ਪਹਿਲਕਦਮੀ ਦਾ ਸਿਦਕ

ਵਾਪਸੀ-2
ਪ੍ਰੋæ ਹਰਪਾਲ ਸਿੰਘ ਪੰਨੂ ਨੇ ਆਪਣੇ ਲੰਮੇ ਲੇਖ ‘ਵਾਪਸੀ’ ਵਿਚ ਯਹੂਦੀਆਂ ਦੀ ਵਤਨ ਵਾਪਸੀ ਦੀ ਲੰਮੀ ਕਹਾਣੀ ਸੁਣਾਈ ਹੈ। ਯਹੂਦੀਆਂ ਨੂੰ ਦੋ ਹਜ਼ਾਰ ਸਾਲ ਬਾਅਦ ਆਪਣਾ ਨਗਰ ਯੋਰੋਸ਼ਲਮ ਅਤੇ ਮੁਲਕ ਇਜ਼ਰਾਈਲ ਮਿਲਿਆ। ਉਹ ਕਦਮ ਕਦਮ ਉਜੜੇ, ਭਟਕੇ, ਗੁਲਾਮ ਹੋਏ, ਘੱਲੂਘਾਰਿਆਂ ਵਿਚ ਨਸਲਘਾਤ ਹੋਈ, ਪਰ ਸਬਰ ਨਾਲ ਕਦਮ ਕਦਮ ਯਹੂਦੀਆਂ ਦੀ ਵਾਪਸੀ ਹੁੰਦੀ ਗਈ। ਇਨ੍ਹਾਂ ਦੋ ਹਜ਼ਾਰ ਸਾਲਾਂ ਦੌਰਾਨ ਉਜਾੜਾ, ਸਜ਼ਾ, ਪਛਤਾਵਾ, ਰਜ਼ਾ, ਖਿਮਾ ਤੇ ਸ਼ੁਕਰਾਨਾ ਯਹੂਦੀ ਜ਼ਿੰਦਗੀ ਦੇ ਅਹਿਮ ਪਹਿਲੂ ਰਹੇ।

ਪਹਿਲਾਂ ਮਿਸਰ ਦੇ ਸੁਲਤਾਨ ਫਰਾਊਨ, ਫਿਰ ਈਸਾਈਆਂ ਅਤੇ ਫਿਰ ਮੁਸਲਮਾਨਾਂ ਤੋਂ ਉਨ੍ਹਾਂ ਨੂੰ ਨਿਰੰਤਰ ਦੁੱਖ ਮਿਲੇ। ਸਭ ਤੋਂ ਵੱਡਾ ਕਹਿਰ ਉਦੋਂ ਢੱਠਾ ਜਦੋਂ ਦੂਜੀ ਸੰਸਾਰ ਜੰਗ ਸਮੇਂ ਹਿਟਲਰ ਨੇ ਸੱਠ ਲੱਖ ਯਹੂਦੀਆਂ ਦਾ ਘਾਣ ਕੀਤਾ। ਉਨ੍ਹਾਂ ਨੂੰ ਖੁਦ ਨਹੀਂ ਪਤਾ, ਇਸ ਹਨੇਰਗਰਦੀ ਵਿਚੋਂ ਬਚੇ ਕਿਵੇਂ ਰਹੇ। ਉਨ੍ਹਾਂ ਦੇ ਮਨ ਮੰਦਰ ਦੀ ਯਾਦ ਵਿਚ ਇਜ਼ਰਾਈਲ ਦਾ ਰੇਗਿਸਤਾਨ ਸਦਾ ਵਸਿਆ ਰਿਹਾ। ਐਤਕੀਂ ਵਾਲੇ ਲੇਖ ਵਿਚ ਉਨ੍ਹਾਂ ਜਿਊੜਿਆਂ ਦੀ ਚਰਚਾ ਹੈ ਜੋ ਹਰ ਹਾਲ ਦੇਸ ਵਾਪਸੀ ਲਈ ਅਹੁਲਦੇ ਰਹੇ।

ਹਰਪਾਲ ਸਿੰਘ ਪੰਨੂ
ਫੋਨ: +91-94642-51454
ਇਜ਼ਰਾਈਲ ਵਿਚ ਨਾ ਬਿਜਨਸ ਹੋ ਸਕਦਾ ਸੀ, ਨਾ ਉਦਯੋਗ ਸੀ। ਨਾ ਸੜਕਾਂ ਸਨ, ਨਾ ਸੰਚਾਰ ਸਾਧਨ। ਜਿਹੜੇ ਉਥੇ ਪਰਵਾਸ ਕਰ ਗਏ ਸਨ, ਉਹ ਦਾਨੀਆਂ ਦੇ ਰਹਿਮੋ-ਕਰਮ Ḕਤੇ ਸਨ। ਕੇਵਲ ਖੇਤੀ ਹੀ ਕਿੱਤਾ ਸੀ, ਪਰ ਜ਼ਮੀਨ ਖਰੀਦਣ ਲਈ ਪੈਸੇ? ਬਗੈਰ ਜ਼ਮੀਨ ਤੋਂ ਖੇਤੀ ਕਿਵੇਂ ਕਰਨ? ਕੋਈ ਦਾਨੀ ਜ਼ਮੀਨ ਖਰੀਦ ਕੇ ਦੇ ਵੀ ਦੇਵੇ; ਪਰ ਜਿਸ ਬੰਦੇ ਨੇ ਕਦੀ ਹਲ, ਪੰਜਾਲੀ, ਕਹੀ, ਰੰਬੇ ਨੂੰ ਹੱਥ ਨਹੀਂ ਲਾਇਆ, ਉਹ ਰਾਤੋ-ਰਾਤ ਕਿਸਾਨ ਕਿਵੇਂ ਬਣ ਜਾਏ? ਪਰਵਾਸ ਵਾਲੇ ਦੇਸ ਦਾ ਜਲਵਾਯੂ ਕਿਵੇਂ ਰਾਸ ਆਏਗਾ? ਇਜ਼ਰਾਈਲ ਵਿਚ ਕੋਈ ਸਿਆਸੀ ਲੀਡਰਸ਼ਿਪ ਯਹੂਦੀਆਂ ਨੂੰ ਸੇਧ ਦੇਣ ਵਾਲੀ ਨਹੀਂ ਸੀ। ਅਜਿਹਾ ਕੋਈ ਪੁਜਾਰੀ ਵੀ ਨਹੀਂ ਸੀ ਜੋ ਅਗਵਾਈ ਕਰ ਸਕੇ। ਇਉਂ ਸਮਝੋ ਕਿ ਕੁਦਰਤ ਇਨ੍ਹਾਂ ਕਾਫਲਿਆਂ ਨੂੰ ਖੁਦ-ਬਖੁਦ ਇਧਰ ਧੱਕਣ ਲੱਗੀ। ਇੰਨੀ ਦੂਰ ਦੂਰ, ਇੰਨੀਆਂ ਵੱਖ ਵੱਖ ਜ਼ੁਬਾਨਾਂ ਵਿਚ ਸੁਨੇਹਾ ਕਿਸ ਬਿਧ ਭੇਜਿਆ ਜਾਵੇ! ਨਾ ਤਾਰ, ਨਾ ਟੈਲੀਫੋਨ; ਨਾ ਅਖਬਾਰ, ਨਾ ਇਨ੍ਹਾਂ ਸਾਧਨਾਂ ਵਾਸਤੇ ਧਨ। ਜਿਥੇ ਤਕ ਜ਼ੁਬਾਨੀ ਕੋਈ ਸੁਨੇਹਾ ਪੁੱਜੇ, ਪੁਚਾ ਦਿਉ; ਬਾਕੀ ਰੱਬ ਰਾਖਾ। ਰੂਸ ਵਿਚੋਂ ਬਿਨਾ ਆਗਿਆ ਪਰਵਾਸ ਕਰਨ ਦੀ ਮਨਾਹੀ ਸੀ, ਤੇ ਆਗਿਆ ਉਸ ਨੂੰ ਮਿਲਦੀ ਜਿਸ ਕੋਲ ਪਾਸਪੋਰਟ ਹੁੰਦਾ। ਉਸ ਨੂੰ ਵੀ ਮਿਲਦੀ ਕਿ ਨਾ, ਪਤਾ ਨਹੀਂ, ਪਰ ਇਥੇ ਕਿਸ ਕੋਲ ਪਾਸਪੋਰਟ, ਕਿਸ ਕੋਲ ਆਗਿਆ? ਸਾਰਾ ਕੰਮ ਗ਼ੈਰ-ਕਾਨੂੰਨੀ; ਜਿਸ ਦੀ ਸਜ਼ਾ ਕੈਦ ਸੀ। ਕੋਈ ਸੁਨੇਹਾ ਭੇਜਣਾ ਜਾਂ ਮੰਗਵਾਉਣਾ ਹੁੰਦਾ ਤਾਂ ਸੈਂਸਰ ਦੇ ਖਤਰੇ ਕਾਰਨ ਗੁਪਤ ਸੰਕੇਤਾਂ ਦੀ ਭਾਸ਼ਾ ਵਰਤੀ ਜਾਂਦੀ ਜਿਸ ਦੇ ਅਰਥ ਪਤਾ ਨਹੀਂ ਪੜ੍ਹਨ ਵਾਲਾ ਕੀ ਕੱਢ ਲਏ! ਬਿਨਾ ਸੱਦੇ-ਬੁਲਾਵੇ ਦੇ, ਬਿਨਾਂ ਕਿਸੇ ਏਜੰਡੇ, ਵਿਚਾਰ-ਵਟਾਂਦਰੇ ਦੇ, ਬਿਨਾਂ ਜ਼ਿੰਮੇਵਾਰ ਬੰਦਿਆਂ ਦੀ ਰਾਇ ਲਏ; ਜਿਹੜੀ ਯਹੂਦੀਆਂ ਦੀ ਕੀੜੀਆਂ ਵਰਗੀ ਕਤਾਰ ਯੋਰੋਸ਼ਲਮ ਵੱਲ ਪੂਰਬੀ ਯੂਰਪ ਵਲੋਂ ਤੁਰ ਪਈ, ਉਸ ਲਹਿਰ ਦਾ ਨਾਂ ਜ਼ਿਓਨਿਜ਼ਮ ਪੈ ਗਿਆ। ਜ਼ਿਓਨ ਮਾਇਨੇ ਸੁਫਨਿਆਂ ਦਾ ਦੇਸ, ਯਾਨਿ ਯੋਰੋਸ਼ਲਮ।
ਸ਼ਾਇਰ ਗੋਰਡਨ ਇਮਾਨਦਾਰ ਵੀ ਸੀ, ਬਹਾਦਰ ਵੀ। ਉਹ ਵੀ ਜਥੇਬੰਦਕ ਤਰੀਕੇ ਰਾਹੀਂ ਦਾਨੀਆਂ ਦੀ ਰਕਮ ਯਹੂਦੀਆਂ ਲਈ ਖੁਦ ਵਰਤਣ ਤੋਂ ਕਤਰਾਉਂਦਾ, ਕਿਉਂਕਿ ਗ਼ੈਰ-ਕਾਨੂੰਨੀ ਹੋਣ ਕਰ ਕੇ ਕੰਮ ਖਤਰੇ ਤੋਂ ਖਾਲੀ ਨਹੀਂ। ਇਸ ਮੌਕੇ ਕੁਝ ਯਹੂਦੀ ਅਖਬਾਰ ਅਤੇ ਰਸਾਲੇ ਕੰਮ ਆਏ ਜੋ ਯਹੂਦੀਆਂ ਤਕ ਸਹੀ ਤਸਵੀਰ ਪੁਚਾਉਣ ਵਿਚ ਸਹਾਈ ਹੋਏ। ਇਹ ਕੰਮ ਵੀ ਸੌਖਾ ਨਹੀਂ ਸੀ। ਸਰਕਾਰ ਦੀ ਆਲੋਚਨਾ ਕਰ ਦਿੱਤੀ ਤਾਂ ਅਖਬਾਰ ਬੰਦ। ਉਜੜੇ ਯਹੂਦੀਆਂ ਨੂੰ ਸਹੀ ਸਲਾਹ ਦੇਣੀ ਹੈ; ਉਹ ਵੀ ਸਰਕਾਰ ਤੇ ਸੈਂਸਰ ਤੋਂ ਬਚ ਕੇ। ਸਲਾਹ ਠੀਕ ਹੈ ਕਿ ਗਲਤ, ਮੰਨਣੀ ਹੈ ਕਿ ਨਹੀਂ- ਯਹੂਦੀ ਜਾਣਨ, ਉਨ੍ਹਾਂ ਦਾ ਕੰਮ ਜਾਣੇ।
ਜੂਨ 1884 ਦੇ ਫਸਾਦਾਂ ਵਿਚ ਨੌਂ ਯਹੂਦੀ ਕਤਲ ਹੋਏ ਸਨ। ਯਹੂਦੀ ਅਖਬਾਰ ḔਵੋਸਖੋਦḔ ਨੇ ਲਿਖ ਦਿੱਤਾ ਕਿ ਸਰਕਾਰ ਯਹੂਦੀਆਂ ਨੂੰ ਬਾਕੀ ਰੂਸੀਆਂ ਦੇ ਬਰਾਬਰ ਨਾਗਰਿਕ ਨਹੀਂ ਮੰਨਦੀ, ਲਿਖਿਆ ਕਿ ਰੂਸੀ ਪ੍ਰੈਸ ਯਹੂਦੀਆਂ ਵਿਰੁਧ ਭੜਕਾਊ ਸਮੱਗਰੀ ਛਾਪ ਕੇ ਫਸਾਦੀ ਮਾਹੌਲ ਪੈਦਾ ਕਰ ਰਹੀ ਹੈ, ਸਰਕਾਰ ਕਿਉਂ ਨਹੀਂ ਰੋਕਦੀ? ਸੰਪਾਦਕ ਵਿਰੁਧ ਸੰਮਨ ਜਾਰੀ ਹੋ ਗਏ ਕਿ ਬਿਨਾ ਸਬੂਤ ਸਰਕਾਰ ਦੀ ਆਲੋਚਨਾ ਕੀਤੀ ਹੈ, ਝੂਠ ਸਹਾਰੇ ਪਰਜਾ ਦੇ ਇਕ ਹਿੱਸੇ (ਯਹੂਦੀਆਂ) ਨੂੰ ਸਰਕਾਰ ਵਿਰੁਧ ਭੜਕਾਉਣ ਦਾ ਯਤਨ ਕੀਤਾ ਹੈ। ਕੁਝ ਸਾਲਾਂ ਬਾਅਦ ਇਸ ਅਖਬਾਰ ਨੂੰ ਦੂਜੀ ਵਾਰ ਤਾੜਨਾ ਹੋਈ ਤੇ ਅਖਬਾਰ ਛੇ ਮਹੀਨਿਆਂ ਲਈ ਬੰਦ ਕਰ ਦਿੱਤਾ। ਇਹ ਗੱਲ ਨਹੀਂ ਕਿ ਸਰਕਾਰੇ-ਦਰਬਾਰੇ ਰਸੂਖਵਾਨ ਧਨੀ ਯਹੂਦੀ ਨਹੀਂ ਸਨ, ਪਰ ਇਹ ਕਰਮਾਂ ਵਾਲੇ ਧਨਾਢ ਯਹੂਦੀ ਆਪਣੇ ਭਾਈਚਾਰੇ ਤੋਂ ਟੁੱਟ ਚੁੱਕੇ ਸਨ। ਉਹ ਰੂਸੀਆਂ ਤੋਂ ਵਧੀਆ ਰੂਸੀ ਜ਼ੁਬਾਨ ਬੋਲਦੇ, ਉਨ੍ਹਾਂ ਤੋਂ ਵਧੀਆ ਰੂਸੀ ਕੌਮੀ ਲਿਬਾਸ ਪਹਿਨਦੇ। ਯਹੂਦੀਆਂ ਨੂੰ ਇਜ਼ਰਾਈਲ ਵਿਚ ਵਸਾਉਣ ਦੀ ਥਾਂ ਉਨ੍ਹਾਂ ਦੀ ਨਜ਼ਰ ਰੇਲ ਪਟੜੀਆਂ ਵਿਛਾਉਣ ਦੇ ਠੇਕੇ ਲੈਣ ਉਤੇ ਹੁੰਦੀ।
ਪਰਵਾਸ ਕਰਦੇ ਯਹੂਦੀਆਂ ਨੂੰ ਸਟੇਟ ਨੇ ਰੋਕਿਆ ਕਿਉਂ ਨਹੀਂ? ਇਹ ਸਵਾਲ ਪੁੱਛਿਆ ਜਾ ਸਕਦਾ ਹੈ। ਸਰਕਾਰੀ ਪ੍ਰੈਸ ਵਿਚ ਅਜਿਹੇ ਬਿਆਨ ਛਪਦੇ ਹੁੰਦੇ, ਯਹੂਦੀਆਂ ਦਾ ਕੀ ਕੀਤਾ ਜਾਵੇ? ਉਨ੍ਹਾਂ ਨੂੰ ਕੁੱਟੀਏ-ਮਾਰੀਏ ਕਿ ਰਹਿਮ ਕਰੀਏ? ਆਮ ਉਤਰ ਹੁੰਦਾ, ਰੂਸ ਦੇ ਦੂਰ ਦੁਰਾਡੇ ਉਜਾੜ ਇਲਾਕਿਆਂ ਵੱਲ ਧੱਕ ਦਿਉ ਜਾਂ ਦੇਸ ਨਿਕਾਲਾ ਦਿਉ। ਦੰਗਾ ਪੀੜਤ ਯਹੂਦੀਆਂ ਦਾ ਕੇਸ ਅਦਾਲਤ ਵਿਚ ਇਨਸਾਫ ਲਈ ਚੱਲ ਰਿਹਾ ਸੀ ਤਾਂ ਸਰਕਾਰੀ ਵਕੀਲ, ਜਿਸ ਨੇ ਉਨ੍ਹਾਂ ਦੀ ਹਮਾਇਤ ਵਿਚ ਸਬੂਤ ਦੇਣੇ ਸਨ, ਨੇ ਕਿਹਾ, Ḕਤੁਸੀਂ ਦੇਸ ਛੱਡ ਕਿਉਂ ਨ੍ਹੀਂ ਜਾਂਦੇ? ਪੱਛਮੀ ਸਰਹੱਦ ਖੁੱਲ੍ਹੀ ਹੈ, ਭਲਾ ਚਾਹੁੰਦੇ ਹੋ ਤਾਂ ਨਿਕਲ ਜਾਓ।Ḕ ਇਹੀ ਸ਼ਬਦ ਗ੍ਰਹਿ ਮੰਤਰੀ ਕਾਊਂਟ ਇਗਨੇਤੀਵ ਨੇ 1882 ਜਨਵਰੀ ਵਿਚ ਕਹੇ ਸਨ, Ḕਪੱਛਮ ਵੱਲ ਨਿਕਲਣ ਦੀ ਸਹੂਲਤ ਦਾ ਯਹੂਦੀ ਪੂਰਾ ਲਾਭ ਉਠਾ ਰਹੇ ਹਨ, ਉਨ੍ਹਾਂ ਨੂੰ ਕੋਈ ਨਹੀਂ ਰੋਕਦਾ।Ḕ ਯਹੂਦੀ ਵਫਦ ਰੂਸ ਵਿਚੋਂ ਪਰਵਾਸ ਕਰਨ ਦੀ ਆਗਿਆ ਮੰਗਣ ਗਿਆ ਤਾਂ ਇਸ ਮੰਤਰੀ ਨੇ ਇਹੋ ਲਫਜ਼ ਉਨ੍ਹਾਂ ਅੱਗੇ ਦੁਹਰਾਏ।
ਪੁਰਾਣੇ ਲੋਕ ਹੱਤਕ ਤੇ ਹਿੰਸਾ ਬਰਦਾਸ਼ਤ ਕਰੀ ਦੜ ਵੱਟੀ ਰੱਖਦੇ; ਪਰ ਨਵੇਂ ਯੂਨੀਵਰਸਿਟੀਆਂ ਦੇ ਪੜ੍ਹੇ ਯਹੂਦੀ ਜਵਾਨ ਸਵਾਲ ਕਰਦੇ, ਸਾਡੇ ਨਾਲ ਪਸ਼ੂਆਂ ਤੋਂ ਮਾੜਾ ਸਲੂਕ ਹੋ ਰਿਹੈ, ਸਾਨੂੰ ਕੋਈ ਕੋਹੜ ਹੋਇਐ, ਜਿਸ ਤੋਂ ਯਹੂਦੀ ਮੁਕਤ ਹੋਣੇ ਜ਼ਰੂਰੀ ਹਨ? ਦੋ ਰਸਤੇ ਨੇ- ਬਰਾਬਰੀ ਜਾਂ ਪਰਵਾਸ। ਬਰਾਬਰੀ ਤਾਂ ਕਿਥੇ? ਮਾੜੇ ਮੋਟੇ ਰਹਿੰਦੇ-ਖੂੰਹਦੇ ਹੱਕ ਖੋਹੇ ਜਾ ਰਹੇ ਸਨ, ਸੋ ਯਕੀਨਨ ਪਰਵਾਸ।
ਵਿਦਿਆਰਥੀਆਂ ਦੇ ਕਹਿਣ Ḕਤੇ ਡਾਕਟਰਾਂ, ਇੰਜੀਨੀਅਰਾਂ ਨੇ ਪੁਜਾਰੀਆਂ ਅੱਗੇ ਬੇਨਤੀ ਕੀਤੀ, ਰੂਸੀ ਸਰਕਾਰ ਤੋਂ ਦਰਖਾਸਤ ਮਨਜ਼ੂਰ ਕਰਵਾਉ ਕਿ ਚੁਣੀ ਹੋਈ ਸਭਾ, ਯਹੂਦੀਆਂ ਦੀ ਮਦਦ ਲਈ ਦਾਨ ਇਕੱਠਾ ਕਰੇਗੀ ਤੇ ਵੰਡੇਗੀ। ਪੁਜਾਰੀਆਂ ਨੇ ਨਾਂਹ ਕਰ ਦਿੱਤੀ। ਵਿਦਿਆਰਥੀਆਂ ਨੇ ਕਿਹਾ, Ḕਅਸੀਂ ਪੁਜਾਰੀਆਂ ਦਾ ਬਾਈਕਾਟ ਕਰ ਦਿਆਂਗੇḔ। ਜਵਾਨਾਂ ਦੇ ਉਦਮ ਸਦਕਾ ਕਰੇਤਨੀ ਹਾਲ ਵਿਚ ਗੁਪਤ ਮੀਟਿੰਗ ਸੱਦੀ ਗਈ, ਇੰਨੀ ਵੱਡੀ ਗਿਣਤੀ ਵਿਚ ਲੋਕ ਆਏ ਕਿ ਬਹਿਣ-ਖਲੋਣ ਨੂੰ ਥਾਂ ਨਾ ਮਿਲੀ। ਵੱਡੇ-ਛੋਟੇ, ਮੁੰਡੇ-ਕੁੜੀਆਂ ਸਭ। ਬੁਲਾਰਿਆਂ ਦੇ ਗਲੇ ਵਧੀਕ ਬੋਲਣ ਅਤੇ ਤੰਬਾਕੂ ਪੀਣ ਕਾਰਨ ਬੈਠੇ ਹੋਏ ਸਨ। ਰੂਸ ਤੋਂ ਰਿਆਇਤਾਂ ਮੰਗਣ ਬਾਰੇ ਗੱਲ ਨਹੀਂ ਹੋਈ। ਮਸਲਾ ਸਿਰਫ ਇੰਨਾ ਸੀ ਕਿ ਉਜੜਨਾ ਹੈ, ਪਰ ਜਾਈਏ ਕਿਥੇ? ਇਹੋ ਜਿਹੀ ਗੱਲ ਵੀ ਨਹੀਂ ਹੋਈ ਕਿ ਕੋਈ ਆਪਣਾ ਨਵਾਂ ਦੇਸ ਵਸਾਉਣਾ ਹੈ। ਕਰੀਬ ਸਰਬਸੰਮਤੀ ਸੀ ਕਿ ਇਜ਼ਰਾਈਲ ਚੱਲੀਏ।
ਇਸ ਪਿਛੋਂ ਸੇਂਟ ਪੀਟਰਸਬਰਗ ਵਿਚ 80 ਵਿਦਿਆਰਥੀਆਂ ਨੇ ਮੀਟਿੰਗ ਕਰ ਕੇ ਸਭਾ ਬਣਾ ਲਈ ਜਿਸ ਦਾ ਨਾਂ ਸੀ, ਅਹਿਵਤ ਜ਼ਿਓਨ (ਜ਼ਿਓਨ ਦੇ ਪ੍ਰੇਮੀ); ਚੇਤੰਨ ਹੋ ਕੇ ਸਭ ਨੇ ਰੂਸੀ ਦੀ ਥਾਂ ਯਿਦਿਸ਼ ਵਿਚ ਭਾਸ਼ਣ ਕੀਤੇ ਤੇ ਫੈਸਲਾ ਕੀਤਾ ਇਜ਼ਰਾਈਲ ਵਿਚ ਵੱਸਾਂਗੇ। ਆਪਣਾ ਪਛਾਣ ਚਿੰਨ੍ਹ ਘੜ ਲਿਆਂਦਾ- ਛੇ ਪੱਤੀਆਂ ਵਾਲਾ ਗੁਲਾਬ ਜਿਸ ‘ਤੇ ਜ਼ਿਓਨ ਲਫਜ਼ ਉਕਰਿਆ ਹੋਇਆ ਸੀ। ਗੁਲਾਬ ਦਾਊਦ ਦੇ ਸਿਤਾਰੇ ਦਾ ਚਿੰਨ੍ਹ ਸੀ। ਜ਼ਿਓਨਿਜ਼ਮ ਲਹਿਰ ਚੱਲ ਪਈ। ਫੈਸਲਾ ਹੋਇਆ ਕਿ ਵੱਡੀ ਪੱਧਰ Ḕਤੇ ਪਰਵਾਸ ਕਰੀਏ ਤਾਂ ਕਿ ਦੁਨੀਆਂ ਵਿਚ ਹਿਲਜੁਲ ਹੋਵੇ। ਜਵਾਨਾਂ ਨੇ ਅਸਰ ਰਸੂਖ ਵਾਲੇ ਧਨੀ ਯਹੂਦੀਆਂ ਨਾਲ ਗੱਲ ਕੀਤੀ, ਹਰ ਕੋਈ ਚੁੱਪ ਕਰ ਜਾਂਦਾ, ਟਾਲ ਦਿੰਦਾ। ਕੁਝ ਅਖਬਾਰਨਵੀਸਾਂ ਅਤੇ ਸਾਹਿਤਕਾਰਾਂ ਨੇ ਰਤਾ ਕੁ ਦਿਲਚਸਪੀ ਦਿਖਾਈ। ਦਾਊਦ ਗੋਰਡਨ ਨੇ ਕੁਝ ਚੰਗੇ ਲਫਜ਼ ਕਹੇ। ਮਾਰਚ 1882 ਵਿਚ ਸੈਕੰਡਰੀ ਸਕੂਲ ਮਾਸਕੋ ਦੇ ਇਕ ਵਿਦਿਆਰਥੀ ਨੇ ਆਪਣੀ ਡਾਇਰੀ ਵਿਚ ਲਿਖਿਆ, ਇਜ਼ਰਾਈਲ ਵਿਚ ਇਕ ਦਿਨ ਸਾਡੀ ਸਰਕਾਰ ਬਣੇਗੀ। ਵਿਦਿਆਰਥੀ ਦਾ ਨਾਂ ਸੀ, ਹੇਮ ਹਿਸੀਂਨ।æææ ਪਰ ਉਥੇ ਫਲਸਤੀਨ ਦਾ ਸੁਲਤਾਨ ਹੈ, ਉਹ ਆਗਿਆ ਦੇ ਦਏਗਾ? ਮੰਨ ਲਉ ਹਾਂ ਕਰ ਦਏ, ਜ਼ਮੀਨਾਂ ਕਿਵੇਂ ਖਰੀਦਾਂਗੇ? ਸੁਣਿਐ, ਕਦੀ ਇਜ਼ਰਾਈਲ ਬੜਾ ਉਪਜਾਊ ਹੁੰਦਾ ਸੀ, ਹੁਣ ਤਾਂ ਉਥੇ ਮਾਰੂਥਲ ਹੈ ਜਾਂ ਖੁਸ਼ਕ ਪਹਾੜੀਆਂ। ਉਥੇ ਕਰਾਂਗੇ ਕੀ? ਤਾਂ ਫਿਰ ਅਮਰੀਕਾ ਕਿਵੇਂ ਰਹੇ? ਪਤਾ ਲੱਗੈ, ਅਮਰੀਕਾ ਵਸੋਂ ਵਾਸਤੇ ਮਨਜ਼ੂਰੀ ਦੇ ਦਿੰਦੈ। ਇਕ ਦਿਨ ਖਬਰ ਪੜ੍ਹੀ ਕਿ ਅਮਰੀਕਾ ਨੇ ਚੀਨੀਆਂ ਨੂੰ ਦੇਸ ਵਿਚ ਦਾਖਲ ਹੋਣੋਂ ਨਾਂਹ ਕਰ ਦਿੱਤੀ, ਇਹੀ ਹਾਲ ਯਹੂਦੀਆਂ ਦਾ ਹੋਵੇਗਾ। ਫਲਸਰੂਪ ਬਹੁਤ ਥੋੜ੍ਹੇ ਯਹੂਦੀ ਅਮਰੀਕਾ ਗਏ, ਇਹ ਲਹਿਰ ਨਾ ਬਣ ਸਕੀ।
ਮੀਟਿੰਗਾਂ ਵਿਚ ਜਵਾਨ ਅਕਸਰ ਵਿਚਾਰਦੇ, ਕੀ ਯਹੂਦੀ ਪਰਵਾਸ, ਰੁਜ਼ਗਾਰ ਹਾਸਲ ਕਰਨ ਵਾਸਤੇ ਆਮ ਸਫਰ ਹੈ ਜਾਂ ਇਸ ਵਿਚ ਕੁਝ ਵਿਸ਼ੇਸ਼ਤਾ ਹੈ? ਉਤਰ ਮਿਲਦਾ, ਇਹ ਉਜਾੜਾ ਆਮ ਨਹੀਂ। ਅਸੀਂ ਦੁਨੀਆਂ ਵਿਚ ਇਕੱਲੇ ਹਾਂ, ਸਾਡਾ ਕੋਈ ਹਮਦਰਦ ਨਹੀਂ, ਸਾਡਾ ਕੋਈ ਦੇਸ ਨਹੀਂ। ਅਮਰੀਕਾ ਜਾਂ ਪੋਲੈਂਡ ਸਾਡੇ ਦੇਸ ਨਾ ਹਨ, ਨਾ ਬਣਨਗੇ; ਜੇ ਬਣੇਗਾ ਤਾਂ ਇਜ਼ਰਾਈਲ। ਇਸ ਵਕਤ ਦੋ ਕੰਮ ਪਹਿਲਾਂ ਕਰਨੇ ਪੈਣਗੇ; ਇਕ, ਸਾਨੂੰ ਚੰਗੇ ਯਹੂਦੀ ਬਣਨਾ ਪਵੇਗਾ; ਦੂਜਾ, ਸਾਨੂੰ ਮਿਹਨਤੀ ਕਿਸਾਨ ਹੋਣਾ ਪਵੇਗਾ। ਪੁਰਾਣੀ ਬਾਈਬਲ ਦੇ ḔਉਜਾੜਾḔ ਕਾਂਡ ਵਿਚੋਂ ਇਹ ਪੰਕਤੀ ਉਨ੍ਹਾਂ ਨੇ ਮੈਨੀਫੈਸਟੋ ਬਣਾ ਲਈ: ਤਦ ਰੱਬ ਨੇ ਮੂਸਾ ਨਬੀ ਨੂੰ ਕਿਹਾ, ਇਜ਼ਰਾਈਲ ਦੇ ਬੱਚਿਆਂ ਨੂੰ ਆਖ ਕਿ ਅਗਾਂਹ ਕਦਮ ਵਧਾਉਣ।
ਜਵਾਨਾਂ ਨੇ ਵਡੇਰਿਆਂ ਨੂੰ ਪ੍ਰੇਰਿਆ, ਕੁਝ ਕੁ ਨੇ ਤੁਰਨ ਵਾਸਤੇ ਹਾਮੀ ਵੀ ਭਰੀ, ਪਰ ਘੱਟ। ਜਵਾਨਾਂ ਨੇ ਇਕ-ਦੂਜੇ ਨੂੰ ਕਿਹਾ, ਇੰਨੀ ਜਿੱਲਤ ਪਿਛੋਂ ਵੀ ਦਲੀਲਾਂ ਨਾਲ ਸਮਝਾਈਏ ਕਿ ਚੱਲੋ? ਜੋ ਤੁਰਦੈ ਤੁਰੇ, ਨਹੀਂ ਨਾ ਸਹੀ। ਆਖਰ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗਣਾ ਪਵੇਗਾ। ਅਸੀਂ ਨਾ ਲੱਗੇ, ਤਾਂ ਕੌਣ ਲੱਗੂ?
ਵਡੇਰਿਆਂ ਨੇ ਇਨ੍ਹਾਂ ਜਵਾਨਾਂ ਬਾਰੇ ਦੋ ਵਾਕ ਕਹੇ: ਆਪਣੀ ਗੱਲ ਤੋਂ ਇਲਾਵਾ ਹੋਰ ਕਿਸੇ ਦੀ ਗੱਲ ਨਹੀਂ ਸੁਣਦੇ। ਇਹ ਸਿਰੇ ਦੇ ਨਿਰਾਸ਼ਾਵਾਦੀ ਤੇ ਸਿਰੇ ਦੇ ਆਸ਼ਾਵਾਦੀ ਹਨ। ਰੂਸ ਵਿਚ ਹਨੇਰਾ ਤੇ ਇਜ਼ਰਾਈਲ ਵਿਚ ਚਾਨਣ ਤੋਂ ਸਿਵਾ ਇਨ੍ਹਾਂ ਨੂੰ ਕੁਝ ਨਹੀਂ ਦਿਸਦਾ।
ਇਸ ਜਥੇ ਦੀ ਜਵਾਨੀ, ਧਰਮ ਤੋਂ ਪ੍ਰਭਾਵਿਤ ਸੀ; ਸਿਆਸਤ ਨਹੀਂ ਸੀ ਆਉਂਦੀ। ਇਨ੍ਹਾਂ ਜਵਾਨਾਂ ਨੇ ਕਿਹਾ, ਯੂਰਪ ਵਿਚ ਵਸਣ ਦਾ ਮਤਲਬ ਹੈ, ਅਨੰਤਕਾਲ ਤੱਕ ਹੱਤਕ ਤੇ ਜ਼ੁਲਮ ਸਹੀ ਜਾਣਾ, ਜਾਂ ਬਤੌਰ ਯਹੂਦੀ ਨਸਲ ਖਤਮ ਹੋ ਜਾਣਾ। ਬਚਣ ਦਾ ਇਕੋ ਇਕ ਤਰੀਕਾ ਹੈ, ਧਰਤੀ ਦਾ ਕੋਈ ਅਜਿਹਾ ਟੁਕੜਾ ਹੋਵੇ ਜਿਥੇ ਆਪਣੀ ਆਬਾਦੀ ਹੋਵੇ। ਜਿਸ ਥਾਂ ਨਾਲ ਖੂਨ ਦੀ ਸਾਂਝ ਹੋਵੇ। ਇਜ਼ਰਾਈਲ ਤੋਂ ਬਗੈਰ ਅਜਿਹੀ ਥਾਂ ਹੋਰ ਕੋਈ ਨਹੀਂ। ਔਕੜਾਂ ਤੇ ਥੁੜ੍ਹਾਂ ਹੋਣਗੀਆਂ, ਇਸ ਵਾਸਤੇ ਪਹਿਲੋਂ ਤਿਆਰ ਰਹੀਏ। ਸਾਡੇ ਬਿਨਾ ਇਹ ਉੱਦਮ ਹੋਰ ਕੌਣ ਕਰੂ? ਕੌਣ ਹੈ ਜੋ ਇਸੇ ਵਕਤ ਤਿਆਰ ਹੈ? ਦਸਤਖਤਾਂ ਵਾਸਤੇ ਰਜਿਸਟਰ ਅੱਗੇ ਕੀਤਾ ਗਿਆ। ਕੇਵਲ 14 ਜਵਾਨਾਂ ਨੇ ਦਸਤਖਤ ਕਰ ਕੇ ਸਿਰਨਾਵਾਂ ਲਿਖ ਦਿੱਤਾ। ਪਰਵਾਸ ਕਰਨ ਵਾਲੀ ਟੀਮ ਦਾ ਨਾਂ ਰੱਖਿਆ, ਬਿਲੁਇਮ। ਬਿਲੁਇਮ ਲਫਜ਼ ਬਾਈਬਲ ਦੇ ਵਾਕ ਦਾ ਸੰਖੇਪ ਕੀਤਾ ਸੰਕੇਤ ਹੈ; ਪੂਰਾ ਵਾਕ ਹੈ- ਯਕੂਬ ਦੇ ਪਰਿਵਾਰ ਪਿਛੇ, ਰੱਬ ਦੀ ਰੌਸ਼ਨੀ ਪਿਛੇ ਤੁਰਿਆ ਆ। -ਈਸਾਈਆਹ 2:5
ਫੈਸਲਾ ਹੋਇਆ ਕਿ ਛੇ ਮਹੀਨਿਆਂ ਵਿਚ ਕਾਰਵਾਂ ਤੁਰ ਪਏਗਾ। ਜਿਹੜੇ ਬੰਦੇ ਨਹੀਂ ਜਾ ਸਕਦੇ, ਨਾ ਜਾਣ; ਜਿਹੜੇ ਜਾਣ ਲਈ ਤਿਆਰ ਹਨ, ਉਨ੍ਹਾਂ ਨੂੰ ਪੈਸੇ ਦੀ ਮਦਦ ਦੇਣ। ਇਮਤਿਹਾਨ ਦੇ ਕੇ ਇਹ ਗਰੁਪ ਆਪਣੀ ਸਕੀਮ ਦਾ ਪ੍ਰਚਾਰ ਕਰਨ ਲੱਗਾ। ਖਿਆਲ ਸੀ, ਤਿੰਨ ਹਜ਼ਾਰ ਮੈਂਬਰ ਹੋ ਜਾਣਗੇ, ਪਰ ਪੰਜ ਮੈਂਬਰ ਹੋਏ। ਇਹ ਵੀ ਹਮਦਰਦ ਸਨ, ਨਾਲ ਜਾਣ ਵਾਲੇ ਨਹੀਂ। ਕੁਝ ਸੌ ਰੂਬਲਾਂ ਤੋਂ ਵੱਧ ਪੈਸੇ ਵੀ ਇਕੱਠੇ ਨਾ ਹੋਏ। ਧਨੀ ਲੋਕਾਂ ਦੀਆਂ ਮਿੰਨਤਾਂ ਵੀ ਕੀਤੀਆਂ, ਧਮਕੀਆਂ ਵੀ ਦਿੱਤੀਆਂ, ਕੋਈ ਅਸਰ ਨਹੀਂ।
ਆਖਰ ਵੱਡੀਆਂ ਆਸਾਂ-ਉਮੀਦਾਂ ਛੱਡ ਕੇ ਫੈਸਲਾ ਕੀਤਾ ਕਿ ਖੇਤਾਂ ਵਿਚ ਮਜ਼ਦੂਰੀ ਕਰਨ ਚਲੀਏ। ਦੁੱਖ ਇਹ ਕਿ ਜਿਨ੍ਹਾਂ ਅਮੀਰ ਯਹੂਦੀਆਂ ਨੂੰ ਨਫਰਤ ਕਰਦੇ ਹਾਂ, ਉਨ੍ਹਾਂ ਦੇ ਦਿੱਤੇ ਦਾਨ ਨਾਲ ਗੁਜ਼ਾਰਾ ਕਰਨਾ ਪਵੇਗਾ। ਕੁਸਤੁਨਤੁਨੀਆਂ ਪੁੱਜ ਗਏ। ਉਥੋਂ ਦੀ ਨਾ ਬੋਲੀ ਆਉਂਦੀ ਸੀ, ਨਾ ਕਿਸੇ ਨੂੰ ਜਾਣਦੇ ਸਨ। ਜੋ ਪੈਸੇ ਸਨ, ਮੁੱਕ ਗਏ। ਹੁਣ? ਸੋਚ ਕੇ ਆਏ ਨੇ, ਸੁਲਤਾਨ ਨਾਲ ਗੱਲ ਕਰਾਂਗੇ ਪਰ ਇਹ ਤਾਂ ਢਾਬੇ ਵਾਲੇ ਨਾਲ ਗੱਲ ਕਰਨ ਦੇ ਵੀ ਯੋਗ ਨਹੀਂ। ਪਤਾ ਨਾ ਲੱਗੇ ਕੀ ਕਰੀਏ। ਇਹ ਕੁਲ 16 ਜਣੇ ਸਨ, ਪੰਦਰਾਂ ਮੁੰਡੇ ਤੇ ਇਕ ਕੁੜੀ। ਫੈਸਲਾ ਹੋਇਆ ਕਿ ਦੋ ਮੁੰਡੇ ਕੁਸਤੁਨਤੁਨੀਆਂ ਰਹਿਣ ਅਤੇ ਮੌਕਾ ਮਿਲਣ Ḕਤੇ ਤੁਰਕ ਸੁਲਤਾਨ ਨਾਲ ਗੱਲ ਕਰਨ; ਬਾਕੀ ਚੌਦਾਂ ਇਜ਼ਰਾਈਲ ਜਾਣ। ਵਾਪਸ ਪਰਤਣ ਦਾ ਖਿਆਲ ਆਇਆ ਤਾਂ ਕਿਹਾ, ਜੇ ਆਪਾਂ ਹੀ ਮੁੜ ਗਏ, ਫਿਰ ਕੌਣ ਇੱਧਰ ਮੂੰਹ ਕਰੇਗਾ? ਜੋ ਹੋਊ, ਦੇਖੀ ਜਾਊ; ਪਿਛੇ ਨਹੀਂ ਮੁੜਨਾ। ਬੰਦਰਗਾਹ Ḕਤੇ ਕੁਲੀ ਲੱਗ ਜਾਵਾਂਗੇ। ਰਸਤੇ ਵਿਚ ਉਨ੍ਹਾਂ ਨੂੰ ਸਾਈਪਰਸ ਵਿਖੇ ਦੱਸਿਆ ਵੀ ਗਿਆ ਕਿ ਹੋ ਸਕਦੈ, ਤੁਹਾਨੂੰ ਜਹਾਜ਼ ਵਿਚੋਂ ਉਤਰਨ ਹੀ ਨਾ ਦੇਣ। ਪਰਵਾਹ ਨਾ ਕੀਤੀ। 30 ਜੂਨ 1882 ਨੂੰ ਤੁਰੇ ਤੇ ਹਫਤੇ ਬਾਅਦ ਜਾਫਾ ਜਾ ਉਤਰੇ।
ਇਕ ਫਾਰਮ ਵਿਚ ਇਕ ਫਰਾਂਕ ਰੋਜ਼ Ḕਤੇ ਦਿਹਾੜੀ ਕਰਨ ਲੱਗੇ। ਇੰਨੀ ਘੱਟ ਰਕਮ ਕਿ ਕੇਵਲ ਦੋ ਵਕਤ ਦੀ ਰੋਟੀ ਨਸੀਬ ਹੁੰਦੀ, ਕੰਮ ਹੱਡ ਭੰਨਵਾਂ। ਗਰਮੀ ਇੰਨੀ ਰੂਸ ਵਿਚ ਦੇਖੀ ਹੀ ਨਹੀਂ ਸੀ। ਤਰਸ ਖਾ ਕੇ ਕਦੀ ਕਦਾਈਂ ਕੋਈ ਦਾਨੀ ਕੁਝ ਪੈਸੇ ਦੇ ਜਾਂਦਾ। 1884 ਤੱਕ ਕੁੱਲ 60 ਜਵਾਨ, ਇਸੇ ਤਰ੍ਹਾਂ ਦੇ ਸੁਫਨਸਾਜ਼ ਪੁੱਜੇ, ਪਰ ਦੁਸ਼ਵਾਰੀਆਂ ਦੇਖ ਕੇ ਵਾਪਸ ਦੌੜ ਗਏ। ਦਸੰਬਰ 1884 ਤੱਕ ਕੇਵਲ 20 ਯੋਧੇ ਬਾਕੀ ਰਹੇ। ਆਖਰ ਸਿਆਣਿਆਂ ਨੇ ਦੇਖਿਆ ਕਿ ਮੁੰਡੇ ਸਿਰੜੀ ਹਨ, ਜਾਫਾ ਤੋਂ 25 ਕਿਲੋਮੀਟਰ ਦੂਰ ਕਤਰ ਵਿਚ ਵਾਹੀਯੋਗ ਜ਼ਮੀਨ ਦਾ ਟੋਟਾ ਖਰੀਦ ਕੇ ਲੈ ਦਿੱਤਾ। ਇਨ੍ਹਾਂ ਕੋਲ ਖੇਤੀ ਦਾ ਕੋਈ ਸੰਦ ਨਹੀਂ। ਹਲ ਵਾਹੁਣ, ਦੁੱਧ ਚੋਣ ਲਈ ਪਸ਼ੂ ਨਹੀਂ। ਰਹਿਣ ਲਈ ਛੱਤ ਨਹੀਂ। ਜਦੋਂ ਜ਼ਮੀਨ ਦੀ ਮਾਲਕੀ ਮਿਲੀ, ਉਦੋਂ ਬਿਜਾਈ ਦੀ ਰੁੱਤ ਲੰਘ ਚੁੱਕੀ ਸੀ। ਰਹਿਣ ਲਈ ਢਾਰਾ ਛੱਤ ਲਿਆ। ਖੇਤ ਵਿਚੋਂ ਕਦੀ ਚੱਜ ਨਾਲ ਉਪਜ ਨਹੀਂ ਹੋਈ ਪਰ ਇਹ ਇਕ ਲਹਿਰ, ਇਕ ਦੇਸ ਦਾ ਇਤਿਹਾਸਕ ਨੁਕਤਾ ਜ਼ਰੂਰ ਬਣਿਆ। ਇਸ ਦੇ ਮੋਢੀ ਮੈਂਬਰ ਇਸ ਗੱਲੋਂ ਨਿਰਾਸ ਨਹੀਂ ਹੋਏ ਕਿ ਉਹ ਸਫਲ ਨਹੀਂ ਹੋਏ, ਸਗੋਂ ਫਖ਼ਰ ਸੀ ਕਿ ਖਤਰੇ ਸਹੇੜ ਕੇ ਪੁਰਖਿਆਂ ਦੇ ਦੇਸ ਹਾਜ਼ਰੀ ਭਰਨ ਗਏ।
ਸ਼ੁਰੂ ਵਿਚ ਇਨ੍ਹਾਂ ਨੇ ਜਜ਼ਬਾਤੀ ਖਤ ਲਿਖ ਕੇ ਰੂਸੀ ਜਵਾਨ ਬੁਲਾਏ। ਹੌਲੀ ਹੌਲੀ ਸੁਰ ਗੰਭੀਰ ਹੁੰਦੀ ਗਈ। ਦੱਸਦੇ ਰਹੇ, ਕਿੰਨੀਆਂ ਮੁਸ਼ਕਿਲਾਂ ਹਨ, ਪਰ ਤਾਂ ਵੀ ਆ ਜਾਉ। 1884 ਤੱਕ ਇਨ੍ਹਾਂ ਨੇ ਆਪਣੀ ਨੇਮਾਵਲੀ ਤਿਆਰ ਕੀਤੀ ਜਿਸ ਦੀਆਂ 78 ਮਦਾਂ ਸਨ। ਇਹ ਇਕ ਤਰ੍ਹਾਂ ਦਾ ਸੰਕਟਕਾਲੀ ਰਹਿਤਨਾਮਾ ਸੀ। ਕਿਸੇ ਨਾ ਕਿਸੇ ਰੂਪ ਵਿਚ ਇਸ ਰਹਿਤਨਾਮੇ ਦੀ ਤਾਰ ਇਜ਼ਰਾਈਲ ਜਾ ਵਸੇ ਹਰ ਯਹੂਦੀ ਦੇ ਦਿਲ ਵਿਚ 1948 ਤਕ ਧੜਕਦੀ ਰਹੀ, ਉਦੋਂ ਤੱਕ ਜਦੋਂ ਤੱਕ ਆਜ਼ਾਦ ਦੇਸ ਨੇ ਦਾਊਦ ਦਾ ਝੰਡਾ ਲਹਿਰਾ ਦਿੱਤਾ ਆਖਰ। ਇਸ ਟੋਲੀ ਦੇ ਬੰਦਿਆਂ ਦਾ ਸੁਭਾਅ ਆਪਣੇ ਸਨੇਹੀਆਂ ਵੱਲ ਲਿਖੇ ਪੱਤਰਾਂ ਤੋਂ ਦਿਸਦਾ ਹੈ। ਪਹਿਲੀ ਨਵੰਬਰ 1882 ਨੂੰ ਜ਼ੀਵ ਨੇ ਆਪਣੇ ਭਰਾ ਸ਼ਿਮੋਨ ਨੂੰ ਲਿਖਿਆ: ਸਾਡੇ ਸੁਫਨੇ, ਤੁਹਾਨੂੰ ਲੱਗੇਗਾ ਬਹੁਤ ਵੱਡੇ ਹਨ; ਬਹੁਤ ਵੱਡੇ ਤਾਂ ਹਨ ਪਰ ਅਸੰਭਵ ਨਹੀਂ। ਅਸੀਂ ਯਹੂਦੀਆਂ ਨੂੰ ਉਸ ਪਿਤਰ ਦੇਸ ਇਜ਼ਰਾਈਲ ਦੀ ਧਰਤੀ ਦੀ ਮਾਲਕੀ ਦਿਵਾਵਾਂਗੇ ਜਿਸ ਤੋਂ ਉਹ 2000 ਸਾਲ ਤੋਂ ਮਹਿਰੂਮ ਹਨ। ਅਸੀਂ ਕਿਸਾਨ-ਕਾਲੋਨੀਆਂ ਵਸਾ ਦਿੱਤੀਆਂ ਹਨ ਤੇ ਉਦਯੋਗ ਵਾਸਤੇ ਵਰਕਸ਼ਾਪਾਂ ਉਸਾਰ ਰਹੇ ਹਾਂ। ਸਾਰਾ ਕਾਰੋਬਾਰ ਯਹੂਦੀਆਂ ਕੋਲ ਹੋਵੇਗਾ। ਤੁਰਕ ਬੜੇ ਖਤਰਨਾਕ ਹਨ, ਅਸੀਂ ਨਵੀਂ ਪੀੜ੍ਹੀ ਨੂੰ ਸੁਰੱਖਿਆ ਵਾਸਤੇ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹਾਂ। ਫਿਰ ਆਏਗਾ ਉਹ ਭਾਗਾਂ ਵਾਲਾ ਦਿਨ ਜਿਸ ਦਾ ਵਾਅਦਾ ਈਸਾਈਆਹ ਨੇ ਕੀਤਾ ਸੀ। ਉਸ ਦਿਨ ਮੋਢਿਆਂ ‘ਤੇ ਹਥਿਆਰ ਚੁੱਕੀ ਯਹੂਦੀ ਇਕ ਆਵਾਜ਼ ਹੋ ਕੇ ਐਲਾਨ ਕਰਨਗੇ, ਅਸੀਂ ਆਪਣੇ ਪੁਰਾਣੇ ਪਿਤਰਦੇਸ ਦੀ ਮਾਲਕੀ ਹਾਸਲ ਕਰ ਲਈ ਹੈ।
ਇਸ ਮੁਢਲੀ ਜਥੇਬੰਦੀ ਦੇ ਮੈਂਬਰਾਂ ਨੂੰ ਆਪਣੀ ਸਾਰੀ ਸ਼ਕਤੀ ਸਾਰੇ ਸਮੇਂ ਵਾਸਤੇ ਅਰਪਣ ਕਰਨ ਦੀ ਸਹੁੰ ਚੁੱਕਣੀ ਪੈਂਦੀ। ਭਰਤੀ ਦੀ ਉਮਰ 25 ਸਾਲ ਤੱਕ ਸੀ, ਸੁੱਖ ਆਰਾਮ ਛੱਡਣਾ ਪਏਗਾ, ਦੱਸੇ ਗਏ ਸਮੇਂ ਵਿਚਾਲੇ ਵਿਆਹ ਨਹੀਂ ਕਰਵਾਉਣਾ। ਪਤਾ ਹੋਣਾ ਚਾਹੀਦਾ ਹੈ ਕਿ ਕਿਸ ਮਕਸਦ ਵਾਸਤੇ ਭਰਤੀ ਹੋਏ ਹਾਂ। ਕਿਸੇ ਨੂੰ ਨਿਜੀ ਜਾਇਦਾਦ ਬਣਾਉਣ ਦਾ ਹੱਕ ਨਹੀਂ। ਜਿਨ੍ਹਾਂ ਨੂੰ ਚੁਣ ਲਿਆ ਹੈ, ਉਨ੍ਹਾਂ ਲੀਡਰਾਂ ਨਾਲ ਵਫਾ ਕਰਨੀ ਹੈ। ਦਿੱਤੇ ਗਏ ਕੈਂਪ ਵਿਚ ਪੇਂਡੂ, ਸਾਦਾ ਜੀਵਨ ਬਤੀਤ ਕਰਨਾ ਹੈ। ਕਦੀ ਕਦਾਈਂ ਦੂਜੇ ਕੈਂਪ ਵਿਚ ਕੰਮ ਕਰਨ ਲਈ ਭੇਜਿਆ ਜਾ ਸਕਦਾ ਹੈ ਤਾਂ ਕਿ ਨਵਿਆਂ ਦੀਆਂ ਮੁਸ਼ਕਿਲਾਂ ਵਿਚ ਸਹਾਈ ਹੋਈਏ ਤੇ ਆਪਸੀ ਪਿਆਰ ਵਧੇ।
ਇਨ੍ਹਾਂ ਦੇ ਆਪਣੇ ਡਾਕਟਰ, ਅਧਿਆਪਕ, ਤਕਨੀਸ਼ਨ, ਵਪਾਰੀ ਸਭ ਮੌਜੂਦ ਸਨ ਤਾਂ ਕਿ ਸਥਾਨਕ ਅਰਬ ਠੱਗੀ ਨਾ ਕਰ ਸਕਣ। ਇਨ੍ਹਾਂ ਵੇਰਵਿਆਂ ਵਿਚ ਕਿਧਰੇ ਸਿਆਸੀ ਨੁਕਤਾ ਨਹੀਂ। ਆਟੋਮਾਨ ਸੁਲਤਾਨ ਦਾ ਜ਼ਿਕਰ ਨਹੀਂ। ਕੋਈ ਰਿਆਇਤ, ਕੋਈ ਮਨਜ਼ੂਰੀ ਲੈਣ ਵਾਸਤੇ ਸੁਲਤਾਨ ਦੇ ਕਿਸੇ ਫਰਮਾਨ ਦੀ ਲੋੜ ਦਾ ਜ਼ਿਕਰ ਨਹੀਂ। ਜੋ ਉਹ ਕਰ ਰਹੇ ਸਨ, ਯਹੂਦੀ ਸਮਾਜ ਦੇ ਭਲੇ ਹਿਤ ਕਰ ਰਹੇ ਸਨ, ਇਹੀ ਉਨ੍ਹਾਂ ਦੀ ਸਿਆਸਤ ਸੀ, ਇਹੀ ਉਨ੍ਹਾਂ ਦਾ ਧਰਮ। ਸਨਾਤਨੀ ਯਹੂਦੀ ਖੁਦਮੁਖਤਾਰੀ ਨੂੰ ਉਹ ਸੁਰਜੀਤ ਕਰ ਰਹੇ ਸਨ। ਮੁਦਤ ਤੋਂ ਰੂਸੀ ਸਟੇਟ ਨੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਸੀ, ਨਿੱਕੇ ਵੱਡੇ ਆਪਣੇ ਫੈਸਲੇ ਉਹ ਆਪੇ ਕਰ ਲਿਆ ਕਰਦੇ ਸਨ, ਕੀ ਇਸੇ ਕਾਰਨ ਉਨ੍ਹਾਂ ਨੇ ਇਹ ਵਾਜਬ ਨਹੀਂ ਸਮਝਿਆ ਕਿ ਅਰਬਾਂ ਦੀ ਵੀ ਇਥੇ ਵਸੋਂ ਹੈ, ਉਨ੍ਹਾਂ ਨਾਲ ਆਖਰ ਵਾਹ ਪੈਣਾ ਹੈ, ਇਸ ਲਈ ਉਨ੍ਹਾਂ ਨਾਲ ਕੋਈ ਸੰਧੀ ਕਰੀਏ। ਪਤਾ ਨਹੀਂ ਲਗਦਾ। ਉਹ ਆਪਣੇ ਤਾਣੇ-ਪੇਟੇ ਵਿਚ ਮਸਤ ਦਿਨ ਕਟੀ ਕਰ ਰਹੇ ਸਨ, ਸਟੇਟ ਦੀ ਸਿਆਸਤ ਤੋਂ ਬੇਪ੍ਰਵਾਹ। ਉਨ੍ਹਾਂ ਨੂੰ ਆਪਣੇ ਨਿਰਸੁਆਰਥ, ਆਤਮ-ਵਿਸ਼ਵਾਸੀ ਅਮਲ ਦੇ ਰਹੱਸ ‘ਤੇ ਵਿਸ਼ਵਾਸ ਸੀ ਜੋ ਨਿਮਾਣਿਆਂ ਨੂੰ ਮਾਣ ਅਤੇ ਨਿਤਾਣਿਆਂ ਨੂੰ ਤਾਣ ਦਏਗਾ।
ਰੋਮਾਨੀਆ ਅਤੇ ਯਮਨ ਵਿਚੋਂ ਇਜ਼ਰਾਈਲ ਵਿਚ ਪੁਰਾਣੇ ਸਮੇਂ ਤੋਂ ਯਹੂਦੀ ਜਾ ਜਾ ਵਸਦੇ ਰਹੇ। ਉਹ ਅਰਬਾਂ ਵਿਚ ਅਰਬਾਂ ਵਾਂਗ ਰਹਿੰਦੇ ਰਹੇ, ਕਦੀ ਸਮੱਸਿਆ ਨਹੀਂ ਬਣੇ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ 19ਵੀਂ ਸਦੀ ਵਿਚ ਕੁੱਲ ਦੁਨੀਆਂ ਦੇ ਯਹੂਦੀਆਂ ਨੇ ਸਹਿਜੇ ਸਹਿਜੇ ਇਜ਼ਰਾਈਲ ਦਾ ਰੁਖ ਕੀਤਾ ਤੇ ਇਨ੍ਹਾਂ ਦੀ ਆਬਾਦੀ ਦਾ ਅਨੁਪਾਤ ਵਧਣ ਲੱਗਾ। ਉਨੀਵੀਂ ਸਦੀ ਦੇ ਆਖਰ ਵਿਚ ਰੋਮਾਨੀਆ ਦੇ ਯਹੂਦੀ 78 ਹਜ਼ਾਰ ਵਿਚੋਂ 45 ਹਜ਼ਾਰ ਸਨ, ਯਾਨਿ 57æ7%, ਪਰ ਉਨ੍ਹਾਂ ਨੂੰ ਨਾਗਰਿਕਤਾ ਦੇ ਹੱਕ ਨਹੀਂ ਮਿਲੇ। ਇਹੀ ਹਾਲ ਆਸਟਰੀਆ ਵਿਚ ਹੋਇਆ ਜਿਥੇ ਇਨ੍ਹਾਂ ਬਾਰੇ ਸਰਕਾਰੀ ਬਿਆਨ ਸੀ, ਯਹੂਦੀਆਂ ਦਾ ਕੋਈ ਦੇਸ ਨਹੀਂ, ਇਸ ਕਰ ਕੇ ਇਨ੍ਹਾਂ ਨੂੰ ਕਿਸੇ ਦੇਸ ਵਿਚ ਵੀ ਨਾਗਰਿਕਤਾ ਦਾ ਹੱਕ ਨਹੀਂ ਮਿਲ ਸਕਦਾ। ਪੁਸ਼ਤਾਂ ਤੋਂ ਵਸਦੇ ਆਉਣ ਦੇ ਬਾਵਜੂਦ ਨਾਗਰਿਕ ਨਹੀਂ ਸਨ। ਯਹੂਦੀ ਫਰਿਆਦਾਂ ਕਰਦੇ, ਚਲੋ ਬਾਕੀਆਂ ਦੇ ਬਰਾਬਰ ਹੱਕ ਨਾ ਸਹੀ, ਕੋਈ ਤਾਂ ਹੱਕ ਦਿਉ ਸਾਨੂੰ।
ਜਰਮਨੀ ਵਿਚ ਵਸਦੇ ਯਹੂਦੀਆਂ ਤੋਂ 1878 ਵਿਚ ਜ਼ਮੀਨਾਂ, ਮਕਾਨ, ਦੁਕਾਨਾਂ ਤੇ ਸਰਾਵਾਂ ਖੋਹ ਲਈਆਂ। ਸਰਕਾਰੀ ਨੌਕਰੀ ਦੀ ਮਨਾਹੀ ਹੋ ਗਈ। ਭੀੜਾਂ ਦੀ ਹਿੰਸਾ ਤੋਂ ਕੋਈ ਬਚਾਉ ਨਹੀਂ। ਇਨ੍ਹਾਂ ਦਬਾਵਾਂ ਸਦਕਾ ਉਹ ਅਮਰੀਕਾ ਅਤੇ ਇਜ਼ਰਾਈਲ ਜਾਣ ਲੱਗੇ। 1881 ਤੋਂ 1910 ਤੱਕ 67 ਹਜ਼ਾਰ ਰੋਮਾਨੀ ਵਸੋਂ ਅਮਰੀਕਾ ਜਾ ਵਸੀ।
ਦੁਨੀਆਂ ਵਿਚਲੀ ਯਹੂਦੀ ਵਸੋਂ ਇਜ਼ਰਾਈਲ ਵੱਲ ਇਸ ਆਸ ਨਾਲ ਵੀ ਸਰਕਣੀ ਸ਼ੁਰੂ ਹੋਈ ਕਿ ਉਥੇ ਉਨ੍ਹਾਂ ਦੇ ਭਰਾ ਵਸਦੇ ਹਨ। ਉਹ ਬਾਕੀ ਦੁਨੀਆਂ ਵਾਂਗ ਸਖਤ ਦਿਲ ਥੋੜ੍ਹਾ ਨੇ, ਉਹ ਮਦਦਗਾਰ ਹੋਣਗੇ। ਉਥੇ ਜਾ ਕੇ ਪਤਾ ਲਗਦਾ ਕਿ ਉਥੋਂ ਦੀ ਵਸੋਂ ਖੁਦ ਦੁਸ਼ਵਾਰੀਆਂ ਵਿਚੋਂ ਲੰਘ ਰਹੀ ਹੈ, ਉਹ ਅਣਚਾਹੇ ਮਹਿਮਾਨਾਂ ਨੂੰ ਕਿਵੇਂ ਸੰਭਾਲਣ? ਕੇਵਲ ਅੰਨ ਦੀ ਨਹੀਂ, ਪੀਣ ਵਾਲੇ ਪਾਣੀ ਦੀ ਵੀ ਥੁੜ੍ਹ ਸੀ।
30 ਦਸੰਬਰ 1881 ਨੂੰ ਦੱਖਣੀ ਮਾਲਦਾਵੀਆ ਵਿਚ ਪਰਵਾਸ ਬਾਰੇ ਮੀਟਿੰਗ ਹੋਈ ਜਿਸ ਵਿਚ 100 ਮੈਂਬਰ ਸ਼ਾਮਲ ਹੋਏ। ਤਿੰਨ ਦਿਨ ਵਿਚਾਰਾਂ ਹੋਈਆਂ। ਏਜੰਡਾ ਸੀ, ਯਹੂਦੀਆਂ ਦੀਆਂ ਉਹ ਪਵਿਤਰ ਤੇ ਸ਼ਾਨਦਾਰ ਧਰਮੀ ਭਾਵਨਾਵਾਂ ਦਿਲਾਂ ਵਿਚ ਮੁੜ ਪ੍ਰਕਾਸ਼ਵਾਨ ਕਰਨੀਆਂ ਜੋ ਹਜ਼ਾਰਾਂ ਸਾਲ ਦੀ ਬੇਇਜ਼ਤੀ, ਗਰੀਬੀ, ਗੁਲਾਮੀ ਦੇ ਦੁੱਖ ਸਦਕਾ ਸੌਂ ਗਈਆਂ ਹਨ। ਮੀਟਿੰਗ ਵਿਚ ਫਲਸਫਾ ਨਹੀਂ ਛਾਂਟਿਆ ਗਿਆ। ਇਕ ਤਾਂ ਇਹ ਸਾਬਤ ਕਰਨਾ ਸੀ ਕਿ ਸਥਾਨਕ ਨਾਗਰਿਕਾਂ ਦਾ ਇਹ ਖਿਆਲ ਗਲਤ ਹੈ ਕਿ ਯਹੂਦੀ ਕੰਮਚੋਰ ਹਨ, ਉਹ ਹਰ ਕੰਮ ਕਰ ਸਕਦੇ ਹਨ। ਦੂਜਾ ਇਹ ਕਿ ਇਜ਼ਰਾਈਲ ਵਿਚ ਪਰਵਾਸ ਦੀ ਵਿਧੀ ਕੀ ਹੋਵੇ? ਪਹਿਲਾਂ ਗਰੀਬ ਜਾਣ ਕਿ ਅਮੀਰ। ਅਮੀਰਾਂ ਨੂੰ ਪਹਿਲਾਂ ਜਾਣ ਦਿਉ, ਉਹ ਜ਼ਮੀਨਾਂ ਖਰੀਦਣ, ਫੈਕਟਰੀਆਂ ਲਾਉਣ, ਬਾਅਦ ਵਿਚ ਗਰੀਬ ਲੋਕ ਮਜ਼ਦੂਰੀ ਕਰਨ ਚਲੇ ਜਾਣ। ਅਮੀਰਾਂ ਨੇ ਕਿਹਾ, ਪਹਿਲੋਂ ਗਰੀਬ ਉਥੇ ਜਾ ਕੇ ਰਹਿ ਕੇ ਸਾਬਤ ਤਾਂ ਕਰਨ ਕਿ ਉਥੇ ਰਿਹਾ ਜਾ ਸਕਦਾ ਹੈ। ਫਿਰ ਕਹਿਣ ਲੱਗੇ, ਉਥੇ ਪਹਿਲਾਂ ਹਸਪਤਾਲ, ਸਕੂਲ, ਮੰਦਰ ਤੇ ਸਾਂਝਾ ਗੁਸਲਖਾਨਾ ਤਾਂ ਹੋਵੇ; ਰਿਹਾਇਸ਼ ਚਲੋ ਝੁੱਗੀਆਂ ਝੋਂਪੜੀਆਂ ਵਿਚ ਹੀ ਸਹੀ! ਡਾਕਟਰ, ਨਾਈ, ਮਾਸਟਰ, ਝਟਕਈ ਤੇ ਮਾਹਿਰ ਕਿਸਾਨ ਜਾਂ ਮਾਲੀ ਜ਼ਰੂਰ ਹੋਵੇ। ਪਹਿਲੀ ਕਿਸ਼ਤ ਵਿਚ ਸੌ ਪਰਿਵਾਰ ਜਾਣਗੇ, ਉਨ੍ਹਾਂ ਦੀ ਚੋਣ ਵਿਧੀ ਕੀ ਹੋਵੇ? ਆਰਥਿਕ ਤੌਰ Ḕਤੇ, ਕਿੱਤੇ ਵਜੋਂ, ਦੇਖਣਾ ਹੈ ਕਿਸ ਨੂੰ ਪਹਿਲਾਂ, ਕਿਸ ਨੂੰ ਪਿਛੋਂ ਜਾਣ ਦੇਣਾ ਹੈ। ਜੇਬ ਵਿਚ ਕਿੰਨੇ ਪੈਸੇ ਹੋਣ, ਦਾਨ-ਰਾਸ਼ੀ ਵਿਚੋਂ ਕਿੰਨੀ ਸਹਾਇਤਾ ਮਿਲੇ, ਗਵਰਨਿੰਗ ਸਭਾ ਦੀ ਚੋਣ ਕਿਵੇਂ ਹੋਵੇ ਆਦਿ ਕੰਮ ਪਹਿਲਾਂ ਨਿਬੇੜੇ ਜਾਣ। ਦੋ ਮੈਂਬਰ ਪਹਿਲਾਂ ਭੇਜ ਕੇ ਪਤਾ ਕਰੋ, ਜ਼ਮੀਨ ਦਾ ਕਿਥੇ ਕਿਥੇ ਕੀ ਰੇਟ ਹੈ, ਕਿਥੇ ਖਰੀਦਣੀ ਠੀਕ ਰਹੇਗੀ।
ਇਹ ਰੋਮਾਨੀਆ ਦੀ ਵਸੋਂ ਸੀ ਜਿਸ ਨੇ ਉਦਮ ਕਰਦਿਆਂ 60 ਹਜ਼ਾਰ ਫਰਾਂਕ ਇਕੱਠਾ ਕਰ ਲਿਆ। ਮਈ 1882 ਵਿਚ ਜ਼ਮਾਰਿਨ ਇਲਾਕੇ ਵਿਚ ਜ਼ਮੀਨ ਖਰੀਦ ਕੇ ਨਾਂ ਸਮਾਰਿਨ ਰੱਖ ਦਿੱਤਾ। ਇਹ ਹਾਇਫਾ ਤੋਂ 25 ਕਿਲੋਮੀਟਰ ਪਰੇ ਹੈ। ਅਗਸਤ ਵਿਚ 228 ਬੰਦੇ ਪਰਵਾਸ ਕਰ ਗਏ।
ਸਿਆਸਤ ਦੀ ਮੰਗ ਅਨੁਸਾਰ ਜੇ ਸਹੀ ਸਮੇਂ ਸਹੀ ਬੰਦਾ ਮਿਲ ਜਾਵੇ, ਕ੍ਰਿਸ਼ਮਾ ਹੋ ਜਾਂਦਾ ਹੈ। ਯਹੂਦੀਆਂ ਨੂੰ ਬਿਨਾਂ ਕੋਸ਼ਿਸ਼ ਕਰਨ ਦੇ ਓਲੀਫਾਂ ਲੱਭ ਗਿਆ ਜੋ ਬੁੱਧੀਮਾਨ, ਨੇਕ ਤੇ ਨੀਤੀਵਾਨ ਬੰਦਾ ਸੀ, ਯਾਤਰੂ ਸੀ, ਪੱਤਰਕਾਰ, ਸਿਆਸਤਦਾਨ, ਸਭ ਕੁਝ। ਉਹ ਧਿਆਨ ਨਾਲ ਦੇਖ ਰਿਹਾ ਸੀ ਕਿ ਰੂਸ ਆਪਣੇ ਧੜੇ ਰਾਹੀਂ ਓਟੋਮਾਨ ਸਲਤਨਤ ਵਿਰੁਧ ਗੋਂਦਾਂ ਗੁੰਦ ਰਿਹਾ ਸੀ, ਕਿਸੇ ਵੇਲੇ ਵੀ ਕੌਮਾਂਤਰੀ ਧੜਿਆਂ ਦਾ ਭੇੜ ਹੋ ਸਕਦਾ ਸੀ। ਬਰਤਾਨੀਆ ਓਟੋਮਾਨ ਦੇ ਸਮਰਥਨ ਅਤੇ ਰੂਸੀ ਧੜੇ ਦੇ ਵਿਰੁਧ ਕੁਦਰਤੀ ਗੱਠਜੋੜ ਵਿਚ ਸ਼ਾਮਲ ਸੀ। ਯਹੂਦੀ ਰੂਸ ਦੀਆਂ ਨੀਤੀਆਂ ਅਤੇ ਕਰਤੂਤਾਂ ਤੋਂ ਪਹਿਲੋਂ ਹੀ ਝੰਬੇ ਪਏ ਸਨ। ਕਿਸੇ ਦੁਰਘਟਨਾ ਦੀ ਸੂਰਤ ਵਿਚ ਓਲੀਫਾਂ ਨੇ ਸੋਚਿਆ, ਯਹੂਦੀਆਂ ਨੂੰ ਸੁਲਤਾਨ ਯਾਨਿ ਬਰਤਾਨੀਆ ਧੜੇ ਵਿਚ ਖਲੋਣਾ ਚਾਹੀਦਾ ਹੈ। ਉਸ ਨੂੰ ਸਾਥੀਆਂ ਨੇ ਪੁੱਛਿਆ, ਆਪਣੀ ਕਿਹੜੀ ਤਾਕਤ ਹੈ? ਓਲੀਫਾਂ ਨੇ ਕਿਹਾ, ਜ਼ੁਬਾਨੀ ਹਮਦਰਦੀ ਦਾ ਬੜਾ ਸਹਾਰਾ ਹੁੰਦੈ, ਆਪਣੇ ਕੋਲ ਹੈ ਕਿ ਨਹੀਂ? ਮੈਂ ਸੁਲਤਾਨ ਨੂੰ ਦੱਸਾਂਗਾ, ਮੇਰੇ ਕੋਲ ਸੰਸਾਰ ਦੀ ਯਹੂਦੀ ਤਾਕਤ ਹੈ ਜੋ ਮਰ ਮਿਟਣਾ ਜਾਣਦੀ ਹੈ। ਸਾਡੇ ਵਰਗਾ ਧਨੀ ਕੋਈ ਨਹੀਂ, ਕਿਉਂਕਿ ਅਸੀਂ ਇਕ ਹਾਂ, ਸੰਗਠਿਤ ਕੌਮ, ਕੌਮਾਂਤਰੀ ਕੌਮ। ਅਸੀਂ ਸੁਲਤਾਨ ਦੀ ਮੁਰਦਾ ਸਟੇਟ ਵਿਚ ਵਪਾਰ ਰਾਹੀਂ ਜਾਨ ਪਾ ਦਿਆਂਗੇ।
ਉਸ ਸੁਲਤਾਨ ਅਤੇ ਉਸ ਦੇ ਵਜ਼ੀਰਾਂ ਨੂੰ ਮਿਲ ਕੇ ਮੰਗ ਕੀਤੀ ਕਿ ਇਜ਼ਰਾਈਲ ਵਿਚ ਅਜਿਹੇ ਬੇਆਬਾਦ ਇਲਾਕੇ ਮੌਜੂਦ ਹਨ ਜੋ ਵਾਹੀ ਖੁਣੋਂ ਸੁੰਨੇ ਪਏ ਹਨ। ਜੇ ਯਹੂਦੀਆਂ ਨੂੰ ਉਥੇ ਵੱਸਣ ਅਤੇ ਖੇਤੀ ਕਰਨ ਦੀ ਆਗਿਆ ਮਿਲੇ ਤਾਂ ਅਸੀਂ ਕੱਚਾ ਮਾਲ ਤਿਆਰ ਕਰਾਂਗੇ, ਇੰਗਲੈਂਡ ਆਪਣੀਆਂ ਫੈਕਟਰੀਆਂ ਵਾਸਤੇ ਇਹ ਮਾਲ ਖਰੀਦੇਗਾ, ਇਜ਼ਰਾਈਲ ਵਿਚ ਧਨ ਆਵੇਗਾ। ਕੂਟਨੀਤਕ ਸੰਵਾਦ ਦਾ ਉਹ ਮਾਹਿਰ ਸੀ, ਪਰ ਜਵਾਬ ਮਿਲਿਆ, ਸੁਲਤਾਨ ਤਾਂ ਤੁਹਾਡੀ ਦਲੀਲ ਨਾਲ ਸਹਿਮਤ ਹੈ, ਉਸ ਦੇ ਸਲਾਹਕਾਰ ਨਹੀਂ ਮੰਨਦੇ। ਓਲੀਫਾਂ ਬੱਚਾ ਨਹੀਂ ਸੀ, ਉਹ ਹਰ ਤੰਦ ਫੜ ਰਿਹਾ ਸੀ। ਇੰਗਲੈਂਡ, ਰੋਮਾਨੀਆ ਅਤੇ ਰੂਸ ਦੇ ਕੂਟਨੀਤੀਵਾਨਾਂ ਨਾਲ ਮੀਟਿੰਗਾਂ ਕਰਦਾ ਰਿਹਾ। ਸਾਲ ਭਰ ਉਸ ਨੂੰ ਕੋਈ ਲਾਭ ਨਾ ਹੋਇਆ, ਸਿਵਾਇ ਇਸ ਦੇ ਕਿ ਉਪਰਲੇ ਰਾਜਸੀ ਖੇਤਰਾਂ ਨੂੰ ਪਤਾ ਲੱਗ ਗਿਆ ਕਿ ਯਹੂਦੀਆਂ ਦਾ ਕੋਈ ਤੀਖਣ-ਬੁੱਧ ਲੀਡਰ ਹੈ ਜੋ ਅਜਿਹੇ ਫੈਸਲੇ ਕਰਾ ਸਕਦਾ ਹੈ ਜੋ ਸਭ ਧਿਰਾਂ ਨੂੰ ਮਨਜ਼ੂਰ ਹੋਣ। ਉਸ ਨੇ ਅੰਤਿਮ ਐਲਾਨ ਕੀਤਾ, ਅਮਰੀਕਾ ਨਹੀਂ, ਥਿਰ ਵਸੋਂ ਵਾਸਤੇ ਸਾਡਾ ਦੇਸ ਆਖਰ ਇਜ਼ਰਾਈਲ ਹੈ। ਇਜ਼ਰਾਈਲ ਵਸਣ ਵਾਸਤੇ ਉਸ ਨੇ ਆਪਣੇ ਵਜੂਦ ਦੀ ਸਾਰੀ ਸ਼ਕਤੀ ਲਾ ਦਿੱਤੀ।
ਇਜ਼ਰਾਈਲ ਵਿਚ ਵਸੇ ਮੁਢਲੇ 105 ਯਹੂਦੀਆਂ (ਬਿਲੁਇਮ) ਨੇ ਦਸਤਖਤ ਕਰ ਕੇ ਪੱਤਰ ਸੌਂਪਿਆ ਜਿਸ ਵਿਚ ਲਿਖਿਆ ਸੀ, ਦੁੱਖਾਂ ਵਿਚ ਘਿਰੇ ਯਹੂਦੀਆਂ ਨੂੰ ਰੱਬ ਨੇ ਅਮੀਰਿ-ਕਾਰਵਾਂ ਦੇ ਦਿੱਤਾ ਹੈ। ਤੂੰ ਸਾਡਾ ਦੂਜਾ ਸਾਈਰਸ ਹੈਂ। ਸਾਨੂੰ ਮੁਕਤ ਕਰ।
ਓਲੀਫਾਂ ਨੇ ਕਿਹਾ, ਤੁਹਾਨੂੰ ਦੇਣ ਲਈ ਮੇਰੇ ਕੋਲ ਹੋਰ ਤਾਂ ਕੁਝ ਨਹੀਂ, ਉਮੀਦ ਹੈ ਜੋ ਤੁਹਾਨੂੰ ਦੇ ਦਿੱਤੀ ਹੈ। ਜੁਆਬ ਸੀ, ਰੱਬ ਨੇ ਸਾਡਾ ਝੰਡਾ ਤੁਹਾਡੇ ਹੱਥ ਸੌਂਪਿਆ ਹੈ।
ਦੂਜਾ ਸ਼ਾਨਦਾਰ ਬੰਦਾ ਜ਼ਲਮਾਂ ਦਾਊਦ (1856-1940) ਮੰਚ ‘ਤੇ ਆਇਆ ਜਿਸ ਬਾਰੇ ਗੋਰਡਨ ਨੇ ਕਿਹਾ, ਦੁਨੀਆਂ ਵਿਚ ਇਹ ਬੰਦਾ ਦਿੱਭ-ਦ੍ਰਿਸ਼ਟੀ ਵਾਲਾ ਨੇਕ ਇਨਸਾਨ ਹੈ ਤੇ ਪੱਕਾ ਯਹੂਦੀ। ਗੋਰਡਨ ਦੇ ਇਸ ਵਾਕ ਦਾ ਮਤਲਬ ਹੈ, ਉਹ ਦਿਖਾਵੇ ਦਾ ਯਹੂਦੀ ਨਹੀਂ ਸੀ। ਆਪਣੀ ਸਵੈ-ਜੀਵਨੀ ਵਿਚ ਦਾਊਦ ਨੇ ਲਿਖਿਆ, ਮੈਂ ਸਕੂਲ ਦੀ ਭੂਗੋਲ ਵਿਚ ਪੜ੍ਹਿਆ ਸੀ ਕਿ ਅਫਰੀਕਾ ਵਿਚ ਨੀਗਰੋਆਂ ਨੇ ਆਪਣਾ ਦੇਸ ਥਾਪ ਲਿਆ ਹੈ, ਲਾਇਬੇਰੀਆ ਲੋਕਰਾਜ। ਸਾਨੂੰ ਕੀ ਹੋਇਐ? ਅਸੀਂ ਕਿਉਂ ਨਹੀ ਲੋਕਰਾਜ ਥਾਪ ਸਕਦੇ? ਸਾਡੇ ਵਡੇਰਿਆਂ ਨੇ ਸਾਡਾ ਦੇਸ ਥਾਪ ਰੱਖਿਐ, ਅਸੀਂ ਤਾਂ ਉਥੇ ਪਹੁੰਚਣਾ ਹੈ ਬਸ।
ਦਾਊਦ ਰੂਸ ਵਿਚ ਬੈਂਕ ਅਫਸਰ ਰਿਹਾ ਸੀ। ਉਹ ਇਕੱਲਾ ਇਜ਼ਰਾਈਲ ਗਿਆ ਤੇ ਸਾਰੇ ਦੇਸ ਦਾ ਸਰਵੇਖਣ ਕੀਤਾ। ਕਿਥੇ ਵਪਾਰਕ ਥਾਂਵਾਂ ਠੀਕ ਰਹਿਣਗੀਆਂ, ਕਿਹੜੀ ਥਾਂ ਖੇਤੀ ਤੇ ਬਾਗਾਂ ਲਈ ਸਹੀ ਹੈ। ਕੀ ਕੀਮਤ ਹੈ, ਖਰੀਦ ਦੇ ਕਾਨੂੰਨ ਕੀ ਹਨ? ਖਰੀਦ ਦਾ ਇਕ ਕਾਨੂੰਨ ਇਹ ਸੀ ਕਿ ਵੱਡੀ ਗਿਣਤੀ ਵਿਚ ਵਿਦੇਸ਼ੋਂ ਆਏ ਯਹੂਦੀ ਇਕੱਠੇ ਜ਼ਮੀਨ ਨਹੀਂ ਖਰੀਦ ਸਕਦੇ। ਦਾਊਦ ਨੇ ਨੋਟ ਕੀਤਾ, ਵੱਡੀ ਗਿਣਤੀ ਕਿੰਨੀ ਹੁੰਦੀ ਹੈ, ਇਹ ਤਾਂ ਸਾਫ ਕਿਧਰੇ ਲਿਖਿਆ ਨਹੀਂ। ਜਿਹੜੀ ਜ਼ਮੀਨ ਉਸ ਨੂੰ ਪਸੰਦ ਆਈ, ਖਰੀਦਣ ਵਾਸਤੇ ਰਕਮ ਨਹੀਂ। ਅਜੇ ਸੋਚ ਵਿਚਾਰ ਕਰ ਰਿਹਾ ਸੀ ਕਿ ਉਸ ਦਾ ਧਨਾਢ ਚਾਚਾ ਵੱਡੀ ਰਕਮ ਸਮੇਤ ਉਸ ਕੋਲ ਪੁੱਜ ਗਿਆ। ਉਸ ਨੇ ਚਾਚੇ ਨੂੰ ਕਿਹਾ, ਜ਼ਮੀਨ ਵਧੀਆ ਦੇਖ ਰੱਖੀ ਹੈ, ਤੁਹਾਡੇ ਨਾਮ ਨਹੀਂ ਖਰੀਦਦੇ, ਇਥੇ ਮੈਂ ਇਕ ਲੋਕਲ ਭਲਾ ਯਹੂਦੀ ਲੱਭ ਰੱਖਿਐ, ਇਥੋਂ ਦਾ ਜੱਦੀ ਬਾਸ਼ਿੰਦਾ ਹੈ, ਉਸ ਦੇ ਨਾਂ ਖਰੀਦਾਂਗੇ ਤਾਂ ਕੋਈ ਕਾਨੂੰਨੀ ਅੜਿੱਕਾ ਨਹੀਂ ਹੋਵੇਗਾ। ਇਸ ਬੰਦੇ ਦਾ ਨਾਂ ਸੀ ਹਈਮ; ਜਾਫਾ ਵਿਚ ਇਸ ਦਾ ਰੁਤਬਾ ਇਉਂ ਸੀ ਕਿ ਸਮਝੋ ਬਰਤਾਨੀਆ ਵਲੋਂ ਥਾਪਿਆ ਗਿਆ ਆਪਣਾ ਰਾਜਦੂਤ। ਦਾਊਦ ਦੀ ਖੇਤੀਬਾੜੀ ਦਾ ਕੰਮ ਸਭ ਤੋਂ ਅੱਗੇ ਲੰਘਿਆ, ਉਸ ਨੂੰ ਸਭ ਦਾ ਭਰੋਸਾ ਮਿਲਿਆ। ਦਾਊਦ ਵੇਲੇ ਤੱਕ ਇਜ਼ਰਾਈਲ ਵਿਚ 8 ਆਬਾਦੀਆਂ, ਯਾਨਿ ਅੱਠ ਪਿੰਡ ਵਸ ਗਏ ਸਨ। 1800 ਈਸਵੀ ਤੱਕ ਇਜ਼ਰਾਈਲ ਵਿਚ 2415 ਯਹੂਦੀ ਸਨ ਜੋ 1903 ਤੱਕ 30 ਹਜ਼ਾਰ ਹੋ ਗਏ। ਪੋਲੈਂਡ, ਰੋਮਾਨੀਆ ਅਤੇ ਰੂਸ ਦੇ ਵਧੀਕ ਧਨੀ ਅਤੇ ਵਧੀਕ ਸਿਆਣੇ ਯਹੂਦੀ ਪੱਛਮੀ ਯੂਰਪ ਅਤੇ ਅਮਰੀਕਾ ਵਿਚ ਵਸਦੇ ਗਏ। ਗਰੀਬ, ਸਿੱਧੜ ਤੇ ਧੁਨ ਦੇ ਪੱਕੇ, ਖਤਰਿਆਂ ਤੋਂ ਬੇਨਿਆਜ਼ ਇਜ਼ਰਾਈਲ ਆ ਆ ਵਸਦੇ ਗਏ। ਮੋਟਾ ਜਿਹੇ ਹਿਸਾਬ ਅੱਧੇ ਉਧਰ, ਅੱਧੇ ਇਧਰ ਜਾ ਵਸੇ। ਮੌਸਮ ਅਤੇ ਸੁਲਤਾਨ ਦਾ ਰਵੱਈਆ, ਦੋਵੇਂ ਮਾੜੇ ਸਨ; ਤਾਂ ਵੀ ਇਜ਼ਰਾਈਲ ਵੱਲ ਰੁਖ ਕਰਦੇ। ਅਸੀਂ ਅੱਗੇ ਜਾ ਕੇ ਗੋਲਡਾ ਮੀਰ ਵਾਲੇ ਕਾਂਡ ਵਿਚ ਦੇਖਾਂਗੇ ਕਿ ਚੰਗੇ ਭਲੇ ਅਮਰੀਕਾ ਵਿਚ ਜਾ ਵਸੇ, ਨਾਗਰਿਕਤਾ ਹਾਸਲ ਕਰ ਚੁਕੇ ਯਹੂਦੀ ਵੀ ਅਮਰੀਕਾ ਛੱਡ ਕੇ ਇਜ਼ਰਾਈਲ ਜਾਣ ਲੱਗੇ; ਉਦੋਂ ਨਹੀਂ, ਜਦੋਂ ਇਜ਼ਰਾਈਲ ਸਟੇਟ ਵਜੋਂ ਹੋਂਦ ਵਿਚ ਆ ਗਿਆ; ਇਹ ਉਦੋਂ ਦੀ ਗੱਲ ਹੈ ਜਦੋਂ ਇਸ ਨੂੰ ਸਟੇਟ ਵਿਚ ਤਬਦੀਲ ਕਰਨ ਲਈ ਸੰਘਰਸ਼ ਕਰਨਾ ਪੈਣਾ ਸੀ। ਇਹੀ ਕਾਰਨ ਹੈ ਕਿ ਦਾਨੀਆਂ ਵਲੋਂ ਕਾਇਮ ਕੀਤੇ ਫੰਡ ਵਿਚੋਂ ਸਹਾਇਤਾ ਕੇਵਲ ਉਨ੍ਹਾਂ ਨੂੰ ਮਿਲਦੀ ਜੋ ਇਜ਼ਰਾਈਲ ਵਸਣ ਦਾ ਫੈਸਲਾ ਕਰਦੇ, ਆਪੋ ਵਿਚ ਗੱਲਾਂ ਕਰਦੇ ਯਹੂਦੀ ਕਿਹਾ ਕਰਦੇ, ਇਜ਼ਰਾਈਲ ਦਾ ਭੂਤ ਭਵਿਖ ਦੋਵੇਂ ਸ਼ਾਨਦਾਰ, ਪਰ ਇਥੋਂ ਦਾ ਵਰਤਮਾਨ ਨਰਕ ਹੈ। ਸਾਡੇ ਹਿੱਸੇ ਵਰਤਮਾਨ ਆਇਐ।
(ਚਲਦਾ)