ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਮੁੱਚੇ ਘਟਨਾਕ੍ਰਮ ਉਤੇ ਪੰਥਕ ਧਿਰਾਂ ਦੇ ਏਕੇ ਨੇ ਪੰਜਾਬ ਵਿਚ ਵੱਡੇ ਸਿਆਸੀ ਫੇਰਬਦਲ ਦੇ ਸੰਕੇਤ ਦਿੱਤੇ ਹਨ। ਸੰਘਰਸ਼ ਦੌਰਾਨ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਲਈ ਬਰਗਾੜੀ ਵਿਖੇ ਹੋਏ ਪੰਥਕ ਇਕੱਠ ਵਿਚ ਸਿੱਖ ਜਥੇਬੰਦੀਆਂ ਵੱਲੋਂ ਐਲਾਨਿਆ ਪ੍ਰੋਗਰਾਮ ਸਿਰਫ ਧਾਰਮਿਕ ਪੱਧਰ ਉਤੇ ਨਹੀਂ, ਬਲਕਿ ਬਦਲਵੀਂ ਸਿਆਸੀ ਪਹੁੰਚ ਅਪਨਾਉਣ ਵੱਲ ਵੀ ਇਸ਼ਾਰਾ ਕਰਦਾ ਹੈ।
ਪੰਥਕ ਧਿਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਚੋਣਾਂ ਮੁੜ ਕਰਵਾਉਣ ਤੇ ਕਿਸਾਨ ਸੰਘਰਸ਼ ਦੀ ਹਮਾਇਤ ਬਾਰੇ ਪਾਸ ਕੀਤੇ ਮਤੇ ਇਸ ਦਿਸ਼ਾ ਵੱਲ ਹੀ ਸੇਧਿਤ ਹਨ।
ਦਰਅਸਲ, ਪੰਥਕ ਜਥੇਬੰਦੀਆਂ ਦੇ ਇਹ ਮਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਤੇ ਸੰਘਰਸ਼ ਨੂੰ ਮਿਲੀ ਸਫਲਤਾ ਦਾ ਸਿੱਟਾ ਹਨ। ਇਹ ਪਹਿਲੀ ਵਾਰ ਹੈ ਕਿ ਸੰਗਤ ਦੇ ਏਕੇ ਤੇ ਰੋਹ ਕਾਰਨ ਹਾਕਮ ਧਿਰ ਨੂੰ ਵਾਰ ਵਾਰ ਆਪਣਿਆਂ ਫੈਸਲਿਆਂ ਤੋਂ ਪਿੱਛੇ ਹਟਣਾ ਪੈ ਰਿਹਾ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਬਾਰੇ ਫੈਸਲਾ ਬਦਲਣਾ, ਪੰਜ ਪਿਆਰਿਆਂ ਦੀ ਮੁਅੱਤਲੀ ਤੇ ਫਿਰ ਬਹਾਲੀ, ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦੀ ਛੁੱਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰ ਕਦਮ ਪਿੱਛੇ ਪੁੱਟਣਾ ਪਿਆ। ਬਾਦਲ ਧੜਾ ਚੋਣਾਂ ਸਮੇਂ ਹੁਣ ਤੱਕ ਆਪਣਾ ਪੰਥਕ ਰੁਤਬਾ ਅੱਗੇ ਰੱਖਦਾ ਆਇਆ ਹੈ। ਪੇਂਡੂ ਵੋਟਰ ਅੱਜ ਵੀ ਅਕਾਲੀ ਦਲ ਦੇ ਚੋਣ ਨਿਸ਼ਾਨ Ḕਤੱਕੜੀ’ ਨੂੰ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟ ਦਿੰਦੇ ਰਹੇ ਹਨ। ਪੰਥਕ ਧਿਰਾਂ ਭਾਵੇਂ ਹੁਣ ਤੱਕ ਬਾਦਲ ਰਾਜ ਦੇ ਖਾਤਮੇ ਦੀ ਗੱਲ ਤਾਂ ਕਰਦੀਆਂ ਆਈਆਂ ਹਨ, ਪਰ ਇਸ ਦਾ ਕੋਈ ਸਿਆਸੀ ਬਦਲ ਪੇਸ਼ ਕਰਨ ਵਿਚ ਨਾਕਾਮ ਰਹੀਆਂ ਹਨ। ਹਾਕਮ ਧਿਰ ਤੋਂ ਬਿਨਾਂ ਸਿਮਰਨਜੀਤ ਸਿੰਘ ਮਾਨ ਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਆਪਣੇ ਆਪ ਨੂੰ ਪੰਥਕ ਬਦਲ ਵੱਲੋਂ ਪੇਸ਼ ਕਰਦਾ ਆਇਆ ਹੈ, ਪਰ ਆਪਣੇ ਗਰਮ ਖਿਆਲੀ ਸੁਭਾਅ ਕਾਰਨ ਉਹ ਹਾਸ਼ੀਏ ‘ਤੇ ਹੈ। ਪਿਛਲੇ ਵਰ੍ਹੇ 2014 ਵਿਚ ਵੀ ਨਾਨਕਸ਼ਾਹੀ ਕੈਲੰਡਰ ਵਿਵਾਦ ਅਤੇ ਬੰਦੀ ਸਿੱਖਾਂ ਦੀ ਰਿਹਾਈ ਕਾਰਨ ਪੈਦਾ ਹੋਏ ਰੋਸ ਪਿੱਛੋਂ ਪੰਥਕ ਧਿਰਾਂ ਨੇ ਚੰਡੀਗੜ੍ਹ ਵਿਚ ਮੀਟਿੰਗ ਕਰ ਕੇ ਪੰਥਕ ਪਾਰਟੀ ਬਣਾਉਣ ਲਈ ਰਣਨੀਤੀ ਘੜੀ ਸੀ, ਪਰ ਸੰਤ ਸਮਾਜ ਅਤੇ ਮਾਨ ਧੜੇ ਦੀ ਇਸ ਮਸਲੇ ‘ਤੇ ਰਗ ਨਾ ਰਲੀ। ਹੁਣ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਸਮਰਥਨ ਨੇ ਪੰਥਕ ਧਿਰਾਂ ਨੂੰ ਇਸ ਪਾਸੇ ਫਿਰ ਸੋਚਣ ਲਈ ਮਜਬੂਰ ਕੀਤਾ ਹੈ। ਹੁਣ ਬਰਗਾੜੀ ਵਿਚ ਪਾਸ ਕੀਤੇ ਮਤਿਆਂ ਦਾ ਨਿਸ਼ਾਨਾ ਬਾਦਲ ਵੱਲ ਸੇਧਿਤ ਹੈ। 30 ਅਕਤੂਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੂਨ ਦੀਆਂ ਥੈਲੀਆਂ ਦੇਣਾ, ਮੰਗਾਂ ਨਾ ਮੰਨਣ ਉੱਤੇ 15 ਨਵੰਬਰ ਤੋਂ ਮੁੱਖ ਮੰਤਰੀ, ਮੰਤਰੀਆਂ, ਸੱਤਾਧਾਰੀ ਧਿਰ ਨਾਲ ਸਬੰਧਤ ਵਿਧਾਇਕਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਘੇਰਾਓ ਕਰਨਾ ਸਿਆਸੀ ਦਿਸ਼ਾ ਤੈਅ ਕਰਨ ਵਾਲਾ ਐਲਾਨ ਹੈ। ਇਸ ਇਕੱਠ ਵਿਚ ਕਿਸਾਨ ਮਸਲੇ ਉਠਾ ਕੇ ਚਿੱਟੇ ਮੱਛਰ ਕਾਰਨ ਹੋਏ ਨੁਕਸਾਨ ਦੀ ਜਾਂਚ ਸੀæਬੀæਆਈæ ਹਵਾਲੇ ਕਰਨ ਦਾ ਮੁੱਦਾ ਸੰਕਟ ਵਿਚ ਫਸੀ ਕਿਸਾਨੀ ਦੀ ਹਮਦਰਦੀ ਜਿੱਤਣ ਦੀ ਰਣਨੀਤੀ ਸਮਝੀ ਜਾ ਰਹੀ ਹੈ।
ਪੰਜਾਬ ਇਸ ਮੌਕੇ ਸਿਆਸੀ, ਆਰਥਿਕ, ਸਮਾਜਕ, ਸਭਿਆਚਾਰਕ ਤੇ ਧਾਰਮਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਸਰਕਾਰ ਦੀ ਕਾਰਗੁਜ਼ਾਰੀ ਖਿਲਾਫ ਸੂਬੇ ਦੇ ਲੋਕ ਦੀ ਨਾਰਾਜ਼ਗੀ, ਭਰੋਸੇਯੋਗ ਤੇ ਸੰਗਠਿਤ ਲੀਡਰਸ਼ਿਪ ਦੀ ਮੰਗ ਕਰਦੀ ਹੈ। ਬਹੁਤ ਸਾਰੀਆਂ ਸਿਆਸੀ ਧਿਰਾਂ ਆਪਣੀ ਗੁਵਾਚੀ ਹੋਈ ਜ਼ਮੀਨ ਮੁੜ ਹਾਸਲ ਕਰਨ ਦੀ ਤਾਕ ਵਿਚ ਹਨ। ਬਰਗਾੜੀ ਇਕੱਠ ਵਿਚ ਸਿੱਖ ਸੰਗਤ ਨੇ ਕਿਸੇ ਵੀ ਸਿਆਸੀ ਧਿਰ ਨੂੰ ਮੂੰਹ ਨਹੀਂ ਲਾਇਆ। ਸਮਾਗਮ ਤੋਂ ਇਕ ਦਿਨ ਪਹਿਲਾਂ ਬਠਿੰਡਾ ਵਿਚ ਗੁਪਤ ਮੀਟਿੰਗ ਦੌਰਾਨ ਸਭ ਪੰਥਕ ਆਗੂਆਂ ਤੇ ਸੰਤ ਸਮਾਜ ਦੇ ਪ੍ਰਚਾਰਕਾਂ ਨੇ ਆਪਸੀ ਮਤਭੇਦ ਭੁਲਾ ਕੇ ਇਹ ਪ੍ਰੋਗਰਾਮ ਉਲੀਕਿਆ ਸੀ। ਮੀਟਿੰਗ ਦੀ ਕਾਰਵਾਈ ਨੂੰ ਗੁਪਤ ਰੱਖਣ ਵਾਸਤੇ ਸਭ ਆਗੂਆਂ ਨੇ ਪ੍ਰਣ ਵੀ ਲਿਆ ਸੀ ਜਿਸ ਦਾ ਐਲਾਨ ਭੋਗ ਸਮਾਗਮਾਂ ‘ਤੇ ਕੀਤਾ ਗਿਆ। ਮੀਟਿੰਗ ਵਿਚ ਭਾਈ ਪੰਥਪ੍ਰੀਤ ਸਿੰਘ ਖਾਲਸਾ, ਰਣਜੀਤ ਸਿੰਘ ਢੱਡਰੀਆਂ, ਭਾਈ ਦਲੇਰ ਸਿੰਘ ਖੇੜੀ, ਬਾਬਾ ਬਲਜੀਤ ਸਿੰਘ ਦਾਦੂਵਾਲ, ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਅਕਾਲੀ ਦਲ (1920), ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ, ਦਮਦਮੀ ਟਕਸਾਲ ਨੇ ਪੰਥਕ ਏਕੇ ਦਾ ਪ੍ਰਣ ਲਿਆ ਸੀ।
ਬਾਦਲਾਂ ਵੱਲੋਂ ਵੀ ਅਕਸ ਸੁਧਾਰ ਮੁਹਿੰਮ
ਚੰਡੀਗੜ੍ਹ: ਸਰਕਾਰ ਖਿਲਾਫ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਅਕਾਲੀ ਦਲ ਬਾਦਲ ਨੇ ਵੀ ਰਣਨੀਤੀ ਘੜ ਲਈ ਹੈ। ਲੋਕਾਂ ਵਿਚ ਮੁੜ ਭੱਲ ਬਣਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾਵਾਰ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀਆਂ ਮੀਟਿੰਗਾਂ ਬੁਲਾਉਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸੌ ਵਿਧਾਨ ਸਭਾ ਹਲਕਿਆਂ ਵਿਚ ਦਿਹਾਤੀ ਬੁਨਿਆਦੀ ਢਾਂਚੇ ਉੱਤੇ 25-25 ਕਰੋੜ ਰੁਪਏ ਖਰਚਣ ਦੀ ਯੋਜਨਾ ਹੈ। ਅਕਾਲੀ ਆਗੂ ਮਹਿਸੂਸ ਕਰ ਰਹੇ ਹਨ ਕਿ ਪਾਰਟੀ ਦੇ ਅਹੁਦੇਦਾਰਾਂ ਤੇ ਹੋਰ ਆਗੂਆਂ ਦਾ ਮਨੋਬਲ ਟੁੱਟ ਚੁੱਕਾ ਹੈ ਤੇ ਉਹ ਆਪਣੇ ਹਲਕਿਆਂ ਵਿਚ ਜਾਣੋਂ ਵੀ ਘਬਰਾ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂਆਂ ਨੂੰ ਪਿੰਡ ਪਿੰਡ ਅਖੰਡ ਪਾਠ ਕਰਵਾਉਣ ਦਾ ਹੁਕਮ ਦਿੱਤਾ ਸੀ, ਪਰ ਇਸ ਨੂੰ ਬਹੁਤ ਘੱਟ ਥਾਵਾਂ ਉੱਤੇ ਹੁੰਗਾਰਾ ਮਿਲਿਆ ਹੈ। ਸੁਖਬੀਰ ਬਾਦਲ ਨੂੰ ਵੀ ਮਾਨਸਾ ਨੇੜੇ ਇਕ ਗੁਰਦੁਆਰੇ ਵਿਚ ਜਾਣ ਸਮੇਂ ਵਿਰੋਧ ਝੱਲਣਾ ਪਿਆ ਸੀ। ਯਾਦ ਰਹੇ ਕਿ ਸੰਗਤ ਦੇ ਰੋਸ ਕਾਰਨ ਬਾਦਲ ਪਰਿਵਾਰ ਤਕਰੀਬਨ ਪੌਣੇ ਮਹੀਨੇ ਤੋਂ ਆਪਣੇ ਹਲਕੇ ਤੋਂ ਵੀ ਗਾਇਬ ਹੈ।