‘ਪਹਾੜ’ ਤਾਂ ਮੈਂ ਚੁੱਕ ਹੀ ਲਿਆਇਆ ਸਾਂ

ਆਸੇ-ਪਾਸੇ ਮੌਤ ਫਿਰਦੀ-3
‘ਆਸੇ ਪਾਸੇ ਮੌਤ ਫਿਰਦੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਸ ਦੌਰ ਦਾ ਵਰਕਾ ਫਰੋਲਿਆ ਹੈ ਜਦੋਂ ਤਿੰਨ ਦਹਾਕੇ ਪਹਿਲਾਂ ਤੱਤੀਆਂ ਹਵਾਵਾਂ ਜ਼ੋਰ ਫੜ ਰਹੀਆਂ ਸਨ। ਆਪਣੀ ਕਲਾ ਦੇ ਦਮ ‘ਤੇ, ਉਸ ਨੇ ਇਕਹਿਰੀ ਪਰਤ ਦੀਆਂ ਇਨ੍ਹਾਂ ਘਟਨਾਵਾਂ ਨੂੰ ਸਮੁੱਚ ਵਿਚ ਰੱਖ ਕੇ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਇਨ੍ਹਾਂ ਵਿਚੋਂ ਉਸ ਵੇਲੇ ਦੇ ਆਲੇ-ਦੁਆਲੇ ਦੀਆਂ ਪ੍ਰਤੱਖ ਝਾਤੀਆਂ ਪੈਂਦੀਆਂ ਹਨ। ਇਸ ਲੰਮੇ ਲੇਖ ਦੇ ਪਹਿਲੇ ਹਿੱਸੇ ‘ਲੋਈਆਂ ਦੀਆਂ ਬੁੱਕਲਾਂ ਵਿਚ’ ਰਾਹੀਂ ਉਨ੍ਹਾਂ ਉਸ ਮਾਹੌਲ ਦਾ ਜ਼ਿਕਰ ਛੋਹਿਆ ਸੀ ਜਿਹੜਾ 80ਵਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਆਮ ਸੀ। ਦੂਜੇ ਭਾਗ ‘ਟਿੱਡੀਆਂ ਸ਼ੇਰ ਬਣ ਗਈਆਂ’ ਵਿਚ ਇਨ੍ਹਾਂ ਹੀ ਵੇਰਵਿਆਂ ਦਾ ਅਗਲਾ ਬਿਰਤਾਂਤ ਪੇਸ਼ ਕੀਤਾ ਹੈ।

ਐਤਕੀਂ ‘ਪਹਾੜ ਤਾਂ ਮੈਂ ਚੁੱਕ ਹੀ ਲਿਆਇਆ ਸੀ’ ਵਿਚ ਉਸ ਦੌਰ ਵਿਚ ਵਿਚਰਦਿਆਂ ਪੂਰੇ ਜ਼ੋਰ ਨਾਲ ਉਸਾਰੇ ਬਦਲ ਦੀ ਬਾਤ ਪਾਈ ਹੈ। ਲੇਖਕ ਨੇ ਨਿੱਕੇ ਨਿੱਕੇ ਵੇਰਵਿਆਂ ਨਾਲ ਬੜੀ ਮਾਰਮਿਕ ਕਥਾ ਉਸਾਰੀ ਹੈ। ਇਸ ਵਿਚ ਜਿਉਣ ਅਤੇ ਉਠ ਖਲੋਣ ਦੀਆਂ ਤਾਂਘਾਂ ਠਾਠਾਂ ਮਾਰਦੀਆਂ ਹਨ। ਆਪਣੀਆਂ ਹੋਰ ਰਚਨਾਵਾਂ ਵਾਂਗ ਇਸ ਲਿਖਤ ਵਿਚ ਵੀ ਲੇਖਕ ਨੇ ਮਾਨਵੀ ਕਦਰਾਂ-ਕੀਮਤਾਂ ਦੀ ਗੱਲ ਬੜੇ ਜਬ੍ਹੇ ਨਾਲ ਕੀਤੀ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212
ਘਰ ਕੇ ਮੈਨੂੰ ਲੱਗਾ ‘ਪਹਾੜ’ ਤਾਂ ਮੈਂ ਚੁੱਕ ਹੀ ਲਿਆਇਆ ਹਾਂ! ਜੇ ਹੁਣ ਵੀ ‘ਉਸ ਤਰ੍ਹਾਂ’ ਹੀ ਚੱਲਣਾ ਸੀ ਤਾਂ ਮੇਰੇ ਇੰਚਾਰਜ ਬਣਨ ਦਾ ਕੀ ਲਾਭ? ਕੱਲ੍ਹ ਕਲੋਤਰ ਨੂੰ ਕਿਸੇ ਗੱਲੋਂ ਮੁੰਡਿਆਂ ਨਾਲ ਕੋਈ ਗੱਲ ਬਾਤ ਹੋਈ ਤਾਂ ਮੈਂ ਤਾਂ ਆਪਣੇ ਸੁਭਾ ਮੁਤਾਬਕ ਅੜ ਖਲੋਣਾ ਹੈ ਅਤੇ ਪਿੱਛੋਂ ਕਿਸੇ ਨੇ ਸਾਥ ਵੀ ਨਹੀਂ ਦੇਣਾ। ਫਰਲੋ ਮਾਰਦੇ ਅਧਿਆਪਕ ਮੇਰੇ ਆਖੇ ਕਦੋਂ ਰੋਜ਼ ਅਤੇ ਵੇਲੇ ਸਿਰ ਸਕੂਲ ਆਉਣ ਲੱਗੇ ਨੇ?
ਮੈਂ ਸਾਰੀ ਰਾਤ ਸੋਚਦਾ ਰਿਹਾ।
ਅਗਲੇ ਦਿਨ ਅਸੀਂ ਸਾਰੇ ਅਧਿਆਪਕ ਮਿਲ ਬੈਠੇ। ਮੈਂ ਉਨ੍ਹਾਂ ਦੇ ਕੱਲ੍ਹ ਦਿੱਤੇ ਭਰੋਸੇ ਦੇ ਹਵਾਲੇ ਨਾਲ ਸਕੂਲ ਦੇ ਪ੍ਰਬੰਧ ਨੂੰ ਸੁਖਾਵਾਂ ਬਣਾਉਣ ਲਈ ਉਨ੍ਹਾਂ ਕੋਲੋਂ ਅਜਿਹੇ ਸੁਝਾਵਾਂ ਦੀ ਮੰਗ ਕੀਤੀ ਜਿਹੜੇ ਸਾਰੇ ਅਧਿਆਪਕਾਂ ਨੂੰ ਮਨਜ਼ੂਰ ਹੋਣ। ਇਹ ਵੀ ਕਿਹਾ ਕਿ ਆਪਾਂ ਕਲਾਸਾਂ ਵਿਚ ਵੀ ਜਾਣਾ ਹੈ, ਅਨੁਸ਼ਾਸਨ ਵੀ ਕਾਇਮ ਰੱਖਣਾ ਹੈ ਅਤੇ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੋਵੇਗੀ। ਇਹ ਨਾ ਸਮਝਿਆ ਜਾਵੇ ਕਿ ਇੱਕ ਨਾਲ ਕੋਈ ਗੱਲ ਹੋਈ ਹੈ ਤਾਂ ਉਹਦੀ ਉਹੋ ਜਾਣੇ! ਉਹਨੂੰ ਸਾਰਿਆਂ ਦੇ ਵੱਕਾਰ ਦਾ ਮਸਲਾ ਸਮਝਿਆ ਜਾਵੇ। ਮੈਂ ਉਨ੍ਹਾਂ ਨਾਲ ਸਭ ਤੋਂ ਪਹਿਲਾਂ ਅੱਗੇ ਹੋਵਾਂਗਾ। ਜਿਹੜਾ ਅਧਿਆਪਕ ਸਕੂਲ ਵਿਚ ਹਾਜ਼ਰ ਹੋਵੇ, ਉਹ ਆਪਣੀ ਕਲਾਸ ਵਿਚ ਜ਼ਰੂਰ ਜਾਵੇ। ਆਪਾਂ ਗੁਣਾਤਮਕ ਤਬਦੀਲੀ ਲਿਆ ਕੇ ਵਿਖਾਉਣੀ ਹੈ। ਇਹ ਆਪਣੀ ਸਮੂਹਕ ਜ਼ਿੰਮੇਵਾਰੀ ਹੋਵੇਗੀ। ਤੁਸੀਂ ਸਾਥ ਨਾ ਦਿਓਗੇ ਤਾਂ ਮੈਂ ਇਕੱਲਾ ਕੁਝ ਨਹੀਂ ਕਰ ਸਕਾਂਗਾ। ਤੁਹਾਡੇ ਕਹਿਣ ਉਤੇ ਹੀ ਮੈਂ ਜ਼ਿੰਮੇਵਾਰੀ ਓਟੀ ਹੈ ਅਤੇ ਇਸ ਦੀ ਲਾਜ ਵੀ ਤੁਸੀਂ ਰੱਖਣੀ ਹੈ।
ਸਾਰੇ ਮੇਰੇ ਨਾਲ ਸਹਿਮਤ ਸਨ, ਪਰ ਕੰਮ ਇੰਨਾ ਸੌਖਾ ਨਹੀਂ ਸੀ।
ਸੋਚ ਵਿਚਾਰ ਤੋਂ ਬਾਅਦ ਮੈਂ ਸਿੱਖੀ ਦੇ ਨਾਂ ‘ਤੇ ਹੋ ਰਹੇ ਹੁੜਦੰਗ ਨੂੰ ਸਿੱਖੀ ਦੀ ਸੁੱਚੀ ਸੋਚ ਨਾਲ ਰੋਕਣ ਦਾ ਨਿਰਣਾ ਲਿਆ। ਸਭ ਤੋਂ ਪਹਿਲਾਂ ਦਸਵੀਂ ਜਮਾਤ ਦੇ ਦੋਵੇਂ ਸੈਕਸ਼ਨ ਇਕੱਠੇ ਕਰ ਲਏ। ਉਨ੍ਹਾਂ ਵਿਚੋਂ ਮੇਰੇ ਵਾਲੀਬਾਲ ਦੀ ਟੀਮ ਦੇ ਵਿਦਿਆਰਥੀ ਮੈਨੂੰ ਖ਼ੁਸ਼ ਹੋ ਕੇ ਕਹਿੰਦੇ, “ਭਾ ਜੀ, ਸੁਣਿਐਂ ਹੈਡਮਾਸਟਰ ਬਣ ਗਏ ਓ। ਹੁਣ ਚਲਾਈਏ ਸਕੂਲ ਨੂੰ ਵਧੀਆ ਤਰੀਕੇ ਨਾਲ।”
ਉਹ ਰੋਜ਼ ਸਾਡੇ ਨਾਲ ਖੇਡਦੇ ਸਨ ਅਤੇ ਸਕੂਲ ਦੇ ਵਿਗੜਦੇ ਪ੍ਰਬੰਧ ਬਾਰੇ ਹੁੰਦੀਆਂ ਗੱਲਾਂ ਸਾਡੇ ਕੋਲੋਂ ਸੁਣਦੇ ਰਹਿੰਦੇ ਸਨ। ਉਂਜ ਵੀ ਵਿਦਿਆਰਥੀਆਂ ਵਿਚ ਅਸਰ-ਰਸੂਖ ਰੱਖਦੇ ਸਨ। ਉਨ੍ਹਾਂ ਦੇ ਸਾਥ ਨਾਲ ਦੂਜੇ ਵਿਦਿਆਰਥੀ ਵੀ ਸਹਿਜੇ ਆਖੇ ਲਾਏ ਜਾ ਸਕਦੇ ਸਨ। ਮੈਂ ਦ੍ਰਿੜ੍ਹਤਾ ਨਾਲ ਕਿਹਾ, “ਤੁਸੀਂ ਕਾਇਮ ਹੋ ਜੋ। ਆਪਾਂ ਰਲ ਕੇ ਕਰਾਂਗੇ ਸਭ ਕੁਝ।”
ਫਿਰ ਮੈਂ ਸਿੱਖੀ ਦੀ ਰੂਹ ਨੂੰ ਉਨ੍ਹਾਂ ਸਾਹਮਣੇ ਉਦਾਹਰਣਾਂ ਦੇ ਦੇ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸਿੱਖੀ; ਜਿਹੜੀ ਬਖ਼ਸ਼ਣ ਹਾਰ ਹੈ। ਸਿੱਖੀ; ਜਿਹੜੀ ਮਾਸੂਮਾਂ ਅਤੇ ਬੇਦੋਸ਼ਿਆਂ ‘ਤੇ ਕਦੀ ਹਮਲਾ ਨਹੀਂ ਕਰਦੀ, ਸਗੋਂ ਉਨ੍ਹਾਂ ਦੇ ਬਚਾਓ ਲਈ ਆਪ ਮੈਦਾਨ ਵਿਚ ਨਿੱਤਰਦੀ ਹੈ ਅਤੇ ਦੂਜੇ ਦੀ ਆਸਥਾ ਦੀ ਰਾਖੀ ਲਈ ਚਾਂਦਨੀ ਚੌਕ ਵਿਚ ਆਪਣਾ ਸੀਸ ਭੇਟ ਕਰ ਸਕਦੀ ਹੈ। ਸਿੱਖੀ; ਜਿਹੜੀ ਜੰਗ ਦੇ ਮੈਦਾਨ ਵਿਚ ਵੀ ਡਿੱਗੇ ਹੋਏ ‘ਤੇ ਅਤੇ ਕਿਸੇ ਦੀ ਪਿੱਠ ‘ਤੇ ਵਾਰ ਨਹੀਂ ਕਰਦੀ। ਸਿੱਖੀ; ਜਿਹੜੀ ਦੁਸ਼ਮਣ ਦੇ ਜ਼ਖ਼ਮਾਂ ‘ਤੇ ਵੀ ਮਰਹਮ ਲਾਉਂਦੀ ਹੈ। ਸਿੱਖੀ; ਜਿਹੜੀ ਔਰਤਾਂ ਅਤੇ ਬੱਚਿਆਂ ‘ਤੇ ਕਦੀ ਹੱਥ ਨਹੀਂ ਚੁੱਕਦੀ। ਸਿੱਖੀ; ਜਿਹੜੀ ਦੁਸ਼ਮਣ ਦੀ ਮਾਂ, ਭੈਣ ਅਤੇ ਧੀ ਨੂੰ ਆਪਣੀ ਮਾਂ, ਭੈਣ ਅਤੇ ਧੀ ਸਮਝਦੀ ਹੈ ਅਤੇ ਓਨਾ ਚਿਰ ਆਰਾਮ ਨਾਲ ਨਹੀਂ ਬੈਠਦੀ ਜਿੰਨਾ ਚਿਰ ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਅਤ ਟਿਕਾਣੇ ‘ਤੇ ਪਹੁੰਚਾ ਨਹੀਂ ਦਿੰਦੀ। ਸਿੱਖੀ; ਜਿਸ ਵਿਚ ਵਿਦਿਆ ਨੂੰ ਪਰਉਪਕਾਰ ਦਾ ਸੋਮਾ ਸਮਝਿਆ ਜਾਂਦਾ ਹੈ। ਸਿੱਖੀ; ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ। ਸਿੱਖੀ; ਜਿਹੜੀ ਹਜ਼ਾਰਾਂ ਚੰਦ ਸੂਰਜਾਂ ਦੇ ਹੁੰਦਿਆਂ ‘ਗੁਰੂ’ ਦੀ ਅਣਹੋਂਦ ਬਿਨਾ ਚਹੁੰ-ਕੂਟੀਂ ਹਨੇਰਾ ਹੀ ਹਨੇਰਾ ਪਸਰਿਆ ਵੇਖਦੀ ਹੈ।
ਮੈਂ ਅਸਿੱਧੇ ਤੌਰ ‘ਤੇ, ਸਿੱਖੀ ਦੇ ਨਾਂ ‘ਤੇ ਜੋ ਗ਼ਲਤ ਹੋ ਰਿਹਾ ਸੀ, ਉਸ ਵੱਲ ਸੰਕੇਤ ਕਰ ਰਿਹਾ ਸਾਂ। ਸਿੱਧੇ ਤੌਰ ‘ਤੇ, ਜੋ ਹੋ ਰਿਹਾ ਸੀ, ਉਸ ਇਲਾਕੇ ਵਿਚ ਰਹਿੰਦਿਆਂ, ਉਹਨੂੰ ਜਨਤਕ ਤੌਰ ‘ਤੇ ਰੱਦ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਸੀ। ਇਸ ਨੂੰ ਕੋਈ ਮੇਰੀ ਕਮਜ਼ੋਰੀ ਸਮਝ ਲਵੇ ਜਾਂ ਮੌਕਾਪ੍ਰਸਤੀ; ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜੇ ਉਸ ਵੇਲੇ ਮੈਂ ਕਿਸੇ ਵੱਡੇ ਸ਼ਹਿਰ ਦੇ ਸੁਰੱਖਿਅਤ ਇਲਾਕੇ ਵਿਚ ਰਹਿ ਰਿਹਾ ਹੁੰਦਾ ਅਤੇ ਮੇਰੇ ਕੋਲ ਪੈਟਰੋਲ ਸਮੇਤ ਪੁਲਿਸ ਦੀ ਮਿਲੀ ਕਾਰ ਅਤੇ ਸੁਰੱਖਿਆ ਲਈ ਜਿਪਸੀ ਸਮੇਤ ਸੁਰੱਖਿਆ ਕਰਮੀਆਂ ਦਾ ਪੂਰਾ ਦਸਤਾ ਵੀ ਮਿਲਿਆ ਹੁੰਦਾ, ਉਦੋਂ ਵੀ ਮੈਂ ਭਲਾ ਪੂਰਾ ਸੱਚ ਬੋਲ ਸਕਦਾ ਕਿ ਨਾ! ਮੈਂ ਤਾਂ ਸਗੋਂ ਇਹ ਮੌਕਾਪ੍ਰਸਤੀ ਵੀ ਕੀਤੀ ਕਿ ਸਭ ਕੁਝ ਨਾਲ ਸਹਿਮਤ ਨਾ ਹੁੰਦਿਆਂ ਹੋਇਆਂ ਵੀ, ਇੱਕ ਜੁਗਤ ਵਜੋਂ, ‘ਖਾੜਕੂਆਂ’ ਨਾਲ ਤੁਰੇ ਸਕੂਲ ਦੇ ਮੁੰਡਿਆਂ ਨੂੰ ‘ਸਿੱਖੀ ਲਈ ਲੜਦੇ’ ਆਖਿਆ।
“ਵੇਖੋ, ਹੁਣ ਤੁਹਾਡੇ ਜਿਹੜੇ ਭਰਾ ਜਾਂ ਬਾਪ ਕੁਰਬਾਨ ਹੋ ਗਏ ਜਾਂ ਦਿਨ ਰਾਤ ਕਮਾਦਾਂ ਵਿਚ ਲੁਕੇ ਫਿਰਦੇ ਬੇਆਰਾਮੀ ਦਾ ਜੀਵਨ ਗੁਜ਼ਾਰ ਰਹੇ ਨੇ ਅਤੇ ਹਰ ਵੇਲੇ ਮੌਤ ਜਿਨ੍ਹਾਂ ਦਾ ਪਿੱਛਾ ਕਰ ਰਹੀ ਹੈ; ਕੀ ਉਨ੍ਹਾਂ ਇਹ ਸਭ ਇਸ ਕਰ ਕੇ ਕੀਤਾ ਕਿ ਤੁਸੀਂ ਬੇਮੁਹਾਰੇ ਹੋ ਕੇ ਮਨ ਮਰਜ਼ੀਆਂ ਕਰੋ, ਸ਼ਹਿਰਾਂ ਅਤੇ ਅਮੀਰਾਂ ਦੇ ਮੁੰਡੇ ਪੜ੍ਹ ਲਿਖ ਕੇ ਅਫ਼ਸਰ ਬਣਦੇ ਰਹਿਣ ਅਤੇ ਤੁਸੀਂ ਅਨਪੜ੍ਹ ਰਹਿ ਕੇ ਡੰਗਰਾਂ ਦੀਆਂ ਪੂਛਾਂ ਮਰੋੜਨ ਜੋਗੇ ਰਹਿ ਜਾਓ ਜਾਂ ਆਪਣੇ ਗੁਰੂਆਂ ਜਾਂ ਅਧਿਆਪਕਾਂ ਦੀ ਲਾਹ ਪਾਹ ਕਰਦੇ ਰਹੋ ਅਤੇ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਰਹੋ? ਕਿਉਂ ਬਈ ਬੀਰ੍ਹਿਆ? ਕਿਉਂ ਕੰਵਲਜੀਤ?”
ਇਨ੍ਹਾਂ ਵਿਚੋਂ ਬੀਰ੍ਹੇ ਦਾ ਭਰਾ ਬੂਟਾ ‘ਲੈਫਟੀਨੈਂਟ ਜਨਰਲ’ ਬਣ ਕੇ ਵਿਚਰ ਰਿਹਾ ਸੀ ਅਤੇ ਕੰਵਲਜੀਤ ਦਾ ਪਿਉ ਸੰਤ ਭਿੰਡਰਾਂਵਾਲਿਆਂ ਦਾ ਨੇੜਲਾ ਸਾਥੀ ਸੀ ਅਤੇ ਪਹਿਲੀਆਂ ‘ਚ ਅਕਸਰ ਮੈਨੂੰ ਮਿਲਣ ਵੀ ਆਉਂਦਾ ਰਿਹਾ ਸੀ, ਬਲੂ ਸਟਾਰ ਆਪ੍ਰੇਸ਼ਨ ਤੋਂ ਬਾਅਦ ਉਹ ਅਜੇ ਤੱਕ ਲਾਪਤਾ ਸੀ।
“ਨਹੀਂ ਜੀ।” ਸਾਰੀ ਜਮਾਤ ਇੱਕ ਆਵਾਜ਼ ਵਿਚ ਬੋਲੀ। ਇਨ੍ਹਾਂ ਵਿਚ ਬੀਰ੍ਹੇ ਅਤੇ ਕੰਵਲਜੀਤ ਦੀ ਆਵਾਜ਼ ਵੀ ਸ਼ਾਮਲ ਸੀ।
“ਠੀਕ ਹੈ, ਅੱਜ ਤੋਂ ਸਕੂਲ ਦਾ ਪ੍ਰਬੰਧ ਵੀ ਤੁਸੀਂ ਹੀ ਸੰਭਾਲੋਗੇ। ਤੁਸੀਂ ਹੀ ਨਿਯਮ ਬਣਾਵੋਗੇ ਅਤੇ ਲਾਗੂ ਵੀ ਆਪ ਹੀ ਕਰੋਗੇ। ਜਿਹੜਾ ਨਿਯਮਾਂ ਨੂੰ ਤੋੜੇਗਾ, ਉਹਨੂੰ ਸਜ਼ਾ ਵੀ ਤੁਸੀਂ ਹੀ ਦਿਓਗੇ। ਗੁਰੂ ਸਾਹਿਬ ਨੇ ਪੰਜਾਂ ਵਿਚ ਪਰਮੇਸ਼ਰ ਸਮਝਦਿਆਂ ਉਨ੍ਹਾਂ ਨੂੰ ਪੰਜ ਪਿਆਰੇ ਆਖਿਆ ਅਤੇ ਆਪਣੇ ਤੋਂ ਵੀ ਵੱਡਾ ਰੁਤਬਾ ਦਿੱਤਾ ਸੀ। ਸੰਗਤ ਨੂੰ ਗੁਰੂ ਮੰਨ ਕੇ ਆਪ ਚੇਲੇ ਬਣੇ ਸਨ। ਅਸੀਂ ਗੁਰੂ ਜੀ ਦੀ ਸਿੱਖਿਆ ਅਪਣਾ ਕੇ ਤੁਹਾਡੀ ਹਰ ਜਮਾਤ ਦੀ ਪੰਚਾਇਤ ਬਣਾਵਾਂਗੇ। ‘ਪੰਜ ਪਿਆਰੇ’ ਬਣਾਵਾਂਗੇ। ਇਹ ਪੰਚਾਇਤ ਸਿੱਖੀ ਦੀ ਰੂਹ ਅਨੁਸਾਰ ਸੱਚ ‘ਤੇ ਪਹਿਰਾ ਦੇਵੇਗੀ। ਆਪੇ ਬਣਾਏ ਨਿਯਮਾਂ ਦਾ ਪਾਲਣ ਕਰੇਗੀ ਅਤੇ ਕਰਵਾਏਗੀ। ਝੂਠੇ ਨੂੰ ਝੂਠਾ ਅਤੇ ਸੱਚੇ ਨੂੰ ਸੱਚਾ ਆਖੇਗੀ। ਹਰ ਜਮਾਤ ਦੀ ਪੰਚਾਇਤ ਵਿਚੋਂ ਨੁਮਾਇੰਦੇ ਲੈ ਕੇ ਸਾਰੇ ਸਕੂਲ ਦੀ ਵੱਡੀ ਪੰਚਾਇਤ ਬਣਾਈ ਜਾਏਗੀ। ਜੇ ਕੋਈ ਝਗੜਾ ਜਮਾਤ ਦੀ ਆਪਣੀ ਪੰਚਾਇਤ ਤੋਂ ਨਾ ਨਜਿੱਠਿਆ ਜਾ ਸਕੂ ਤਾਂ ਉਹ ਕੇਸ ਵੱਡੀ ਪੰਚਾਇਤ ਵਿਚ ਲੈ ਕੇ ਜਾਵੇਗੀ। ਜੇ ਉਥੇ ਵੀ ਹੱਲ ਨਾ ਹੋਵੇ ਤਾਂ ਕਲਾਸ ਟੀਚਰ ਨੂੰ ਦੱਸਿਆ ਜਾਵੇਗਾ ਅਤੇ ਜੇ ਫਿਰ ਵੀ ਮਸਲਾ ਨਾ ਸੁਲਝੇ ਤਾਂ ਮੇਰੇ ਕੋਲ ਗੱਲ ਆਵੇਗੀ। ਫਿਰ ਪੰਚਾਇਤ ਦੀ ਸਲਾਹ ਨਾਲ ਮਸਲਾ ਹੱਲ ਕੀਤਾ ਜਾਵੇਗਾ। ਇੱਕ ਗੱਲ ਹੋਰ; ਜੇ ਕੋਈ ਨਿਯਮਾਂ ਨੂੰ ਤੋੜਨ ਦਾ ਦੋਸ਼ੀ ਨਿਕਲਦਾ ਹੈ ਤੇ ਆਪਣੀ ਗ਼ਲਤੀ ਲਈ ਪੰਚਾਇਤ ਦੀ ਇੱਛਾ ਅਨੁਸਾਰ ਮੁਆਫ਼ੀ ਮੰਗ ਲੈਂਦਾ ਹੈ ਤਾਂ ਉਹਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ, ਕਿਉਂਕਿ ਸਿੱਖੀ ਬਖ਼ਸ਼ਿੰਦ ਹੈ। ਆਪਾਂ ਸਕੂਲ ਨੂੰ ਇੱਕ ਵਾਰ ਫਿਰ ਤੋਂ ਰਲ ਮਿਲ ਕੇ ਬਿਹਤਰ ਹਾਲਤ ਵਿਚ ਲੈ ਆਉਣਾ ਹੈ।”
ਮੇਰੀਆਂ ਗੱਲਾਂ ਦੀ ਸਾਰੇ ਵਿਦਿਆਰਥੀਆਂ ਨੇ ਪੁਰਜ਼ੋਰ ਹਮਾਇਤ ਕੀਤੀ। ਅਸੀਂ ਮੁੰਡਿਆਂ ਦੀ ਆਪਸੀ ਸਲਾਹ ਨਾਲ ਦੋਹਾਂ ਸੈਕਸ਼ਨਾਂ ਦੇ ਪੰਜ ਪੰਜ ਮੁੰਡਿਆਂ ਦੀਆਂ ਦੋ ਪੰਚਾਇਤਾਂ ਬਣਾ ਲਈਆਂ। ਬੀਰ੍ਹਾ ਅਤੇ ਕੰਵਲਜੀਤ ਵੀ ਉਨ੍ਹਾਂ ਵਿਚ ਸ਼ਾਮਲ ਸਨ। ਫਿਰ ਮੈਂ ਇਹੋ ਸਾਰੀ ਪ੍ਰਕਿਰਿਆ ਸਾਰੀਆਂ ਜਮਾਤਾਂ ਵਿਚ ਦੁਹਰਾਈ। ਫਿਰ ਸਾਰੀਆਂ ਜਮਾਤਾਂ ਦੀਆਂ ਪੰਚਾਇਤਾਂ ਦਾ ਸਾਂਝਾ ਇਕੱਠ ਬੁਲਾ ਕੇ ਸਾਂਝੀ ਵੱਡੀ ਪੰਚਾਇਤ ਵੀ ਬਣਾ ਲਈ। ਜ਼ਿੰਮੇਵਾਰ ਅਧਿਆਪਕਾਂ ਦੀ ਹਾਜ਼ਰੀ ਵਿਚ ਰਲ ਕੇ ਨਿਯਮ ਵੀ ਬਣਾਏ ਗਏ।
ਕੋਈ ਵਿਦਿਆਰਥੀ ਸਕੂਲ ਸਮੇਂ ਵਿਚ ਨਾ ਤਾਂ ਕਲਾਸ ਤੋਂ ਬਾਹਰ ਫਿਰੇਗਾ ਅਤੇ ਨਾ ਹੀ ਬਹੁਤ ਜ਼ਰੂਰੀ ਕੰਮ ਤੋਂ ਬਿਨਾਂ ਸਕੂਲ ਕੰਪਲੈਕਸ ਤੋਂ ਬਾਹਰ ਜਾਵੇਗਾ। ਜਾਣਾ ਪਵੇਗਾ ਤਾਂ ਅਧਿਆਪਕ, ਜਮਾਤ ਦੀ ਪੰਚਾਇਤ ਜਾਂ ਕਿਸੇ ਮੈਂਬਰ ਦੀ ਆਗਿਆ ਨਾਲ ਜਾਵੇਗਾ ਅਤੇ ਕੰਮ ਕਰ ਕੇ ਵਾਪਸ ਆ ਜਾਵੇਗਾ। ਪਾਣੀ ਪੀਣ ਜਾਂ ਪਿਸ਼ਾਬ ਕਰਨ ਜਾਣ ਦੇ ਬਹਾਨੇ ਤੁਰੇ ਰਹਿਣ ਵਾਲਿਆਂ ਲਈ ਇਹ ਨਿਯਮ ਬਣਾਇਆ ਗਿਆ ਕਿ ਤੀਜੇ ਪੀਰੀਅਡ ਤੋਂ ਪਿੱਛੋਂ ਪਿਸ਼ਾਬ ਕਰਨ ਜਾਂ ਪਾਣੀ ਪੀਣ ਦੀ ਦਸ ਮਿੰਟ ਦੀ ਛੁੱਟੀ ਸਾਰੇ ਵਿਦਿਆਰਥੀਆਂ ਨੂੰ ਹੋਵੇਗੀ। ਇਸ ਬਹਾਨੇ ਨੂੰ ਫਿਰਨ ਤੁਰਨ ਦਾ ਸਾਧਨ ਨਹੀਂ ਬਣਨ ਦਿੱਤਾ ਜਾਵੇਗਾ। ਜੇ ਕੋਈ ਅਧਿਆਪਕ ਜਮਾਤ ਵਿਚ ਵੇਲੇ ਸਿਰ ਨਹੀਂ ਆਵੇਗਾ ਤਾਂ ਪੰਚਾਇਤ ਦਾ ਮੁਖੀਆ ਜਾਂ ਕੋਈ ਹੋਰ ਮੈਂਬਰ ਉਹਨੂੰ ਬੁਲਾਉਣ ਜਾਵੇਗਾ। ਜੇ ਉਹ ਫਿਰ ਵੀ ਜਮਾਤ ਵਿਚ ਨਹੀਂ ਆਉਂਦਾ ਤਾਂ ਮੈਨੂੰ ਦੱਸਿਆ ਜਾਏਗਾ।
ਅਗਲੇ ਦਿਨ ਪ੍ਰਾਰਥਨਾ ਸਭਾ ਵਿਚ ਸਾਰੇ ਸਕੂਲ ਨੂੰ ਸਾਂਝੇ ਤੌਰ ‘ਤੇ ਸਾਰੀ ਗੱਲ ਸਮਝਾ ਦਿੱਤੀ ਗਈ। ਦੋ ਦਿਨਾਂ ਵਿਚ ਹੀ ਇਸ ਦਾ ਅਸਰ ਦਿਖਾਈ ਦੇਣ ਲੱਗਾ। ਮੁੰਡੇ ਅਤੇ ਅਧਿਆਪਕ ਕਲਾਸਾਂ ਵਿਚ ਜਾਣ ਲੱਗੇ।
ਪਰ ਵਿੰਗੀਆਂ ਪੂਛਾਂ ਛੇਤੀ ਕੀਤੇ ਸਿੱਧੀਆਂ ਤਾਂ ਨਹੀਂ ਨਾ ਹੁੰਦੀਆਂ! ਵਿਦਿਆਰਥੀ ਅਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਅੱਖ ਬਚਾ ਕੇ ਜਾਂ ਕੰਧ ਟੱਪ ਕੇ ਬਾਹਰ ਚਲੇ ਜਾਂਦੇ। ਮੈਂ ਮੁੱਖ ਪੰਚਾਇਤ ਦੇ ਮੈਂਬਰ ਨੂੰ ਨਾਲ ਲੈਂਦਾ ਅਤੇ ਪਿੱਛੋਂ ਦੀ ਝਕਾਨੀ ਦੇ ਕੇ ਅਸੀਂ ਉਨ੍ਹਾਂ ਨੂੰ ਜਾ ਘੇਰਦੇ।
“ਬੰਦੇ ਦੇ ਪੁੱਤ ਬਣ ਕੇ ਚੱਲੋ ਸਕੂਲੇ।” ਸਾਨੂੰ ਆਇਆ ਵੇਖ ਉਹ ਸਾਡੇ ਅੱਗੇ ਅੱਗੇ ਸਕੂਲ ਨੂੰ ਦੌੜਦੇ। ਜਿਹੜੇ ਅਜੇ ਵੀ ਢੀਚਕ ਚਾਲ ਤੁਰ ਰਹੇ ਹੁੰਦੇ, ਮੈਂ ਹੱਥ ਵਿਚ ਫੜੀ ਛਮਕ ਜਿਹੀ, ਉਨ੍ਹਾਂ ਦੇ ਪਿੱਛੇ ਪੋਲੇ ਥਾਂ ‘ਤੇ ਮਾਰਦਾ। ਲੋਕ ਉਨ੍ਹਾਂ ਨੂੰ ਭੱਜਦਿਆਂ ਵੇਖ ਕੇ ਹੱਸਦੇ, “ਇਹ ਇਸ ਤਰ੍ਹਾਂ ਈ ਕਾਬੂ ਆਉਂਦੇ ਨੇ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।”
ਦਿਨਾਂ ਵਿਚ ਹੀ ਮੁੰਡੇ ਬਾਹਰ ਭੱਜਣੋਂ ਵੀ ਹਟ ਗਏ ਅਤੇ ਬਦਲੇ ਮਾਹੌਲ ਦੀ ਚਰਚਾ ਘਰ ਘਰ ਹੋਣ ਲੱਗੀ। ਕਦੀ ਕਦੀ ਕੋਈ ਅਧਿਆਪਕ ਵੀ ਘੁਸਾਈ ਮਾਰਦਾ ਜਾਂ ਕਲਾਸ ਵਿਚ ਜਾਣ ਤੋਂ ਦੇਰ ਕਰ ਦਿੰਦਾ ਤਾਂ ਮੈਂ ਮੁਸਕਰਾਉਂਦਾ ਹੋਇਆ ਉਸ ਕੋਲ ਜਾਂਦਾ। ਮੇਰੇ ਹੱਥ ਵਿਚ ਉਹ ਗੱਤਾ ਫੜਿਆ ਹੁੰਦਾ ਜਿਸ ਉਤੇ ਟਾਈਮ ਟੇਬਲ ਲਿਖਿਆ ਹੁੰਦਾ ਸੀ। ਮੈਂ ਮੂੰਹੋਂ ਨਾ ਬੋਲਦਾ। ਸਿਰਫ਼ ਟਾਈਮ ਟੇਬਲ ਵਾਲਾ ਗੱਤਾ ਉਸ ਦੇ ਸਾਹਮਣੇ ਕਰਦਾ ਜੋ ਇਸ ਗੱਲ ਦਾ ਸੰਕੇਤ ਹੁੰਦਾ ਕਿ ਤੁਹਾਡਾ ਪੀਰੀਅਡ ਲੱਗਾ ਹੋਇਆ ਹੈ, ਪਰ ਤੁਸੀਂ ਅਜੇ ਜਮਾਤ ਵਿਚ ਗਏ ਨਹੀਂ। ਉਹ ਪਹਿਲਾਂ ਹੀ ਹੱਸਦਾ ਹੋਇਆ ਉਠ ਕੇ ਇਹ ਕਹਿੰਦਾ ਕਲਾਸ ਵੱਲ ਤੁਰ ਪੈਂਦਾ, “ਤੁਸੀਂ ਨਹੀਂ ਘੜੀ ਆਰਾਮ ਨਾਲ ਬਹਿਣ ਦਿੰਦੇ।” ਮੈਂ ਵੀ ਅੱਗਿਉਂ ਹੱਸਦਾ ਰਹਿੰਦਾ। ਆਪਣੇ ਟੋਲੇ ਵਿਚ ਬੈਠੀਆਂ ਅਧਿਆਪਕਾਵਾਂ ਮੈਨੂੰ ਆਪਣੇ ਵੱਲ ਆਉਂਦਾ ਵੇਖ ਕੇ ਕਹਿੰਦੀਆਂ, “ਨੀ, ਕਿਸੇ ਦਾ ਪੀਰਡ ਤਾਂ ਨਹੀਂ ਲੱਗਾ ਹੋਇਆ? ਭਾ ਜੀ ਗੱਤਾ ਫੜੀ ਆਉਂਦੇ ਜੇ।”
ਨਿਯਮ ਉਨ੍ਹਾਂ ਦੀ ਮਰਜ਼ੀ ਨਾਲ ਹੀ ਬਣੇ ਸਨ ਅਤੇ ਪਾਲਣਾ ਵੀ ਉਨ੍ਹਾਂ ਨੇ ਹੀ ਕਰਨੀ ਸੀ। ਮੈਂ ਤਾਂ ਉਨ੍ਹਾਂ ਨੂੰ ਚੇਤਾ ਹੀ ਕਰਾਉਣਾ ਸੀ।
ਵਿਦਿਆਰਥੀਆਂ ਵਿਚ ਝਗੜੇ ਵੀ ਹੁੰਦੇ, ਨਿਯਮ ਵੀ ਟੁੱਟਦੇ। ਜੇ ਕਿਸੇ ਵਿਦਿਆਰਥੀ ਨਾਲ ਜ਼ਿਆਦਤੀ ਹੁੰਦੀ ਤਾਂ ਪਹਿਲਾਂ ਪਹਿਲਾਂ ਉਹ ਮੇਰੇ ਕੋਲ ਸ਼ਿਕਾਇਤ ਲੈ ਕੇ ਆਉਂਦਾ, ਪਰ ਮੈਂ ਉਸ ਨੂੰ ਪੰਚਾਇਤ ਕੋਲ ਭੇਜ ਦਿੰਦਾ। ਆਪ ਵੀ ਉਨ੍ਹਾਂ ਵਿਚ ਜਾ ਕੇ ਬੈਠ ਜਾਂਦਾ; ਪਰ ਪੰਚਾਇਤ ਹੀ ਉਨ੍ਹਾਂ ਦਾ ਝਗੜਾ ਸੁਣਦੀ। ਸੱਚ ਝੂਠ ਦਾ ਨਿਤਾਰਾ ਕਰਦੀ ਅਤੇ ਸੁੱਚੇ ਸਿੱਖੀ ਅਸੂਲ਼ ਮੁਤਾਬਕ ਬਿਨਾਂ ਕਿਸੇ ਦੀ ਰਈ ਕੀਤਿਆਂ ਝੂਠੇ ਨੂੰ ਝੂਠਾ ਅਤੇ ਸੱਚੇ ਨੂੰ ਸੱਚਾ ਆਖਦੀ। ਗ਼ਲਤੀ ਕਰਨ ਵਾਲਾ ਗ਼ਲਤੀ ਮੰਨ ਲੈਂਦਾ ਅਤੇ ਮਾਮਲਾ ਹੱਲ ਹੋ ਜਾਂਦਾ। ਮੈਂ ਵਿਚ ਵਿਚਾਲੇ ਲੋੜ ਪੈਂਦੀ ਤਾਂ ਮਾੜੀ ਮੋਟੀ ਦਖ਼ਲ ਅੰਦਾਜ਼ੀ ਕਰਦਾ। ਮੇਰੀ ਹਾਜ਼ਰੀ ਤੋਂ ਇਲਾਵਾ ਕਰਵਾਏ ਸਾਰੇ ਫੈਸਲਿਆਂ ਬਾਰੇ ਸਾਰੀਆਂ ਜਮਾਤਾਂ ਦੀਆਂ ਪੰਚਾਇਤਾਂ ਮੈਨੂੰ ਦੱਸਦੀਆਂ ਰਹਿੰਦੀਆਂ। ਛੋਟੀਆਂ ਜਮਾਤਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਸ਼ਿਕਾਇਤ ਮੇਰੇ ਤੱਕ ਪਹੁੰਚਦੀ ਹੋਵੇ। ਉਹ ਆਪ ਹੀ ਫ਼ੈਸਲੇ ਕਰ ਲੈਂਦੇ। ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਵਿਚ ਕਦੀ ਕਦੀ ਸਮੱਸਿਆ ਆਉਂਦੀ, ਪਰ ਉਹ ਵੀ ਸੁਲਝਾ ਲਈ ਜਾਂਦੀ। ਵਿਦਿਆਰਥੀ ਇੰਨੇ ਸੁਚੇਤ ਅਤੇ ਜ਼ਿੰਮੇਵਾਰ ਹੋ ਗਏ ਕਿ ਉਹ ਆਪ ਹੀ ਨਿਯਮ ਤੋੜਨ ਵਾਲੇ ਦੀ ਪੁੱਛ-ਗਿੱਛ ਕਰਦੇ ਰਹਿੰਦੇ। ਸਕੂਲ ਉਨ੍ਹਾਂ ਨੂੰ ਆਪਣੇ ਘਰ ਵਾਂਗ ਲੱਗਣ ਲੱਗਾ। ਉਹ ਇਸ ਘਰ ਦਾ ਕੁਝ ਵਿਗੜਿਆ ਨਹੀਂ ਸਨ ਵੇਖਣਾ ਚਾਹੁੰਦੇ।
***
ਇਹ ਅੰਨ੍ਹੇ ਆਦਰਸ਼ਵਾਦ ਨੂੰ ਸਿਰ ‘ਤੇ ਚੁੱਕੀ ਰੱਖਣ ਦੇ ਸਮੇਂ ਨਹੀਂ ਸਨ। ਮੈਂ, ਸਭ ਦੀ ਸਲਾਹ ਨਾਲ, ਸ਼ਹਿਰੋਂ ਆਉਂਦੇ ਅਧਿਆਪਕਾਂ ਨੂੰ ਕੁਝ ਸਮਾਂ ਪਹਿਲਾਂ ਛੁੱਟੀ ਕਰ ਕੇ ਜਾਣ ਦੀ ਆਗਿਆ ਵੀ ਦਿੱਤੀ ਹੋਈ ਸੀ, ਕਿਉਂਕਿ ਚਾਰ ਵਜੇ ਛੁੱਟੀ ਕਰ ਕੇ ਬੱਸ ਅੱਡੇ ਤੋਂ ਬੱਸ ਫੜਦਿਆਂ ਉਨ੍ਹਾਂ ਨੂੰ ਸਿਆਲੀ ਦਿਨਾਂ ਵਿਚ ਸ਼ਹਿਰ ਪਹੁੰਚਦਿਆਂ ਰਾਤ ਪੈ ਜਾਂਦੀ ਸੀ। ਪੰਜ ਕੁ ਵਜੇ ਤੱਕ ਤਾਂ ਉਦੋਂ ਬੱਸਾਂ ਚੱਲਣੀਆਂ ਵੀ ਬੰਦ ਹੋ ਜਾਂਦੀਆਂ ਸਨ। ਛੇ ਵਜੇ ਤੱਕ ਲੋਕ ਡਰਦੇ ਘਰਾਂ ਵਿਚ ਵੀ ਦੜ ਜਾਂਦੇ ਸਨ ਅਤੇ ਪਿੰਡਾਂ ਦੀਆਂ ਗਲੀਆਂ ਵਿਚ ਸੁੰਨ-ਮਸਾਣ ਪਸਰ ਜਾਂਦੀ ਸੀ। ਲੋੜ ਅਨੁਸਾਰ ਉਨ੍ਹਾਂ ਨੂੰ ਫਰਲੋ ਅਤੇ ਛੁੱਟੀ ਵੀ ਮਿਲ ਜਾਂਦੀ ਸੀ, ਪਰ ਜਦੋਂ ਉਹ ਸਕੂਲ ਵਿਚ ਹਾਜ਼ਰ ਹੁੰਦੇ ਤਾਂ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ। ਮੈਂ ਲੇਟ ਆਉਣ ਵਾਲੇ ਨੂੰ ਵੀ ਕੁਝ ਨਹੀਂ ਸਾਂ ਆਖਦਾ। ਉਸ ਦੀ ਜਮਾਤ ਵਿਚ ਆਪ ਜਾ ਖਲੋਂਦਾ। ਸਮਾਂ ਪਾ ਕੇ, ਕਿਸੇ ਮਜਬੂਰੀ ਦੀ ਹਾਲਤ ਤੋਂ ਬਿਨਾਂ, ਸਾਰੇ ਜਣੇ ਵੇਲੇ ਸਿਰ ਸਕੂਲ ਆਉਣ ਲੱਗ ਪਏ। ਫ਼ਰਲੋ ਵੀ ਪਹਿਲਾਂ ਨਾਲੋਂ ਘਟ ਗਈ। ਅਸੀਂ ਸਾਰਿਆਂ ਸਲਾਹ ਕਰ ਕੇ ਮੁਖ ਅਧਿਆਪਕ ਦੀ ਵੀ, ਦਸ ਪੰਦਰਾਂ ਦਿਨਾਂ ਬਾਅਦ, ਰਜਿਸਟਰ ਸ਼ਹਿਰ ਭੇਜ ਕੇ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ। ਕਾਗ਼ਜ਼ਾਂ ਵਿਚ ਤਾਂ ਉਹੋ ਹੀ ਸਕੂਲ ਦਾ ਇੰਚਾਰਜ ਸੀ। ਮੈਂ ਜਾਂ ਅਸੀਂ ਉਸ ਦੇ ਨਾਂ ‘ਤੇ ਹੀ ਸਕੂਲ ਦਾ ਪ੍ਰਬੰਧ ਚਲਾ ਰਹੇ ਸਾਂ।
ਅਸਲ ਵਿਚ ਤਾਂ ਇਹ ਸਾਰਾ ਪ੍ਰਬੰਧ ‘ਗੁਰੂ ਦੇ ਨਾਂ’ ਉਤੇ ਹੀ ਚੱਲ ਰਿਹਾ ਸੀ। ਇਸ ਛੋਟੀ ਜਿਹੀ ਸਿੱਖਿਆ ਅਤੇ ਅਗਵਾਈ ਨਾਲ ਗੁਰੂ ਦੀ ਆਤਮਾ ਕਿਵੇਂ ਚਮਤਕਾਰੀ ਢੰਗ ਨਾਲ ਸਾਰਿਆਂ ਵਿਚ ਆਣ ਵੱਸੀ ਸੀ।
ਮੈਂ ਹੈਰਾਨ ਅਤੇ ਖ਼ੁਸ਼ ਸਾਂ ਕਿ ਸੁਹਿਰਦ ਸੇਧ ਅਤੇ ਸੱਚੀ ਸਿੱਖਿਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਕਿੰਨੀ ਤਬਦੀਲੀ ਲੈ ਆਂਦੀ ਸੀ। ਸਾਰਾ ਸਕæੂਲ, ਟੀਮ ਬਣ ਗਿਆ ਸੀ। ਵਡਿਆਈ ਤਾਂ ਇਸ ਵਿਚ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸੀ, ਪਰ ਪਿੰਡ ਵਿਚ ਇਹ ਗੱਲ ਧੁੰਮ ਗਈ ਕਿ ਜਿਸ ਦਿਨ ਦਾ ਵਰਿਆਮ ਸਿੰਘ ‘ਹੈਡਮਾਸਟਰ’ ਬਣਿਆ ਹੈ, ਸਕੂਲ ਦੀ ਕਾਇਆ ਕਲਪ ਹੋ ਗਈ ਹੈ!
(ਚਲਦਾ)