ਨੀਰ ਵਾਕਣ ਵਗ ਰਹੀ ਹੈ ਜ਼ਿੰਦਗੀ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਜਸਵੀਰ ਦਾ ਬਸ ਇਹੀ ਗੁਨਾਹ ਸੀ ਕਿ ਉਹਨੇ ਚੜ੍ਹਦੀ ਉਮਰੇ ਅਮੀਰ ਘਰ ਦੀ ਧੀ ਨਾਲ ਦਿਲ ਵਟਾ ਲਿਆ ਸੀ। ਦਸਵੀਂ ਵਿਚ ਉਹਨੂੰ ਨਾਲ ਪੜ੍ਹਦੀ ਜਿੰਦਰੋ ਨਾਲ ਪਿਆਰ ਹੋ ਗਿਆ ਜਿਸ ਦੀਆਂ ਬਾਤਾਂ ਸਕੂਲ ਦੇ ਹੋਰ ਮੁੰਡੇ-ਕੁੜੀਆਂ ਦੇ ਮੂੰਹੋਂ ਹੋਣ ਲੱਗੀਆਂ। ਫਿਰ ਇਹ ਗੱਲਾਂ ਜਿੰਦਰੋ ਦੇ ਘਰ ਪਹੁੰਚ ਗਈਆਂ। ਜਸਵੀਰ ਤੇ ਜਿੰਦਰੋ ਨੂੰ ਡਰਾਵੇ ਦਿੱਤੇ ਗਏ, ਪਰ ਪਿਆਰ ਦੇ ਪਾਂਧੀ ਆਪਣੀ ਮੰਜ਼ਿਲ ਵੱਲ ਤੁਰਦੇ ਗਏ।
ਦਸਵੀਂ ਦੇ ਇਮਤਿਹਾਨ ਹੋ ਗਏ, ਵਿਛੜਨ ਦਾ ਦਿਨ ਵੀ ਆ ਗਿਆ।

ਅਗਲੀ ਮੁਲਾਕਾਤ ਲਈ ਸੰਗਰਾਂਦ ਦਾ ਦਿਨ ਚੁਣ ਲਿਆ। ਜਿੰਨਾ ਚਿਰ ਦਸਵੀਂ ਦਾ ਨਤੀਜਾ ਨਾ ਆਇਆ, ਉਹ ਗੁਰਦੁਆਰੇ ਮਿਲਦੇ ਰਹੇ। ਫਿਰ ਅਗਲੀ ਪੜ੍ਹਾਈ ਲਈ ਸੁਧਾਰ ਕਾਲਜ ਜਾ ਦਾਖਲ ਹੋਏ। ਵਿਛੜੇ ਪ੍ਰੇਮੀ ਫਿਰ ਮਿਲ ਪਏ। ਜਸਵੀਰ ਲਈ ਕਾਲਜ ਦਾਖਲਾ ਲੈਣਾ ਔਖਾ ਸੀ, ਪਰ ਉਸ ਦੇ ਮਾਮੇ ਨੇ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕ ਲਈ।
ਜਿੰਦਰੋ ਦੇ ਪਿੰਡ ਦੇ ਇਕ ਮੁੰਡੇ ਨੇ ਉਸ ਦੇ ਭਰਾਵਾਂ ਕੋਲ ਚੁਗਲੀ ਕਰ ਦਿੱਤੀ। ਪੈਸੇ ਦੇ ਜ਼ੋਰ ਜਸਵੀਰ ਨੂੰ ਪੁਲਿਸ ਹੱਥੋਂ ਚੁਕਵਾ ਲਿਆ। ਪਿੰਡ ਖਬਰ ਫੈਲ ਗਈ ਕਿ ਜਸਵੀਰ ਨੂੰ ਹੰਢਾਇਆ ਵਾਲੇ ਸੰਤ ਰਾਮ ਨੇ ਚੁੱਕ ਲਿਆ ਜਿਥੋਂ ਬੰਦੇ ਦਾ ਬਚ ਕੇ ਆਉਣਾ ਮੁਸ਼ਕਿਲ ਸੀ।
ਕਈ ਦਿਨ ਤਾਂ ਪਤਾ ਹੀ ਨਾ ਲੱਗਾ ਕਿ ਉਹ ਹੈ ਕਿਥੇ? ਹੌਲੀ-ਹੌਲੀ ਜਸਵੀਰ ਦੇ ਬਾਪੂ ਨੂੰ ਪਤਾ ਲੱਗਾ ਕਿ ਕਹਾਣੀ ਕੀ ਹੈ? ਉਹ ਪਿੰਡ ਦੇ ਚਾਰ-ਪੰਜ ਬੰਦੇ ਲੈ ਕੇ ਜਿੰਦਰੋ ਦੇ ਘਰ ਗਿਆ। ਪੁੱਤ ਦੀ ਜਾਨ ਦੀ ਭੀਖ ਮੰਗੀ। ਜਿੰਦਰੋ ਦੇ ਭਰਾ ਇਕ ਸ਼ਰਤ ‘ਤੇ ਉਹਨੂੰ ਛੁਡਾਉਣ ਲਈ ਤਿਆਰ ਹੋ ਗਏ ਕਿ ਉਹ ਕਾਲਜ ਨਹੀਂ ਵੜੇਗਾ। ਪਿਉ ਨੂੰ ਪੜ੍ਹਾਈ ਨਾਲੋਂ ਪੁੱਤ ਦੀ ਜਾਨ ਪਿਆਰੀ ਸੀ। ਜਿੰਦਰੋ ਦੇ ਭਰਾਵਾਂ ਨੇ ਸੰਤ ਰਾਮ ਦੇ ਖੂਨੀ ਪਿੰਜਰੇ ਵਿਚੋਂ ਜਸਵੀਰ ਦੀ ਜਾਨ ਛੁਡਾ ਦਿੱਤੀ। ਪੁਲਿਸ ਦੇ ਤਸ਼ੱਦਦ ਨੇ ਉਸ ਦਾ ਸਰੀਰ ਪਿੰਜ ਕੇ ਰੱਖ ਦਿੱਤਾ ਸੀ।
ਜਸਵੀਰ ਦੇ ਦਾਦੇ ਦੀ ਪੁਰਾਣੀ ਹਵੇਲੀ ਦੀ ਇਕ ਨੁਕਰੇ ਲਾਲਾ ਤਿਲਕ ਰਾਜ ਕਰਿਆਨੇ ਦੀ ਹੱਟੀ ਕਰਦਾ ਸੀ। ਜਸਵੀਰ ਸਮਾਂ ਬਤੀਤ ਕਰਨ ਲਈ ਉਸ ਕੋਲ ਬੈਠ ਅਖਬਾਰ ਪੜ੍ਹ ਲੈਂਦਾ। ਕਾਲੇ ਦਿਨਾਂ ਦੀ ਖੂਨੀ ਹਨੇਰੀ ਵਿਚ ਕਈ ਹਿੰਦੂ ਪਰਿਵਾਰ ਮੌਤ ਦੀ ਬੁੱਕਲ ਵਿਚ ਜਾ ਪਏ ਸਨ। ਡਰਦਾ ਤਿਲਕ ਰਾਜ ਆਪਣਾ ਕਾਰੋਬਾਰ ਅਤੇ ਘਰ ਵੇਚ ਕੇ ਆਪਣੇ ਪੁੱਤਰਾਂ ਕੋਲ ਦਿੱਲੀ ਜਾਣਾ ਚਾਹੁੰਦਾ ਸੀ। ਇਕ ਦਿਨ ਉਹਨੇ ਜਸਵੀਰ ਨਾਲ ਆਪਣੀ ਹੱਟੀ ਵੇਚਣ ਦੀ ਗੱਲ ਤੋਰੀ। ਤਿਲਕ ਰਾਜ ਦੀ ਹੱਟੀ ਪਿੰਡ ਦੀ ਹਰ ਜ਼ਰੂਰਤ ਪੂਰੀ ਕਰਦੀ ਸੀ। ਜਸਵੀਰ ਨੇ ਬਾਪ ਨਾਲ ਰਾਇ ਕੀਤੀ। ਬਾਪੂ ਕਹੇ, “ਸਾਡੇ ਕੋਲੋਂ ਪਿੰਡ ਦੀ ਜੀ-ਹਜ਼ੂਰੀ ਨਹੀਂ ਹੋਣੀ।” ਫਿਰ ਮਾਮੇ ਦੀ ਸਲਾਹ ਨਾਲ ਜਸਵੀਰ ਨੇ ਹੱਟੀ ਦਾ ਕੰਮ ਸਮਝਿਆ ਤੇ ਤਿਲਕ ਰਾਜ ਦਾ ਘਰ ਤੇ ਹੱਟੀ ਖਰੀਦ ਲਈ। ਇਸ਼ਕ ਦੀ ਖੇਡ ਵਿਚ ਉਡਦਾ ਪਰਿੰਦਾ ਹੱਟੀ ਨੁਮਾ ਜੇਲ੍ਹ ਵਿਚ ਕੈਦ ਹੋ ਗਿਆ, ਪਰ ਸ਼ਹਿਰੋਂ ਸਾਮਾਨ ਲਿਆਉਣ ਦੇ ਬਹਾਨੇ ਉਹ ਜਿੰਦਰੋ ਨੂੰ ਮਿਲ ਆਉਂਦਾ। ਜਦੋਂ ਜਿੰਦਰੋ ਦੇ ਭਰਾਵਾਂ ਨੂੰ ਪਤਾ ਲੱਗਿਆ, ਉਨ੍ਹਾਂ ਜਿੰਦਰੋ ਦਾ ਵਿਆਹ ਕਰਨ ਵਿਚ ਹੀ ਭਲੀ ਸਮਝੀ। ਜਿੰਦਰੋ ਦੀ ਭੂਆ ਨੇ ਉਸ ਦਾ ਰਿਸ਼ਤਾ ਆਪਣੇ ਸਹੁਰੀਂ ਕੈਨੇਡਾ ਤੋਂ ਆਏ ਮੁੰਡੇ ਨਾਲ ਕਰ ਦਿੱਤਾ। ਜਿੰਦਰੋ ਨੇ ਬਥੇਰਾ ਰੌਲਾ ਪਾਇਆ ਕਿ ਕੈਨੇਡਾ ਨਹੀਂ ਜਾਣਾ, ਜਸਵੀਰ ਨਾਲ ਵਿਆਹ ਲਈ ਵੀ ਕਿਹਾ, ਪਰ ਉਸ ਦੇ ਭਰਾ ਨਹੀਂ ਮੰਨੇ। ਉਸ ਦਾ ਕੈਨੇਡਾ ਵਾਲੇ ਮੁੰਡੇ ਨਾਲ ਵਿਆਹ ਕਰ ਦਿੱਤਾ। ਉਹ ਵਿਆਹ ਤੋਂ ਪਹਿਲਾਂ ਜਸਵੀਰ ਨੂੰ ਮਿਲੀ ਅਤੇ ਕਿਹਾ, “ਆਪਾਂ ਕੋਰਟ ਮੈਰਿਜ ਕਰਵਾ ਲਈਏ।” ਪਰ ਜਸਵੀਰ ਨੇ ਪਿਆਰ ਦੀ ਕੁਰਬਾਨੀ ਦੇ ਦਿੱਤੀ। ਦੋਵੇਂ ਜਿਉਂਦੀਆਂ ਲਾਸ਼ਾਂ ਬਣ ਕੇ ਇਕ ਦੂਜੇ ਦੇ ਗਲ ਲੱਗੇ ਤੇ ਵਿਛੜ ਗਏ।
ਤਿਲਕ ਰਾਜ ਦੇ ਦੱਸੇ ਨੁਸਖਿਆਂ ਉਤੇ ਚੱਲਦਾ ਜਸਵੀਰ ਹੱਟੀ ਵਿਚੋਂ ਚੰਗੀ ਕਮਾਈ ਕਰਨ ਲੱਗ ਪਿਆ। ਨਾਲ ਹੀ ਉਹਨੇ ਛੋਟੇ ਭਰਾ ਕੁਲਵੀਰ ਨੂੰ ਦੁੱਧ ਦੀ ਡੇਅਰੀ ਖੁਲ੍ਹਵਾ ਦਿੱਤੀ। ਲੋਕ ਦੁੱਧ ਦੇ ਪੈਸਿਆਂ ਨਾਲ ਹੀ ਘਰ ਦਾ ਸਾਮਾਨ ਜਸਵੀਰ ਦੀ ਹੱਟੀਓਂ ਲੈ ਜਾਂਦੇ।
ਦੋਹਾਂ ਭਰਾਵਾਂ ਦੀ ਮਿਹਨਤ ਰੰਗ ਲਿਆਈ। ਜੱਟਾਂ ਦੇ ਪੁੱਤਾਂ ਨੇ ਤਿਲਕ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਉਧਰ ਜਿੰਦਰੋ ਡੋਲੀ ਬੈਠ ਗਈ, ਪਰ ਉਹ ਕੈਨੇਡਾ ਵਾਲੇ ਦੀ ਨਾ ਬਣ ਸਕੀ। ਕੈਨੇਡਾ ਵਾਲੇ ਨੂੰ ਉਥੇ ਜਸਵੀਰ ਦਾ ਕੋਈ ਗਰਾਈਂ ਮਿਲ ਪਿਆ ਜਿਸ ਨੇ ਜਸਵੀਰ ਤੇ ਜਿੰਦਰੋ ਦੀ ਕਹਾਣੀ ਖੋਲ੍ਹ ਸੁਣਾਈ। ਉਸ ਨੇ ਜਿੰਦਰੋ ਦੇ ਪੇਪਰ ਹੀ ਨਾ ਭਰੇ, ਪਰ ਸਾਲ ਬਾਅਦ ਪਿੰਡ ਜਾ ਕੇ ਉਸ ਦੇ ਹੁਸਨ ਨਾਲ ਖੇਡ ਜ਼ਰੂਰ ਆਉਂਦਾ। ਜਸਵੀਰ ਵਿਆਹ ਤੋਂ ਬਾਅਦ ਜਿੰਦਰੋ ਨੂੰ ਕਦੇ ਵੀ ਨਹੀਂ ਮਿਲਿਆ, ਪਰ ਉਸ ਦਾ ਸੁੱਖ ਸੁਨੇਹਾ ਲੱਭ ਲੈਂਦਾ।
ਕਾਰੋਬਾਰ ਵਿਚ ਹੋਈ ਤਰੱਕੀ ਤੋਂ ਬਾਅਦ ਜਸਵੀਰ ਨੂੰ ਰਿਸ਼ਤੇ ਆਉਣ ਲੱਗੇ, ਪਰ ਉਹ ਨਾਂਹ ਕਰ ਦਿੰਦਾ। ਜਸਵੀਰ ਦੀ ਨਾਂਹ ਦੀ ਖਬਰ ਜਿੰਦਰੋ ਦੇ ਕੰਨੀਂ ਪੈ ਗਈ। ਉਸ ਨੇ ਜਸਵੀਰ ਨੂੰ ਰਾਏਕੋਟ ਦੇ ਮੇਲੇ ‘ਤੇ ਸੱਦ ਲਿਆ। ਦੋਵੇਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਾ ਕੇ ਮਿਲੇ।
“ਕੋਈ ਗੱਲ ਵੀ ਕਰ ਲਵੋ ਕਿ ਮੀਂਹ ਹੀ ਵਰਸਾਈ ਜਾਣਾ ਹੈ।” ਜਿੰਦਰੋ ਦੀ ਸਹੇਲੀ ਦੇਬੋ ਨੇ ਕਿਹਾ।
“ਜੇ ਤੂੰ ਘੇਰਾ ਛੱਡੇਗੀਂ ਤਾਂ ਹੀ ਕੋਈ ਗੱਲ ਕਰਾਂਗੇ।” ਜਸਵੀਰ ਨੇ ਕਿਹਾ।
“ਅੱਛਾ ਜੀ! ਜਨਾਬ ਨੂੰ ਸਾਡਾ ਦੁੱਖ ਹੈ। ਲਓ ਜੀ, ਅਸੀਂ ਖਿਸਕ ਜਾਨੇ ਆਂ।” ਦੇਬੋ ਨੇ ਗੁੱਤ ਦੀ ਸੱਪਣੀ ਬਣਾਈ ਤੇ ਤੰਬੂ ਵਿਚੋਂ ਬਾਹਰ ਹੋ ਗਈ।
“ਬੜੀ ਕਮਲੀ ਕੁੜੀ ਐ।” ਜਿੰਦਰੋ ਨੇ ਕਹਿ ਕੇ ਨੀਵੀਂ ਪਾ ਲਈ।
ਜਸਵੀਰ ਨੇ ਦੋਹਾਂ ਬਾਹਾਂ ਦਾ ਹਾਰ ਜਿੰਦਰੋ ਦੇ ਗਲ ਪਾ ਲਿਆ। ਦਿਲਾਂ ਦੀਆਂ ਧੜਕਣਾਂ ਦੀ ਕਿੰਨਾ ਚਿਰ ਗਲਫੜੀ ਪਈ ਰਹੀ। ਮਸਾਂ ਸੁੱਕੀ ਧਰਤੀ ‘ਤੇ ਇੰਦਰ ਦੇਵਤਾ ਦਿਆਲ ਹੋਇਆ ਸੀ!
“ਕੀ ਗੱਲ, ਬੇਬੇ ਨੂੰ ਨੂੰਹ ਕਿਉਂ ਨਹੀਂ ਲਿਆ ਕੇ ਦਿੰਦੇ?” ਜਿੰਦਰੋ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਪੁੱਛਿਆ।
“ਬੇਬੇ ਦੀ ਨੂੰਹ ਤਾਂ ਪਹਿਲਾਂ ਹੀ ਬੇਗਾਨੀ ਹੋ ਗਈ, ਹੁਣ ਕਿਥੋਂ ਲਿਆ ਦਿਆਂ?” ਜਸਵੀਰ ਨੇ ਮੋੜਾ ਦਿੱਤਾ।
“ਨੂੰਹ ਬੇਗਾਨੀ ਨਹੀਂ ਹੋਈ, ਤੁਸੀਂ ਬੇਗਾਨੀ ਕਰ ਗਏ ਸੀ। ਮੈਨੂੰ ਤਾਂ ਭਲਾ ਹੁਣ ਲੈ ਚੱਲ।” ਜਿੰਦਰੋ ਨੇ ਜਸਵੀਰ ਨੂੰ ਲਲਕਾਰਿਆ।
“ਤੂੰ ਬੇਗਾਨੀ ਨਹੀਂ, ਮੇਰੀ ਐਂ। ਇਸੇ ਲਈ ਮੈਂ ਵਿਆਹ ਨੂੰ ‘ਹਾਂ’ ਨਹੀਂ ਕਰ ਰਿਹਾ।”
ਦੋਵੇਂ ਕਿੰਨਾ ਚਿਰ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਰਹੇ। ਦੇਬੋ ਅਖਬਾਰ ਉਤੇ ਜਲੇਬੀਆਂ ਰੱਖੀ ਆਣ ਪਹੁੰਚੀ, “ਲੈ ਜੀਜਾ! ਖਾਹ ਤੱਤੀਆਂ ਤੱਤੀਆਂ ਜਲੇਬੀਆਂ।”
ਤਿੰਨਾਂ ਨੇ ਖੁਸ਼ ਹੋ ਕੇ ਜਲੇਬੀਆਂ ਖਾਧੀਆਂ ਅਤੇ ਫਿਰ ਹੰਝੂਆਂ ਸੰਗ ਵਿਦਾ ਹੋ ਗਏ।
ਜਿੰਦਰੋ ਜਿਸ ਦਿਨ ਦੀ ਜਸਵੀਰ ਨੂੰ ਮਿਲ ਕੇ ਆਈ ਸੀ, ਉਡੂੰ-ਉਡੂੰ ਕਰਦੀ ਸੀ। ਉਸ ਨੇ ਖੁਸ਼ੀਆਂ ਦੀ ਬੁੱਕਲ ਦਾ ਅਜੇ ਪੂਰਾ ਨਿੱਘ ਵੀ ਨਹੀਂ ਸੀ ਮਾਣਿਆ ਕਿ ਕੈਨੇਡਾ ਤੋਂ ਖਬਰ ਆ ਗਈ ਕਿ ਉਸ ਦਾ ਪਤੀ ਕਾਰ ਐਕਸੀਡੈਂਟ ਵਿਚ ਮਾਰਿਆ ਗਿਆ ਹੈ। ਇਹ ਖਬਰ ਜਸਵੀਰ ਨੂੰ ਵੀ ਮਿਲੀ। ਉਹ ਜਿੰਦਰੋ ਨੂੰ ਉਸ ਦੇ ਘਰ ਮਿਲ ਕੇ ਆਇਆ ਤੇ ਹੌਸਲਾ ਦਿੱਤਾ।
ਤਿਲਕ ਰਾਜ ਦਾ ਪਿੰਡ ਵਿਚ ਵਿਆਜੂ ਰੁਪਇਆ ਬਹੁਤ ਵੰਡਿਆ ਹੋਇਆ ਸੀ। ਛੇ ਮਹੀਨਿਆਂ ਬਾਅਦ ਹਾੜ੍ਹੀ-ਸਾਉਣੀ ਉਹ ਦਿੱਲੀਓਂ ਆ ਕੇ ਉਗਰਾਹੀ ਕਰ ਜਾਂਦਾ। ਐਤਕੀਂ ਨਾਲ ਉਸ ਦਾ ਛੋਟਾ ਪੁੱਤ ਵੀ ਆਇਆ। ਉਹ ਜਸਵੀਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਸ਼ਾਮ ਦੀ ਚਾਹ ਵੇਲੇ ਤਿਲਕ ਰਾਜ ਦਾ ਪੁੱਤ ਪਵਨ, ਜਸਵੀਰ ਨੂੰ ਕਹਿੰਦਾ, “ਜਸਵੀਰ! ਜੇ ਅਮਰੀਕਾ ਜਾਣੈ ਤਾਂ ਸਵੇਰੇ ਹੀ ਤਿਆਰ ਹੋ ਜਾ, ਪਰਸੋਂ ਨੂੰ ਤੇਰੀ ਫਲੈਟ ਹੋ ਜਾਊ। ਮੇਰਾ ਇਕ ਬੰਦਾ ਘਟਦੈ।”
“ਬਾਈ! ਤੂੰ ਏਜੰਟ ਕਦੋਂ ਬਣ ਗਿਆ?”
“ਤੂੰ ਬਹੁਤੀ ਗੱਲ ਨਾ ਕਰ, ਚਾਚੇ ਨਾਲ ਰਾਇ ਕਰ ਲੈ ਤੇ ਮੇਰੇ ਨਾਲ ਤੁਰ।” ਪਵਨ ਬੋਲਿਆ।
“ਕਿੰਨੇ ਪੈਸੇ ਤੇ ਕਦੋਂ?” ਜਸਵੀਰ ਨੇ ਹੈਰਾਨੀ ਨਾਲ ਪੁੱਛਿਆ।
“ਮੈਂ ਪੈਸਿਆਂ ਦੀ ਗੱਲ ਕੀਤੀ ਐ ਕੋਈ? ਪੈਸਾ ਕੋਈ ਨਹੀਂ, ਜਦੋਂ ਪਹੁੰਚ ਗਿਆ ਤਾਂ ਕੰਮ ਲੱਗ ਕੇ ਮੋੜ ਦੇਵੀਂ।” ਪਵਨ ਨੇ ਕਿਹਾ।
ਹਫਤੇ ਵਿਚ ਜਸਵੀਰ ਨਿਊ ਯਾਰਕ ਆਪਣੇ ਮਾਮੇ ਦੇ ਪੁੱਤ ਕੋਲ ਸੀ। ਉਸ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹ ਸੱਚਮੁੱਚ ਅਮਰੀਕਾ ਬੈਠਾ ਹੈ। ਜਿੰਦਰੋ ਨੂੰ ਪਤਾ ਲੱਗਿਆ, ਪਹਿਲਾਂ ਤਾਂ ਉਹ ਗੁੱਸੇ ਹੋਈ ਕਿ ਬਿਨ ਮਿਲਿਆਂ ਭੱਜ ਗਿਆ, ਪਰ ਜਦੋਂ ਅਸਲ ਗੱਲ ਦਾ ਪਤਾ ਲੱਗਿਆ ਤਾਂ ਖੁਸ਼ ਹੋ ਗਈ। ਜਸਵੀਰ ਨੇ ਵੀ ਗਜ ਲੰਮੀ ਚਿੱਠੀ ਪਾਈ ਸੀ। ਮੁਰਝਾਏ ਫੁੱਲਾਂ ‘ਤੇ ਫਿਰ ਬਹਾਰ ਆਉਣ ਲੱਗੀ।
ਜਸਵੀਰ ਦੇ ਮਾਮੇ ਨੇ ਗੋਰੀ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ। ਮਹੀਨਿਆਂ ਵਿਚ ਹੀ ਗਰੀਨ ਕਾਰਡ ਮਿਲ ਗਿਆ। ਉਹਨੇ ਦੱਬ ਕੇ ਕਮਾਈ ਕੀਤੀ। ਪਵਨ ਨੇ ਸਿਰਫ ਤਿੰਨ ਲੱਖ ਰੁਪਏ ਹੀ ਲਏ। ਤਿੰਨ ਸਾਲ ਬਾਅਦ ਉਹ ਦਸ ਸਾਲ ਦਾ ਗਰੀਨ ਕਾਰਡ ਲੈ ਕੇ ਪਿੰਡ ਗਿਆ। ਸਮਾਂ ਬਦਲ ਚੁੱਕਾ ਸੀ। ਮਹਿਲਾਂ ਦੀ ਥਾਂ ਕੁੱਲੀਆਂ ਤੇ ਕੁੱਲੀਆਂ ਵਾਲੀ ਥਾਂ ਮਹਿਲ ਉਸਰ ਗਏ ਸਨ।
ਬਾਪੂ ਨੇ ਜਸਵੀਰ ਦੇ ਵਿਆਹ ਦੀ ਗੱਲ ਤੋਰੀ ਤਾਂ ਜਸਵੀਰ ਕਹਿੰਦਾ ਕਿ ਕੁੜੀ ਮੇਰੀ ਦੇਖੀ ਹੋਈ ਹੈ। ਜਦੋਂ ਬਾਪੂ ਨੂੰ ਜਿੰਦਰੋ ਦਾ ਪਤਾ ਲੱਗਿਆ ਤਾਂ ਉਸ ਨੇ ਸੱਤੀਂ ਕੱਪੜੀਂ ਅੱਗ ਲੱਗ ਗਈ।
“ਤੈਨੂੰ ਪਤੈ, ਉਸ ਦੇ ਭਰਾਵਾਂ ਨੇ ਤੇਰਾ ਕੀ ਹਾਲ ਕੀਤਾ ਸੀ।” ਬਾਪੂ ਨੇ ਕਿਹਾ।
“ਉਹ ਗੱਲਾਂ ਉਸ ਸਮੇਂ ਦੀਆਂ ਸਨ, ਹੁਣ ਸਮਾਂ ਬਦਲ ਗਿਆ ਹੈ। ਹੁਣ ਤੇਰੇ ਪੁੱਤ ਦੇ ਨਾਂ ਪਿਛੇ ਯੂæਐਸ਼ਏæ ਲੱਗਦੈ।” ਜਸਵੀਰ ਬੋਲਿਆ।
“ਵੇ ਪੁੱਤ! ਉਹ ਤਾਂ ਵਿਧਵਾ ਹੈ। ਤੈਨੂੰ ਕੁੜੀਆਂ ਦਾ ਘਾਟਾ।” ਮਾਂ ਨੇ ਆਪਣੀ ਸਿਆਣਪ ‘ਚੋਂ ਕਿਹਾ।
“ਕੁਝ ਵੀ ਹੋ ਜਾਵੇ, ਮੈਂ ਜਿੰਦਰੋ ਨਾਲ ਵਿਆਹ ਕਰਵਾਉਣੈ।” ਜਸਵੀਰ ਦੀ ਜਿਦ ਅੱਗੇ ਸਾਰੇ ਝੁਕ ਗਏ। ਜਦੋਂ ਜਿੰਦਰੋ ਦੇ ਘਰ ਜਸਵੀਰ ਗਿਆ ਤਾਂ ਉਹਦੇ ਘਰਵਾਲੇ ਅੱਗੇ ਹੱਥ ਜੋੜ ਕੇ ਖੜ੍ਹ ਗਏ। ਕਹਿੰਦੇ, “ਰੱਬ ਕਦੇ ਦੇਖਿਆ ਤਾਂ ਨਹੀਂ, ਪਰ ਤੂੰ ਰੱਬ ਬਣ ਬਹੁੜਿਐਂ। ਜਿੰਦਰੋ ਤੇਰੀ ਸੀ, ਤੇਰੀ ਰਹੇਗੀ। ਅਸੀਂ ਅਮੀਰੀ ਦੀ ਤਲਵਾਰ ਨਾਲ ਵੀ ਪਿਆਰ ਦੇ ਟੋਟੇ ਨਹੀਂ ਕਰ ਸਕੇ, ਪਰ ਤੈਂ ਨਿਮਰਤਾ ਤੇ ਸਬਰ ਨਾਲ ਗਰੀਬੀ ‘ਤੇ ਜਿੱਤ ਪ੍ਰਾਪਤ ਹੀ ਨਹੀਂ ਕੀਤੀ, ਸਗੋਂ ਸਾਡੇ ਵਰਗਿਆਂ ਨੂੰ ਵੀ ਖੂਨ ਨਾਲ ਹੱਥ ਰੰਗਣ ਤੋਂ ਰੋਕਣ ਦੀ ਸਿੱਖਿਆ ਦਿੱਤੀ ਹੈ।”
“ਜਸਵੀਰ ਸਿਆਂ! ਲੋਕ ਕਹਿ ਤਾਂ ਦਿੰਦੇ ਆ ਕਿ ਪੈਸਾ ਹੱਥਾਂ ਦੀ ਮੈਲ ਹੈ, ਪਰ ਪੈਸੇ ਤੋਂ ਬਿਨਾਂ ਗੱਲ ਬਣਦੀ ਵੀ ਨਹੀਂ। ਜੇ ਅਮਰੀਕਾ ਨਾ ਜਾਂਦਾ ਤਾਂ ਜਿੰਦਰੋ ਤੈਨੂੰ ਨਹੀਂ ਸੀ ਮਿਲਣੀ।” ਪਵਨ ਨੇ ਕਿਹਾ।
ਮਾਂ ਜਦੋਂ ਪਾਣੀ ਵਾਰ ਕੇ ਪੀਣ ਲੱਗੀ, ਜਸਵੀਰ ਨੇ ਜਿੰਦਰੋ ਨੂੰ ਚੂੰਢੀ ਵੱਢੀ, “ਮਾਂ ਦੇਖ ਲੈ ਆਪਣੀ ਨੂੰਹ, ਵਿਆਹ ਲਿਆਂਦੀ ਨਾ ਫਿਰ ਵਾਹਿਗੁਰੂ ਦੀ ਮਿਹਰ ਨਾਲ।”