ਹਰਾਮਖੋਰ: ਸਿਨੇਮਾ ਦੀ ਹਰੇਵਾਈ

ਜਗਜੀਤ ਸਿੰਘ ਸੇਖੋਂ
ਫਿਲਮਸਾਜ਼ ਸ਼ਲੋਕ ਸ਼ਰਮਾ ਦੀ ਫਿਲਮ ḔਹਰਾਮਖੋਰḔ ਹਿੰਦੀ ਫਿਲਮ ਜਗਤ ਵਿਚ ਦਾ ਨਵਾਂ ਰਾਹ ਅਖਤਿਆਰ ਕਰਨ ਵਾਲੀਆਂ ਫਿਲਮਾਂ ਵਿਚੋਂ ਇਕ ਹੈ। ਫਿਲਮ ਵਿਚ ਮਾਨਵੀ ਰਿਸ਼ਤਿਆਂ ਨੂੰ ਵੱਖ-ਵੱਖ ਕੋਣਾਂ ਤੋਂ ਦਿਖਾਇਆ ਗਿਆ ਹੈ। ਫਿਲਮ ਵਿਚ ਮੁੱਖ ਭੂਮਿਕਾ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਵੇਤਾ ਤ੍ਰਿਪਾਠੀ ਦੀਆਂ ਹਨ।

ਨਵਾਜ਼ੂਦੀਨ ਨੇ ਫਿਲਮ ਵਿਚ ਅਜਿਹੇ ਵਿਆਹੇ-ਵਰੇ ਅਧਿਆਪਕ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀ ਵਿਦਿਆਰਥਣ ਨਾਲ ਪਿਆਰ ਕਰਨ ਲੱਗਦਾ ਹੈ। ਫਿਰ ਇਸ ਤੋਂ ਬਾਅਦ ਜੋ ਉਲਝਣਾਂ ਪੇਸ਼ ਆਉਂਦੀਆਂ ਹਨ, ਉਸ ਬਾਰੇ ਸ਼ਲੋਕ ਸ਼ਰਮਾ ਨੇ ਬੜੀ ਉਮਦਾ ਅਤੇ ਜਾਨਦਾਰ ਕਹਾਣੀ ਬੁਣੀ ਹੈ। ਉਸ ਨੇ ਇਸ ਤੋਂ ਪਹਿਲਾਂ ਪੰਜ ਫਿਲਮਾਂ ਜੋੜ ਕੇ ਬਣਾਈ ਫਿਲਮ Ḕਸ਼ਾਰਟਸḔ ਵਿਚ ਆਪਣੀ ਕਲਾ ਦੇ ਜੌਹਰ ਦਿਖਾ ਦਿੱਤੇ ਸਨ। Ḕਸ਼ਾਰਟਸḔ ਵਿਚ ਪੰਜ ਫਿਲਮਾਂ ਸ਼ਾਮਲ ਕੀਤੀਆਂ ਗਈਆਂ ਸਨ ਜਿਸ ਵਿਚੋਂ ਇਕ ਫਿਲਮ ḔਸੁਜਾਤਾḔ ਦਾ ਨਿਰਦੇਸ਼ਕ ਸ਼ਲੋਕ ਸ਼ਰਮਾ ਨੇ ਕੀਤਾ ਸੀ। ਇਹ ਅਸਲੋਂ ਵੱਖਰਾ ਤਜਰਬਾ ਸੀ ਅਤੇ ਇਹ ਸਫਲ ਰਿਹਾ। ਸ਼ਲੋਕ ਸ਼ਰਮਾ ਵਾਲੇ ਹਿੱਸੇ ḔਸੁਜਾਤਾḔ ਵਿਚ ਸ਼ਵੇਤਾ ਤ੍ਰਿਪਾਠੀ ਨੇ ਆਪਣਾ ਕਿਰਦਾਰ ਬਹੁਤ ਰੂਹ ਨਾਲ ਨਿਭਾਇਆ ਸੀ।
ਹੁਣ ਛੇਤੀ ਹੀ ਰਿਲੀਜ਼ ਹੋ ਰਹੀ ਫਿਲਮ ḔਹਰਾਮਖੋਰḔ ਪਹਿਲਾਂ ਹੀ ਵੱਖ-ਵੱਖ ਕੌਮਾਂਤਰੀ ਫਿਲਮ ਮੇਲਿਆਂ ਵਿਚ ਆਪਣੀ ਧਾਂਕ ਜਮਾ ਚੁੱਕੀ ਹੈ। ਨਿਊ ਯਾਰਕ ਵਿਚ ਲੱਗਦੇ ਭਾਰਤੀ ਫਿਲਮ ਮੇਲੇ ਵਿਚ ਨਵਾਜ਼ੂਦੀਨ ਸਿੱਦੀਕੀ ਨੂੰ ਤਾਂ ਇਸ ਫਿਲਮ ਲਈ ਸਵੋਰਤਮ ਅਦਾਕਾਰ ਦਾ ਇਨਾਮ ਵੀ ਮਿਲ ਚੁੱਕਾ ਹੈ। ਨਵਾਜ਼ੂਦੀਨ ਇਸ ਤੋਂ ਪਹਿਲਾਂ Ḕਬਜਰੰਗੀ ਭਾਈਜਾਨḔ ਅਤੇ ḔਮਾਂਝੀḔ ਫਿਲਮਾਂ ਰਾਹੀਂ ਆਪਣੀ ਤਕੜੀ ਹਾਜ਼ਰੀ ਲੁਆ ਚੁੱਕਾ ਹੈ। ਇਸੇ ਤਰ੍ਹਾਂ ਸ਼ਵੇਤਾ ਤ੍ਰਿਪਾਠੀ ਨੇ ਫਿਲਮ ḔਮਸਾਨḔ ਰਾਹੀਂ ਸਭ ਦਾ ਧਿਆਨ ਖਿੱਚਿਆ ਸੀ। ਇਸ ਫਿਲਮ ਵਿਚ ਸ਼ਵੇਤਾ ਦਾ ਰੋਲ ਭਾਵੇਂ ਸਾਈਡ ਹੀਰੋਇਨ ਵਾਲਾ ਸੀ, ਪਰ ਉਸ ਨੇ ਇਸ ਰੋਲ ਵਿਚ ਵੀ ਆਪਣੀ ਕਲਾ ਦੇ ਜੌਹਰ ਦਿਖਾ ਦਿੱਤੇ ਸਨ। ਉਦੋਂ ਸ਼ਵੇਤਾ ਨੇ ਕਿਹਾ ਸੀ ਕਿ ਉਹ ਚੁਣ-ਚੁਣ ਕੇ ਚੰਗੀਆਂ ਫਿਲਮਾਂ ਕਰੇਗੀ। ਹੁਣ Ḕਹਰਾਮਖ਼ੋਰḔ ਰਾਹੀਂ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਦਰਸ਼ਕਾਂ ਨਾਲ ਕੀਤਾ ਵਾਅਦਾ ਨਿਭਾਇਆ ਹੈ। ਉਹ ਸਦਾ ਹੀ ਚਾਹੁੰਦੀ ਰਹੀ ਹੈ ਕਿ ਉਸ ਦੀ ਪਛਾਣ ਨਿਰਾਲੀ, ਨਿਆਰੀ ਅਤੇ ਨਿਵੇਕਲੀ ਹੋਵੇ। ਹੁਣ ਤੱਕ ਉਸ ਨੇ ਫਿਲਮਾਂ ਦੀ ਚੋਣ ਆਪਣੀ ਇਸ ਪਸੰਦ ਮੁਤਾਬਕ ਹੀ ਕੀਤੀ ਹੈ।