫਰੀ ਜਲੇਬੀਆਂ ਛਕੋ ਜੀḔ, ਅਤੇ ਕਈ ਲੋਕ ਛਕ ਵੀ ਰਹੇ ਸਨ, ਇਹ ਵਾਹਿਗੁਰੂ ਜਾਣੇ ਉਹ ਸੂਗਰ ਫਰੀ ਸਨ ਜਾਂ ਸੂਗਰ ਫੁਲ।

ਯੂਬਾ ਸਿਟੀ ਦੇ ਇਕ ਅਕਾਲੀ ਆਗੂ ਨੇ ਐਲਾਨ ਕੀਤਾ ਸੀ ਕਿ ਯੂਬਾ ਸਿਟੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ। ਕਈ ਸੱਜਣ ਇਕ ਦੂਜੇ ਨੂੰ ਟਿੱਚਰਾਂ ਕਰ ਰਹੇ ਸਨ, Ḕਬਈ ਬਾਦਲ ਦਲ ਦੀ ਕਾਨਫਰੰਸ ‘ਚ ਭੀੜ ਬਹੁਤ ਐ।Ḕ ਦੂਜਾ ਕਹਿਣ ਲੱਗਾ, Ḕਸ਼ਾਇਦ ਦੂਰਬੀਨ ਲਿਆਉਣੀ ਪਵੇ, ਲੱਭਣ ਲਈ।Ḕ

ਇਸ ਵਾਰ ਆਮ ਆਦਮੀ ਪਾਰਟੀ (ਆਪ) ਵਾਲਿਆਂ ਨੇ ਆਪਣਾ ਵੱਖਰਾ ਸਟਾਲ ਲਾਇਆ ਹੋਇਆ ਸੀ ਜਿਥੇ ਇਸ ਦੇ ਆਗੂ ਦਿੱਲੀ ਵਿਧਾਨ ਸਭਾ ਦੇ ਐਮ ਐਲ ਏ ਜਰਨੈਲ ਸਿੰਘ ਉਚੇਚੇ ਪਹੁੰਚੇ ਹੋਏ ਸਨ। ḔਆਪḔ ਦੇ ਸਥਾਨਕ ਆਗੂ ਅਤੇ ਵਰਕਰ ḔਆਪḔ ਦੀਆਂ ਸ਼ਰਟਾਂ ਵੰਡ ਰਹੇ ਸਨ।

ਇਸ ਨਗਰ ਕੀਰਤਨ ਮੌਕੇ ਲਗਦੇ ਸਟਾਲਾਂ ਉਪਰ ਖਰੀਦੋ-ਫਰੋਖਤ ਕਰਨ ਵਾਲਿਆਂ, ਖਾਸਕਰ ਬੀਬੀਆਂ ਦੀ, ਬਥੇਰੀ ਭੀੜ ਨਜ਼ਰ ਆਉਂਦੀ ਰਹੀ ਹੈ। ਸਟਾਲ ਵੀ ਬਹੁਤ ਲੱਗਦੇ ਰਹੇ ਹਨ ਪਰ ਇਹ ਪਹਿਲੀ ਵਾਰ ਸੀ ਜਦੋਂ ਕਿਤਾਬਾਂ ਦੇ ਐਨੇ ਸਾਰੇ ਸਟਾਲ ਲੱਗੇ ਅਤੇ ਉਨ੍ਹਾਂ ‘ਤੇ ਭੀੜ ਵੀ ਸੀ। ਸ਼ਾਇਦ ਪੰਜਾਬੀ ਇਹ ਬੋਲ ਝੂਠੇ ਕਰਨ ਦੇ ਰਾਹ ਤੁਰ ਪਏ ਹਨ ਕਿ ਕਿਤਾਬਾਂ ਖਰੀਦਣਾ ਜਾਂ ਪੜ੍ਹਨਾ ਉਨ੍ਹਾਂ ਦੇ ਹਿੱਸੇ ਨਹੀਂ ਆਇਆ।

______________________________________________
ਰੇਡੀਓ Ḕਦਿਲ ਆਪਣਾ ਪੰਜਾਬੀḔ ਵੱਲੋਂ ਮੂਲ ਨਾਨਕਸ਼ਾਹੀ ਕਲੰਡਰ ਰਿਲੀਜ਼
ਯੂਬਾ ਸਿਟੀ (ਬਿਊਰੋ): ਰੇਡੀਓ Ḕਦਿਲ ਆਪਣਾ ਪੰਜਾਬੀḔ ਵਲੋਂ ਮੂਲ ਨਾਨਕਸ਼ਾਹੀ ਕਲੈਡੰਰ 2016 ਯੂਬਾ ਸਿਟੀ ਦੇ ਨਗਰ ਕੀਰਤਨ ਮੌਕੇ ਜੈਕਾਰਿਆਂ ਦੀ ਗੂੰਜ ਨਾਲ ਰਿਲੀਜ਼ ਕੀਤਾ ਗਿਆ। ਚਾਹ-ਪਕੌੜਿਆਂ ਦਾ ਲੰਗਰ ਵੀ ਰਲ-ਮਿਲ ਕੇ ਲਾਇਆ ਗਿਆ।
ਇਸ ਮੌਕੇ ਪੰਥਕ ਵਿਦਵਾਨ ਵੀ ਮੌਜੂਦ ਸਨ ਜਿਨ੍ਹਾਂ ਵਿਚ ਸਰਬਜੀਤ ਸਿੰਘ ਸੈਕਰਾਮੈਂਟੋ, ਤਰਲੋਚਨ ਸਿੰਘ ਦੁਪਾਲਪੁਰ, ਡਾæ ਗੁਰਮੀਤ ਸਿੰਘ ਬਰਸਾਲ, ਵਰਿੰਦਰ ਸਿੰਘ ਗੋਲਡੀ, ਹਰਮਿੰਦਰ ਸਿੰਘ ਸੇਖਾ, ਹਰਬਖਸ਼ ਸਿੰਘ ਰਾਉਕੇ, ਜਸਕਰਨ ਸਿੰਘ, ਚਮਕੌਰ ਸਿੰਘ, ਅਵਤਾਰ ਸਿੰਘ (ਰੇਡੀਓ ਦਿਲ ਆਪਣਾ ਪੰਜਾਬੀ), ਫਰਿਜ਼ਨੋ ਸਟੂਡੀਓ ਤੋਂ ਮਨਜੀਤ ਸਿੰਘ ਪੱਤੜ, ਪਰਦੀਪ ਸਿੰਘ ਤੂਰ, ਸਰਦੂਲ ਸਿੰਘ ਬਾਸੀ, ਕੁਲਵਿੰਦਰ ਸਿੰਘ ਜੌਹਲ, ਜਰਨੈਲ ਸਿੰਘ ਮੱਲ੍ਹੀ, ਭੁਪਿੰਦਰ ਸਿੰਘ, ਲਖਵਿੰਦਰਪਾਲ ਸਿੰਘ ਭੰਬਰਾ, ਜਸਵੰਤ ਸਿੰਘ ਸੇਖੋਂ, ਜਸਵਿੰਦਰ ਸਿੰਘ, ਹਰਬੰਸ ਸਿੰਘ ਪੂੰਨੀ ਅਤੇ ਹਰਜਿੰਦਰ ਸਿੰਘ ਮੌਜੂਦ ਸਨ। ਰੇਡੀਉ ਦਿਲ ਆਪਣਾ ਪੰਜਾਬੀ ਦੇ ਸੀ ਈ ਓ ਗੁਰਤੀਰਥ ਸਿੰਘ ਪਾਸਲਾ ਵਿਸ਼ੇਸ਼ ਤੌਰ ‘ਤੇ ਟੋਰਾਂਟੋ ਤੋਂ ਨਗਰ ਕੀਰਤਨ ਵਿਚ ਸ਼ਾਮਲ ਹੋਏ।