ਬੇਗਰਜ ਗਦਰੀਆਂ ਨੂੰ ਸਿਜਦਾ

‘ਪੰਜਾਬ ਟਾਈਮਜ਼’ ਦੇ 29 ਦਸੰਬਰ 2012 ਅਤੇ 5 ਜਨਵਰੀ 2013 ਵਾਲੇ ਅੰਕਾਂ ਵਿਚ ਲਾਲ ਹਰਦਿਆਲ ਬਾਰੇ ਲੇਖ ਲੰਮਾ ਲੇਖ ‘ਲਾਲਾ ਹਰਦਿਆਲ: ਬੌਧਿਕ ਬੁਲੰਦੀ ਅਤੇ ਸੁਹਿਰਦਤਾ ਦਾ ਮੁਜੱਸਮਾ’ ਦੋ ਕਿਸ਼ਤਾਂ ਵਿਚ ਪੜ੍ਹਨ ਨੂੰ ਮਿਲਿਆ। ਲੇਖਕ ਸ਼ ਚਰਨ ਸਿੰਘ ਜੱਜ ਅਤੇ ਅਦਾਰੇ ਦਾ ਇਹ ਸ਼ੁਭ ਕਾਰਜ ਸਲਾਹੁਣਯੋਗ ਹੈ। ਮੈਨੂੰ ਵੀ ਲਾਲਾ ਜੀ ਦੇ ਅਮਰੀਕਾ ‘ਚੋਂ ਦੇਸ਼ ਨਿਕਾਲੇ ਬਾਰੇ ਪੜ੍ਹਨ ਦਾ ਮੌਕਾ ਇਕ ਹੋਰ ਕਿਤਾਬ ‘ਚੋਂ ਮਿਲਿਆ ਹੈ। ਇਸ ਕਿਤਾਬ ਦਾ ਨਾਂ ‘ਡਾਇਰੀ ਬਾਬਾ ਹਰੀ ਸਿੰਘ ਉਸਮਾਨ’ (ਸਵੈ-ਜੀਵਨੀ ਤੇ ਲਿਖਤਾਂ) ਹੈ। ਇਸ ਦੇ ਸੰਪਾਦਕ ਪ੍ਰੋæ ਮਲਵਿੰਦਰਜੀਤ ਸਿੰਘ ਵੜੈਚ ਹਨ। ਇਸ ਕਿਤਾਬ ਨੂੰ ਪਹਿਲਾਂ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਅਤੇ ਫਿਰ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਛਾਪਿਆ। ਲਾਲਾ ਹਰਦਿਆਲ ਬਾਰੇ ਜੋ ਬਾਬਾ ਹਰੀ ਸਿੰਘ ਉਸਮਾਨ ਦੱਸਦੇ ਹਨ, ਉਹ ਵੇਰਵਾ ਮੈਂ ਪੰਜਾਬ ਟਾਈਮਜ਼ ਦੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਵੇਰਵਾ ਇਉਂ ਹੈ:
“ਯੁਗਾਂਤਰ ਆਸ਼ਰਮ ਖੋਲ੍ਹ ਕੇ ਗਦਰ ਅਖ਼ਬਾਰ ਸ਼ੁਰੂ ਕਰ ਦਿੱਤਾ (ਗਿਆ)। ਪਹਿਲਾ ਪਰਚਾ 1 ਨਵੰਬਰ 1913 ਨੂੰ ਕੱਢਿਆ ਗਿਆ। ਜਦ ‘ਗ਼ਦਰ’ ਅਖ਼ਬਾਰ ਦਾ ਉਹ ਪਰਚਾ ਮੇਰੇ ਪਾਸ ਪਹੁੰਚਿਆ ਤਾਂ ਮੇਰੇ ਦਿਮਾਗ ਨੂੰ ਚੱਕਰ ਆਉਣ ਲੱਗਾ। ਜਿਥੇ ਜਿਥੇ ਵੀ ਹਿੰਦੁਸਤਾਨੀ ਮਜ਼ਦੂਰ ਕੰਮ ਕਰਦੇ ਸਨ, ਸਭ ਥਾਂਈਂ ਜਲਸੇ ਹੋਣੇ ਸ਼ੁਰੂ ਹੋ ਗਏ। ਲਾਲਾ ਹਰਦਿਆਲ ਨੇ ਪਰਚੇ ਵਿਚ ਲਿਖ ਦਿੱਤਾ ਕਿ ਦੁਨੀਆਂ ਦੇ ਸਾਰੇ ਮੁਲਕਾਂ ਵਿਚ ਅਜਿਹੇ ਸਵਾਲ-ਜਵਾਬ ਚੱਲ ਰਹੇ ਹਨ ਕਿ ਬਗੈਰ ਜੰਗ ਦੇ ਫ਼ੈਸਲਾ ਨਹੀਂ ਹੋ ਸਕਦਾ। ਸਾਨੂੰ ਵੀ ਹਿੰਦੁਸਤਾਨ ਦੀ ਆਜ਼ਾਦੀ ਹਾਸਲ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਦ ਅੰਗਰੇਜ਼ੀ ਕੌਂਸਲ ਨੇ ਅਮਰੀਕਨ ਸਰਕਾਰ ਤੋਂ ਇਜਾਜ਼ਤ ਲੈ ਕੇ ਲਾਲਾ ਹਰਦਿਆਲ ਨੂੰ ਫੜਨ ਲਈ ਵਾਰੰਟ ਜਾਰੀ ਕਰ ਦਿੱਤੇ। ਉਸ ਵੇਲੇ ਲਾਲਾ ਹਰਦਿਆਲ ਸੈਨ ਫਰਾਂਸਿਸਕੋ ਨੇੜੇ ਬਰਕਲੇ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ।
ਜਿਸ ਪੁਲਿਸ ਇੰਸਪੈਕਟਰ ਦੀ ਡਿਊਟੀ ਲਾਲਾ ਹਰਦਿਆਲ ਨੂੰ ਗ੍ਰਿਫ਼ਤਾਰ ਕਰਨ ਲਈ ਲਾਈ ਗਈ ਸੀ, ਉਸ ਦੀ ਲੜਕੀ ਉਸੇ ਯੂਨੀਵਰਸਿਟੀ (ਬਰਕਲੇ) ਵਿਚ ਪੜ੍ਹਦੀ ਸੀ। ਉਹ ਲੜਕੀ ਲਾਲਾ ਹਰਦਿਆਲ ਦੇ ਲੈਕਚਰਾਂ ਤੋਂ ਬਹੁਤ ਪ੍ਰਭਾਵਿਤ ਸੀ। ਜਦ ਉਸ ਨੇ ਆਪਣੇ ਬਾਪ ਤੋਂ ਸੁਣਿਆ ਕਿ ਕੱਲ੍ਹ ਸਵੇਰੇ ਅੱਠ ਵਜੇ ਲਾਲਾ ਹਰਦਿਆਲ ਨੂੰ ਫੜ ਲਿਆ ਜਾਏਗਾ ਤਾਂ ਉਸ ਲੜਕੀ ਨੇ ਆਪਣੀ ਮਾਂ ਕੋਲੋਂ (ਬਾਪ ਤੋਂ ਚੋਰੀ) 500 ਡਾਲਰ ਲਿਜਾ ਕੇ ਲਾਲਾ ਹਰਦਿਆਲ ਦੇ ਸਾਹਮਣੇ ਰੱਖ ਦਿੱਤੇ ਤੇ ਉਨ੍ਹਾਂ ਨੂੰ ਦੱਸਿਆ ਕਿ ਕੱਲ੍ਹ ਸਵੇਰੇ ਅੱਠ ਵਜੇ ਮੇਰਾ ਬਾਪ ਤੁਹਾਨੂੰ ਫੜਨ ਲਈ ਆਉਣ ਵਾਲਾ ਹੈ। ਸੋ, ਤੁਸੀਂ ਇਹ ਡਾਲਰ ਲੈ ਕੇ ਦੇਸ਼ ਤੋਂ ਬਾਹਰ ਚਲੇ ਜਾਉ। ਉਸੇ ਵੇਲੇ ਲਾਲਾ ਹਰਦਿਆਲ ਗੱਡੀ ‘ਤੇ ਬੈਠ ਕੇ ਮੈਕਸੀਕੋ ਵੱਲ ਚਲੇ ਗਏ ਤੇ ਉਥੋਂ ਸਵਿਟਜ਼ਰਲੈਂਡ ਪਹੁੰਚ ਗਏ। ਉਨ੍ਹਾਂ ਮਗਰੋਂ ਅਖ਼ਬਾਰ ਦਾ ਐਡੀਟਰ ਰਾਮ ਚੰਦ ਨੂੰ ਬਣਾਇਆ ਗਿਆ।æææ”
ਇਹ ਜਾਣਕਾਰੀ ਮੈਂ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸਾਂ। ਮੈਂ ਲਾਲਾ ਜੀ ਅਤੇ ਸਾਰੇ ਦੇ ਸਾਰੇ ਬੇਗਰਜ, ਗੌਰਵਮਈ ਅਤੇ ਗੈਰਤਮੰਦ ਗਦਰੀ ਬਾਬਿਆਂ ਅਤੇ ਉਨ੍ਹਾਂ ਦੀਆਂ ਮਹਾਨ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਦਾ ਹਾਂ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।

Be the first to comment

Leave a Reply

Your email address will not be published.