ਨਵਾਂ ਸਾਲ

‘ਨਵਾਂ ਸਾਲ’ ਲੇਖ ਵਿਚ ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਪਰਦੇਸਾਂ ਵਿਚ ਕਮਾਈਆਂ ਖਾਤਰ ਗਏ ਜਿਊੜਿਆਂ ਦੀ ਤੜਪ ਅਤੇ ਕਾਹਲ ਬਿਆਨ ਕੀਤੀ ਹੈ। ਲੇਖਕ ਨੇ ਇਸ ਤੜਪੜਾਹਟ ਤੇ ਕਾਹਲ ਨੂੰ ਬਹੁਤ ਖੂਬਸੂਰਤ ਸ਼ਬਦਾਂ ਦਾ ਲਿਬਾਸ ਪੁਆਇਆ ਹੈ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ।

ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ

ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
“ਨਿਊ ਯੀਅਰ ਈਵ ਨੂੰ ਤੈਨੂੰ ਕੌਣ ਦੇ ਦੇਊ ਟੈਕਸੀ ਚਲਾਉਣ ਨੂੰ!” ਭੋਲਾ ਬੋਲਿਆ।
“ਕੋਈ ਨਾ ਦੇਵੇ, ਤੂੰ ਦੇ ਦੀਂ।” ਮੈਂ ਫਿਰ ਉਸ ਨੂੰ ਛੇੜਿਆ।
“ਮੈਂ ਤਾਂ ਸਗੋਂ ਤੈਨੂੰ ਫ਼ੋਨ ਮਾਰਨਾ ਸੀ, ਬਈ ਉਸ ਦਿਨ ਜਦੋਂ ਮੈਨੂੰ ਵਾਸ਼ਰੂਮ ਵਗੈਰਾ ਜਾਣਾ ਪਵੇ, ਮੇਰੀ ਥਾਂ ਤੂੰ ਈ ਜਾ ਆਈਂ। ਮੈਨੂੰ ਤਾਂ ਉਦਣ ਟੈਮ ਨ੍ਹੀਂ ਮਿਲਣਾ।” ਫਿਰ ਉਹ ਥੋੜ੍ਹਾ ਰੁਕ ਕੇ ਬੋਲਿਆ, “ਉਡੀਕਦਿਆਂ ਨੂੰ ਮਸਾਂ ਤਾਂ ਇਹ ਰਾਤ ਆਉਂਦੀ ਆ। ਤੈਨੂੰ ਟੈਕਸੀ ਦੇ ਕੇ ਮੈਂ ਗੁਰਦੁਆਰੇ ਜਾ ਵੜਾਂ!”
“ਕਿਉਂ ਮੋਕ ਮਾਰਦੈਂ, ਮੈਂ ਤਾਂ ਐਵੇਂ ਛੇੜਦਾ ਸੀ।” ਮੈਂ ਕਿਹਾ।
“ਤੇਰਾ ਖਿਆਲ ਐ ਮੈਨੂੰ ਪਤਾ ਨ੍ਹੀਂ? ਤੂੰ ਕਿੱਧਰੋਂ ਆ ਗਿਆ ਰਾਤ ਨੂੰ ਚਲਾਉਣ ਆਲਾ! ਅੱਠ ਵਜੇ ਤਾਂ ਤੂੰ ਬਿਸਤਰੇ ‘ਚ ਵੜ ਜਾਨੈ। ਨਾਲੇ ਸ਼ਰਾਬੀਆਂ ਨਾਲ ਨਜਿੱਠਣ ਲਈ ਦਮ ਚਾਹੀਦੈ।” ਆਖ ਕੇ ਭੋਲਾ ਮਿੰਨ੍ਹਾ ਜਿਹਾ ਹੱਸਿਆ।
“ਚੰਗਾ ਚੰਗਾ। ਪਹਿਲੀ ਤਰੀਕ ਨੂੰ ਦਿਨ ਦੀ ਲੱਭ ਦੀਂ ਕੋਈ।”
***
ਕਦੇ ਕਦੇ ਜਦੋਂ ਮੈਂ ਟੈਕਸੀ ਚਲਾਉਣੀ ਹੋਵੇ, ਮੈਂ ਆਪਣੇ ਮਿੱਤਰ ਭੋਲੇ ਨੂੰ ਟੈਕਸੀ ਲੱਭਣ ਲਈ ਆਖ ਦਿੰਦਾ ਹਾਂ। ਉਹ ਪੱਕਾ ਹੀ ਰਾਤ ਦੀ ਸ਼ਿਫਟ ਚਲਾਉਂਦਾ ਹੈ। 31 ਦਸੰਬਰ ਦੀ ਰਾਤ ਟੈਕਸੀ ਡਰਾਈਵਰਾਂ ਲਈ ਸਭ ਤੋਂ ਜ਼ਿਆਦਾ ਕਮਾਈ ਵਾਲੀ ਹੁੰਦੀ ਹੈ। ਉਸ ਰਾਤ ਲੋਕ ਨਵੇਂ ਸਾਲ ਨੂੰ ਜੀਅ ਆਇਆਂ ਆਖਣ ਲਈ ਪਾਰਟੀਆਂ ਕਰਦੇ ਹਨ। ਤੇ ਬਾਰਾਂ ਵੱਜਣ ਦੀ ਉਡੀਕ ਕਰਦੇ ਹਨ ਤਾਂ ਕਿ ਰਲ-ਮਿਲ ਕੇ ਨਵੇਂ ਸਾਲ ਨੂੰ ਜੀਅ ਆਇਆਂ ਆਖ ਸਕਣ। ਸ਼ਰਾਬ ਦੀ ਵਰਤੋਂ ਵੀ ਸ਼ਾਇਦ ਇਸ ਰਾਤ ਸਭ ਤੋਂ ਜ਼ਿਆਦਾ ਹੁੰਦੀ ਹੋਵੇ। ਵੈਨਕੂਵਰ ਇਲਾਕੇ ਵਿਚ ਉਸ ਸ਼ਾਮ ਸਰਕਾਰ ਬੱਸਾਂ ਅਤੇ ਸਕਾਈਟ੍ਰੇਨ ਦੀ ਸਵਾਰੀ ਵੀ ਮੁਫ਼ਤ ਕਰ ਦਿੰਦੀ ਹੈ, ਫਿਰ ਵੀ ਲੋਕਾਂ ਦੇ ਹਜੂਮ ਨੂੰ ਸਾਂਭਣ ਲਈ ਟੈਕਸੀਆਂ ਪੂਰੀਆਂ ਨਹੀਂ ਪੈਂਦੀਆਂ। ਲੋਕ ਸੜਕਾਂ ਦੇ ਆਸੇ-ਪਾਸੇ ਖੜ੍ਹੇ ਟੈਕਸੀਆਂ ਰੋਕਣ ਲਈ ਇਕ-ਦੂਜੇ ਤੋਂ ਮੂਹਰੇ ਹੋ ਹੋ ਕੇ ਹੱਥ ਹਿਲਾਉਂਦੇ ਹਨ। ਤੇ ਜਦੋਂ ਟੈਕਸੀ ਮਿਲ ਜਾਂਦੀ ਹੈ ਤਾਂ ਬਹੁਤੇ ਲੋਕ ਟੈਕਸੀ ਰੋਕਣ ਲਈ ਡਰਾਈਵਰ ਦਾ ਧੰਨਵਾਦ ਕਰਦੇ ਹਨ। ਵਾਰ ਵਾਰ ‘ਹੈਪੀ ਨਿਊ ਯੀਅਰ’ ਦੀਆਂ ਆਵਾਜ਼ਾਂ ਕੰਨਾਂ ਵਿਚ ਰਸ ਘੋਲਦੀਆਂ ਹਨ। ਡਾਲਰਾਂ ਦੇ ਨਾਲ ਨਾਲ ਇਸ ਰਸ ਖਾਤਰ ਮੈਨੂੰ ਪਹਿਲੀ ਜਨਵਰੀ ਨੂੰ ਟੈਕਸੀ ਚਲਾਉਣੀ ਚੰਗੀ ਲੱਗਦੀ ਹੈ।
ਟੈਕਸੀ ਦਾ ਬੰਦੋਬਸਤ ਕਰ ਕੇ ਅਗਲੇ ਦਿਨ ਹੀ ਭੋਲੇ ਨੇ ਫੋਨ ਕਰ ਦਿੱਤਾ। ਉਹ ਬੋਲਿਆ, “ਤਿੰਨ ਤੋਂ ਤਿੰਨ ਵਜੇ ਦੀ ਕਾਰ ਐ। ਟੈਮ ਨਾਲ ਲੱਗ ਜੀਂ ਜਾ ਕੇ।”
“ਚਾਰ ਵਜੇ ਆਲੀ ਨ੍ਹੀਂ ਸੀ ਮਿਲਦੀ। ਤਿੰਨ ਸੰਦੇਹਾਂ ਨ੍ਹੀਂ ਥੋੜ੍ਹਾ ਜਿਹਾ।”
“ਮੈਂ ਮਸਾਂ ਤਿੰਨ ਆਲੀ ਲੱਭ ਕੇ ਦਿੱਤੀ ਆ। ਉਹੀ ਟੈਮ ਤਾਂ ਕਮਾਈ ਦਾ ਹੁੰਦੈ। ਛੇ-ਸੱਤ ਵਜੇ ਤੋਂ ਬਾਅਦ ‘ਚ ਤਾਂ ਵਾਜਾ ਵੱਜ ਜਾਂਦੈ। ਲੋਕ ਘਰੀਂ ਜਾ ਕੇ ਸੌਂ ਜਾਂਦੇ ਆ। ਫਿਰ ਉਥੇ ਕੀ ਹੁੰਦੈ।”
“ਚੱਲ ਠੀਕ ਐ।”
“ਪਹੁੰਚ ਜੀਂ ਟੈਮ ਨਾਲ। ਮੈਂ ਰਾਤ ਆਲੇ ਡਰੈਵਰ ਨੂੰ ਵੀ ਆਖ ਦੇਊਂ, ਬਈ ਟੈਮ ਨਾਲ ਆ ਜੇ।”
***
ਕਈ ਡਰਾਈਵਰ ਸਾਰੀ ਰਾਤ ਲਾ ਕੇ ਵੀ ਅਗਲੀ ਸਵੇਰ ਵੇਲੇ ਸਿਰ ਦਿਨ ਵਾਲੇ ਡਰਾਈਵਰ ਨੂੰ ਟੈਕਸੀ ਨਹੀਂ ਦਿੰਦੇ। ਦਿਨ ਵਾਲੇ ਡਰਾਈਵਰ ਫੋਨ ਕਰ ਕਰ ਕੇ ਜਾਂ ਡਿਸਪੈਚਰ ਰਾਹੀਂ ਪਹਿਲਾਂ ਹੀ ਰਾਤ ਵਾਲਿਆਂ ਨੂੰ ਤਾਕੀਦਾਂ ਕਰਨ ਲੱਗ ਜਾਂਦੇ ਹਨ ਕਿ ਵੇਲੇ ਸਿਰ ਪਹੁੰਚ ਜਾਣ। ਰਾਤ ਵਾਲੇ ਸਮੇਂ ਦਾ ਖਿਆਲ ਭੁੱਲ ਜਾਂਦੇ ਹੋਣਗੇ ਜਾਂ ਹੋਰ ਹੋਰ ਦੇ ਲਾਲਚ ਵਿਚ ਫਸ ਜਾਂਦੇ ਹੋਣਗੇ। ਦਿਨ ਵਾਲਿਆਂ ਨੂੰ ਤਾਂਘ ਹੁੰਦੀ ਹੈ ਕਿ ਕਦੋਂ ਟੈਕਸੀ ਆਵੇ ਤੇ ਕਦੋਂ ਉਹ ਬਾਕੀ ਬਚਦੇ ਦੋ-ਤਿੰਨ ‘ਬਿਜ਼ੀ’ ਘੰਟਿਆਂ ਦਾ ਲਾਭ ਉਠਾਉਣ। ਪਿਛਲੀ ਰਾਤ ਵੀ ਉਨ੍ਹਾਂ ‘ਚੋਂ ਬਹੁਤੇ ਪਰਿਵਾਰ ਨਾਲ ਨਵੇਂ ਸਾਲ ਦੇ ਜਸ਼ਨ ਵਿਚ ਸ਼ਾਮਿਲ ਨਹੀਂ ਹੋਏ ਹੁੰਦੇ। ਸਵੱਖਤੇ ਜੋ ਉੱਠਣਾ ਹੁੰਦਾ ਹੈ! ਅਜਿਹੇ ਹਾਲਾਤ ਵਿਚ ਜੇ ਉਨ੍ਹਾਂ ਨੂੰ ਸਮੇਂ ਸਿਰ ਪਹੁੰਚ ਕੇ ਵੀ ਉਡੀਕ ਕਰਨੀ ਪੈ ਜਾਵੇ, ਤਾਂ ਉਹੀ ਜਾਣਦੇ ਹਨ ਕਿ ਉਨ੍ਹਾਂ ‘ਤੇ ਕੀ ਬੀਤਦੀ ਹੋਵੇਗੀ। ਮੈਂ ਉਡੀਕ ਦੀ ਇਸ ਡਾਢੀ ਔਖੀ ਘੜੀ ਤੋਂ ਬਚਣ ਲਈ ਫੈਸਲਾ ਕੀਤਾ ਕਿ ਸਾਢੇ ਕੁ ਤਿੰਨ ਵਜੇ ਕੰਮ ਸ਼ੁਰੂ ਕਰਾਂਗਾ। ਇਸ ਖਾਤਿਰ ਮੈਂ ਢਾਈ ਵਜੇ ਦਾ ਅਲਾਰਮ ਲਾ ਲਿਆ। ਬੱਚੇ ਚਾਹੁੰਦੇ ਸੀ ਕਿ ਬਾਰਾਂ ਵਜੇ ਤੱਕ ਟੀæਵੀæ ਦੇਖਿਆ ਜਾਵੇ, ਪਰ ਮੈਂ ਸਾਢੇ ਕੁ ਅੱਠ ਵਜੇ ਤੱਕ ਹੀ ਪਰਿਵਾਰ ਨਾਲ ਟੀæਵੀæ ਦੇਖਿਆ। ਬਾਰਾਂ ਵਜੇ ਕਾਰਾਂ ਦੇ ਹਾਰਨ ਵੱਜਣ ਨਾਲ ਨੀਂਦ ਖੁੱਲ੍ਹ ਗਈ। ਅਲਾਰਮ ਵੱਜਣ ਤੋਂ ਪਹਿਲਾਂ ਹੀ ਮੈਂ ਉੱਠ ਖਲੋਤਾ, ਤੇ ਸਵਾ ਤਿੰਨ ਟੈਕਸੀ ਵਿਚ ਜਾ ਬੈਠਾ। ਸ਼ੁਕਰ ਕੀਤਾ ਕਿ ਰਾਤ ਵਾਲੇ ਡਰਾਈਵਰ ਦੀ ਉਡੀਕ ਨਹੀਂ ਕਰਨੀ ਪਈ। ਮੈਂ ਡਾਊਨ-ਟਾਊਨ ਵੱਲ ਚੱਲ ਪਿਆ। ਜੌਰਜੀਆ ਅਤੇ ਕੈਂਬੀ ਸਟਰੀਟ ਦੇ ਕੋਨੇ ‘ਤੇ ਟੈਕਸੀ ਰੋਕੀ ਹੀ ਸੀ ਕਿ ਕਈ ਜਣੇ ਟੈਕਸੀ ਵੱਲ ਅਹੁਲ਼ੇ। ਉਨ੍ਹਾਂ ‘ਚੋਂ ਤਿੰਨ ਟੈਕਸੀ ਵਿਚ ਬੈਠ ਗਏ। ਜੌਰਜੀਆ ਸਟਰੀਟ ‘ਤੇ ਸੈਂਕੜੇ ਹੀ ਲੋਕ ਟੈਕਸੀ ਲਈ ਹੱਥ ਹਿਲਾ ਰਹੇ ਸਨ। ਮੈਂ ਕਾਹਲ਼ਾ ਸੀ ਕਿ ਕਦੋਂ ਇਹ ਸਵਾਰੀਆਂ ਉਤਰਨ, ਤੇ ਕਦੋਂ ਮੈਂ ਹੋਰ ਚੁੱਕਾਂ, ਪਰ ਉਹ ਹਾਲੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਉਨ੍ਹਾਂ ਨੂੰ ਘਰ ਜਾਣ ਦੀ ਕਾਹਲ ਨਹੀਂ ਸੀ ਲੱਗਦੀ। ਉਨ੍ਹਾਂ ਨੇ ਜਿਹੜਾ ਪਤਾ ਦੱਸਿਆ ਸੀ, ਉਹ ਨਜ਼ਦੀਕ ਹੀ ਸੀ। ਉਥੇ ਪਹੁੰਚ ਉਨ੍ਹਾਂ ‘ਚੋਂ ਇੱਕ ਨੇ ਘਰ ਅੰਦਰ ਜਾਣਾ ਸੀ। ਮੈਂ ਉਸ ਨੂੰ ਛੇਤੀ ਕਰਨ ਦੀ ਬੇਨਤੀ ਕੀਤੀ। ‘ਬੱਸ ਗਿਆ ਤੇ ਆਇਆ’ ਆਖ ਉਹ ਟੈਕਸੀ ‘ਚੋਂ ਬਾਹਰ ਨਿਕਲ ਗਿਆ। ਉਸ ਨੇ ਘਰ ਅੰਦਰ ਦੋ-ਤਿੰਨ ਮਿੰਟ ਹੀ ਲਾਏ ਹੋਣਗੇ, ਪਰ ਇਹ ਸਮਾਂ ਵੀ ਮੈਨੂੰ ਪਹਾੜ ਜਿੱਡਾ ਲੱਗਾ। ਮੇਰੇ ਦਿਮਾਗ ਵਿਚ ਟੈਕਸੀ ਲਈ ਹਿੱਲ ਰਹੇ ਹੱਥ ਕਾਹਲ ਮਚਾ ਰਹੇ ਸਨ। ਟੈਕਸੀ ਦਾ ਕਿਰਾਏ ਵਾਲਾ ਮੀਟਰ ਭਾਵੇਂ ਚੱਲ ਰਿਹਾ ਸੀ, ਪਰ ਖੜ੍ਹੀ ਟੈਕਸੀ ‘ਚ ਉਸ ਦੀ ਰਫਤਾਰ ਬਹੁਤ ਹੌਲੀ ਹੋ ਜਾਂਦੀ ਹੈ। ਉਸ ਘਰ ਤੋਂ ਚੱਲ ਕੇ ਉਹ ਇੱਕ ਹੋਰ ਘਰ ਗਏ ਤੇ ਫਿਰ ਉਨ੍ਹਾਂ ਨੇ ਨੇੜੇ ਹੀ ਮੈਕਸ ਸਟੋਰ ‘ਤੇ ਟੈਕਸੀ ਰੁਕਵਾ ਲਈ। ਮੈਂ ਫਿਰ ਛੇਤੀ ਕਰਨ ਦੀ ਤਾਕੀਦ ਕੀਤੀ।
“ਰੀਲੈਕਸ ਮੈਨ, ਇਟਸ ਨਿਊ ਯੀਅਰ ਈਵ”, ਉਨ੍ਹਾਂ ‘ਚੋਂ ਇੱਕ ਬੋਲਿਆ। ਮੀਟਰ ਦੀ ਰਫ਼ਤਾਰ ਫਿਰ ਹੌਲੀ ਹੋ ਗਈ ਤੇ ਮੇਰੇ ਅੰਦਰਲੀ ਕਾਹਲ਼ ਫਿਰ ਤੇਜ਼ ਹੋ ਗਈ। ਉਨ੍ਹਾਂ ਨੇ ਮੇਰਾ ਅੱਧਾ ਘੰਟਾ ਲੈ ਲਿਆ। ਉਤਰਨ ਲੱਗਿਆਂ ਉਨ੍ਹਾਂ ਵੱਲੋਂ ਕਹੀ ‘ਹੈਪੀ ਨਿਊ ਯੀਅਰ’ ਮੈਨੂੰ ਵਿਹੁ ਵਰਗੀ ਲੱਗੀ।
‘ਜੇ ਇਹੀ ਬਿਨਾਂ ਕਿਤੇ ਰੁਕਿਆਂ ਟ੍ਰਿੱਪ ਹੁੰਦਾ ਤਾਂ ਮੀਟਰ ‘ਤੇ ਦੁੱਗਣੇ-ਤਿੱਗਣੇ ਚੱਲਣੇ ਸਨ, ਸਾਲਿਆਂ ਨੇ ਦਿਹਾੜੀ ਗਾਲਤੀ’, ਸੋਚ ਕੇ ਮੇਰੇ ਅੰਦਰਲੀ ਵਿਹੁ ਹੋਰ ਤਿੱਖੀ ਹੋ ਗਈ। ਪਰ ਇਹ ਛੇਤੀਂ ਹੀ ਫਿਰ ਰਸ ਵਿਚ ਬਦਲ ਗਈ। ਜਿਥੇ ਟ੍ਰਿੱਪ ਲਾਹੁੰਦਾ, ਉਥੋਂ ਹੀ ਹੋਰ ਮਿਲ ਜਾਂਦਾ। ਸੱਤ ਵਜੇ ਤੱਕ ‘ਚੱਲ ਸੋ ਚੱਲ’ ਰਹੀ। ਅੱਠ ਕੁ ਵਜੇ ਜਦੋਂ ਕੰਮ ਠੰਢਾ ਹੋ ਗਿਆ, ਮੈਨੂੰ ਲੰਮਾ ਟ੍ਰਿੱਪ ਮਿਲ ਗਿਆ। ਫਿਰ ਕੀ ਸੀ! ‘ਨਿਊ ਯੀਅਰ’ ਦੀ ਇਹ ਸਵੇਰ ਹੋਰ ਵੀ ਚੰਗੀ ਚੰਗੀ ਹੋ ਗਈ। ਨੌਂ ਕੁ ਵਜੇ ਭੋਲੇ ਦਾ ਫੋਨ ਆ ਗਿਆ। ਫੋਨ ‘ਤੇ ਆਇਆ ਉਸ ਦਾ ਨੰਬਰ ਪੜ੍ਹ ਕੇ ਮੈਂ ਸੋਚਿਆ ਕਿ ਇਹ ਐਡੀ ਛੇਤੀ ਜਾਗ ਵੀ ਪਿਆ। ਚਾਰ ਵਜੇ ਤੱਕ ਤਾਂ ਉਸ ਨੇ ਟੈਕਸੀ ਚਲਾਉਣੀ ਸੀ। ਫੋਨ ਖੋਲ੍ਹ ਕੇ ਮੈ ਝੱਟ ਕਿਹਾ, “ਹੈਪੀ ਨਿਊ ਯੀਅਰ!”
“ਕਾਹਦੀ ਹੈਪੀ ਨਿਊ ਯੀਅਰ ਯਾਰ! ਰਾਤ ਟੈਕਸੀ ਖਰਾਬ ਹੋ’ਗੀ।”
“ਅੱਛਾ! ਕੀ ਗੱਲ ਹੋ’ਗੀ?” ਮੈਂ ਆਪਣੀ ਸੁਰ ਨੀਵੀਂ ਕਰ ਲਈ।
“ਨੌਂ ਕੁ ਵਜੇ ਬੈਲਟ ਟੁੱਟ’ਗੀ।”
“ਫਿਰ?”
“ਫਿਰ ਕੀ। ਉਸ ਵੇਲੇ ਕੋਈ ਮਕੈਨਿਕ ਵੀ ਨ੍ਹੀਂ ਮਿਲਿਆ। ਟੈਕਸੀ ਆਲੇ ਗਰਾਜ ‘ਚ ਲਿਜਾਣ ਲਈ ਘੰਟੇ ਬਾਅਦ ਟੋਅ ਟਰੱਕ ਵਾਲਾ ਆਇਆ। ਉਹ ਘੰਟਾ ਮੈਨੂੰ ਈ ਪਤੈ, ਕਿਵੇਂ ਕੱਢਿਐ। ਖਰਾਬ ਵੀ ਸਾਲ਼ੀ ਜਵ੍ਹਾਂ ਸਕਾਈ ਟ੍ਰੇਨ ਸਟੇਸ਼ਨ ਦੇ ਸਾਹਮਣੇ ਹੋਈ। ਟੈਕਸੀ ਖੜ੍ਹੀ ਦੇਖ ਕੇ ਮਿੰਟ ਬਾਅਦ ਆ ਕੇ ਈ ਕੋਈ ਨਾ ਕੋਈ ਪੁੱਛ ਲਿਆ ਕਰੇ, ਬਈ ਚੱਲਣੈ? ਛੁਰੀਆਂ ਚੱਲਣ ਕਲੇਜੇ ‘ਤੇ ਜਦੋਂ ਆਖਣਾ ਪਿਆ ਕਰੇ, ਬਈ ਖਰਾਬ ਐ।”
ਮੈਥੋਂ ਸਵੇਰ ਵਾਲੇ ਪਹਿਲੇ ਟ੍ਰਿੱਪ ਵਾਲੀ ਉਡੀਕ ਨਹੀਂ ਸੀ ਝੱਲੀ ਗਈ, ਨਾਲੇ ਸਵਾਰੀ ਨਾਲ ਸੀ, ਤੇ ਮੀਟਰ ਵੀ ਚੱਲਦਾ ਸੀ। ਤੇ ਭੋਲੇ ਨੇ ਉਹ ਘੜੀਆਂ ਕਿਵੇਂ ਕੱਢੀਆਂ ਹੋਣਗੀਆਂ, ਇਸ ਦਾ ਅੰਦਾਜ਼ਾ ਮੈਂ ਸਹਿਜੇ ਹੀ ਲਾ ਸਕਦਾ ਸਾਂ।