ਪੰਜਾਬੀਆਂ ਨੇ ਹੁਣ ਕਾਨਪੁਰੀ ਰਿਵਾਲਵਰਾਂ ਲਈ ਕਤਾਰਾਂ ਬੰਨ੍ਹੀਆਂ

ਚੰਡੀਗੜ੍ਹ: ਪੰਜਾਬ ਦੇ ਲੋਕਾਂ ‘ਚ ਹਥਿਆਰ ਰੱਖਣ ਦਾ ਸ਼ੌਕ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਵਿਚ ਕਾਨਪੁਰੀ ਰਿਵਾਲਵਰਾਂ ਵਿਚ ਪੰਜਾਬੀਆਂ ਨੇ ਖਾਸ ਦਿਲਚਸਪੀ ਵਿਖਾਈ ਹੈ। ਸੂਬੇ ਦੇ 9256 ਲੋਕ ਪਹਿਲੀ ਜਨਵਰੀ, 2005 ਤੋਂ 31 ਦਸੰਬਰ, 2011 ਤੱਕ ਕਾਨਪੁਰ ਦੀ ਸਰਕਾਰੀ ਅਸਲਾ ਫੈਕਟਰੀ ਵਿਚੋਂ 67æ60 ਕਰੋੜ ਰੁਪਏ ਦਾ ਅਸਲਾ ਖਰੀਦ ਚੁੱਕੇ ਹਨ। ਖਾਸਕਰ ਮਾਲਵੇ ਤੇ ਮਾਝੇ ਖ਼ਿੱਤਿਆਂ ਦੇ ਲੋਕ ਹਥਿਆਰਾਂ ਦੇ ਜ਼ਿਆਦਾ ਸ਼ੌਕੀਨ ਹਨ। ਗੁਰਦਾਸਪੁਰ ਜ਼ਿਲ੍ਹੇ ਵਿਚ 35794 ਹਥਿਆਰਾਂ ਦੇ ਲਾਇਸੈਂਸ ਹਨ ਜਦੋਂਕਿ ਬਠਿੰਡਾ ਜ਼ਿਲ੍ਹੇ ਵਿਚ ਇਹ ਗਿਣਤੀ 35152 ਹੈ। ਇਸੇ ਤਰ੍ਹਾਂ ਲੁਧਿਆਣਾ ਵਿਚ 26726 ਤੇ ਮੋਗਾ ਵਿਚ 25801 ਹੈ। ਇਹ ਸਿਰਫ਼ ਉਹ ਅਸਲਾ ਹੈ ਜੋ ਲਾਇਸੈਂਸੀ ਹੈ।
ਕਾਨਪੁਰ ਦੀ ਇਸ ਫੈਕਟਰੀ ਦਾ 32 ਬੋਰ ਦਾ ਰਿਵਾਲਵਰ ਸ਼ੌਕੀਨ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਤੋਂ ਟੈਕਸਾਂ ਦੇ ਰੂਪ ਵਿਚ ਚੰਗੀ ਕਮਾਈ ਵੀ ਹੋਣ ਲੱਗੀ ਹੈ। ਇਸੇ ਤਰ੍ਹਾਂ ਕਲਕੱਤਾ ਤੋਂ 32 ਬੋਰ ਦਾ ਪਿਸਤੌਲ ਵੀ ਪੰਜਾਬੀ ਲੋਕ ਖਰੀਦਦੇ ਆ ਰਹੇ ਹਨ। ਇਹ ਹਥਿਆਰ ਖਰੀਦਣ ਵਾਸਤੇ ਕਈ ਕਈ ਮਹੀਨੇ ਪੰਜਾਬੀਆਂ ਨੂੰ ਲਾਈਨ ਵਿਚ ਲੱਗਣਾ ਪੈਂਦਾ ਹੈ। ਕੇਂਦਰੀ ਰੱਖਿਆ ਮੰਤਰਾਲੇ ਅਧੀਨ ਪੈਂਦੀ ਕਾਨਪੁਰ ਦੀ ਇੰਡੀਅਨ ਆਰਡਨੈਂਸ ਫੈਕਟਰੀ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਮੁਤਾਬਕ ਲੰਘੇ ਸੱਤ ਵਰ੍ਹਿਆਂ ਤੋਂ 32 ਬੋਰ ਦਾ ਰਿਵਾਲਵਰ ਖਰੀਦਣ ਵਾਲੇ ਪੰਜਾਬੀ ਲੋਕਾਂ ਦੀ ਗਿਣਤੀ ਹਰ ਸਾਲ ਵਧ ਹੀ ਰਹੀ ਹੈ।
2005 ਵਿਚ ਪੰਜਾਬ ਦੇ 1177 ਲੋਕਾਂ ਨੇ ਕਾਨਪੁਰ ਦੀ ਇਸ ਅਸਲਾ ਫੈਕਟਰੀ ਤੋਂ 7æ79 ਕਰੋੜ ਰੁਪਏ ਦੇ ਹਥਿਆਰ ਖਰੀਦੇ ਸਨ। ਸਾਲ 2006 ਵਿਚ ਤਕਰੀਬਨ 958 ਲੋਕਾਂ ਨੇ ਛੇ ਕਰੋੜ ਰੁਪਏ ਦੇ 32 ਬੋਰ ਦੇ ਰਿਵਾਲਵਰ ਖਰੀਦੇ। 2007 ਵਿਚ  1112 ਪੰਜਾਬੀਆਂ ਨੇ 7æ85 ਕਰੋੜ ਦੇ ਹਥਿਆਰ ਖਰੀਦ ਕੀਤੇ ਜਦੋਂ ਕਿ ਸਾਲ 2008 ਵਿਚ 8æ59 ਕਰੋੜ ਰੁਪਏ ਖਰਚ ਕੇ 1235 ਲੋਕਾਂ ਨੇ ਹਥਿਆਰ ਖਰੀਦੇ, 2009 ਵਿਚ 1451 ਪੰਜਾਬੀਆਂ ਨੇ 10æ45 ਕਰੋੜ ਰੁਪਏ,  2010 ਵਿਚ 1623 ਨੇ 13æ59 ਕਰੋੜ ਰੁਪਏ ਦੇ ਹਥਿਆਰ ਖਰੀਦ ਕੀਤੇ। ਸਾਲ 2011 ਵਿਚ ਪੰਜਾਬ ਦੇ 1700 ਲੋਕ ਕਾਨਪੁਰ ਤੋਂ ਅਸਲਾ ਲੈ ਕੇ ਆਏ।
ਇਸ ਜਾਣਕਾਰੀ ਮੁਤਾਬਕ ਕਾਨਪੁਰ ਦੇ 32 ਬੋਰ ਦੇ ਰਿਵਾਲਵਰ ਦੀ ਕੀਮਤ ਹਰ ਸਾਲ ਹੀ ਵਧਦੀ ਆ ਰਹੀ ਹੈ। ਪੰਜ ਛੇ ਸਾਲ ਪਹਿਲਾਂ ਇਹ ਰਿਵਾਲਵਰ 56 ਹਜ਼ਾਰ ਰੁਪਏ ਦਾ ਮਿਲਦਾ ਸੀ ਜੋ ਕਿ ਹੁਣ 86 ਹਜ਼ਾਰ ਰੁਪਏ ਦਾ ਮਿਲਦਾ ਹੈ। ਜਿਨ੍ਹਾਂ ਕੋਲ ਅਸਲੇ ਦਾ ਲਾਇਸੈਂਸ ਹੈ, ਉਹ ਸਿੱਧੇ ਕਾਨਪੁਰ ਜਾ ਕੇ ਇਹ ਰਿਵਾਲਵਰ ਖਰੀਦ ਰਹੇ ਹਨ। ਕਈ ਵਾਰੀ ਤਾਂ ਛੇ-ਛੇ ਮਹੀਨੇ ਦੀ ਵੇਟਿੰਗ ਚੱਲਦੀ ਰਹਿੰਦੀ ਹੈ। ਰਿਵਾਲਵਰ ਦੀ ਪੇਸ਼ਗੀ ਬੁਕਿੰਗ ਕਰਾਉਣੀ ਪੈਂਦੀ ਹੈ।ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਲੋਕ ਜ਼ਿਆਦਾਤਰ ਕਾਨਪੁਰੀ ਰਿਵਾਲਵਰ ਖ਼ਰੀਦਦੇ ਹਨ।
ਪੱਛਮੀ ਬੰਗਾਲ ਦੀ ਐਮæਪੀæਐਫ ਅੰਬਰਨਾਥ ਫੈਕਟਰੀ ਤੋਂ ਮਿਲੀ ਸਰਕਾਰੀ ਸੂਚਨਾ ਮੁਤਾਬਕ ਪੰਜਾਬ ਦੇ 687 ਲੋਕਾਂ ਨੇ ਇਸ ਫੈਕਟਰੀ ਤੋਂ ਵੀ 4æ67 ਕਰੋੜ ਰੁਪਏ ਦੇ ਰਿਵਾਲਵਰ ਖਰੀਦੇ ਹਨ। ਸਾਲ 2006 ਵਿਚ ਇਸ ਫੈਕਟਰੀ ਤੋਂ ਸਿਰਫ਼ 31 ਪੰਜਾਬੀਆਂ ਨੇ ਹਥਿਆਰ ਖਰੀਦੇ ਸਨ ਜਦੋਂਕਿ 2008 ਵਿਚ ਇਹ ਗਿਣਤੀ ਵਧ ਕੇ 167 ਹੋ ਗਈ। ਹੁਣ ਹਰ ਸਾਲ 100 ਤੋਂ ਜ਼ਿਆਦਾ ਪੰਜਾਬੀ ਇਸ ਫੈਕਟਰੀ ਤੋਂ ਹਥਿਆਰ ਖਰੀਦ ਰਹੇ ਹਨ।
ਕਾਨਪੁਰ ਤੇ ਕਲਕੱਤਾ ਤੋਂ ਹਥਿਆਰ ਖਰੀਦਣ ਵਾਲਿਆਂ ਵਿਚ ਕਾਫ਼ੀ ਗਿਣਤੀ ਅਫਸਰਾਂ ਤੇ ਨੇਤਾਵਾਂ ਦੀ ਵੀ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀ ਈਸਾਪੁਰ ਫੈਕਟਰੀ ਤੋਂ ਪੰਜ ਵਰ੍ਹਿਆਂ ਦੌਰਾਨ 19 ਪੰਜਾਬੀਆਂ ਨੇ ਹਥਿਆਰ ਖਰੀਦੇ ਜਿਨ੍ਹਾਂ ‘ਤੇ ਪੰਜ ਲੱਖ ਰੁਪਏ ਖਰਚ ਕੀਤੇ ਗਏ।

Be the first to comment

Leave a Reply

Your email address will not be published.