ਸੰਵੇਦਨਸ਼ੀਲ ਅਤੇ ਪ੍ਰਗਤੀਵਾਦੀ ਸ਼ਾਇਰ ਸੁਖਵਿੰਦਰ ਕੰਬੋਜ

ਨੀਲਮ ਸੈਣੀ
ਫੋਨ: 510-502-0551
ਸੁਖਵਿੰਦਰ ਕੰਬੋਜ ਇਕ ਸੰਵੇਦਨਸ਼ੀਲ, ਪ੍ਰਗਤੀਵਾਦੀ ਅਤੇ ਜਿਉਂਦੀ ਜਾਗਦੀ ਜ਼ਮੀਰ ਵਾਲਾ ਸਮਰੱਥ ਸ਼ਾਇਰ ਹੈ। ਉਸ ਨੇ ਆਪਣੇ ਨਿਵੇਕਲੇ ਕਾਵਿ-ਸੰਗ੍ਰਿਹ ‘ਨਵੇਂ ਸੂਰਜ’ ਨਾਲ ਪੰਜਾਬੀ ਸਾਹਿਤ ਜਗਤ ਵਿਚ ਪਰਵੇਸ਼ ਕੀਤਾ ਅਤੇ ਇਸ ਤੋਂ ਬਾਅਦ ਉਸ ਦੇ ਕਾਵਿ-ਸੰਗ੍ਰਿਹ ‘ਜਾਗਦੇ ਅੱਖਰ’ ਤੇ ‘ਇਕੋ ਜਿਹਾ ਦੁੱਖ’ ਪ੍ਰਕਾਸ਼ਿਤ ਹੋਏ। ਇਨ੍ਹਾਂ ਤਿੰਨਾਂ ਨੂੰ ਇੱਕਤਰ ਕਰਕੇ ‘ਉਮਰ ਦੇ ਇਸ ਮੋੜ ਤੱਕ’ ਕਾਵਿ-ਸੰਗ੍ਰਿਹ ਰਾਹੀਂ ਪੰਜਾਬੀ ਸਾਹਿਤ ਦੀ ਫੁਲਵਾੜੀ ਵਿਚ ‘ਦੁਪਹਿਰ ਖਿੜੀ’ ਜਿਹਾ ਖੇੜਾ ਲਿਆਂਦਾ ਹੈ।

ਇਸ ਤੋਂ ਇਲਾਵਾ ਅੰਗਰੇਜ਼ੀ ਵਿਚ ‘ਓਮeਰਗਨਿਗ ੁੰਨ’ ਕਾਵਿ-ਸੰਗ੍ਰਿਹ ਅਤੇ ਹਿੰਦੀ ਕਾਵਿ-ਸੰਗ੍ਰਿਹ ‘ਸ਼ਬਦੋਂ ਕੀ ਧੂਪ’ ਨੇ ਵੀ ਪ੍ਰਕਾਸ਼ਿਤ ਕਰਵਾਏ ਹਨ। ਰਵਿੰਦਰ ਸਹਿਰਾਅ ਨਾਲ ਮਿਲ ਕੇ ਅਮਰੀਕੀ ਪੰਜਾਬੀ ਕਵਿਤਾ ਦਾ ਸੰਪਾਦਨ ਵੀ ਕੀਤਾ ਹੈ। ਇਕ ਨਵਾਂ ਕਾਵਿ-ਸੰਗ੍ਰਿਹ ਜਲਦ ਛਪ ਰਿਹਾ ਹੈ। ਹੁਣ ਸ਼ਾਇਰ ਕੁਲਵਿੰਦਰ ਨਾਲ ਮਿਲ ਕੇ ਅਮਰੀਕਾ ਵਿਚ ਰਚੀ ਜਾ ਰਹੀ ਪ੍ਰਗਤੀਵਾਦੀ ਕਵਿਤਾ ਦੇ ਸੰਪਾਦਨ ਦਾ ਬੀੜਾ ਚੁੱਕਿਆ ਹੈ।
ਆਮ ਕਿਹਾ ਜਾਂਦਾ ਹੈ, ‘ਚੰਗਾ ਲਿਖਣ ਲਈ ਚੰਗਾ ਪੜ੍ਹਨਾ’ ਬਹੁਤ ਜ਼ਰੂਰੀ ਹੈ। ਕੰਬੋਜ ਨੇ ਆਪਣੇ ਕਾਵਿ-ਸੰਗ੍ਰਿਹ ‘ਉਮਰ ਦੇ ਇਸ ਮੋੜ ਤੀਕ’ ਵਿਚ Ḕਕੁਝ ਅੱਖਰ ਇਹ ਵੀḔ ਤਹਿਤ ਪੰਨਾ 396 ‘ਤੇ ਲਿਖਿਆ ਹੈ, ‘ਮੈਨੂੰ ਇਹ ਮੰਨਣ ਵਿਚ ਸ਼ਰਮ ਨਹੀਂ ਕਿ ਵਧੀਆ ਕਵਿਤਾ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਪਾਸ਼, ਧੂਮਿਲ, ਨਾਜ਼ਮ ਹਿਕਮਤ, ਲੋਰਕਾ, ਨਰੂਦਾ ਅਤੇ ਰੋਕੇ ਡਾਲਟਿਨ ਦੀਆਂ ਕਵਿਤਾਵਾਂ ਪੜ੍ਹਦਿਆਂ ਮੇਰੀ ਹਾਲਤ ਉਸ ਵਿਅਕਤੀ ਵਰਗੀ ਹੋ ਜਾਂਦੀ ਹੈ ਜਿਸ ਨੂੰ ਅੰਤਾਂ ਦਾ ਤਾਪ ਚੜ੍ਹਿਆ ਹੋਵੇ। ਕਵਿਤਾ ਹੀ ਨਹੀਂ ਬਲਕਿ ਸਾਹਿਤ ਦੇ ਦੂਜੇ ਰੂਪਾਂ ਨਾਵਲ, ਕਹਾਣੀ, ਨਾਟਕ ਆਦਿ ਨੂੰ ਪੜ੍ਹਦੇ ਵੀ ਮੇਰੀ ਹਾਲਤ ਅਜਿਹੀ ਹੋ ਜਾਂਦੀ ਹੈ।’
ਇਹੀ ਕਾਰਨ ਹੈ ਕਿ ਸੁਖਵਿੰਦਰ ਨੂੰ ਸਾਹਿਤ ਦੇ ਹਰ ਵਿਸ਼ੇ ‘ਤੇ ਪੂਰੀ ਮੁਹਾਰਤ ਹੈ। ਉਸ ਲਈ ਸ਼ਬਦ ਹੀ ਗੁਰੂ ਅਤੇ ਬੰਦਗੀ ਹੈ। ਉਹ ਸਿਰਫ ਸ਼ਬਦ ਦੀ ਹੀ ਸਾਧਨਾ ਕਰਦਾ ਹੈ। ਉਸ ਦੀਆਂ ਨਜ਼ਮਾਂ ਵਿਚ ਸ਼ਬਦ ਕਈ ਦਗਦੇ ਹਨ, ਕਦੀ ਮਘਦੇ ਹਨ ਅਤੇ ਕਦੀ ਧੁੱਪ ਦੇ ਗੀਤ ਬਣਦੇ ਹਨ। ਕਾਰਨ ਇਹ ਵੀ ਹੈ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਧਿਐਨ ਕੀਤਾ ਹੋਇਆ ਹੈ। ਇਸੇ ਕਰਕੇ ਉਸ ਦੀ ਕਲਮ ਗੁਰਬਾਣੀ ਦਾ ਪ੍ਰਭਾਵ ਵੀ ਕਬੂਲਦੀ ਹੈ।
ਸੰਘਰਸ਼ਮਈ ਜੀਵਨ ਸ਼ੈਲੀ ਵਾਲੇ ਇਸ ਸ਼ਾਇਰ ਦੀਆਂ ਨਜ਼ਮਾਂ ਦੀ ਸ਼ੈਲੀ ਵੀ ਸੰਘਰਸ਼ਮਈ ਹੈ। ਇਹ ਕਲਮ ਗਤੀਸ਼ੀਲ ਹੈ ਅਤੇ ਨਿਰੰਤਰ ਸੰਘਰਸ਼ ਕਰ ਰਹੀ ਹੈ; ਮਜ਼ਲੂਮਾਂ ਦੇ ਹੱਕ ਲਈ, ਨਿਮਾਣਿਆਂ ਦੇ ਮਾਣ ਲਈ, ਮਾਨਵੀ ਕਦਰਾਂ ਕੀਮਤਾਂ ਵਿਚ ਹੋ ਰਹੀ ਟੁੱਟ-ਭੱਜ ਨੂੰ ਜੋੜਨ ਲਈ, ਰਿਸ਼ਤਿਆਂ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਅਤੇ ਸਮੁੱਚੀ ਮਾਨਵ ਜਾਤੀ ਨੂੰ ਮਾਨਵਤਾ ਦੀ ਇਕ ਲੜੀ ਵਿਚ ਪਰੋਣ ਲਈ।
ਉਸ ਦੀ ਕਲਮ ਸ਼ਬਦਾਂ ਦੀਆਂ ਐਟਮੀ ਛਬੀਲਾਂ ਲਾਉਂਦੀ ਹੈ; ਮਨੁੱਖੀ ਹਿਰਦਿਆਂ ਵਿਚ ਲੱਗੀ ਨਫਰਤ ਅਤੇ ਸਾੜੇ ਦੀ ਅੱਗ ਨੂੰ ਬੁਝਾਉਣ ਲਈ ਅਤੇ ਪਾਠਕ ਨੂੰ ਸੁਚੇਤ ਕਰਦੀ ਹੈ ਕੁਝ ਚੰਗਾ ਕਰਨ ਲਈ:
ਸਟੋਰ ‘ਤੇ ਗੋਲੀ
ਕੰਮ ‘ਤੇ ਗੋਲੀ
ਸਿਨਮਿਆਂ ‘ਚ ਗੋਲੀ
ਪਿਆਰ ‘ਚ ਗੋਲੀ
ਨਫਰਤ ‘ਚ ਗੋਲੀ
ਕਿਉਂ ਘਬਰਾਉਂਦੇ ਹੋ ਹੁਣ?
ਜੋ ਬੀਜਿਆ ਹੈ
ਧਰਤੀ ਉਹੀ ਤਾਂ ਉਗਾਉਂਦੀ ਹੈ।
ਉਹ ਆਪਣੀ ਸਮੁੱਚੀ ਜਿੰæਦਗੀ ਸਾਹਿਤ ਅਤੇ ਸਮਾਜ ਨੂੰ ਸਮਰਪਣ ਕਰਨਾ ਚਾਹੁੰਦਾ ਹੈ, ਮਨੁੱਖੀ ਜ਼ਿੰਦਗੀ ਨੂੰ ਚਾਨਣ ਕਰਨ ਲਈ ਹਨੇਰੇ ਚੌਰਾਹਿਆਂ ‘ਤੇ ਸ਼ਬਦਾਂ ਦੀ ਮਸ਼ਾਲ ਲੈ ਕੇ ਖੜ੍ਹਨਾ ਲੋਚਦਾ ਹੈ ਪਰ ਅਮਰੀਕਾ ਦੀ ਇਸ ਦੌੜ-ਭੱਜ ਵਾਲੀ ਜ਼ਿੰਦਗੀ ਨੇ ਸਾਰੇ ਸੁਪਨਿਆਂ ਦਾ ਗਲ਼ ਘੁੱਟਿਆ ਹੋਇਆ ਹੈ। ਇਸ ਦਾ ਪ੍ਰਗਟਾਵਾ ਇਸ ਦੀ ਨਜ਼ਮ ‘ਸਟੋਰ ਮਾਲਕ’ ਵਿਚ ਬੜੀ ਸ਼ਿੱਦਤ ਨਾਲ ਹੋਇਆ ਹੈ।
ਸਰਮਾਏਦਾਰੀ ਦੇ ਯੁੱਗ ਵਿਚ ਹਕੂਮਤ ਦੀਆਂ ਕੋਝੀਆਂ ਚਾਲਾਂ ਨੂੰ ਇਹ ਢੁੱਕਵੇਂ ਬਿੰਬਾਂ ਨਾਲ ਸਮਾਜ ਦੇ ਸਨਮੁੱਖ ਪੇਸ਼ ਕਰਦਾ ਹੈ:
ਮਨੁੱਖਾਂ ਲਈ ਬੰਬ
ਤੇ ਕੁੱਤਿਆਂ ਨਾਲ ਪਿਆਰ
ਇਹੀ ਤਾਂ ਹੈ ਸਾਮਰਾਜ ਦਾ ਸਭਿਆਚਾਰ।
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਮੁੱਢਲੇ ਮੈਂਬਰਾਂ ਅਤੇ ਅਹੁਦੇਦਾਰਾਂ ਵਿਚ ਉਸ ਦਾ ਨਾਮ ਸਨਮਾਨ ਨਾਲ ਲਿਆ ਜਾਂਦਾ ਹੈ। ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਦੀਆਂ ਸੇਵਾਵਾਂ ਪੂਰੀ ਕਾਰਜ ਕੁਸ਼ਲਤਾ ਨਾਲ ਨਿਭਾਈਆਂ ਹਨ ਅਤੇ ਇਹ ਸਫਰ ਜਾਰੀ ਹੈ। ਕੰਬੋਜ ਇਕ ਵਧੀਆ ਸ਼ਾਇਰ ਹੋਣ ਦੇ ਨਾਲ ਇਕ ਸੁਲਝਿਆ ਹੋਇਆ ਅਤੇ ਵਧੀਆ ਇਨਸਾਨ ਵੀ ਹੈ। ਲੋੜ ਪੈਣ ‘ਤੇ ਉਸ ਨੂੰ ਦੂਜਿਆਂ ਦੇ ਨਾਲ ਖੜ੍ਹਨਾ ਵੀ ਆਉਂਦਾ ਹੈ। ਉਸ ਦੇ ਬੋਲਾਂ ਵਿਚੋਂ ਮੈਨੂੰ ਹਮੇਸ਼ਾਂ ਅਪਣੱਤ ਦੀ ਮਹਿਕ ਆਉਂਦੀ ਹੈ। ਇਹ ਸ਼ਾਇਦ ਇਸ ਨੂੰ ਵਿਰਸੇ ਵਿਚ ਮਿਲਿਆ ਹੈ।
ਪ੍ਰੋæ ਮੋਹਨ ਸਿੰਘ ਫਾਊਂਡੇਸ਼ਨ ਵਲੋਂ ਉਸ ਦਾ ‘ਸੰਤ ਰਾਮ ਉਦਾਸੀ’ ਅਵਾਰਡ ਨਾਲ ਸਨਮਾਨ ਕਰਨਾ ਇਕ ਸਵਾਗਤਯੋਗ ਕਦਮ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਇਸ ਨੇ ਸੰਤ ਰਾਮ ਉਦਾਸੀ ਦੀ ਸੋਚ ਨੂੰ ਬਚਾਇਆ ਹੀ ਨਹੀਂ ਸਗੋਂ ਆਪਣੀਆਂ ਨਜ਼ਮਾਂ ਨਾਲ ਉਸ ਸੋਚ ਨੂੰ ਜੀਵਤ ਰੱਖਿਆ ਹੈ। ਇਸ ਤੋਂ ਵੀ ਵੱਧ ਉਸ ਦੀ ਸੋਚ ਨੂੰ ਚਾਰ ਚੰਨ ਲਾਉਣ ਲਈ ਨਵੇਂ ਸ਼ਾਇਰਾਂ ਨੂੰ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ ਹੈ ਅਤੇ ਇਹ ਕਾਰਜ ਉਹ ਲਗਾਤਾਰ ਕਰ ਰਿਹਾ ਹੈ। ਸ਼ਾਲਾ! ਇਹ ਕਲਮ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।