‘ਪੰਜਾਬ ਟਾਈਮਜ਼’ ਨੇ ਬਹਿਸ ਵਾਲਾ ਮਾਹੌਲ ਸਿਰਜਿਆ

ਪਿਆਰੇ ਅਮੋਲਕ,
ਪਿਛਲੇ ਛੇ ਸਾਲਾਂ ਤੋਂ ਅਮਰੀਕਾ ਆਉਂਦੇ-ਜਾਂਦੇ ਰਹਿਣ ਕਾਰਨ ਟੁੱਟਵੇਂ ਜਿਹੇ ਰੂਪ ਵਿਚ ‘ਪੰਜਾਬ ਟਾਈਮਜ਼’ ਨਾਲ ਜੁੜਿਆ ਰਿਹਾ ਹਾਂ। ਮੇਰਾ ਪ੍ਰਭਾਵ ਹੈ ਕਿ ‘ਪੰਜਾਬ ਟਾਈਮਜ਼’ ਪੰਜਾਬੀ ਭਾਈਚਾਰੇ ਦੀ ਸਾਰਥਕ ਨੁਮਾਇੰਦਗੀ ਕਰਦਾ ਹੈ। ਪੰਜਾਬ ਅਤੇ ਭਾਰਤ ਬਾਰੇ ਖ਼ਬਰਾਂ ਨਵੀਂ ਛੋਹ ਦੇ ਕੇ ਨਿਵੇਕਲੀ ਸਮੀਖਿਆ ਸਮੇਤ ਪੇਸ਼ ਕੀਤੀਆਂ ਹੁੰਦੀਆਂ ਹਨ। ਅਜਿਹੀ ਪਹੁੰਚ ਕਾਰਨ ਖ਼ਬਰਾਂ ਦੀ ਪੁਣ-ਛਾਣ ਤਾਂ ਹੋ ਹੀ ਜਾਂਦੀ ਹੈ, ਪੱਤਰਕਾਰੀ ਦਾ ਅਨੁਭਵੀ ਰੰਗ ਵੀ ਸਾਹਮਣੇ ਆਉਂਦਾ ਹੈ। ਪਰਚੇ ਦੀ ਪੜ੍ਹਨ ਸਮੱਗਰੀ ਦੀ ਵੰਨ-ਸੁਵੰਨਤਾ ਹਰ ਤਰ੍ਹਾਂ ਦੇ ਪਾਠਕ ਦੀ ਲੋੜ ਪੂਰੀ ਕਰਦੀ ਹੈ। ਹੋ ਸਕਦਾ ਹੈ ਕਿ ਤੁਹਾਡੇ ‘ਪੰਜਾਬੀ ਟ੍ਰਿਬਿਊਨ’ ਵਾਲੇ ਤਜਰਬਿਆਂ ਦਾ ਅਚੇਤ ਹੀ ਕੁਝ ਹਿੱਸਾ ਇਸ ਵਿਚ ਹੋਵੇ; ਉਂਜ, ਇਹ ਹਕੀਕਤ ਹੈ ਕਿ ਇਸ ਅਖਬਾਰ ਦੀ ਪੱਤਰਕਾਰੀ ਵਿਚ ਮੌਲਿਕਤਾ ਜ਼ਰੂਰ ਹੈ। ਇਹੀ ਕਾਰਨ ਹੈ ਕਿ ਪੱਛਮੀ ਦੇਸ਼ਾਂ ਵਿਚ ਪ੍ਰਕਾਸ਼ਤ ਹੁੰਦੀਆਂ ਅਖ਼ਬਾਰਾਂ ਵਿਚ ਇਹ ਨੰਬਰ ਇਕ ਹੈ।
ਮੰਟੋ ਜਿਹੇ ਮਹਾਨ ਕਥਾਕਾਰ ਨੂੰ ਪੇਸ਼ ਕਰਦਿਆਂ ਇਸ ਨੇ ਅਜਿਹੇ ਸੰਵੇਦਨਸ਼ੀਲ ਚਿੰਤਕ ਨਾਲ ਪਾਠਕਾਂ ਦੀ ਸਾਂਝ ਬਣਾਈ ਹੈ ਜਿਸ ਨੇ ਪੰਜਾਬੀ ਭਾਈਚਾਰੇ ਦੇ ਨਕਸ਼ਾਂ ਦੇ ਵਿਸਰ ਜਾਣ ਦੀ ਪੀੜ ਪੇਸ਼ ਕੀਤੀ ਹੈ। ਮੰਟੋ ਬਾਰੇ ਰਾਜਿੰਦਰ ਸਿੰਘ ਚੀਮਾ ਦਾ ਲੇਖ ਬਹੁਤ ਖੂਬਸੂਰਤ ਲੱਗਾ। ਜਾਪਿਆ ਕਿ ਮੇਰੀ ਪੀੜ੍ਹੀ ਦਾ ਚਿੰਤਕ ਮੰਟੋ ਨਾਲ ਧੁਰ ਅੰਦਰੋਂ ਰੂ-ਬ-ਰੂ ਹੋ ਰਿਹਾ ਹੈ। ਚੀਮਾ ਸਿਆਣਾ ਬੰਦਾ ਹੈ। ਮੈਂ ਲਾਇਲਪੁਰ ਖਾਲਸਾ ਕਾਲਜ ਵਿਚ ਉਸ ਦੇ ਅੰਗ-ਸੰਗ ਰਿਹਾ ਹਾਂ। ਜਿਥੇ ਹੁਣ ਉਹ ਵੱਡਾ ਵਕੀਲ ਬਣ ਗਿਆ ਹੈ, ਉਥੇ ਉਸ ਨੇ ਆਪਣੀ ਸਾਦਗੀ ਦੀ ਸਾਧਾਰਨਤਾ ਕਾਇਮ ਰੱਖੀ ਹੋਈ ਹੈ। ਉਹ ਸਾਹਿਤ ਦਾ ਰਸੀਆ ਹੈ ਅਤੇ ਰਚਨਾਤਮਕ ਪਲ ਹੰਢਾਉਣ ਦੀ ਸਮਰੱਥਾ ਰੱਖਦਾ ਹੈ।
ਤੁਹਾਡਾ ‘ਕਮਲਿਆਂ ਦਾ ਟੱਬਰ’ ਮੇਰਾ ਕਾਫ਼ੀ ਜਾਣਿਆ-ਪਛਾਣਿਆ ਹੈ। ਤੁਹਾਡੇ ‘ਪੰਜਾਬੀ ਟ੍ਰਿਬਿਊਨ’ ਵਿਚ ਗੁਜ਼ਾਰੇ ਦਿਨਾਂ ਵਾਲੇ ਸੀਨੀਅਰ, ਜੂਨੀਅਰ ਸਾਥੀਆਂ ਵਿਚੋਂ ਬਹੁਤਿਆਂ ਦੇ ਨਕਸ਼ ਮੇਰੇ ਜਾਣੇ-ਪਛਾਣੇ ਹਨ। ਹਰਭਜਨ ਹਲਵਾਰਵੀ ਦੇ ਚੰਗੇ-ਮਾੜੇ ਦਿਨਾਂ ਦਾ ਮੈਂ ਵਾਕਫ਼ ਹਾਂ, ਤੇ ਉਸ ਦੇ ਸੁਭਾਅ ਵਿਚਲੀ ਤਰਲਤਾ ਵੀ ਮੈਥੋਂ ਗੁੱਝੀ ਨਹੀਂ ਹੈ। ਸ਼ਾਮ ਸਿੰਘ, ਐਮæਏæ ਕਰਦਿਆਂ ਮੇਰੇ ਨਾਲ ਬੈਂਚ ‘ਤੇ ਬੈਠਦਾ ਰਿਹਾ ਹੈ। ਉਹ ਸੰਵੇਦਨਸ਼ੀਲ ਹੈ ਪਰ ਗੁਰਦਿਆਲ ਬੱਲ ਵਾਂਗ ਫੱਕਰ ਨਹੀਂ। ਉਸ ਕੋਲੋਂ ਨਿਸ਼ੰਗ ਹੋ ਕੇ ਪੈਂਤੜਾ ਅਪਨਾਉਣ ਦੀ ਆਸ ਕਰਨਾ ਸ਼ਾਇਦ ਠੀਕ ਨਾ ਹੋਵੇ।
ਦਲਬੀਰ ਪੱਤਰਕਾਰ ਦੇ ਤੌਰ ‘ਤੇ ਸਿਆਣਾ ਸੀ ਪਰ ਜੋੜ-ਤੋੜ ਵਿਚ ਕੁਝ ਵਧੇਰੇ ਹੀ ਤੇਜ਼ ਸੀ। ਕਾਲਜ ਵਿਚ ਉਹ ਮੇਰਾ ਸਮਕਾਲੀ ਸੀ ਤੇ ਉਸ ਵੇਲੇ ਵੀ ‘ਨਵਾਂ ਜ਼ਮਾਨਾ’ ਵਿਚ ਕੰਮ ਕਰਦਾ ਸੀ। ਉਸ ਦੀ ਪੱਤਰਕਾਰੀ ਦੀ ਸਿਖਲਾਈ ਜਗਜੀਤ ਸਿੰਘ ਆਨੰਦ, ਗੁਰਬਖ਼ਸ਼ ਸਿੰਘ ਬੰਨੋਆਣਾ ਤੇ ਸੁਰਜਨ ਜ਼ੀਰਵੀ ਦੀ ਅਗਵਾਈ ਵਿਚ ਹੋਈ ਸੀ। ਉਸ ਵਿਚ ਮੌਲਿਕ ਪੱਤਰਕਾਰ ਵਾਲੇ ਗੁਣ ਸਨ। ਸ਼ਾਇਦ ਇਹੀ ਕਾਰਨ ਸੀ ਕਿ ਬਰਜਿੰਦਰ ਸਿੰਘ ਹਮਦਰਦ ਉਸ ਨੂੰ ਟ੍ਰਿਬਿਊਨ ਵਿਚ ਲੈ ਗਿਆ ਸੀ।
ਤੁਹਾਡੇ ਟ੍ਰਿਬਿਊਨ ਵੇਲੇ ਦੇ ਤਲਖ ਅਨੁਭਵ ਇਹ ਦੱਸਦੇ ਹਨ ਕਿ ਤੁਹਾਡੇ ਕੰਮ ਸਾਥੀਆਂ ਵਿਚੋਂ ਬਹੁਤੇ ਤੁਹਾਡੇ ਰਾਹਾਂ ਦੇ ਕੰਡੇ ਚੁਗਣ ਦੀ ਥਾਂ ਤੁਹਾਡੇ ਲਈ ਮੁਸ਼ਕਿਲਾਂ ਪੈਦਾ ਕਰਦੇ ਰਹੇ। ਸੰਕਟ ਦਾ ਅਜਿਹਾ ਸਮਾਂ ਸਾਡੇ ਬਹੁਤੇ ਅਦਾਰਿਆਂ ਵਿਚ ਸੁਹਿਰਦ ਤੇ ਇਮਾਨਦਾਰ ਲੋਕਾਂ ਲਈ ਆਉਂਦਾ ਹੀ ਰਹਿੰਦਾ ਹੈ। ਕਈ ਵਾਰੀ ਛੋਟੀ-ਮੋਟੀ ਬੇਪਰਵਾਹੀ ਤੁਹਾਡੇ ਕੈਰੀਅਰ ਦੀ ਪੌੜੀ ਦੇ ਅਗਲੇ ਪੌਡਿਆਂ ਤੱਕ ਪਹੁੰਚਣ ਵਿਚ ਰੁਕਾਵਟ ਬਣ ਜਾਂਦੀ ਹੈ ਪਰ ਆਪਣੀ ਸਦਭਾਵੀ ਤੇ ਪਾਜ਼ਿਟਿਵ ਪਹੁੰਚ ਕਾਰਨ ਤੁਸੀਂ ਅੱਜ ਦੇ ਖੂਬਸੂਰਤ ਮੁਕਾਮ ਤੱਕ ਪਹੁੰਚ ਸਕੇ ਹੋ। ਸੰਕਟ ਵਾਲਾ ਹਰ ਸਮਾਂ ਰੁਕਾਵਟ ਬਣਦਾ ਹੈ ਪਰ ਸ਼ਕਤੀ ਤੇ ਪ੍ਰਤੀਬੱਧਤਾ ਵਿਚ ਵਾਧਾ ਕਰਨ ਵਾਲਾ ਪੜਾਅ ਵੀ ਬਣਦਾ ਹੈ। ਬੀਤ ਚੁੱਕੇ ਦੀ ਕੁੜੱਤਣ ਨੂੰ ਵਿਸਾਰਨ ਲਈ ਸ਼ਾਇਦ ਇਹ ਸ਼ੇਅਰ ਢੁੱਕਵਾਂ ਹੈ,
ਜ਼ਰਾ ਸੀ ਬਾਤ ਪੇ ਬਰਸੋਂ ਕੇ ਯਾਰਾਨੇ ਗਏ।
ਅੱਛਾ ਹੂਆ ਕੁਛ ਲੋਕ ਤੋਂ ਪਹਿਚਾਨੇ ਗਏ।
ਤੁਹਾਡੇ ਅਨੁਭਵ ਨੇ ਇਹ ਪਰਤੱਖ ਕਰ ਵਿਖਾਇਆ ਹੈ ਕਿ ਹਰ ਚੇਤਨ ਮਨੁੱਖ ਲਈ ਜ਼ਿੰਦਗੀ ਦੀ ਕਿਤਾਬ ਹੀ ਸਭ ਤੋਂ ਸਾਰਥਕ ਕਿਤਾਬ ਹੈ। ਤੁਹਾਡੇ ਬੋਲ ਵਿਚ ਜਿਹੜੀ ਰੜਕ ਹੈ, ਲਿਖਤ ਵਿਚ ਜਿਸ ਤਰ੍ਹਾਂ ਦੀ ਦਲੇਰੀ ਹੈ, ਉਹੀ ਤੁਹਾਡੀ ਸ਼ਕਤੀ ਹੈ। ਮੈਂ ਤੁਹਾਡਾ ਸ਼ੁਕਰਗੁਜ਼ਾਰ ਵੀ ਹਾਂ ਕਿ ਤੁਸੀਂ ਮੈਨੂੰ ਕੁਝ ਪੁਰਾਣੇ ਦੋਸਤਾਂ ਨਾਲ ਜੋੜਿਆ ਹੈ। ਪ੍ਰੇਮ ਗੋਰਖੀ ਨਾਲ ਜਲੰਧਰ ਰਹਿੰਦਿਆਂ ਮੇਰੀ ਦੁਆ-ਸਲਾਮ ਰਹੀ ਹੈ। ਉਸ ਦੀਆਂ ਚੰਗੀਆਂ-ਮਾੜੀਆਂ ਗੱਲਾਂ ਸਭ ਉਸ ਦੇ ਜੀਵਨ-ਬੋਧ ਦਾ ਹੀ ਹਿੱਸਾ ਹਨ। ਦਲਜੀਤ ਸਰਾਂ ਤੇ ਕਰਮਜੀਤ ਸਿੰਘ ਨੂੰ ਉਨ੍ਹਾਂ ਦੀਆਂ ਬੁਨਿਆਦੀ ਸ਼ਖ਼ਸੀ ਖੂਬੀਆਂ ਕਰ ਕੇ ਜਾਣਦਾ ਹਾਂ। ਗੁਰਦਿਆਲ ਬੱਲ ਅੰਦਰੋਂ-ਬਾਹਰੋਂ ਇਕ ਹੈ। ਉਸ ਵਰਗਾ ਬੰਦਾ ਜਾਂ ਕਿਸੇ ਦਾ ਦੁਸ਼ਮਣ ਹੋ ਸਕਦਾ ਹੈ ਜਾਂ ਦੋਸਤ; ਵਿਚ-ਵਿਚਾਲੇ ਵਾਲੀ ਗੱਲ ਉਸ ਨੂੰ ਮੇਚ ਨਹੀਂ ਹੈ।
ਪ੍ਰੋæ ਹਰਿੰਦਰ ਸਿੰਘ ਮਹਿਬੂਬ ਬਾਰੇ ਕੁਝ ਸੱਜਣਾਂ ਦੀਆਂ ਟਿੱਪਣੀਆਂ ਵਧੇਰੇ ਨਿੱਜੀ ਹੋ ਗਈਆਂ ਜਾਪਦੀਆਂ ਹਨ। ਮਹਿਬੂਬ ਵਧੀਆ ਇਨਸਾਨ ਸੀ ਤੇ ਵੱਡਾ ਕਵੀ ਵੀ। ਅਜਮੇਰ ਸਿੰਘ ਬਾਰੇ ਬਹਿਸ ਕਰਵਾ ਕੇ ਤੁਸੀਂ ਉਸ ਦੀਆਂ ਪੁਸਤਕਾਂ ਤੇ ਸ਼ਖ਼ਸੀਅਤ ਦੀ ਚੜ੍ਹਤ ਲਈ ਹੀ ਸਹਾਇਕ ਹੋਏ ਹੋ। ਮੈਂ ਬਹੁਤ ਵਰ੍ਹਿਆਂ ਤੋਂ ਉਸ ਨੂੰ ਜਾਣਦਾ ਹਾਂ, ਉਸ ਦੀ ਸੁਹਿਰਦਤਾ ਤੇ ਇਮਾਨਦਾਰੀ ਬਾਰੇ ਕਿੰਤੂ ਸੋਭਦਾ ਨਹੀਂ। ਸਿੱਖ ਭਾਈਚਾਰੇ ਦੇ ਇਤਿਹਾਸ ਬਾਰੇ ਕੁਝ ਤੱਥਾਂ ਦੇ ਪੱਖ ਤੋਂ ਵੱਖਰੀ ਸੋਚ ਹੋ ਸਕਦੀ ਹੈ ਪਰ ਘੱਟ-ਗਿਣਤੀ ਭਾਈਚਾਰੇ ਦੇ ਕੌਮੀ ਨਕਸ਼ਾਂ ਬਾਰੇ ਵਾਵੇਲਾ ਠੀਕ ਨਹੀਂ ਜਾਪਦਾ। ਉਂਜ, ‘ਪੰਜਾਬ ਟਾਈਮਜ਼’ ਨੇ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਛੇੜ ਕੇ “ਕਿਛੁ ਸੁਣੀਐ ਕਿਛੁ ਕਹੀਐ” ਦਾ ਮਾਹੌਲ ਪੈਦਾ ਕੀਤਾ ਹੈ। ਤੁਸੀਂ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਸਿਆਣਿਆਂ ਦੀ ਪਰ੍ਹਿਆ ਕਾਇਮ ਕਰ ਲਈ ਹੈ, ਵਧਾਈ ਦੇ ਪਾਤਰ ਹੋ।
ਵਰਿਆਮ ਸਿੰਘ ਸੰਧੂ, ਜਤਿੰਦਰ ਪੰਨੂੰ, ਗੁਰਨਾਮ ਕੌਰ, ਅਸ਼ੋਕ ਭੌਰਾ, ਸਵਰਨ ਸਿੰਘ ਟਹਿਣਾ, ਤਰਲੋਚਨ ਸਿੰਘ ਦੁਪਾਲਪੁਰ ਤੇ ਮੇਜਰ ਕੁਲਾਰ ਦੇ ਨਾਲ-ਨਾਲ ‘ਸ਼ਬਦ ਝਰੋਖੇ’ ਵਾਲਾ ਬਲਜੀਤ ਬਾਸੀ ਆਪੋ-ਆਪਣੇ ਖੇਤਰ ਵਿਚ ਕਲਮ ਦੇ ਧਨੀ ਹਨ। ਸਾਰੇ ‘ਪੰਜਾਬ ਟਾਈਮਜ਼’ ਦੇ ਗੁਲਦਸਤੇ ਵਿਚ ਵੰਨ-ਸੁਵੰਨੀ ਖੂਬਸੂਰਤੀ ਤੇ ਮਹਿਕ ਭਰਦੇ ਹਨ। ਅਖੀਰ ਵਿਚ ਇਕ ਸ਼ੇਅਰ ਅੱਜ ਦੇ ਜ਼ਮਾਨੇ ਦਾ-
ਹੁੰਦਾ ਹਾਂ ਤੇਰੇ ਕੋਲ ਜਦ ਵੀ,
ਅਹਿਸਾਸ ਹੋਰ ਕਿ ਮੈਂ ਅਜਨਬੀ ਹਾਂ।
-ਨਿਰੰਜਨ ਸਿੰਘ ਢੇਸੀ
ਇੰਡੀਅਨਐਪੋਲਿਸ।

Be the first to comment

Leave a Reply

Your email address will not be published.