52 ਵਰ੍ਹਿਆਂ ਦਾ ਕੋਵਨ ਤਾਮਿਲਨਾਡੂ ਦਾ ਜੁਝਾਰੂ ਲੇਖਕ ਤੇ ਗਾਇਕ ਹੈ। ਉਸ ਨੇ ਆਪਣੇ ਇਕ ਗੀਤ ਰਾਹੀਂ ਸੂਬੇ ਦੀ ਮੁੱਖ ਮੰਤਰੀ ਜੈਲਲਿਤਾ ਦੀ ਸ਼ਰਾਬ ਨੀਤੀ ਦੀ ਤਿੱਖੀ ਨੁਕਤਾਚੀਨੀ ਕੀਤੀ ਤਾਂ ਉਸ ਨੂੰ ਜੇਲ੍ਹ ਅੰਦਰ ਡੱਕ ਦਿੱਤਾ ਗਿਆ। ਕੋਵਨ ਤੈਲਗੂ ਗਾਇਕ ਗਦਰ ਵਾਂਗ ਕਿਸੇ ਵੀ ਥਾਂ, ਲੋਕ ਮਸਲਿਆਂ ਨਾਲ ਸਬੰਧਤ ਗੀਤ ਗਾ ਕੇ ਰੰਗ ਬੰਨ੍ਹ ਦਿੰਦਾ ਹੈ।
ਉਹ ਚਾਹੁੰਦਾ ਹੈ ਕਿ ਆਮ ਲੋਕ, ਸਰਕਾਰਾਂ ਦੀਆਂ ਮੋਮੋਠਗਣੀਆਂ ਤੋਂ ਸੁਚੇਤ ਹੋਣ ਅਤੇ ਸਿਆਸੀ ਆਗੂਆਂ ਨੂੰ ਕਟਹਿਰੇ ਵਿਚ ਖੜ੍ਹੇ ਕਰਨ। ਆਪਣੀ ਗ੍ਰਿਫਤਾਰੀ ਬਾਰੇ ਉਸ ਦਾ ਆਖਣਾ ਹੈ ਕਿ ਲੋਕਾਂ ਨੂੰ ਚੇਤੰਨ ਕਰਨ ਦੀ ਇਹ ਤਾਂ ਬਹੁਤ ਛੋਟੀ ਕੁਰਬਾਨੀ ਹੈ; ਉਹ ਤਾਂ ਆਪਣਾ ਸੀਸ ਤੱਕ ਲੁਹਾਉਣ ਲਈ ਵੀ ਤਿਆਰ ਹੈ। ਇਸ ਨਿਰਾਲੇ ਤੇ ਨਰੋਏ ਕਲਾਕਾਰ ਬਾਰੇ ਸੰਖੇਪ ਜਿਹੀ ਵਾਰਤਾ ਰੌਸ਼ਨੀ ਖੇਤਲ ਨੇ ਸੁਣਾਈ ਹੈ। -ਸੰਪਾਦਕ
ਰੌਸ਼ਨੀ ਖੇਤਲ
ਅੱਧੀ ਰਾਤ ਤੋਂ ਬਾਅਦ, ਢਾਈ ਕੁ ਵਜੇ ਦਾ ਵਕਤ ਹੈ; ਆਲਾ-ਦੁਆਲਾ ਘੂਕ ਸੁੱਤਾ ਪਿਆ ਹੈ। ਜਿਵੇਂ ਮਸ਼ਹੂਰ ਗਾਇਕ ਸ਼ਫਕਤ ਅਲੀ ਖਾਨ ਨੇ ਗਾਇਆ ਹੈ- ਇਸ ਵਕਤ ਤਾਂ ਦਰਦ ਨਾਲ ਭੰਨਿਆ ਕੋਈ ਮਰੀਜ਼ ਜਾਂ ਮੁਹੱਬਤਾਂ ਦਾ ਮਾਰਿਆ ਕੋਈ ਆਸ਼ਕ ਹੀ ਜਾਗਦਾ ਹੋਵੇਗਾ! ਇਸ ਵਕਤ ਦੂਰ-ਦੁਰਾਡੇ ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਓਰਾਯੂਰ ਵਿਚ ਸਾਧਾਰਨ ਜਿਹੇ ਘਰ ਦਾ ਬੂਹਾ ਖੜਕਦਾ ਹੈ ਅਤੇ ਖੜਕਦਾ ਚਲਿਆ ਜਾਂਦਾ ਹੈ, ਜਦੋਂ ਤੱਕ ਅੰਦਰੋਂ ਕੋਈ ਕੁੰਡਾ ਨਹੀਂ ਖੋਲ੍ਹ ਦਿੰਦਾ। ਕੁੰਡਾ ਖੋਲ੍ਹਣ ਵਾਲਾ ਤਾਮਿਲਨਾਡੂ ਦਾ ਮਸ਼ਹੂਰ ਲੋਕ ਗਾਇਕ ਕੋਵਨ ਹੈ ਜਿਸ ਨੂੰ ਚੇਨੱਈ ਦੇ ਸਾਈਬਰ ਅਪਰਾਧ ਸੈਲ ਦੇ ਮੁਲਾਜ਼ਮ ਗ੍ਰਿਫਤਾਰ ਕਰਨ ਆਏ ਹਨ। ਕੋਵਨ ਦਾ ਕਸੂਰ ਹੈ ਕਿ ਉਸ ਨੇ ਸੂਬੇ ਦੀ ਮੁੱਖ ਮੰਤਰੀ ਜੈਲਲਿਤਾ ਜਿਸ ਨੂੰ ਉਸ ਦੇ ਪ੍ਰਸ਼ੰਸਕ ਅੰਮਾ ਕਹਿੰਦੇ ਹਨ, ਦੇ ਖਿਲਾਫ ਗੀਤ ਲਿਖਿਆ, ਗਾਇਆ ਅਤੇ ਫਿਰ ਇੰਟਰਨੈਟ ਉਤੇ ਨਸ਼ਰ ਕੀਤਾ ਹੈ। ਸਵੇਰੇ ਪਤਾ ਲੱਗਦਾ ਹੈ ਕਿ ਇੰਟਰਨੈਟ ਉਤੇ ਇਹ ਗੀਤ ਚਾੜ੍ਹਨ ਵਾਲੇ ਕਨਈਅਨ ਰਾਮਦਾਸ ਉਰਫ ਕਲਿਅੱਪਨ ਦੇ ਘਰੇ ਵੀ ਉਸੇ ਵਕਤ ਛਾਪਾ ਪਿਆ ਸੀ।
ਕੋਵਨ ਅਤੇ ਕਲਿਅੱਪਨ ਕੌਣ ਹਨ ਭਲਾ ਜਿਨ੍ਹਾਂ ਤੋਂ ਸੂਬੇ ਦੀ ਮੁੱਖ ਮੰਤਰੀ ਨੂੰ ਇੰਨਾ ਜ਼ਿਆਦਾ ਖਤਰਾ ਖੜ੍ਹਾ ਹੋ ਗਿਆ ਹੈ। ਇਨ੍ਹਾਂ ਬੰਦਿਆਂ ਬਾਰੇ ਕੁਝ ਜਾਣਨ ਤੋਂ ਪਹਿਲਾਂ ਉਸ ਗੀਤ ਦੇ ਬੋਲ ਦੇਖਦੇ ਹਾਂ ਜਿਨ੍ਹਾਂ ਕਰ ਕੇ ਇਨ੍ਹਾਂ ਦੋਹਾਂ ਦੇ ਘਰੀਂ ਅੱਧੀਂ ਰਾਤੀਂ ਛਾਪੇ ਮਾਰੇ ਗਏ। ਇਸ ਗੀਤ ਦਾ ਸਿਰਲੇਖ ਹੈ- ਉੜੂਕੁੜੂ, ਭਾਵ ਪਿੰਡ ਪਿੰਡ ਠੇਕੇ। ਇਸ ਗੀਤ ਵਿਚ ਜੈਲਲਿਤਾ ਦੀ ਸ਼ਰਾਬ ਨੀਤੀ ਉਤੇ ਤਿੱਖਾ ਵਿਅੰਗ ਕੀਤਾ ਗਿਆ ਹੈ। ਕੋਵਨ ਦੇ ਇਲਾਕੇ ਵਿਚ ਬਹੁਤ ਠੇਕੇ ਮੁੱਖ ਮੰਤਰੀ ਦੀ ਸਹੇਲੀ ਸ਼ਸ਼ੀ ਕਲਾ ਦੇ ਹਨ। ਗੀਤ ਵਿਚ ਲਿਖਿਆ ਹੈ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਥਾਂ ਸਰਕਾਰ ਖਜ਼ਾਨਾ ਤੇ ਆਪਣੀਆਂ ਜੇਬਾਂ ਭਰਨ ਲਈ ਪਿੰਡ ਪਿੰਡ ਠੇਕੇ ਖੋਲ੍ਹਣ ਤੁਰ ਪਈ ਹੈ। ਲਿਖਿਆ ਹੈ:
ਅੰਮਾ ਇਡਲੀ ਤਾਂ ਦਿੰਦੀ ਇਕ ਰੁਪਈਏ,
ਹੱਗਣ-ਮੂਤਣ ਲਈ ਲੱਗਣ ਪੰਜ।
ਰੋਟੀ ਹੈ ਪੰਜਾਂ ਦੀ, ਪਰ ਦਾਲ ਦਾ ਪੂਰਾ ਸੌ,
ਦੇਖੋ ਰੰਗਲੀ ਅੰਮਾ ਦੇ ਰੰਗ।
ਪਾਣੀ ਦੀ ਬੋਤਲ ਦੇ 10 ਰੁਪਈਏ,
ਵਿਦਿਆ ਲਈ ਮੰਗਣ ਲੱਖ ਓ ਲੋਕੋ।
ਜੇ ਨਾ ਮੰਨਿਆ ਦੇਵੀ ਅੰਮਾ ਨੂੰ,
ਰੁਲ ਜਾਓਗੇ ਵਾਂਗੂੰ ਕੱਖ ਵੇ ਲੋਕੋ।
ਕੋਵਨ ਅੱਜ ਕੱਲ੍ਹ ਮੱਕਾਲ ਕਲਾਈ ਈਲਾਕੀਆ ਕੜਗਮ (ਲੋਕ ਕਲਾ ਤੇ ਸਾਹਿਤ ਐਸੋਸੀਏਸ਼ਨ) ਨਾਂ ਦੀ ਸੰਸਥਾ ਚਲਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੰਸਥਾ ਦਾ ਸਬੰਧ ਤੱਤੇ ਕਾਮਰੇਡਾਂ, ਭਾਵ ਮਾਓਵਾਦੀਆਂ ਨਾਲ ਹੈ। ਕੋਵਨ ਮਾਓਵਾਦੀਆਂ ਤੋਂ ਪ੍ਰਭਾਵਿਤ ਜ਼ਰੂਰ ਹੈ, ਪਰ ਉਹ ਗੀਤ ਤਾਂ ਪਹਿਲਾਂ ਹੀ ਲਿਖਦਾ ਤੇ ਗਾਉਂਦਾ ਸੀ। ਉਹਦੇ ਗੀਤ ਲੋਕਾਂ ਅੰਦਰ ਚੇਤਨਾ ਜਗਾਉਣ ਵਾਲੇ ਹਨ। 1996 ਵਿਚ ਆਪਣੀ ਸੰਸਥਾ ਖੜ੍ਹੀ ਕਰਨ ਤੋਂ ਪਹਿਲਾਂ ਉਹ ਭਾਰਤ ਹੈਵੀ ਇਲੈਕਟਰੀਕਲਜ਼ ਲਿਮਟਡ (ਬੀæਐਚæਈæਐਲ) ਵਿਚ ਨੌਕਰੀ ਕਰਦਾ ਸੀ। ਹੁਣ ਸੰਸਥਾ ਦੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਹਨ ਅਤੇ ਸਾਰੇ ਰਲ ਕੇ ਸਮਾਜਕ ਮੁੱਦਿਆਂ ਬਾਰੇ ਗੀਤ ਲਿਖਦੇ ਹਨ। ਇਹ ਗੀਤ ਮੁੱਖ ਤੌਰ Ḕਤੇ ਜਾਤੀ ਵਿਤਕਰੇ ਅਤੇ ਹੋਰ ਸਮਾਜਕ ਮੁੱਦਿਆਂ ਉਤੇ ਆਧਾਰਤ ਹੁੰਦੇ ਹਨ ਅਤੇ ਲੋਕ ਇਨ੍ਹਾਂ ਗੀਤਾਂ ਨੂੰ ਖੂਬ ਹੁੰਗਾਰਾ ਭਰ ਰਹੇ ਹਨ। ਕੋਵਨ ਅਤੇ ਉਸ ਦੇ ਸਾਥੀ ਉਸ ਰਾਤ ਮਦਰਾਸ ਹਾਈ ਕੋਰਟ ਵੱਲੋਂ ਸਸਪੈਂਡ ਕੀਤੇ 14 ਵਕੀਲਾਂ ਦੇ ਹੱਕ ਵਿਚ ਗੀਤ ਲਿਖ ਕੇ ਹੀ ਹਟੇ ਸਨ। ਰਾਤੀਂ 10 ਕੁ ਵਜੇ ਸਾਰੇ ਆਪੋ-ਆਪਣੇ ਘਰ ਚਲੇ ਗਏ ਅਤੇ ਤੜਕੇ ਕੋਵਨ ਦੇ ਘਰ ਛਾਪਾ ਪੈ ਗਿਆ।
________________________________
ਸ਼ਰਾਬ, ਸਿਆਸਤ ਤੇ ਪੰਜਾਬ
ਤਾਮਿਲਨਾਡੂ ਅਤੇ ਮੁਲਕ ਦੇ ਹੋਰ ਸੂਬਿਆਂ ਵਾਂਗ ਹੀ ਪੰਜਾਬ ਵਿਚ ਵੀ ਸਰਕਾਰ ਅਤੇ ਸਿਆਸੀ ਆਗੂ ਸਰਕਾਰੀ ਖਜ਼ਾਨਾ ਅਤੇ ਆਪਣੀ ਜੇਬਾਂ ਭਰਨ ਲਈ ਸ਼ਰਾਬ ਪਿੰਡ ਪਿੰਡ ਲਿਜਾ ਰਹੇ ਹਨ। ਇਸ ਮੁੱਦੇ ‘ਤੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੀ ਤਕਰੀਬਨ ਸਹਿਮਤੀ ਹੈ, ਕਿਉਂਕਿ ਦੋਹਾਂ ਧਿਰਾਂ ਦੇ ਵੱਡੇ ਆਗੂ ਸ਼ਰਾਬ ਦੇ ਵੱਡੇ ਠੇਕੇਦਾਰ ਹਨ। ਹੁਣ ਤਾਂ ਨਸ਼ਿਆਂ ਦਾ ਤਿੱਖਾ ਵਿਰੋਧ ਕਰਨ ਵਾਲੀ ਇਕ ਧਿਰ- ਆਮ ਆਦਮੀ ਪਾਰਟੀ (ਆਪ) ਦਾ ਸੰਸਦ ਮੈਂਬਰ ਭਗਵੰਤ ਮਾਨ ਖੁਦ ਸ਼ਰਾਬ ਪੀ ਕੇ ਇਕ ਸ਼ਰਧਾਂਜਲੀ ਸਮਾਗਮ ਵਿਚ ਚਲੇ ਜਾਣ ਕਰ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਯਾਦ ਰਹੇ, ਭਗਵੰਤ ਮਾਨ ਹੁਣ ਤੱਕ ਖੁਦ ਵੀ ਸਟੇਜਾਂ ਤੋਂ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ ਹੈ।