ਪੰਜ ਪਿਆਰੇ, ਸਰਬੱਤ ਖਾਲਸਾ ਅਤੇ ਗੁਰਮਤਾ

ਹਰਪਾਲ ਸਿੰਘ ਪੰਨੂ*
ਫੋਨ: 91-94642-51454
1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਖਾਲਸਾ ਪੰਥ ਦਾ ਪ੍ਰਕਾਸ਼ ਹੋਇਆ। ਪੰਥ ਦੀ ਬੁਨਿਆਦ ਪੰਜ ਪਿਆਰੇ ਬਣੇ। ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਬਾਣਾ ਪਹਿਨਾ ਕੇ ਸੰਗਤ ਸਾਹਮਣੇ ਗੁਰੂ ਗੋਬਿੰਦ ਰਾਇ ਨੇ ਉਨ੍ਹਾਂ ਅਗੇ ਹਥ ਜੋੜ ਬੇਨਤੀ ਕੀਤੀ, ਤੁਸੀਂ ਪੰਥ ਹੋ, ਵੱਡੇ ਹੋ, ਸਾਨੂੰ ਆਪਣੇ ਵਿਚ ਸ਼ਾਮਲ ਕਰੋ। ਉਨ੍ਹਾਂ ਪਾਸੋਂ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਰਾਇ, ਗੁਰੂ ਗੋਬਿੰਦ ਸਿੰਘ ਹੋਏ। ਇਸ ਮਹਾਨ ਤੇਜਸਵੀ ਘਟਨਾ ਪਿਛੋਂ ਗੁਰੂ ਜੀ ਨੇ ਪੰਥ ਨੂੰ ਹੁਕਮ ਦੇਣ ਦੀ ਥਾਂ ਪੰਥ ਦੇ ਹੁਕਮ ਮੰਨੇ। ਪ੍ਰਮਾਣਿਤ ਹੋ ਗਿਆ ਕਿ ਵਿਅਕਤੀ ਬੇਸ਼ਕ ਗੁਰੂ ਹੋਵੇ, ਪੰਥ ਦੀ ਤਾਬਿਆਦਾਰੀ ਵਿਚ ਰਹੇਗਾ।

ਧਾਰਮਿਕ ਰਸਮਾਂ, ਜਿਵੇਂ ਕਿ ਨਗਰ ਕੀਰਤਨ ਦੀ ਅਗਵਾਈ, ਅੰਮ੍ਰਿਤ ਸੰਚਾਰ ਆਦਿਕ ਮੌਕਿਆਂ ਉਪਰ ਪੰਜ ਪਿਆਰਿਆਂ ਦੀ ਚੋਣ ਕਰਨ ਵਕਤ ਕਦੀ ਮੁਸ਼ਕਿਲ ਨਹੀਂ ਆਈ, ਵਿਵਾਦ ਪੈਦਾ ਨਹੀਂ ਹੋਇਆ। ਹਰ ਅੰਮ੍ਰਿਤਧਾਰੀ ਸਿੰਘ ਪੰਜ ਪਿਆਰਿਆਂ ਵਿਚ ਸ਼ਾਮਲ ਹੋਣ ਦਾ ਹੱਕਦਾਰ ਹੈ। ਵਿਵਾਦ ਉਦੋਂ ਪੈਦਾ ਹੋਏ ਜਦੋਂ ਪੰਜ ਪਿਆਰਿਆਂ ਪਾਸੋਂ ਸਿਆਸੀ ਫੈਸਲੇ ਕਰਵਾਏ ਗਏ। ਅਜੋਕਾ ਰੌਲਾ-ਗੌਲਾ ਸਿਆਸੀ ਪਰਾਲੀ ਵਿਚ ਲਾਈ ਗਈ ਅੱਗ ਦਾ ਧੁੰਦੂਕਾਰਾ ਹੈ।
ਸਥਾਨਕ ਧਾਰਮਿਕ ਰਸਮਾਂ ਤੋਂ ਇਲਾਵਾ ਜੇ ਵੱਡੇ ਫੈਸਲੇ ਲੈਣੇ ਪੈਣ ਜਿਨ੍ਹਾਂ ਦਾ ਅਸਰ ਦੁਨੀਆਂ ਭਰ ਦੇ ਸਿੱਖਾਂ ਉਪਰ ਪੈਣਾ ਹੈ, ਪੰਜ ਪਿਆਰੇ ਕੌਣ ਹੋਣਗੇ, ਉਨ੍ਹਾਂ ਦੀ ਚੋਣ ਕਿਵੇਂ ਹੋਵੇ, ਪੰਥ ਵਿਚ ਸਪਸ਼ਟ ਨਹੀਂ। ਸੌਖਾ ਹੱਲ ਕੱਢਿਆ ਗਿਆ-ਕਿਉਂਕਿ ਤਖਤ ਪੰਜ ਹਨ, ਪੰਜਾਂ ਤਖਤਾਂ ਦੇ ਜਥੇਦਾਰਾਂ ਵਲੋਂ ਲਿਆ ਗਿਆ ਫੈਸਲਾ ਗੁਰਮਤਾ ਹੋਏਗਾ। ਪਾਠਕਾਂ ਨੂੰ ਦੱਸ ਦੇਈਏ ਕਿ 50 ਸਾਲ ਪਹਿਲਾਂ ਤਖਤ ਪੰਜ ਨਹੀਂ ਚਾਰ ਸਨ, 60ਵਿਆਂ ਵਿਚ ਤਲਵੰਡੀ ਸਾਬੋ ਪੰਜਵਾਂ ਤਖਤ ਨਿਹੰਗਾਂ ਦੇ ਕਹਿਣ ‘ਤੇ ਥਾਪਿਆ ਗਿਆ, ਜਿਸ ਦੀ ਆਲੋਚਨਾ ਸਿਰਦਾਰ ਕਪੂਰ ਸਿੰਘ ਸਮੇਤ ਅਨੇਕ ਵਿਦਵਾਨਾਂ ਨੇ ਕੀਤੀ ਸੀ। ਚਾਰ ਤਖਤਾਂ ਦੇ ਜਥੇਦਾਰਾਂ ਵਿਚ ਪੰਜਵਾਂ ਹਰਿਮੰਦਰ ਸਾਹਿਬ ਦਾ ਗ੍ਰੰਥੀ ਸ਼ਾਮਲ ਕਰ ਲਿਆ ਜਾਂਦਾ ਸੀ।
ਦੂਜਾ ਮਸਲਾ ਇਹ ਸੀ ਕਿ ਤਿੰਨ ਤਖਤ ਪੰਜਾਬ ਵਿਚ ਹੋ ਗਏ, ਦੋ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਪੰਜਾਬੋਂ ਬਾਹਰ ਹਨ। ਗੈਰ-ਪੰਜਾਬੀਆਂ ਦੇ ਮਸਲੇ ਪੰਜਾਬੀ ਸਿੱਖਾਂ ਨਾਲੋਂ ਵੱਖਰੇ ਹੁੰਦੇ, ਖਾਸ ਕਰ ਸਿਆਸੀ ਲੋੜਾਂ। ਨਤੀਜਾ ਇਹ ਹੋਇਆ ਕਿ ਪੰਜਾਬੋਂ ਬਾਹਰਲੇ ਤਖਤਾਂ ਦੇ ਜਥੇਦਾਰ ਮੀਟਿੰਗਾਂ ਵਿਚ ਸ਼ਾਮਲ ਨਾ ਹੁੰਦੇ। ਅਕਾਲੀਆਂ ਨੇ ਇਸ ਦਾ ਹੱਲ ਵੀ ਇਹੋ ਕਢਿਆ ਕਿ ਬਾਹਰਲੇ ਦੋ ਤਖਤਾਂ ਦੀ ਥਾਂ ਇਕ ਹਰਿਮੰਦਰ ਸਾਹਿਬ ਦਾ ਗ੍ਰੰਥੀ ਪਾ ਲਉ ਤੇ ਦੂਜਾ ਅਕਾਲ ਤਖਤ ਦਾ ਗ੍ਰੰਥੀ। ਇਹ ਸਾਰਾ ਪਰਪੰਚ ਅਕਾਲੀਆਂ ਨੇ ਬਗੈਰ ਕਿਸੇ ਵਿਧੀ ਵਿਧਾਨ ਦੇ ਆਪੇ ਤਿਆਰ ਕਰ ਲਿਆ, ਕਿਸੇ ਦੀ ਚੂੰ ਕਰਨ ਦੀ ਹਿੰਮਤ ਨਹੀਂ ਹੋਈ। ਜਿਸ ਨੂੰ ਜਦੋਂ ਮਰਜੀ ਪੰਥ ਵਿਚੋਂ ਛੇਕ ਦਿਉ।
ਜੂਨ 1984, ਦਰਬਾਰ ਸਾਹਿਬ ਉਪਰ ਫੌਜੀ ਹਮਲਾ ਹੋਇਆ। ਸਭ ਇਮਾਰਤਾਂ ਨੁਕਸਾਨੀਆਂ ਗਈਆਂ ਪਰ ਅਕਾਲ ਤਖਤ ਪੂਰਾ ਢਹਿ ਗਿਆ। ਅਕਾਲ ਤਖਤ ਦੇ ਉਦੋਂ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਵਾਰ ਵਾਰ ਟੀ ਵੀ ਉਪਰ ਬਿਆਨ ਦੇ ਰਹੇ ਸਨ-ਕੋਠਾ ਸਾਹਿਬ ਠੀਕ ਠਾਕ ਹੈ। ਪਿਛੋਂ ਇਸ ਝੂਠ ਦੀ ਸਜ਼ਾ ਵਜੋਂ ਖਾੜਕੂਆਂ ਨੇ ਉਨ੍ਹਾਂ ਉਪਰ ਫਾਇਰਿੰਗ ਕੀਤੀ ਪਰ ਬਚ ਗਏ। ਕਾਰਟੂਨ ਛਪਿਆ, ਸਿੰਘ ਸਾਹਿਬ ਕਹਿ ਰਹੇ ਹਨ-ਇਕ ਵਾਰ ਝੂਠ ਬੋਲਣ ਦੀ ਏਨੀ ਸਜ਼ਾ, ਲੋਕ ਪਤਾ ਨੀਂ ਕਿਵੇਂ ਰੋਜ਼ ਰੋਜ਼ ਝੂਠ ਬੋਲੀ ਜਾਂਦੇ ਹਨ।
ਕੇਂਦਰ ਸਰਕਾਰ ਨੇ ਉਦੋਂ ਤਕ ਕਰਫਿਊ ਵਰਗਾ ਮਾਹੌਲ ਬਣਾਈ ਰਖਿਆ ਜਦੋਂ ਤਕ ਨਿਹੰਗ ਚੀਫ ਬਾਬਾ ਸੰਤਾ ਸਿੰਘ ਅਤੇ ਕੇਂਦਰੀ ਮੰਤਰੀ ਬੂਟਾ ਸਿੰਘ ਰਾਹੀਂ ਸਰਕਾਰੀ ਪੈਸੇ ਨਾਲ ਨਵਾਂ ਅਕਾਲ ਤਖਤ ਨਹੀਂ ਉਸਾਰ ਲਿਆ। ਸੰਗਤ ਦਰਸ਼ਨ ਵਾਸਤੇ ਪਹਿਲੀ ਵਾਰ ਇਮਾਰਤ ਖੋਲ੍ਹੀ ਤਾਂ ਸਰਬਤ ਖਾਲਸਾ ਸੱਦਿਆ ਜਿਸ ਦਾ ਪੰਜਾਬ ਦੇ ਸਿੱਖਾਂ ਨੇ ਬਾਈਕਾਟ ਕੀਤਾ, ਸਰਕਾਰੀ ਨਵੀਂ ਬਣੀ ਇਮਾਰਤ ਢਾਹ ਕੇ ਆਪ ਨਵੀਂ ਬਣਾਈ। ਇਸ ਪਿਛੋਂ ਅਕਾਲ ਤਖਤ ਦੇ ਜਥੇਦਾਰ ਨੂੰ ਸੱਦੇ ਬਗੈਰ ਸਰਬੱਤ ਖਾਲਸਾ ਸਦਿਆ, ਤਿੰਨੇ ਤਖਤਾਂ ਦੇ ਜਥੇਦਾਰ ਹਟਾ ਕੇ ਨਵੇਂ ਥਾਪ ਦਿਤੇ।
ਇਕ ਸਰਬਤ ਖਾਲਸਾ 1986 ਵਿਚ ਬਰਨਾਲਾ ਸਰਕਾਰ ਨੇ ਵੀ ਸਦਿਆ ਸੀ, ਅਨੰਦਪੁਰ ਸਾਹਿਬ ਵਿਚ, ਜਿਸ ਦਾ ਪ੍ਰਬੰਧ ਖਜ਼ਾਨਾ ਮੰਤਰੀ ਬਲਵੰਤ ਸਿੰਘ ਨੇ ਕੀਤਾ। ਪੱਤਰਕਾਰਾਂ ਨੇ ਮੰਤਰੀ ਨੂੰ ਪੁਛਿਆ, ਸਰਬਤ ਖਾਲਸਾ ਅੰਮ੍ਰਿਤਸਰ ਹੋਇਆ ਕਰਦੈ, ਉਥੇ ਕਿਉਂ ਨਹੀਂ ਕੀਤਾ? ਮੰਤਰੀ ਨੇ ਉਤਰ ਦਿਤਾ, ਥੋਨੂ ਪਤੈ, ਉਥੇ ਗਰਮ ਸਿੱਖ ਜੁਆਨ ਬੈਠੇ ਨੇ, ਠੂਹ ਠਾਹ ਨਾ ਕਰ ਦੇਣ। ਇਕ ਪੱਤਰਕਾਰ ਨੇ ਪੁਛਿਆ, ਪਰ ਜੇ ਉਨ੍ਹਾਂ ਨੇ ਐਲਾਨ ਕਰ ਦਿਤਾ ਕਿ ਉਹ ਇਥੇ ਆ ਰਹੇ ਨੇ ਫੇਰ? ਬਲਵੰਤ ਸਿੰਘ ਹੱਸ ਪਏ। ਫੇਰ ਅਸੀਂ ਸਰਬਤ ਖਾਲਸਾ ਨੈਣਾ ਦੇਵੀ ਕਰਲਾਂ’ਗੇ। ਇਕੱਠ ਤਾਂ ਸਰਕਾਰ ਨੇ ਬਥੇਰਾ ਕਰ ਲਿਆ ਪਰ ਇਸ ਦਾ ਅਸਰ ਕੋਈ ਨਾ ਹੋਇਆ। ਮਗਰੋਂ ਬਲਵੰਤ ਸਿੰਘ ਗੋਲੀਆਂ ਦਾ ਸ਼ਿਕਾਰ ਹੋ ਗਏ।
2007 ਵਿਚ ਅਕਾਲੀ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਡੇਰਾ ਸਿਰਸਾ ਮੁਖੀ ਖਿਲਾਫ ਕਾਰਵਾਈ ਕਰਨ ਦੇ ਹੱਕ ਵਿਚ ਨਹੀਂ ਸੀ। ਤਲਵੰਡੀ ਸਾਬੋ ਡੇਢ ਲੱਖ ਦਾ ਇਕੱਠ ਏਨਾ ਜਿਆਦਾ ਹੋ ਗਿਆ ਕਿ ਚਾਰਾ ਨਾ ਰਿਹਾ। ਡੇਰਾ ਮੁਖੀ ਨੇ ਇਕ ਤੋਂ ਵਧੀਕ ਗਲਤੀਆਂ ਕੀਤੀਆਂ ਸਨ। ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾ ਕੇ ਅੰਮ੍ਰਿਤ ਤਿਆਰ ਕੀਤਾ ਜਿਸ ਵਿਚ ਆਪਣੀ ਬਾਂਹ ਵਿਚੋਂ ਲਹੂ ਕੱਢ ਕੇ ਮਿਲਾਇਆ। ਇਸ਼ਾਰਾ ਸੀ ਕਿ ਗੁਰੂ ਜੀ ਨੇ ਸਿਖਾਂ ਤੋਂ ਖੂਨ ਮੰਗਿਆ ਸੀ, ਮੈਂ ਆਪਣਾ ਖੂਨ ਮਿਲਾ ਰਿਹਾਂ। ਉਸ ਦੇ ਬੇਟਿਆਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ ਹੈ।
ਇਸ ਪਿਠਭੂਮੀ ਵਾਲੇ ਬੰਦੇ ਨੂੰ ਬਿਨਾ ਕਿਸੇ ਨੂੰ ਪੁਛਿਆਂ-ਦਸਿਆਂ ਮਾਫ ਕਰਨ ਨਾਲ ਵਿਆਪਕ ਹਲਚਲ ਮਚਣੀ ਹੀ ਸੀ। ਜਬਰਦਸਤ ਗੁਸਾ ਦੇਖਦਿਆਂ ਫਟਾਫਟ ਫਿਰ ਸਿੰਘ ਸਾਹਿਬਾਨ ਨੇ ਮਾਫੀਨਾਮਾ ਵਾਪਸ ਲੈ ਲਿਆ। ਇਹ ਇਵੇਂ ਹੋਇਆ ਕਿ ਇਕ ਬੰਦਾ ਚਿਕੜ ਵਿਚੋਂ ਦੀ ਲੰਘ ਗਿਆ, ਪਾਰ ਖਲੋਤੇ ਬੰਦੇ ਨੇ ਕਿਹਾ, ਭਾਈ ਉਧਰ ਦੀ ਸੁਕਾ ਰਸਤਾ ਵੀ ਸੀ, ਉਧਰੋਂ ਦੀ ਆ ਜਾਂਦਾ। ਮੁਸਾਫਿਰ ਚਿਕੜ ਵਿਚੋਂ ਦੀ ਫਿਰ ਵਾਪਸ ਗਿਆ, ਸੁਕੇ ਰਸਤੇ ਆਇਆ।
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਹਾਲਤ ਬਹੁਤ ਚੰਗੀ ਨਹੀਂ, ਇਥੇ ਤਾਂ ਇਹ ਪਤਾ ਨਹੀਂ ਕਿ ਕਮੇਟੀ-ਪ੍ਰਧਾਨ ਜਾਂ ਸਿੰਘ-ਸਾਹਿਬਾਨ ਦੀ ਕਦੋਂ ਛੁਟੀ ਹੋ ਜਾਏ, ਮੁਲਾਜ਼ਮਾਂ ਦੀ ਕੀ ਵੁਕਤ? ਇਸ ਸੂਰਤੇ ਹਾਲ ਵਿਚ ਪੰਜ ਪਿਆਰਿਆਂ ਵੱਲੋਂ ਸਿੰਘ ਸਾਹਿਬਾਨ ਨੂੰ ਤਲਬ ਕਰਨਾ ਸਿਰ ਤਲੀ ‘ਤੇ ਰੱਖਣ ਵਾਂਗ ਸੀ। ਜਦੋਂ ਮੱਕੜ ਸਾਹਿਬ ਪੰਜ ਪਿਆਰਿਆਂ ਨੂੰ ਮੁਅਤਲੀ ਦੇ ਹੁਕਮ ਦੇ ਰਹੇ ਹਨ, ਇਕ ਜੁਆਨ ਆਪਣਾ ਅਸਤੀਫਾ ਮੱਕੜ ਸਾਹਿਬ ਵੱਲ ਸੁਟ ਰਿਹਾ ਹੈ, ਕਹਿ ਰਿਹਾ ਹੈ, ਮੈਂ ਕੰਪਿਊਟਰ ਆਪਰੇਟਰ ਰਮਨਜੀਤ ਸਿੰਘ ਹਾਂ। ਮੈਂ ਮੱਕੜ ਨੂੰ ਅਸਤੀਫਾ ਦਿਤਾ ਹੈ, ਪੰਥ ਨੂੰ ਨਹੀਂ। ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ।
ਇਹ ਘਟਨਾਵਾਂ ਹਾਦਸੇ ਨਹੀਂ, ਮੀਲਾਂ ਡੂੰਘੇ ਆਈਸਬਰਗ ਦੇ ਉਪਰ ਦਿਸਦੇ ਨਿਕੇ ਨਿਕੇ ਟੋਟੇ ਹਨ ਜਿਨ੍ਹਾਂ ਤੋਂ ਅਕਾਲੀ ਦਲ ਨੂੰ ਚੇਤੰਨ ਹੋਣਾ ਪਵੇਗਾ।
*ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਚ ਸੀਨੀਅਰ ਪ੍ਰੋਫੈਸਰ ਹੈ।