ਜਨੂੰਨ ਦੀ ਕਾਂਗ ਅੱਗੇ ਚਿੰਤਕ ਵੀ ਡਟ ਕੇ ਖੜੇ ਹੋਣ

-ਜਤਿੰਦਰ ਪਨੂੰ
ਭਾਰਤ ਦੇ ਕਰੋੜਾਂ ਸੁਹਿਰਦ ਲੋਕਾਂ ਵਾਂਗ ਆਪਣੇ ਵਤਨ ਬਾਰੇ ਸਾਨੂੰ ਵੀ ਇਹ ਵਿਸ਼ਵਾਸ ਹੈ ਕਿ ਭਾਰਤ ਕਦੀ ਪਾਕਿਸਤਾਨ ਵਰਗਾ ਨਹੀਂ ਬਣ ਸਕਦਾ। ਸਾਡੀ ਦਿਲੀ ਕਾਮਨਾ ਹੈ ਕਿ ਇਹ ਵਿਸ਼ਵਾਸ ਕਾਇਮ ਰਹੇ। ਭਾਰਤ ਦੇ ਲੋਕ ਇਸ ਕਾਮਨਾ ਨੂੰ ਪੱਕੀ ਰੱਖਣ ਲਈ ਬੜਾ ਕੁਝ ਕਰ ਰਹੇ ਹਨ, ਤਾਂ ਕਿ ਭਾਰਤ ਅਨੇਕਤਾ ਵਿਚ ਏਕਤਾ ਦੀ ਸੁਲੱਖਣੀ ਮਿਸਾਲ ਬਣਿਆ ਰਹੇ। ਖਤਰਾ ਫਿਰ ਕਾਇਮ ਹੈ ਕਿ ਇਹ ਦੇਸ਼ ਕੁਰਾਹੇ ਪਾਇਆ ਜਾ ਸਕਦਾ ਹੈ। ਪਿਛਲੇ ਦਿਨਾਂ ਵਿਚ ਭਾਰਤ ਦੇ ਬਹੁਤ ਸਾਰੇ ਨਾਮਵਰ ਲੋਕਾਂ ਨੇ ਇਸ ਕੁਰਾਹੇ ਦੇ ਵਿਰੋਧ ਵਿਚ ਆਪਣੇ ਐਵਾਰਡ ਵਾਪਸ ਕਰ ਦਿੱਤੇ ਤੇ ਕੁਝ ਹੋਰ ਕਰਨ ਵਾਲੇ ਹਨ।

ਵਿਰੋਧ ਦਾ ਇੱਕ ਤਰੀਕਾ ਇਹ ਹੈ, ਇੱਕ ਇਸ ਤੋਂ ਅਗਲਾ ਹੈ। ਜਦੋਂ ਇਸ ਵਰਤਾਰੇ ਵਿਚਲੇ ਗਲਤ ਰੁਖ ਦੀ ਉਨ੍ਹਾਂ ਨੂੰ ਸਮਝ ਪੈ ਗਈ ਹੈ, ਫਿਰ ਉਨ੍ਹਾਂ ਨੂੰ ਐਵਾਰਡ ਮੋੜਨ ਦੀ ਥਾਂ ਆਪਣੇ ਲੋਕਾਂ ਨੂੰ ਇਸ ਵਰਤਾਰੇ ਦੇ ਵਿਰੋਧ ਵਿਚ ਜਾਗ੍ਰਿਤ ਕਰਨ ਲਈ ਸਰਗਰਮ ਹੋਣਾ ਚਾਹੀਦਾ ਹੈ। ਇਹ ਕਹਿ ਦੇਣਾ ਕਾਫੀ ਨਹੀਂ ਕਿ ਮੈਂ ਇਸ ਬਾਰੇ ਇੱਕ ਨਵੀਂ ਲਿਖਤ ਲਿਖ ਦਿੱਤੀ ਹੈ। ਦੇਸ਼ ਦੀ ਬਹੁਤ ਵੱਡੀ ਗਿਣਤੀ ਇਹ ਲਿਖਤਾਂ ਪੜ੍ਹਨ ਜੋਗਾ ਵਕਤ ਹੀ ਨਹੀਂ ਕੱਢ ਸਕਦੀ। ਅਗਲੇ ਡੰਗ ਦੀ ਰੋਟੀ ਦੇ ਫਿਕਰ ਵਿਚ ਫਸੇ ਹੋਏ ਉਨ੍ਹਾਂ ਆਮ ਲੋਕਾਂ ਕੋਲ ਖੁਦ ਜਾਣਾ ਪੈਣਾ ਹੈ।
ਗੱਲ ਫਿਰ ਉਥੇ ਖੜੀ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਭਾਰਤ ਹੁਣ ਪਾਕਿਸਤਾਨ ਬਣਨ ਵੱਲ ਵਧੀ ਜਾਂਦਾ ਹੈ ਤੇ ਕੁਝ ਇਸ ਨੂੰ ਭਾਰਤ ਦੀ ਮੌਜੂਦਾ ਸਰਕਾਰ ਦੇ ਵਿਰੋਧ ਦੀ ਮੁਹਿੰਮ ਕਹਿੰਦੇ ਹਨ। ਅਸਲ ਕਹਾਣੀ ਕੀ ਹੈ?
ਪਾਕਿਸਤਾਨ ਇੱਕ ਧਰਮ ਦੀ ਸਰਦਾਰੀ ਲਈ ਬਣਾਇਆ ਗਿਆ ਸੀ। ਹੁਣ ਇਹ ਉਸੇ ਧਰਮ ਦੀਆਂ ਦੋ ਮੁੱਢਲੀਆਂ ਧਾਰਾਵਾਂ ਸੁੰਨੀ ਤੇ ਸ਼ੀਆ ਦੇ ਆਪਸੀ ਭੇੜ ਤੱਕ ਆ ਪੁੱਜਾ ਹੈ। ਮੁਹੰਮਦ ਅਲੀ ਜਿਨਾਹ ਨੇ ਭਾਵੇਂ ਕਿਹਾ ਸੀ ਕਿ ਵੱਖਰਾ ਦੇਸ਼ ਬਣਨ ਪਿੱਛੋਂ ਦੂਸਰੇ ਧਰਮ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਨਹੀਂ ਹੋਵੇਗੀ, ਪਰ ਥੋੜ੍ਹਾ ਚਿਰ ਪਿੱਛੋਂ ਹਿੰਦੂਆਂ, ਸਿੱਖਾਂ ਤੇ ਈਸਾਈਆਂ ਵਿਰੁੱਧ ਹਮਲੇ ਸ਼ੁਰੂ ਹੋ ਗਏ ਸਨ। ਬੀਤੀ ਸਦੀ ਦਾ ਚੌਥਾ ਹਿੱਸਾ ਲੰਘਣ ਤੱਕ ਪਾਕਿਸਤਾਨ ਵਿਚੋਂ ਇਹ ਸਰਕਾਰੀ ਐਲਾਨ ਜਾਰੀ ਹੋ ਗਿਆ ਕਿ ਕਾਦੀਆਨੀ ਮੁਸਲਮਾਨ ਨੂੰ ਮੁਸਲਿਮ ਨਹੀਂ ਮੰਨਿਆ ਜਾਵੇਗਾ। ਨਾ ਕਿਸੇ ਨੇ ਹਿੰਦੂ, ਸਿੱਖ ਜਾਂ ਈਸਾਈ ਉਤੇ ਹਮਲੇ ਦਾ ਵਿਰੋਧ ਕੀਤਾ ਸੀ, ਨਾ ਈਸਾਈ ਅਤੇ ਕਾਦੀਆਨੀ ਦਾ, ਪਰ ਹੁਣ ਉਸ ਦੇਸ਼ ਅੰਦਰ ਇਸਲਾਮ ਦੇ ਦੋ ਮੁੱਖ ਫਿਰਕਿਆਂ ਵਿਚੋਂ ਸ਼ੀਆ ਵੀ ਉਿਸੇ ਵਰਤਾਰੇ ਦਾ ਨਿਸ਼ਾਨਾ ਬਣਨ ਲੱਗੇ ਹਨ। ਇਸ ਨਾਲ ਤਰਥੱਲੀ ਮੱਚ ਗਈ ਹੈ। ਪਾਕਿਸਤਾਨ ਨੂੰ ਵੱਖਰਾ ਦੇਸ਼ ਬਣਾਉਣ ਵਾਲਾ ਮੁਹੰਮਦ ਅਲੀ ਜਿਨਾਹ ਆਪ ਸ਼ੀਆ ਮੁਸਲਮਾਨ ਸੀ। ਉਸ ਦੇ ਬਣਾਏ ਦੇਸ਼ ਵਿਚ ਹੁਣ ਉਸੇ ਦੀ ਸ਼ੀਆ ਬਰਾਦਰੀ ਵਾਲੇ ਲੋਕਾਂ ਨੂੰ ਕਤਲ ਕੀਤਾ ਜਾਣ ਲੱਗ ਪਿਆ ਹੈ। ਇਸ ਵਿਚ ਕਾਤਲ ਵੀ ਕਸੂਰਵਾਰ ਹਨ, ਉਹ ਸ਼ੀਆ ਮੁਸਲਮਾਨ ਵੀ ਦੋਸ਼ੀ ਹਨ, ਜਿਹੜੇ ਹਿੰਦੂ, ਸਿੱਖ, ਈਸਾਈ ਤੇ ਫਿਰ ਕਾਦੀਆਨੀਆਂ ਨੂੰ ਕੁੱਟ ਪੈਂਦੀ ਚੁੱਪ ਕਰ ਕੇ ਵੇਖਦੇ ਅਤੇ ਇਹ ਸੋਚਦੇ ਰਹੇ ਕਿ ਇਸ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ।
ਇਹ ਵਰਤਾਰਾ ਵੀ ਪਾਕਿਸਤਾਨ ਦਾ ਹੈ ਕਿ ਜਿਸ ਨਾਲ ਕੋਈ ਕਿੜ ਕੱਢਣੀ ਹੋਵੇ, ਉਸ ਉਤੇ ਇਹ ਦੋਸ਼ ਥੱਪ ਦਿਉ ਕਿ ਮੇਰੇ ਸਾਹਮਣੇ ਇਸ ਬੰਦੇ ਨੇ ਅੱਲ੍ਹਾ, ਕੁਰਾਨ, ਇਸਲਾਮ ਜਾਂ ਪੈਗੰਬਰ ਦੀ ਸ਼ਾਨ ਦੇ ਖਿਲਾਫ ਕੁਝ ਕਿਹਾ ਸੀ। ਕਿਸੇ ਗਵਾਹ ਦੀ ਲੋੜ ਨਹੀਂ, ਉਹ ਬੰਦਾ ਮਾਰ ਦਿੱਤਾ ਜਾਵੇ ਤਾਂ ਕਾਨੂੰਨ ਉਸ ਨੂੰ ਗਲਤ ਨਹੀਂ ਮੰਨਦਾ। ਕਈ ਕੇਸ ਇਹੋ ਜਿਹੇ ਵਾਪਰ ਚੁੱਕੇ ਹਨ, ਜਿੱਥੇ ਬੰਦਾ ਮਾਰ ਦਿੱਤੇ ਜਾਣ ਪਿੱਛੋਂ ਸਾਬਤ ਹੋ ਗਿਆ ਕਿ ਇਹ ਕੁਫਰ ਉਸ ਬੰਦੇ ਨੇ ਕਦੇ ਵੀ ਨਹੀਂ ਸੀ ਬੋਲਿਆ। ਸੱਚਾਈ ਉਦੋਂ ਸਾਹਮਣੇ ਆਈ, ਜਦੋਂ ਭੜਕੀ ਹੋਈ ਭੀੜ ਉਸ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਚੁੱਕੀ ਸੀ। ਪਿੱਛੋਂ ਸਾਹਮਣੇ ਆਏ ਸੱਚ ਦਾ ਕੋਈ ਲਾਭ ਨਹੀਂ ਹੁੰਦਾ, ਮਰ ਗਏ ਕਦੇ ਮੁੜ ਕੇ ਨਹੀਂ ਆਉਂਦੇ।
ਭਾਰਤ ਕਦੇ ਪਾਕਿਸਤਾਨ ਨਹੀਂ ਬਣਨਾ ਚਾਹੀਦਾ, ਪਰ ਇਸ ਦੇ ਉਸ ਰਾਹੇ ਪੈਣ ਵਾਲੇ ਝਉਲੇ ਇਸ ਕਰ ਕੇ ਪੈਂਦੇ ਹਨ ਕਿ ਇਥੇ ਵੀ ਇਹੋ ਕੁਝ ਵਾਪਰਨ ਲੱਗ ਪਿਆ ਹੈ। ਉਤਰ ਪ੍ਰਦੇਸ਼ ਵਿਚ ਦਾਦਰੀ ਨੇੜੇ ਬਿਸਾਹੜਾ ਪਿੰਡ ਵਿਚ ਇਸੇ ਤਰ੍ਹਾਂ ਭੀੜ ਭੜਕਾ ਕੇ ਅਖਲਾਕ ਨਾਂ ਦਾ ਬੰਦਾ ਮਾਰਿਆ ਗਿਆ ਹੈ। ਪਿੱਛੋਂ ਸਾਬਤ ਹੋ ਗਿਆ ਕਿ ਉਸ ਦੇ ਘਰ ਵਿਚ ਗਊ-ਮਾਸ ਨਹੀਂ, ਬੱਕਰੇ ਦਾ ਮਾਸ ਸੀ। ਹੁਣ ਦਿੱਲੀ ਵਿਚ ਇਸ ਦੀ ਝਲਕ ਪੇਸ਼ ਹੋ ਗਈ ਹੈ। ਕੇਰਲਾ ਭਵਨ ਦੇ ਖਿਲਾਫ ਪੁਲਿਸ ਨੂੰ ਇੱਕ ਸ਼ਰਾਰਤੀ ਨੇ ਸੂਚਨਾ ਦੇ ਦਿੱਤੀ ਕਿ ਉਥੇ ਗਊ ਦਾ ਮਾਸ ਕੰਟੀਨ ਵਿਚ ਵਰਤਾਇਆ ਜਾਂਦਾ ਹੈ। ਪੁਲਿਸ ਦੀ ਇੱਕ ਧਾੜ ਖੜੇ ਪੈਰ ਕੇਰਲਾ ਭਵਨ ਜਾ ਵੜੀ। ਕੰਟੀਨ ਚੈਕ ਕੀਤੀ ਤਾਂ ਉਥੇ ਗਊ ਮਾਸ ਨਹੀਂ, ਸਿਰਫ ਮੱਝ ਦਾ ਮਾਸ ਮਿਲਦਾ ਸੀ। ਪੁਲਿਸ ਵਾਪਸ ਆ ਗਈ। ਹੁਣ ਪੁਲਿਸ ਕਹਿੰਦੀ ਹੈ ਕਿ ਅਸੀਂ ਸਿਰਫ ਚੈਕ ਕੀਤਾ ਹੈ ਕਿ ਗਊ ਦਾ ਮਾਸ ਨਾ ਹੋਵੇ, ਪਰ ਗਲਤ ਗੱਲ ਇਹ ਹੈ ਕਿ ਉਸ ਨੇ ਗਊ ਮਾਸ ਬਾਰੇ ਇਹ ਕਾਰਵਾਈ ਬਿਨਾਂ ਕਿਸੇ ਅਧਿਕਾਰ ਤੋਂ ਕੀਤੀ ਹੈ। ਦਿੱਲੀ ਵਿਚ ਗਊ ਮਾਸ ਖਾਣ ਉਤੇ ਪਾਬੰਦੀ ਹੀ ਨਹੀਂ ਹੈ। ਜਿੱਥੇ ਇਹ ਪਾਬੰਦੀ ਨਹੀਂ ਹੈ, ਉਥੇ ਕੋਈ ਕੁਝ ਖਾਂਦਾ ਰਹੇ, ਪੁਲਿਸ ਨੂੰ ਜਾ ਕੇ ਛਾਪਾ ਮਾਰਨ ਦਾ ਹੱਕ ਨਹੀਂ ਸੀ। ਕਾਨੂੰਨ ਨੂੰ ਪੜ੍ਹਨ ਬਿਨਾਂ ਝੂਠੀ ਅਫਵਾਹ ਉਤੇ ਇਸ ਤਰ੍ਹਾਂ ਇੱਕ ਰਾਜ ਸਰਕਾਰ ਦੇ ਕੰਪਲੈਕਸ ਵਿਚ ਜਾ ਕੇ ਛਾਪਾ ਮਾਰਨ ਦਾ ਕੰਮ ਉਦਾਂ ਦਾ ਹੈ, ਜਿਵੇਂ ਪਾਕਿਸਤਾਨ ਵਿਚ ਕੁਫਰ ਦੀ ਅਫਵਾਹ ਫੈਲਾ ਕੇ ਬੰਦਾ ਮਾਰ ਦੇਣ ਵਾਲਾ ਕੰਮ। ਨੱਕ ਬਚਾਉਣ ਲਈ ਪੁਲਿਸ ਨੇ ਹਿੰਦੂ ਸੈਨਾ ਵਾਲੇ ਵਿਸ਼ਣੂ ਗੁਪਤਾ ਦੇ ਖਿਲਾਫ ਕੇਸ ਦਰਜ ਕੀਤਾ ਹੈ, ਪਰ ਕੇਸ ਪੁਲਿਸ ਵਾਲਿਆਂ ਦੇ ਖਿਲਾਫ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਇਹ ਗੈਰ ਕਾਨੂੰਨੀ ਹਰਕਤ ਕੀਤੀ ਅਤੇ ਕੇਂਦਰ ਨਾਲ ਰਾਜ ਦੇ ਸਬੰਧਾਂ ਵਿਚ ਕੌੜ ਵਧਾਈ ਹੈ।
ਥੋੜ੍ਹਾ ਸਮਾਂ ਰੁਕ ਜਾਓ, ਪਾਕਿਸਤਾਨ ਵਰਗੀ ਜ਼ਿਹਨੀਅਤ ਇਥੋਂ ਤੱਕ ਜਾਣ ਵਾਲੀ ਹੈ ਕਿ ਸਰਕਾਰ ਦੇ ਖਿਲਾਫ ਜਿਹੜੇ ਲੋਕ ਕੁਝ ਗੱਲਾਂ ਲਈ ਨੁਕਤਾਚੀਨੀ ਦਾ ਲਫਜ਼ ਬੋਲਣਗੇ ਜਾਂ ਲਿਖ ਬੈਠਣਗੇ, ਉਨ੍ਹਾਂ ਵਿਰੁੱਧ ਦੇਸ਼ ਨਾਲ ਧਰੋਹ ਦਾ, ਆਪਣੇ ਦੇਸ਼ ਨਾਲ ਗੱਦਾਰੀ ਦਾ, ਕੇਸ ਦਰਜ ਹੋਣ ਲੱਗ ਪਵੇਗਾ। ਪਿਛਲੇ ਦਿਨੀਂ ਮਹਾਰਾਸ਼ਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵਾਪਸ ਲਿਆ ਹੈ, ਜਿਹੜਾ ਇਸ ਮਕਸਦ ਲਈ ਜਾਰੀ ਕੀਤਾ ਗਿਆ ਸੀ ਕਿ ਜਿਸ ਵਿਅਕਤੀ ਨੇ ਸਰਕਾਰ ਦੇ ਕਿਸੇ ਵੀ ਪ੍ਰਤੀਨਿਧ ਦੀ ਕੋਈ ਨੁਕਤਾਚੀਨੀ ਕੀਤੀ, ਉਸ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਹੋਵੇਗਾ। ਐਮਰਜੈਂਸੀ ਦੇ ਵਿਰੋਧ ਦਾ ਝੰਡਾ ਚੁੱਕਣ ਦਾ ਦਾਅਵਾ ਕਰਨ ਵਾਲੇ ਭਾਜਪਾ ਆਗੂਆਂ ਨੇ ਇਹ ਨਵਾਂ ਰਾਹ ਫੜ ਲਿਆ ਹੈ। ਹਰ ਪਾਸੇ ਵਿਰੋਧ ਹੋਇਆ ਵੇਖ ਕੇ ਉਸ ਰਾਜ ਦੀ ਸਰਕਾਰ ਨੇ ਹਾਈ ਕੋਰਟ ਜਾ ਕੇ ਕਹਿ ਦਿੱਤਾ ਕਿ ਨੋਟੀਫਿਕੇਸ਼ਨ ਲਾਗੂ ਨਹੀਂ ਹੋਵੇਗਾ। ਹੁਣ ਨੋਟੀਫਿਕੇਸ਼ਨ ਤਾਂ ਲਾਗੂ ਨਹੀਂ ਹੋਵੇਗਾ, ਪਰ ਮਾਨਸਿਕਤਾ ਨਹੀਂ ਬਦਲ ਜਾਣੀ।
ਇਹ ਮਾਨਸਿਕਤਾ ਸਿਰਫ ਭਾਰਤ ਵਿਚ ਹੀ ਨਹੀਂ ਮਹਿਸੂਸ ਕੀਤੀ ਜਾ ਰਹੀ, ਸਾਰੇ ਸੰਸਾਰ ਵਿਚ ਇਸ ਜਨੂੰਨੀ ਮਾਨਸਿਕਤਾ ਦਾ ‘ਡੰਕਾ ਵੱਜ ਰਿਹਾ’ ਸੁਣ ਸਕਦੇ ਹਾਂ। ਪ੍ਰਧਾਨ ਮੰਤਰੀ ਦੇ ਵਾਰ-ਵਾਰ ਕੀਤੇ ਗਏ ਵਿਦੇਸ਼ ਫੇਰਿਆਂ ਨਾਲ ਵੀ ਵਿਦੇਸ਼ ਤੋਂ ਇਥੇ ਕਿਸੇ ਨੇ ‘ਮੇਕ ਇਨ ਇੰਡੀਆ’ ਲਈ ਪੂੰਜੀ ਇਸ ਕਰ ਕੇ ਨਹੀਂ ਲਾਈ ਕਿ ਕੱਲ੍ਹ ਨੂੰ ਭੀੜ ਭੜਕਾ ਕੇ ਉਨ੍ਹਾਂ ਦੇ ਗਲ਼ ਪਾ ਦਿੱਤੀ ਜਾਵੇਗੀ ਕਿ ਉਹ ਗਊ-ਮਾਸ ਖਾਂਦੇ ਹਨ, ਉਨ੍ਹਾਂ ਨੂੰ ਇਹ ਡਰ ਹੈ। ਪਹਿਲਾਂ ਇਸ ਗੱਲ ਨੂੰ ਵਿਰੋਧੀਆਂ ਦਾ ਨਰਿੰਦਰ ਮੋਦੀ ਦੇ ਖਿਲਾਫ ਬਣੀ-ਬਣਾਈ ਧਾਰਨਾ ਦਾ ਪ੍ਰਚਾਰ ਕਹਿ ਕੇ ਟਾਲਿਆ ਜਾਂਦਾ ਸੀ, ਪਰ ਜਦੋਂ ਸੰਸਾਰ ਪ੍ਰਸਿੱਧ ਅਦਾਰੇ ‘ਮੂਡੀਜ਼’ ਨੇ ਵੀ ਚਿਤਾਵਨੀ ਭੇਜ ਦਿੱਤੀ ਹੈ ਤਾਂ ਇਸ ਬਾਰੇ ਸੋਚਣਾ ਪਵੇਗਾ। ਕੋਈ ਚਿਤਾਵਨੀ ਕਿਸੇ ਵੀ ਪੱਖ ਤੋਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮੂਡੀਜ਼ ਦਾ ਅਦਾਰਾ ਜਾਰੀ ਕਰਦਾ ਸੀ, ਭਾਜਪਾ ਦੇ ਆਗੂ ਉਸ ਦੀ ਬੀਨ ਉਤੇ ਨੱਚਦੇ ਦਿਖਾਈ ਦੇਂਦੇ ਸਨ। ਹੁਣ ਖੁਦ ਉਨ੍ਹਾਂ ਬਾਰੇ ਚਿਤਾਵਨੀ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਆਪਣੀ ਪਾਰਟੀ ਤੇ ਇਸ ਨਾਲ ਜੁੜੇ ਹੋਏ ਸੰਗਠਨਾਂ ਦੀ ਨਕੇਲ ਕੱਸੇ, ਵਰਨਾ ਭਾਰਤ ਦੀ ਸਾਖ ਡਿੱਗ ਜਾਵੇਗੀ ਅਤੇ ਇਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਉਤੇ ਅਸਰ ਪਵੇਗਾ। ਏਦਾਂ ਦੀ ਚਿਤਾਵਨੀ ਮੂਡੀਜ਼ ਵੱਲੋਂ ਕਿਸੇ ਦੇਸ਼ ਬਾਰੇ ਆਮ ਕਰਕੇ ਉਦੋਂ ਹੀ ਜਾਰੀ ਹੁੰਦੀ ਹੈ, ਜਦੋਂ ਪਾਣੀ ਸਿਰਾਂ ਉਤੋਂ ਲੰਘ ਗਿਆ ਜਾਪਦਾ ਹੈ। ਹੁਣ ‘ਸੰਸਾਰ ਵਿਚ ਡੰਕਾ ਵੱਜ ਰਿਹਾ’ ਦੱਸਣ ਵਾਲਿਆਂ ਨੂੰ ਇਸ ਡੰਕੇ ਦਾ ਜਵਾਬ ਦੇਣਾ ਔਖਾ ਹੋ ਗਿਆ ਹੈ।
ਭਾਜਪਾ ਦੇ ਆਪਣੇ ਕੁਝ ਆਗੂ ਵੀ ਇਸ ਜਨੂੰਨ ਦਾ ਸ਼ਿਕਾਰ ਹੋ ਰਹੇ ਹਨ। ਸੁਧੇਂਦਰ ਕੁਲਕਰਨੀ ਦੇ ਮੂੰਹ ਉਤੇ ਕਾਲਾ ਰੰਗ ਫੇਰ ਦਿੱਤਾ ਗਿਆ ਹੈ। ਇਹੋ ਕੁਲਕਰਨੀ ਕਿਸੇ ਵੇਲੇ ਅਟਲ ਬਿਹਾਰੀ ਵਾਜਪਾਈ ਦਾ ਚੇਲਾ ਹੁੰਦਾ ਸੀ। ਕਈ ਲੋਕ ਇਹ ਕਹਿ ਦੇਂਦੇ ਹਨ ਕਿ ਵਾਜਪਾਈ ਬੜਾ ਮਾਡਰੇਟ ਸੀ। ਅਸੀਂ ਇਸ ਦਾ ਖੰਡਨ ਨਹੀਂ ਕਰਦੇ, ਪਰ ਇਹ ਕਹਾਂਗੇ ਕਿ ਲੋੜ ਜੋਗਾ ਮਾਡਰੇਟ ਰਹਿ ਕੇ ਲੋੜ ਜੋਗਾ ਜਨੂੰਨ ਵੀ ਭੜਕਾ ਲੈਂਦਾ ਸੀ। ਇੱਕ ਵਕਤ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਨਾਲ ਕਿਸੇ ਵੀ ਛੇੜ-ਛਾੜ ਦੇ ਵਿਰੁੱਧ ਹੁਕਮ ਜਾਰੀ ਕੀਤਾ ਸੀ। ਉਦੋਂ ਤੱਕ ਮਸਜਿਦ ਨੂੰ ਢਾਹੁਣ ਲਈ ਭੀੜ ਉਸ ਪਾਸੇ ਤੁਰ ਚੁੱਕੀ ਸੀ। ਭੀੜ ਦੀ ਅਗਵਾਈ ਲਾਲ ਕ੍ਰਿਸ਼ਨ ਅਡਵਾਨੀ ਕਰ ਰਿਹਾ ਸੀ। ਇਸ ਤੋਂ ਇੱਕ ਦਿਨ ਪਹਿਲਾਂ ਲਖਨਊ ਵਿਚ ਇੱਕ ਵੱਡੀ ਰੈਲੀ ਵਿਚ ਇਹ ਭਾਸ਼ਣ ਵਾਜਪਾਈ ਨੇ ਕੀਤਾ ਸੀ ਕਿ ਸੁਪਰੀਮ ਕੋਰਟ ਦਾ ਹੁਕਮ ਹੋਇਆ ਹੈ ਕਿ ਕੋਈ ਕਾਰ ਸੇਵਾ ਨਹੀਂ ਕੀਤੀ ਜਾਵੇਗੀ, ਪਰ ਜਦੋਂ ਉਥੇ ਲੱਖਾਂ ਲੋਕਾਂ ਦੀ ਭੀੜ ਨੇ ਜਾ ਕੇ ਬਹਿਣਾ ਹੈ ਤਾਂ ਜ਼ਮੀਨ ਪੱਧਰੀ ਕਰਨੀ ਪਵੇਗੀ, ਕੁਝ ‘ਨੋਕੀਲੇ ਪੱਥਰ’ ਤੋੜਨੇ ਪੈਣਗੇ। ਵਾਜਪਾਈ ਦੇ ‘ਨੋਕੀਲੇ ਪੱਥਰ’ ਦਾ ਅਰਥ ਮਸਜਿਦ ਦੇ ਗੁੰਬਦ ਸੀ, ਜਿਹੜੇ ਅਗਲੇ ਦਿਨ ਢਾਹ ਦਿੱਤੇ ਗਏ ਤੇ ‘ਮਾਡਰੇਟ ਵਾਜਪਾਈ’ ਖੁਦ ਦਿੱਲੀ ਜਾ ਬੈਠਾ ਸੀ।
ਫਿਰ ਜਦੋਂ ਵਾਜਪਾਈ ਤੋਂ ਲਾਲ ਕ੍ਰਿਸ਼ਨ ਅਡਵਾਨੀ ਭਾਰੂ ਹੁੰਦਾ ਜਾਪਿਆ ਤਾਂ ਇਹੋ ਸੁਧੇਂਦਰ ਕੁਲਕਰਨੀ ਪਾਸਾ ਬਦਲ ਕੇ ਅਡਵਾਨੀ ਦਾ ਚਾਟੜਾ ਬਣ ਗਿਆ। ਹਰ ਉਸ ਮੋੜ ਉਤੇ ਉਹ ਅਡਵਾਨੀ ਦੇ ਨਾਲ ਖੜਾ ਸੀ, ਜਿੱਥੋਂ ਜਨੂੰਨੀ ਦਾਅ-ਪੇਚ ਖੇਡੇ ਜਾਂਦੇ ਸਨ। ਹੁਣ ਸੁਧੇਂਦਰ ਆਪ ਉਸੇ ਜਨੂੰਨ ਦੇ ਜਲਵੇ ਦਾ ਖਮਿਆਜ਼ਾ ਭੁਗਤ ਚੁੱਕਾ ਹੈ। ਇਸ ਵਿਚੋਂ ਇੱਕ ਵੱਡਾ ਸਬਕ ਉਨ੍ਹਾਂ ਲੋਕਾਂ ਵਾਸਤੇ ਨਿਕਲਦਾ ਹੈ, ਜਿਹੜੇ ਨਿੱਤ ਨਵੇਂ ਜਨੂੰਨ ਦੇ ਤਜਰਬੇ ਕਰਦੇ ਪਏ ਹਨ। ਭਾਜਪਾ ਦੇ ਵੱਖਰੀ ਪਾਰਟੀ ਬਣਨ ਮਗਰੋਂ ਜਨੂੰਨ ਦੇ ਰੱਥ ਲੈ ਕੇ ਚੱਲਣ ਦੀ ਪਿਰਤ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਈ ਸੀ। ਉਸ ਦੇ ਪਿੱਛੋਂ ਇੱਕ ‘ਏਕਾਤਮਤਾ ਯਾਤਰਾ’ ਲੈ ਕੇ ਸ੍ਰੀਨਗਰ ਨੂੰ ਪਾਰਟੀ ਪ੍ਰਧਾਨ ਵਜੋਂ ਮੁਰਲੀ ਮਨੋਹਰ ਜੋਸ਼ੀ ਗਿਆ ਸੀ। ਬਾਅਦ ਵਿਚ ਅਡਵਾਨੀ ਅਤੇ ਜੋਸ਼ੀ ਦੋਵੇਂ ਜਣੇ ਮਾਡਰੇਟ ਹੋਣ ਦਾ ਝੰਡਾ ਚੁੱਕਣ ਤੁਰ ਪਏ, ਪਰ ਜਿਸ ਜਨੂੰਨ ਦਾ ਰਾਹ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਵਿਖਾ ਦਿੱਤਾ ਸੀ, ਚੇਲੇ ਉਸੇ ਰਾਹ ਉਤੇ ਤੁਰੇ ਜਾਂਦੇ ਹਨ। ਅਡਵਾਨੀ ਤੇ ਜੋਸ਼ੀ ਹੁਣ ਦੋਵੇਂ ਜਣੇ ਗੁੱਠੇ ਲੱਗੇ ਪਏ ਹਨ। ਇਸਲਾਮ ਦੇ ਨਾਂ ਉਤੇ ਪਾਕਿਸਤਾਨ ਬਣਾਉਣ ਵਾਲੇ ਸ਼ੀਆ ਮੁਸਲਮਾਨ ਮੁਹੰਮਦ ਅਲੀ ਜਿਨਾਹ ਦਾ ਸ਼ੀਆ ਭਾਈਚਾਰਾ ਇਸ ਵੇਲੇ ਪਾਕਿਸਤਾਨ ਵਿਚ ਕੁੱਟ ਖਾ ਰਿਹਾ ਹੈ। ਭਾਰਤ ਵਿਚ ਜਨੂੰਨ ਦੇ ਰਾਹ ਜਿਹੜੇ ਵਾਜਪਾਈ, ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਨੇ ਭੀੜ ਤੋਰੀ ਸੀ, ਉਨ੍ਹਾਂ ਦੀ ਚਾਲੀ ਸਾਲ ਸੇਵਾ ਕਰ ਚੁੱਕਾ ਸੁਧੇਂਦਰ ਕੁਲਕਰਨੀ ਹੁਣ ਉਸੇ ਜਨੂੰਨ ਦੇ ਕਾਲੇ ਰੰਗ ਦਾ ਰੰਗਿਆ ਮੂੰਹ ਲੈ ਕੇ ਪ੍ਰੈਸ ਮੂਹਰੇ ਬੈਠਾ ਦਿਖਾਈ ਦੇਂਦਾ ਹੈ। ਅਡਵਾਨੀ ਦੇ ਚੇਲਿਆਂ ਨੂੰ ਜਦੋਂ ਜਨੂੰਨ ਦੇ ਝੰਡਾ ਬਰਦਾਰਾਂ ਨੇ ਨਹੀਂ ਬਖਸ਼ਿਆ ਤਾਂ ਜਿਹੜੇ ਲੋਕ ਅੱਜ ਉਸੇ ਤਰ੍ਹਾਂ ਜਨੂੰਨ ਭੜਕਾ ਕੇ ਰਾਜਨੀਤੀ ਕਰਨਾ ਚਾਹੁੰਦੇ ਹਨ, ਕਿਸੇ ਦਿਨ ਇਹੋ ਕੁਝ ਉਨ੍ਹਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ।
ਅਸੀਂ ਫਿਰ ਯਕੀਨ ਨਾਲ ਕਹਿਣਾ ਚਾਹੁੰਦੇ ਹਾਂ ਕਿ ਭਾਰਤ ਕਦੇ ਪਾਕਿਸਤਾਨ ਨਹੀਂ ਬਣ ਸਕਦਾ, ਪਰ ਇਸ ਨੂੰ ਉਸ ਪਾਸੇ ਵੱਲ ਜਾਣ ਤੋਂ ਰੋਕਣ ਲਈ ਨੇਕ ਸੋਚ ਵਾਲੇ ਲੋਕਾਂ ਨੂੰ ਆਪਣਾ ਫਰਜ਼ ਨਿਭਾਉਣਾ ਹੋਵੇਗਾ। ਅੱਗੇ ਡੱਕਾ ਲਾਏ ਬਿਨਾਂ ਵਹਿਣ ਨਹੀਂ ਰੋਕੇ ਜਾ ਸਕਦੇ। ਪਿੰਡਾਂ ਦੇ ਲੋਕਾਂ ਨੂੰ ਪਤਾ ਹੈ ਕਿ ਵਹਿਣ ਵੱਡਾ ਹੋਵੇ ਤਾਂ ਪਹਿਲਾਂ ਉਸ ਅੱਗੇ ਕੋਈ ਬੰਦਾ ਆਪ ਲੇਟਦਾ ਹੈ ਤੇ ਬਾਕੀ ਮਿੱਟੀ ਪਾਉਂਦੇ ਹਨ, ਵਰਨਾ ਮਿੱਟੀ ਨਾਲੋ-ਨਾਲ ਰੁੜ੍ਹੀ ਜਾਂਦੀ ਅਤੇ ਬੰਨ੍ਹ ਮਾਰਨਾ ਔਖਾ ਹੁੰਦਾ ਹੈ। ਇਸ ਵਾਰ ਜਨੂੰਨ ਦੀ ਕਾਂਗ ਵੱਡੀ ਹੈ। ਗੱਲ ਸਿਰਫ ਐਵਾਰਡ ਵਾਪਸੀਆਂ ਨਾਲ ਬਣਨ ਵਾਲੀ ਨਹੀਂ, ਕੁਝ ਲੋਕਾਂ ਨੂੰ ਇਸ ਦਾ ਸੇਕ ਸਹਾਰਨ ਲਈ ਆਪਣਾ ਪਿੰਡਾ ਅੱਗੇ ਕਰਨਾ ਪੈ ਸਕਦਾ ਹੈ। ਦਾਬੋਲਕਰ, ਪਨਸਾਰੇ, ਕੁਲਬਰਗੀ ਨਾਲ ਵਾਪਰੇ ਕਹਿਰ ਦੇ ਬਾਅਦ ਚਿੰਤਕਾਂ ਦੀ ਚੁੱਪ ਟੁੱਟਣ ਲੱਗੀ ਹੈ। ਤਰੀਕਾ ਕੋਈ ਵਰਤਿਆ ਹੋਵੇ, ਚੁੱਪ ਤਾਂ ਟੁੱਟੀ ਹੈ, ਸਾਨੂੰ ਉਨ੍ਹਾਂ ਦੇ ਨਾਲ ਖੜੋਣਾ ਪਵੇਗਾ, ਜਿਨ੍ਹਾਂ ਨੇ ਚੁੱਪ ਤੋੜਨ ਦੀ ਜੁਰਅੱਤ ਕੀਤੀ ਹੈ। ਸ਼ੁਕਰ ਹੈ ਕਿ ਚੁੱਪ ਟੁੱਟੀ ਹੈ।