ਬੱਲੇ ਬੱਲੇ ਬਈ ਅਰੁਣਾਚਲ ਕਾਂਪੋ ਹੈ

ਗੁਲਜ਼ਾਰ ਸਿੰਘ ਸੰਧੂ
ਕੇਂਦਰ ਸਰਕਾਰ ਦੀ ਨੌਕਰੀ ਕਰਦਿਆਂ ਮੈਂ ਭਾਰਤ ਦੇ ਸਾਰੇ ਰਾਜਾਂ ਦਾ ਦੌਰਾ ਕੀਤਾ ਹੈ। ਏਕਤਾ ਵਿਚ ਅਨੇਕਤਾ ਦੇ ਖੁਲ੍ਹੇ ਦਰਸ਼ਨ ਵਿਚ ਭਾਵੇਂ ਸਾਰੇ ਰਾਜਾਂ ਤੇ ਕੇਂਦਰ ਸ਼ਾਸ਼ਤ ਖੇਤਰਾਂ ਵਿਚ ਕੁੱਝ ਨਾ ਕੁੱਝ ਵੱਖਰਾ ਤੇ ਉਤੱਮ ਹੈ ਪਰ ਉਤਰ ਪੂਰਬੀ ਰਾਜਾਂ ਦਾ ਕੋਈ ਜਵਾਬ ਨਹੀਂ। ਉਨ੍ਹਾਂ ਵਿਚੋਂ ਅਰੁਣਾਚਲ ਪ੍ਰਦੇਸ਼ ਅਪਣੀ ਹਰਿਆਵਲ ਤੇ ਉਚੇ ਨੀਵੇਂ ਪਰਬਤਾਂ ਕਾਰਨ ਸਭ ਤੋਂ ਰਮਣੀਕ ਕਿਹਾ ਜਾ ਸਕਦਾ ਹੈ। ਮੈਂ ਇਸ ਖੇਤਰ ਵਿਚ 1973 ਦੀਆਂ ਗਰਮੀਆਂ ਵਿਚ ਗਿਆ ਸਾਂ।

ਲਖੀਮਪੁਰ ਤੋਂ ਪਾਸੀਘਾਟ ਰੇਲ ਗੱਡੀ ਤੇ ਬੱਸਾਂ ਰਾਹੀਂ ਤੇ ਵਾਪਸੀ ਸਮੇਂ ਪਹਾੜਾਂ ਦੀਆਂ ਖੁੰਦਰਾਂ ਵਿਚ ਵੱਸਣ ਵਾਲਿਆਂ ਦੀ ਜੀਵਨ ਸ਼ੈਲੀ ਦੇਖਣ ਜੀਪ ਰਾਹੀਂ। ਇੱਕ ਪੜਾਅ ਉਤੇ ਜਦੋਂ ਸਰਕਾਰੀ ਡਰਾਈਵਰ ਇੱਕ ਨੁਕਤਾ ਪਾਰ ਕਰਨੋਂ ਡਰ ਰਿਹਾ ਸੀ ਤਾਂ ਮੈਂ ਉਸ ਨੂੰ ਅਪਣੇ ਨਾਲ ਵਾਲੀ ਸੀਟ ਉਤੇ ਬਿਠਾ ਕੇ ਗੱਡੀ ਅਪਣੇ ਹੱਥ ਵਿਚ ਲੈ ਲਈ ਸੀ। ਮੀਂਹ ਨੇ ਪਹਿਲਾਂ ਵਾਲੇ ਰਸਤੇ ਭੰਨ ਤੋੜ ਛੱਡੇ ਸਨ। ਰਸਤੇ ਦਾ ਜਾਣੂ ਹੋਣ ਜਾਂ ਨਾਂ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ।
ਅਰੁਣਾਚਲ ਦੀਆਂ ਗੋਰੀਆਂ ਮੁਟਿਆਰਾਂ ਦੇ ਮੁੱਖ ਤੋਂ ਕਾਂਪੋ ਸ਼ਬਦ ਸੁਣ ਕੇ ਮੈਂ ਉਸਦੇ ਅਰਥ ਜਾਨਣੇ ਚਾਹੇ ਤਾਂ ਉਨ੍ਹਾਂ ਨੇ ਅਤਿ ਉਤਮ ਤੇ ਸੁੰਦਰ ਦੱਸੇ। ਅਰੁਣਚਲ ਨਿਵਾਸੀ ਉਨ੍ਹਾਂ ਦੇ ਸਥਾਨਕ ਗੀਤਾਂ ਵਿਚ ਅਪਣਾ ਯੋਗਦਾਨ ਪਾਉਣ ਲਈ ਉਨ੍ਹਾਂ ਵਾਸਤੇ ਇੱਕ ਗੀਤ ਲਿਖਿਆ ਤੇ ਗਾਇਆ ਜਿਸਦਾ ਮੁਖੜਾ ਇਹ ਸੀ, Ḕਬੱਲੇ ਬੱਲੇ ਬਈ ਅਰੁਣਾਚਲ ਕਾਂਪੋ ਹੈ।Ḕ
ਮੈਂ ਉਨ੍ਹਾਂ ਤੋਂ ਨਦੀ, ਪਰਬਤ, ਬਨਸਪਤੀ ਅਤੇ ਗਭਰੂ ਮੁਟਿਆਰਾਂ ਦੇ ਸਥਾਨਕ ਸ਼ਬਦ ਵੀ ਨੋਟ ਕਰ ਲਏ ਤੇ ਇਹ ਸ਼ਬਦ ਅਪਣੀ ਬੱਲੇ ਬੱਲੇ ਵਿਚ ਪਰੋ ਦਿੱਤੇ। ਉਹ ਮੇਰੇ ਗੀਤ ਤੋਂ ਇਨੇ ਪ੍ਰਭਾਵਤ ਹੋਏ ਕਿ ਇਸ ਨੂੰ ਆਪਣੀਆਂ ਡਾਇਰੀਆਂ ਵਿਚ ਲਿਖ ਲਿਆ। ਉਸ ਦਿਨ ਤੋਂ ਜੋ ਵੀ ਕੁਲੀਗ ਅਰੁਣਾਚਲ ਹੋ ਕੇ ਆਉਂਦਾ, ਆ ਕੇ ਮੈਨੂੰ ਇਹ ਦਸਦਾ ਕਿ ਉਸਦਾ ਸਵਾਗਤ ਮੇਰੇ ਲਿਖੇ ਗੀਤ ਨਾਲ ਕੀਤਾ ਗਿਆ ਸੀ।
ਮੈਂ ਮੁੜ ਓਸ ਖੇਤਰ ਦੇ ਦਰਸ਼ਨ ਨਹੀਂ ਕਰ ਸਕਿਆ ਪਰ ਪਿਛਲੇ ਹਫਤੇ ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਨੇ ਚੰਡੀਗੜ੍ਹ ਵਿਖੇ ਉਤਰ ਪੂਰਬ ਦੇ ਕਵੀਆਂ ਤੇ ਗਲਪਕਾਰਾਂ ਦਾ ਉਤਸਵ ਰਚਾ ਕੇ ਮੈਨੂੰ ਮਨੀਪੁਰੀ, ਅਸਾਮੀ, ਬੋਡੋ ਤੇ ਅਰੁਣਾਚਲੀ ਲੇਖਕਾਂ ਨੂੰ ਮਿਲਾ ਦਿੱਤਾ। ਉਨ੍ਹਾਂ ਵਿਚੋਂ ਅਰੁਣਾਚਲ ਵਾਲਾ ਵਾਈ ਡੀ ਥੋਂਗਚੀ ਵੀ ਸੀ ਜੋ 1973 ਵਿਚ ਕਾਲਜ ਦਾ ਵਿਦਿਆਰਥੀ ਸੀ ਤੇ ਫੇਰ ਆਈ ਏæਐਸ਼ ਅਧਿਕਾਰੀ ਚੁਣੇ ਜਾਣ ਪਿੱਛੋਂ ਅਪਣੇ ਰਾਜ ਦਾ ਵਿਕਾਸ ਕਮਿਸ਼ਨਰ ਵੀ ਰਿਹਾ।
ਹੁਣ ਜਦੋਂ ਕਿ ਮੇਰੀ ਉਮਰ ਦਾ ਘੋੜਾ ਮਿਰਜ਼ਾ ਗਾਲਿਬ ਦੇ ਕਹਿਣ ਵਾਂਗ,
ਰੌਅ ਮੇ ਹੈ ਰਖਸ਼ ਏ ਉਮਰ
ਕਹਾਂ ਦੇਖੀਏ ਥਮੇ
ਨਾ ਹਾਥ ਬਾਗ ਪਰ ਹੈ
ਨਾ ਪਾ ਹੈ ਰਕਾਬ ਮੇਂ।
ਮੈਂ ਉਨ੍ਹਾਂ ਖੇਤਰਾਂ ਵਿਚ ਨਹੀਂ ਜਾ ਸਕਦਾ, ਇਹੋ ਜਿਹੇ ਉਤਸਵਾਂ ਵਿਚ ਸ਼ਿਰਕਤ ਕਰਕੇ ਵਧੀਆ ਸਮਿਆਂ ਦੀਆਂ ਯਾਦਾਂ ਹਰੀਆਂ ਕਰ ਲੈਂਦਾ ਹਾਂ।
ਭੂਚਾਲ ਦੇ ਝਟਕੇ ਤੇ ਝੁੱਗੀਆਂ ਵਾਲੇ: ਕੋਹ ਹਿੰਦੂ ਕੁਸ਼ ਵਿਚ ਜਨਮੇ ਭੂਚਾਲ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਸੈਂਕੜੇ ਜਾਨਾਂ ਲਈਆਂ ਅਤੇ ਹਜ਼ਾਰਾਂ ਲੋਕ ਜ਼ਖਮੀ ਕੀਤੇ। ਚੰਡੀਗੜ੍ਹ ਦੇ ਬਹੁਮੰਜ਼ਲੀ ਭਵਨਾਂ ਵਿਚ ਰਹਿਣ ਵਾਲਿਆਂ ਨੂੰ ਅਪਣੀ ਜਾਨ ਖਤਰੇ ਵਿਚ ਜਾਪੀ ਤਾਂ ਉਨ੍ਹਾਂ ਨੂੰ ਸਮਝ ਨਾ ਆਵੇ ਕਿ ਕਿੱਧਰ ਜਾਣ। ਉਹ ਅਪਣੇ ਆਪ ਨੂੰ ਅਸਮਾਨ ਵਿਚ ਲਟਕੇ ਮਹਿਸੂਸ ਕਰ ਰਹੇ ਸਨ। ਐਲਾਂਟੇ ਵਰਗੇ ਬਹੁਮੰਜ਼ਲੇ ਮਾਲਾਂ ਵਿਚ ਹਫੜਾ ਦਫੜੀ ਫੈਲ ਗਈ। ਐਨ ਏਸ ਵੇਲੇ ਮੈਂ ਉਤਰ ਪ੍ਰਦੇਸ਼ ਦੇ ਬਾਹਰਾਇਚ ਜ਼ਿਲ੍ਹੇ ਵਿਚ ਪੈਂਦੇ ਬਲਹਾ ਵਿਧਾਨ ਸਭਾ ਦੇ ਵਿਧਾਇਕ ਬੰਸੀਧਰ ਮੌਰੀਆ ਬਾਰੇ ਪੜ੍ਹ ਰਿਹਾ ਸਾਂ, ਜਿਸ ਨੇ 15 ਮਹੀਨੇ ਪਹਿਲਾਂ ਹੋਈ ਇੱਕ ਜ਼ਿਮਨੀ ਚੋਣ ਵਿਚ ਸਮਾਜਵਾਦੀ ਪਾਰਟੀ ਦੀ ਟਿਕਟ ਉਤੇ ਜਿੱਤਣ ਦੇ ਬਾਵਜੂਦ ਅਪਣੀ ਰਿਹਾਇਸ਼ ਅਪਣੇ ਪਿੰਡ ਟੇੜੀਆਂ ਵਿਚ ਰਹਿਣਾ ਪਸੰਦ ਕੀਤਾ ਹੈ।
ਖੂਬੀ ਇਹ ਕਿ ਉਸ ਦੀਆਂ ਪੰਜ ਬੇਟੀਆਂ, ਤਿੰਨ ਪੁੱਤਰਾਂ ਦੇ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵੀ ਉਹਦੇ ਨਾਲ ਹੀ ਝੌਂਪੜੀਆਂ ਵਿਚ ਰਹਿੰਦੇ ਹਨ। ਨਿਸਚੇ ਹੀ ਉਨ੍ਹਾਂ ਨੂੰ ਵੱਡੇ ਤੋਂ ਵੱਡੇ ਭੂਚਾਲ ਦਾ ਕੋਈ ਡਰ ਨਹੀਂ।
ਹਥਿਆਰੋਂ ਵਾਂਝੇ ਮਾਲਦੀਵ ਵਿਚ ਉਲਟਾ ਪੁਲਟਾ: ਮਾਲਦੀਵ ਦੇ ਵਸਨੀਕ ਸਦੀਆਂ ਪਹਿਲਾਂ ਬੁੱਧ ਧਰਮ ਨੂੰ ਤਿਆਗ ਕੇ ਮੁਸਲਮਾਨ ਬਣ ਗਏ ਸਨ। ਮੈਨੂੰ ਉਥੋਂ ਦੇ ਉਪ ਰਾਸ਼ਟਰਪਤੀ ਅਹਿਮਦ ਅਦੀਬ ਦੀ ਗ੍ਰਿਫਤਾਰੀ ਨੇ ਬੜਾ ਹੈਰਾਨ ਕੀਤਾ ਹੈ। ਰਾਜਧਾਨੀ ਮਾਲੇ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਅਪਣੀ ਧਰਤੀ ਉਤੇ ਪੈਰ ਧਰਦਿਆਂ ਹੀ ਪੁਲੀਸ ਕਰਮਚਾਰੀਆਂ ਨੇ ਦਬੋਚ ਲਿਆ ਸੀ। ਅਦੀਬ ਨੂੰ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਕੇਵਲ ਤਿੰਨ ਮਹੀਨੇ ਪਹਿਲਾਂ ਅਪਣਾ ਉਪਰਾਸ਼ਟਰਪਤੀ ਲਾਇਆ ਸੀ। ਕਹਿੰਦੇ ਹਨ ਕਿ ਇਸ ਛੋਟੇ ਜਿਹੇ ਸਮੇਂ ਵਿਚ ਉਸ ਨੇ ਉਹ ਮਸ਼ੀਨੀ ਕਿਸ਼ਤੀ ਉਲਟਾਣ ਦੀ ਸਾਜਿਸ਼ ਰਚੀ ਸੀ ਜਿਸ ਵਿਚ ਯਾਮੀਨ ਸਵਾਰ ਸੀ।
ਮੈਂ ਇਸ ਨਿੱਕੀ ਜਿਹੀ ਰਾਜਧਾਨੀ 1976 ਦੀਆਂ ਗਰਮੀਆਂ ਡੇਢ ਮਹੀਨਾ ਰਿਹਾ ਹਾਂ। ਉਥੇ ਪੁਲਿਸ ਜਾਂ ਸੈਨਾ ਦੇ ਕਰਮਚਾਰੀ ਕੋਲ ਹੱਥਲੀ ਸੋਟੀ ਤੋਂ ਵੱਡਾ ਕੋਈ ਹਥਿਆਰ ਨਹੀਂ ਹੁੰਦਾ। ਸੱਚ ਪੁੱਛੋ ਤਾਂ ਉਸ ਧਰਤੀ ਤੇ ਪੈਰ ਧਰਨ ਤੋਂ ਪਹਿਲਾਂ ਇਹ ਪੱਕਾ ਕੀਤਾ ਜਾਂਦਾ ਹੈ ਕਿ ਯਾਤਰੀ ਕੋਲ ਕੋਈ ਹਥਿਆਰ ਨਾ ਹੋਵੇ। ਇਹੋ ਜਿਹੀਆਂ ਥਾਂਵਾਂ ਉਤੇ ਵੀ ਰਾਜਨੀਤਕਾਂ ਨੇ ਹਤਿਆਵਾਂ ਕਰਨ ਦੇ ਨਵੇਂ ਢੰਗ ਤਰੀਕੇ ਲਭ ਲਏ ਹਨ। ਜਾਪਦਾ ਹੈ, ਉਹ ਅਦੀਬ ਨੂੰ ਆਪਣੇ ਹੀ ਕਿਸੇ ਦੂਰ ਦੁਰੇਡੇ ਟਾਪੂ ਵਿਚ ਜਲਾਵਤਨੀਆਂ ਵਾਂਗ ਰਖਣਗੇ।
ਅੰਤਿਕਾ: (ਜਸਵਿੰਦਰ)
ਵਫਾ ਦਾ ਸੇਕ ਹੈ ਏਨਾ ਕਿ ਪਿਘਲ ਜਾਣੀ ਹੈ,
ਦੁਆਲੇ ਇਸ਼ਕ ਦੇ ਜੋ ਵੀ ਦੀਵਾਰ ਆਏਗੀ।
ਇਰਾਦੇ ਕਰ ਲਏ ਜਿਨ੍ਹਾਂ ਪਹਾੜ ਦੇ ਹਾਣੀ,
ਉਨ੍ਹਾਂ ਦੇ ਦਰ ‘ਤੇ ਹੀ ਚਸ਼ਮੇ ਦੀ ਧਾਰ ਆਏਗੀ।