‘ਤਿਤਲੀ’ ਦੀ ਤੜਫਾਹਟ:ਹਕੀਕਤ ਨਾਲ ਦਸਤਪੰਜਾ

ਕੋਮਲ ਕਾਸ਼ਣੀ
ਫਿਲਮਸਾਜ਼ ਕਨੂ ਬਹਿਲ ਦੀ ਪਲੇਠੀ ਫਿਲਮ ‘ਤਿਤਲੀ’ ਨੂੰ ਇਸ ਸਾਲ ਰਿਲੀਜ਼ ਹੋਈਆਂ ਫਿਲਮਾਂ ਵਿਚੋਂ ਬਿਹਤਰ ਆਖ ਕੇ ਵਡਿਆਇਆ ਗਿਆ ਹੈ। ਇਹ ਹੈ ਵੀ ਸੱਚ। ਕਨੂ ਦੀ ਫਿਲਮ ਉਤੇ ਬੜੀ ਪਕੜ ਹੈ। ਸਾਰੇ ਕਲਾਕਾਰਾਂ ਨੇ ਕਲਾ ਦੇ ਖੂਬ ਜੌਹਰ ਦਿਖਾਏ ਹਨ। ਕਨੂੰ ਬਹਿਲ ਥੀਏਟਰ ਅਤੇ ਫਿਲਮਾਂ ਨਾਲ ਜੁੜੀ ਪੰਜਾਬੀ ਜੋੜੀ ਲਲਿਤ ਬਹਿਲ ਅਤੇ ਨਵਨਿੰਦਰਾ ਬਹਿਲ ਦਾ ਹੋਣਹਾਰ ਪੁੱਤਰ ਹੈ।

ਮਾਪੇ ਚਾਹੁੰਦੇ ਸਨ ਕਿ ਕਨੂ ਅਦਾਕਾਰੀ ਦੇ ਖੇਤਰ ਵਿਚ ਪ੍ਰਵੇਸ਼ ਕਰੇ, ਪਰ ਕਨੂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਾਪਿਆਂ ਦੀ ਪਸੰਦ ਤੋਂ ਉਲਟ ਫਿਲਮਸਾਜ਼ੀ ਦਾ ਰਾਹ ਅਖਤਿਆਰ ਕੀਤਾ। ਕਨੂ ਦਾ ਬਚਪਨ ਪਟਿਆਲੇ ਬੀਤਿਆ ਅਤੇ ਫਿਰ ਉਹ ਦਿੱਲੀ ਦਾ ਬਾਸ਼ਿੰਦਾ ਹੋ ਗਿਆ। ਡਿਗਰੀਆਂ ਹਾਸਲ ਕਰਨ ਤੋਂ ਬਾਅਦ ਉਸ ਨੇ 2003 ਵਿਚ ਕੋਲਕਾਤਾ ਜਾ ਕੇ ਸੱਤਿਆਜੀਤ ਰੇਅ ਫਿਲਮ ਤੇ ਟੈਲੀਵਿਜ਼ਨ ਸੰਸਥਾ ਵਿਚ ਦਾਖਲਾ ਲੈ ਲਿਆ। ਉਥੇ ਡਿਪਲੋਮਾ ਕਰਦਿਆਂ ਉਹਨੇ ਜੂਝ ਰਹੇ ਅਦਾਕਾਰ ਬਾਰੇ ਦਸਤਾਵੇਜ਼ੀ ਫਿਲਮ Ḕਐਨ ਐਕਟਰ ਪਰਪੇਅਰਜ਼Ḕ ਬਣਾਈ। ਇਹ ਫਿਲਮ 2007 ਵਿਚ ਫਰਾਂਸ ਦੇ ਇਕ ਫਿਲਮ ਮੇਲੇ ਵਿਚ ਦਿਖਾਈ ਗਈ। ਫਿਰ ਉਹ ਕੁਝ ਦਸਤਾਵੇਜ਼ੀਆਂ ਦਾ ਨਿਰਮਾਤਾ ਤੇ ਨਿਰਦੇਸ਼ਕ ਬਣਿਆ। ਫਿਰ ਉਸ ਨੂੰ ਫਿਲਮ Ḕਓਏ ਲੱਕੀ! ਲੱਕੀ ਓਏḔ ਲਈ ਫਿਲਮਸਾਜ਼ ਦਿਬਾਕਰ ਬੈਨਰਜੀ ਦਾ ਅਸਿਸਟੈਂਟ ਬਣਨ ਦਾ ਮੌਕਾ ਮਿਲਿਆ। 2010 ਵਿਚ ਦਿਬਾਕਰ ਨੇ ਜਦੋਂ ਫਿਲਮ Ḕਲਵ ਸੈਕਸ ਔਰ ਧੋਖਾḔ ਬਣਾਈ ਤਾਂ ਇਸ ਫਿਲਮ ਦਾ ਸਹਿ-ਲੇਖਕ ਕਨੂ ਬਹਿਲ ਸੀ। 2012 ਵਿਚ ਉਸ ਨੇ ḔਤਿਤਲੀḔ ਵਾਲੀ ਪਟਕਥਾ ਲਿਖੀ। ḔਤਿਤਲੀḔ ਦਿਬਾਕਰ ਬੈਨਰਜੀ ਪ੍ਰੋਡਕਸ਼ਨਜ਼ ਅਤੇ ਯਸ਼ਰਾਜ ਫਿਲਮਸਾਜ਼ ਨੇ ਰਲ ਕੇ ਬਣਾਈ ਹੈ ਅਤੇ ਇਹ ਫਿਲਮ ਸੰਸਾਰ ਦੇ ਕਈ ਮੇਲਿਆਂ ਵਿਚ ਧੁੰਮਾਂ ਪਾਉਣ ਪਿਛੋਂ ਹੁਣ ਭਾਰਤ ਵਿਚ ਛਾ ਗਈ ਹੈ।
ਫਿਲਮ ḔਤਿਤਲੀḔ ਦਿੱਲੀ ਵੱਸਦੇ ਤਿਤਲੀ ਨਾਂ ਦੇ ਮੁੰਡੇ ਦੁਆਲੇ ਘੁੰਮਦੀ ਹੈ। ਉਹ ਆਪਣੇ ਵੱਡਿਆਂ ਦੇ ਦਾਬੇ ਵਿਚੋਂ ਨਿਕਲਣ ਲਈ ਛਟਪਟਾਉਂਦਾ ਹੈ। ਫਿਲਮ ਵਿਚ ਤਿਤਲੀ ਵਾਲਾ ਕਿਰਦਾਰ ਸ਼ਸ਼ਾਂਕ ਅਰੋੜਾ ਨੇ ਪੂਰੀ ਰੂਹ ਨਾਲ ਨਿਭਾਇਆ ਹੈ। ਰਣਵੀਰ ਸ਼ੋਰੀ ਵੱਡੇ ਭਰਾ ਦੀ ਭੂਮਿਕਾ ਵਿਚ ਛਾ ਹੀ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅਮਿਤ ਸਿਆਲ ਅਤੇ ਸ਼ਿਵਾਨੀ ਰਘੂਵੰਸ਼ੀ ਦੀਆਂ ਭੂਮਿਕਾਵਾਂ ਵੀ ਜ਼ੋਰਦਾਰ ਹਨ। ਇਹ ਫਿਲਮ ਅਸਲ ਵਿਚ ਹਕੀਕਤ ਨਾਲ ਸਿੱਧਾ ਦਸਤਪੰਜਾ ਲੈਂਦੀ ਹੈ ਅਤੇ ਆਲੇ-ਦੁਆਲੇ ਦੇ ਮਾਹੌਲ ਬਾਰੇ ਬੜੀ ਮਾਰਮਿਕ ਕਹਾਣੀ ਉਸਾਰਦੀ ਹੈ। ਫਿਲਮ ਅੱਜ ਦੇ ਭਾਰੂ ਵਿਕਾਸ ਮਾਡਲ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਇਉਂ ਮਹਿਸੂਸ ਹੋਣ ਲਗਦਾ ਹੈ ਜਿਵੇਂ ਸਾਹਮਣੇ ਆ ਰਹੀ ਹਰ ਸ਼ੈਅ ਨੂੰ ਪਲੀਤਾ ਲੱਗਿਆ ਹੋਇਆ ਹੈ ਜੋ ਬੱਸ ਫਟਣ ਹੀ ਵਾਲਾ ਹੈ। ਹਰ ਕਿਰਦਾਰ ਦੀ ਮਾਸੂਮੀਅਤ ਅਤੇ ਕੋਮਲਤਾ ਆਖਰਕਾਰ ਕਰੂਰ ਹਾਲਾਤ ਤੇ ਹਿੰਸਾ ਨਾਲ ਲਹੂ-ਲੁਹਾਣ ਹੋਈ ਜਾਂਦੀ ਹੈ, ਪਰ ਆਸ ਅਤੇ ਉਮੀਦ ਵੀ ਨਾਲ ਨਾਲ ਯਾਤਰਾ ਕਰੀ ਜਾਂਦੀ ਹੈ। ਨਿਰਦੇਸ਼ਕ ਕਨੂ ਬਹਿਲ ਆਸ ਦੀ ਇਹ ਲੜੀ ਟੁੱਟਣ ਨਹੀਂ ਦਿੰਦਾ ਅਤੇ ਵੱਖ ਵੱਖ ਕਿਰਦਾਰ ਵੱਖ ਵੱਖ ਹਾਲਾਤ ਵਿਚ ਆਪਣੇ ਹਿਸਾਬ ਨਾਲ ਸੰਕਟ ਕੱਟਣ ਲਈ ਅਹੁਲਦੇ ਹਨ। ਕਨੂ ਬਹਿਲ ਨੇ ਕੈਮਰੇ ਵਿਚ ਅਜਿਹੇ ਦ੍ਰਿਸ਼ ਕੈਦ ਕਰ ਕੇ ਦਰਸ਼ਕਾਂ ਅੱਗੇ ਰੱਖ ਦਿੱਤੇ ਹਨ ਕਿ ਕਈ ਵਾਰ ਦਰਸ਼ਕ ਉਭੇ ਸਾਹਾਂ Ḕਤੇ ਆ ਜਾਂਦਾ ਹੈ। ਫਿਲਮ ਦਰਸ਼ਕ ਦੇ ਅੰਦਰ ਉਤਰਦੀ ਚਲੀ ਜਾਂਦੀ ਹੈ।