ਇਕ ਹੋਰ ਮੋੜ ਉਤੇ ਪੰਜਾਬ

ਪਿਛਲੇ ਸਮੇਂ ਦੌਰਾਨ ਉਪਰੋਥਲੀ ਹੋ ਰਹੀਆਂ ਘਟਨਾਵਾਂ ਨੇ ਪੰਜਾਬ ਦਾ ਸਿਆਸੀ ਦ੍ਰਿਸ਼ ਤਾਂ ਬਦਲਿਆ ਹੀ ਹੈ, ਇਸ ਨੇ ਬਾਦਲਾਂ ਦੀ ਸਿਆਸਤ ਉਤੇ ਜਿਹੜੀ ਸੱਟ ਮਾਰੀ ਹੈ, ਉਸ ਦੇ ਅਰਥ ਪੰਜਾਬ ਦੇ ਭਵਿੱਖ ਲਈ ਬੜੇ ਅਹਿਮ ਅਤੇ ਡੂੰਘੇ ਹਨ। ਬਾਦਲਾਂ ਅਤੇ ਇਨ੍ਹਾਂ ਨਾਲ ਜੁੜੇ ਕੁਝ ਹੋਰ ਪਰਿਵਾਰਾਂ ਨੇ ਜਿਸ ਤਰ੍ਹਾਂ ਸੂਬੇ ਦੇ ਸਿਆਸੀ ਅਤੇ ਧਾਰਮਿਕ ਪਿੜ ਵਿਚ ਆਪਣੀ ਪੈਂਠ ਬਣਾ ਲਈ ਸੀ, ਉਸ ਨੇ ਤਕਰੀਬਨ ਸਭ ਸਿਆਸੀ ਧਿਰਾਂ ਨੂੰ ਹੌਲੀ ਹੌਲੀ ਹਾਸ਼ੀਏ ਉਤੇ ਧੱਕ ਦਿੱਤਾ ਸੀ।

ਇਹ ਸਿਆਸੀ ਧਿਰਾਂ ਬਾਦਲਾਂ ਦੀ ਇਸ ਸਿਆਸਤ ਨੂੰ ਸੰਨ੍ਹ ਲਾਉਣ ਵਿਚ ਲਗਾਤਾਰ ਨਾਕਾਮ ਸਾਬਤ ਹੋਈਆਂ। ਇਸ ਨਾਕਾਮੀ ਦੇ ਕਈ ਕਾਰਨ ਗਿਣਾਏ ਜਾ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਇਹੀ ਸੀ ਕਿ ਕਿਸੇ ਵੀ ਧਿਰ ਦੀ, ਆਵਾਮ ਤੱਕ ਬੱਝਵੀਂ ਤੇ ਲਗਾਤਾਰ ਰਸਾਈ ਨਹੀਂ ਸੀ ਜੋ ਸਿਆਸੀ ਪਿੜ ਵਿਚ, ਪਿੜ ਬੰਨ੍ਹਣ ਲਈ ਲਾਜ਼ਮੀ ਹੁੰਦੀ ਹੈ। ਇਹ ਸਿਆਸੀ ਧਿਰਾਂ ਭਾਵੇਂ ਆਪੋ-ਆਪਣੇ ਅਤੇ ਪੰਜਾਬ ਨਾਲ ਸਬੰਧਤ ਮੁੱਦੇ-ਮਸਲੇ ਉਭਾਰਨ ਵਿਚ ਅਸਫਲ ਰਹੀਆਂ ਸਨ, ਪਰ ਸਿਆਸੀ ਧਿਰਾਂ ਦੀ ਇਸ ਅਸਫਲਤਾ ਅਤੇ ਨਾ-ਅਹਿਲੀਅਤ ਦੇ ਬਾਵਜੂਦ, ਪੰਜਾਬੀ ਆਵਾਮ ਦੇ ਦਿਲੋ-ਦਿਮਾਗ ਅੰਦਰ ਬਾਦਲਾਂ ਦੀ ਸਿਆਸਤ ਖਿਲਾਫ ਰੋਸ ਅਤੇ ਰੋਹ ਲਗਾਤਾਰ ਬਲ ਰਿਹਾ ਸੀ। ਇਸ ਰੋਹ ਤੇ ਰੋਸ ਦਾ ਇਕ ਝਲਕਾਰਾ ਸਾਰੀ ਦੁਨੀਆਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਦੇਖ ਹੀ ਲਿਆ ਸੀ ਜਦੋਂ ਲੋਕਾਂ ਨੇ ਸੱਤਾਧਾਰੀ ਅਕਾਲੀ ਦਲ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਐਨ ਬਰਾਬਰ, ਆਮ ਆਦਮੀ ਪਾਰਟੀ ਦੇ ਰੂਪ ਵਿਚ ਸਿਆਸੀ ਖੇਤਰ ਵਿਚ ਨਵੀਂ ਨਵੀਂ ਦਾਖਲ ਹੋਈ ਸਿਆਸੀ ਪਾਰਟੀ ਨੂੰ ਤਰਜੀਹ ਦਿੱਤੀ ਸੀ। ਇਸ ਨਿੱਕੀ ਅਤੇ ਅਚਾਨਕ ਹੋਈ ਸਿਆਸੀ ਉਥਲ-ਪੁਥਲ ਤੋਂ ਸਿਆਸੀ ਮਾਹਿਰ ਵੀ ਹੈਰਾਨ ਸਨ, ਪਰ ਪੰਜਾਬ ਦੀ ਨਬਜ਼ ਪਛਾਣਨ ਵਾਲੇ ਹਰ ਬੰਦੇ ਨੂੰ ਅਜਿਹੀ ਉਥਲ-ਪੁਥਲ ਤੋਂ ਕੋਈ ਹੈਰਾਨੀ ਨਹੀਂ ਸੀ ਹੋਈ, ਕਿਉਂਕਿ ਪੰਜਾਬ ਵੱਖ ਵੱਖ ਸਮਿਆਂ ਦੌਰਾਨ, ਵੱਖ ਵੱਖ ਖੇਤਰਾਂ ਅੰਦਰ ਕਿਸੇ ਨਾ ਕਿਸੇ ਰੂਪ ਵਿਚ, ਇਸੇ ਤਰ੍ਹਾਂ ਠੋਕ-ਵਜਾ ਕੇ ਆਪਣੀ ਹਾਜ਼ਰੀ ਦਰਜ ਕਰਦਾ ਰਿਹਾ ਹੈ।
ਹੁਣ ਵੀ ਪੰਜਾਬ ਨੇ ਠੋਕ-ਵਜਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਹੁਣ ਸੰਗਤ ਇਕ ਵਾਰ ਫਿਰ ਪਿੜ ਵਿਚ ਪੁੱਜ ਗਈ ਹੈ ਅਤੇ ਆਪਣਾ ਰੋਹ ਅਤੇ ਰੋਸ ਸ਼ਾਸਕਾਂ ਨੂੰ ਦਿਖਾ ਦਿੱਤਾ ਹੈ, ਪਰ ਸੰਗਤ ਦੇ ਇਸ ਸੱਚੇ ਤੇ ਸੁੱਚੇ ਰੋਹ ਤੇ ਰੋਸ ਨੂੰ ਸਿਆਸਤ ਵਿਚ ਵਟਾਉਣ ਵਾਲੇ ਇਕ ਵਾਰ ਫਿਰ ਸੀਨ ਤੋਂ ਤਕਰੀਬਨ ਗਾਇਬ ਹਨ। ਸੇਧ ਦੇਣ ਦੀ ਜ਼ਿੰਮੇਵਾਰੀ ਧਰਮ ਦੇ ਪ੍ਰਚਾਰਕਾਂ ਨੇ ਓਟੀ ਹੋਈ ਹੈ। ਉਹ ਵਾਰ ਵਾਰ ਇਕ ਹੀ ਭਾਸ਼ਣ ਦੇ ਰਹੇ ਹਨ ਕਿ ਹਾਲੀਆ ਮਸਲਿਆਂ ‘ਤੇ ਸਿਆਸਤ ਨਾ ਕੀਤੀ ਜਾਵੇ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਤਾਂ ਲਗਭਗ ਇਹੀ ਬਿਆਨ ਦਾਗ ਰਹੇ ਹਨ। ਇਹ ਵਕਤ ਦੀ ਵਿਡੰਬਨਾ ਹੀ ਹੈ ਕਿ ਆਪ-ਮੁਹਾਰੇ ਸੜਕਾਂ ਉਤੇ ਆਈ ਸੰਗਤ ਸਿਆਸੀ ਫੈਸਲੇ ਉਡੀਕ ਰਹੀ ਹੈ ਅਤੇ ਸੇਧ ਦੇਣ ਵਾਲੇ ਪ੍ਰਚਾਰਕ ਸਿਆਸਤ ਨਾ ਕਰਨ ਦੀਆਂ ਨਸੀਹਤਾਂ ਦੇ ਰਹੇ ਹਨ। ਇਕ ਵਾਰ ਫਿਰ ਪੰਜਾਬ ਨਵੇਂ ਮੋੜ ਉਤੇ ਆਣ ਖਲੋਇਆ ਹੈ ਅਤੇ ਹਿਣਕ ਰਿਹਾ ਹੈ, ਪਰ ਵੱਖ ਵੱਖ ਧਿਰਾਂ ਦੀ ਤਿੱਖੀ ਸਰਗਰਮੀ ਦੇ ਬਾਵਜੂਦ ਬਰਾਬਰ ਦੀ ਸਿਆਸਤ ਉਸਾਰਨ ਵਾਲੀ ਕੜੀ ਕਿਤੇ ਪੀਡੀ ਜੁੜ ਨਹੀਂ ਰਹੀ। ਅਸਲ ਵਿਚ ਸਾਰੇ ਦਾ ਸਾਰਾ ਮਸਲਾ ਧਰਮ ਦੁਆਲੇ ਕੇਂਦਰਤ ਹੋ ਗਿਆ ਜਾਪਦਾ ਹੈ, ਜਦਕਿ ਅਸਲ ਮਸਲਾ ਸਿਆਸਤ ਦਾ ਸੀ। ਇਹ ਬਾਦਲਾਂ ਦੀ ਸਿਆਸਤ ਹੀ ਤਾਂ ਸੀ ਜਿਸ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਉਤੇ ਆਪਣੀ ਪੈਂਠ ਬਣਾ ਕੇ ਇੰਨੇ ਸਾਲ ਧੜੱਲੇ ਨਾਲ ਸਿਆਸਤ ਚਲਾਈ। ਸੰਗਤ ਦਾ ਰੋਹ ਅਤੇ ਰੋਸ ਇਸ ਸਿਆਸਤ ਦੇ ਖਿਲਾਫ ਹੈ ਅਤੇ ਇਸ ਦਾ ਨਿਤਾਰਾ ਵੀ ਸਿਆਸਤ ਦੇ ਪਿੜ ਵਿਚ ਹੀ ਹੋਣਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਤੱਕ ਆਵਾਮ ਦੇ ਰੋਹ ਨੂੰ ਸਿਆਸਤ ਵਿਚ ਤਬਦੀਲ ਨਾ ਕੀਤਾ ਜਾਵੇ, ਸਿਆਸਤ ਦੀ ਅਗਲੀ ਕੜੀ ਜੁੜ ਨਹੀਂ ਸਕਦੀ।
ਇਸ ਸੂਰਤ ਵਿਚ ਅੱਜ ਦਾ ਸਭ ਤੋਂ ਵੱਡਾ ਅਤੇ ਅਹਿਮ ਸਵਾਲ ਇਹੀ ਹੈ ਕਿ ਸਿਆਸਤ ਦੀਆਂ ਇਹ ਕੜੀਆਂ ਜੋੜਨ ਵਾਲੇ ਕਿੱਥੇ ਹਨ? ਸੰਗਤ ਦਾ ਰੋਹ ਹਾਕਾਂ ਮਾਰ ਰਿਹਾ ਹੈ। ਇਹ ਉਹੀ ਸੰਗਤ ਹੈ ਜਿਸ ਨੇ ਲੋਕ ਸਭਾ ਚੋਣਾਂ ਦੌਰਾਨ ਆਪ-ਮੁਹਾਰੇ ਵੋਟ-ਬੂਥਾਂ ਉਤੇ ਪੁੱਜ ਕੇ ਆਮ ਆਦਮੀ ਪਾਰਟੀ ਦੀ ਝੋਲੀ ਭਰ ਦਿੱਤੀ ਸੀ। ਅੱਜ ਉਸੇ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਜੇ ਸੰਗਤ ਦੇ ਇਕੱਠ ਵਿਚੋਂ ਬੇਆਬਰੂ ਹੋ ਕੇ ਨਿਕਲਦਾ ਹੈ ਤਾਂ ਸਵਾਲ ਸੰਗਤ ਦਾ ਨਹੀਂ, ਸਿਆਸਤ ਚਲਾਉਣ ਵਾਲਿਆਂ ਲਈ ਬਣਦਾ ਹੈ। ਸਵਾਲ ਇਹ ਨਹੀਂ ਕਿ ਨਸ਼ਿਆਂ ਦੀ ਮਾਰ ਝੱਲ ਰਹੇ ਪੰਜਾਬ ਦਾ ਨੁਮਾਇੰਦਾ ਨਸ਼ਾ ਕਰ ਕੇ ਸੰਗਤ ਦੇ ਇਕੱਠ ਵਿਚ ਕਿਵੇਂ ਜਾ ਸਕਦਾ ਹੈ, ਬਲਕਿ ਸਵਾਲ ਇਹ ਹੈ ਕਿ ਜੇ ਸਿਆਸੀ ਲੀਡਰਾਂ ਨੇ ਇਉਂ ਹੀ ਸੰਗਤ ਨੂੰ ਨਿਰਾਸ਼ ਕਰਨਾ ਹੈ ਤਾਂ ਫਿਰ ਸੌੜੀ ਸਿਆਸਤ ਦੀ ਅੰਨ੍ਹੀ ਗਲੀ ਵਿਚ ਆਸ ਦੇ ਦੀਵੇ ਕੌਣ ਬਾਲੇਗਾ? ਪਿੜ ਵਿਚ ਨਿਤਰਨ ਵਾਲਿਆਂ ਦੀ ਪਰਖ ਪੈਰ ਪੈਰ ‘ਤੇ ਹੋਣੀ ਹੁੰਦੀ ਹੈ। ਬੱਝੇ ਪਿੜ ਵਿਚ ਅਜਿਹੀਆਂ ਗਲਤੀਆਂ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਦਾ ਸਬੱਬ ਬਣਦੀਆਂ ਹਨ। ਬਾਦਲ ਅੱਜ ਕੱਲ੍ਹ ਇਹੀ ਖਾਮਿਆਜਾ ਤਾਂ ਭੁਗਤ ਰਹੇ ਹਨ। ਸਿਆਸਤ ਨੂੰ ਵਾਰ ਵਾਰ ਤੋੜ-ਮਰੋੜ ਦੇਣ ਅਤੇ ਚੋਣਾਂ ਜਿੱਤਣ ਦੇ ਸ਼ਾਹਸਵਾਰ ਅੱਜ ਆਖਰਕਾਰ ਸੰਗਤ ਅੱਗੇ ਝੁਕੇ ਬੈਠੇ ਹਨ। ਉਂਜ ਫਿਕਰ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਦੀ ਸਰਗਰਮੀ ਤੋਂ ਬਾਦਲਾਂ ਦੀ ਸਿਆਸਤ ਦੇ ਖਿਲਾਫ, ਬਰਾਬਰ ਦੀ ਸਿਆਸਤ ਦਾ ਫਿਲਹਾਲ ਕੋਈ ਮੂੰਹ-ਮੱਥਾ ਨਹੀਂ ਬਣ ਰਿਹਾ। ਸੂਬੇ ਵਿਚ ਹੋ ਰਹੀ ਉਥਲ-ਪੁਥਲ ਦੱਸਦੀ ਹੈ ਕਿ ਸੰਗਤ ਨੇ ਬਾਦਲਾਂ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕੀਤਾ ਹੈ, ਜੇ ਹੁਣ ਵੀ ਸੰਗਤ ਦੇ ਇਸ ਰੋਹ ਨੂੰ ਸਿਆਸਤ ਵਿਚ ਵਟਾਇਆ ਨਾ ਜਾ ਸਕਿਆ ਤਾਂ ਬਾਦਲਾਂ ਦੀ ਉਹੀ ਸਿਆਸਤ ਇਕ ਵਾਰ ਫਿਰ ਸੰਗਤ ਨੂੰ ਹਾਸ਼ੀਏ ਉਤੇ ਲੈ ਜਾਵੇਗੀ। ਇਸੇ ਲਈ ਅੱਜ ਪੰਜਾਬ ਉਨ੍ਹਾਂ ਧਿਰਾਂ ਵੱਲ ਉਤਸੁਕਤਾ ਨਾਲ ਦੇਖ ਰਿਹਾ ਹੈ ਜਿਨ੍ਹਾਂ ਨੇ ਬਾਦਲੀ ਸਿਆਸਤ ਦੇ ਐਨ ਬਰਾਬਰ ਆਪਣੀ ਸਿਆਸਤ ਦਾ ਝੰਡਾ ਬੁਲੰਦ ਕਰਨਾ ਹੈ।