ਅੰਮ੍ਰਿਤਸਰ: ਪੰਜ ਪਿਆਰਿਆਂ ਨੇ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਤਖਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਸਿੱਖ ਪੰਥ ਨੂੰ ਯੋਗ ਅਗਵਾਈ ਨਾ ਦੇਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣ। ਗੁਰਮਤੇ ਨੂੰ ਸੰਗਤ ਨੇ ਜੈਕਾਰੇ ਲਾ ਕੇ ਪ੍ਰਵਾਨਗੀ ਦਿੱਤੀ।
ਪੰਜ ਪਿਆਰਿਆਂ ਨੇ ਕਿਹਾ ਕਿ ਜੇਕਰ ਅੰਤ੍ਰਿੰਗ ਕਮੇਟੀ ਵੱਲੋਂ ਕੋਈ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਏਗਾ। ਜ਼ਿਕਰਯੋਗ ਹੈ ਕਿ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਰਾਜ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ। ਤਕਰੀਬਨ ਡੇਢ ਘੰਟੇ ਤੱਕ ਉਨ੍ਹਾਂ ਦੀ ਉਡੀਕ ਕੀਤੀ ਗਈ, ਪਰ ਕੋਈ ਸੁਨੇਹਾ ਨਾ ਆਉਣ ਤੋਂ ਬਾਅਦ ਪੰਜ ਪਿਆਰਿਆਂ ਨੇ ਗੁਰਮਤਾ ਜਾਰੀ ਕਰ ਦਿੱਤਾ।
ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਤੇ ਭਾਈ ਤਰਲੋਕ ਸਿੰਘ ਨੇ ਪਹਿਲਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਇਕੱਤਰਤਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸੰਗਤ ਦੀ ਹਾਜ਼ਰੀ ਵਿਚ ਜਾਰੀ ਕੀਤੇ ਗਏ ਗੁਰਮਤੇ ਨੂੰ ਭਾਈ ਸਤਨਾਮ ਸਿੰਘ ਨੇ ਪੜ੍ਹ ਕੇ ਸੁਣਾਇਆ। ਗੁਰਮਤੇ ਵਿਚ ਆਖਿਆ ਗਿਆ ਹੈ, ‘ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਹੋਰ ਤਖਤਾਂ ਦੇ ਜਥੇਦਾਰਾਂ ਵੱਲੋਂ ਕੀਤੇ ਗਏ ਫੈਸਲਿਆਂ ਕਾਰਨ ਸਿੱਖ ਪੰਥ ਅੰਦਰ ਵੱਡੀ ਦੁਬਿਧਾ ਬਣੀ ਹੋਈ ਹੈ। ਜਥੇਦਾਰਾਂ ਨੇ ਖਾਲਸਾ ਪੰਥ ਦੀਆਂ ਰਵਾਇਤਾਂ ਵਿਰੁੱਧ ਜਾ ਕੇ ਫੈਸਲੇ ਕੀਤੇ, ਜਿਸ ਨਾਲ ਸਮੁੱਚੇ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਹ ਸਹੀ ਢੰਗ ਨਾਲ ਖਾਲਸਾ ਪੰਥ ਦੀ ਤਰਜਮਾਨੀ ਨਹੀਂ ਕਰ ਸਕੇ ਤੇ ਨਾ ਹੀ ਅਜੋਕੀ ਸਥਿਤੀ ਵਿਚ ਪੰਥ ਨੂੰ ਸੁਯੋਗ ਅਗਵਾਈ ਦੇ ਸਕੇ ਹਨ। ਇਸ ਕਾਰਨ ਖਾਲਸਾ ਪੰਥ ਵੱਲੋਂ ਉਨ੍ਹਾਂ ਕੋਲੋਂ ਅਸਤੀਫੇ ਮੰਗੇ ਜਾ ਰਹੇ ਹਨ।’ ਉਨ੍ਹਾਂ ਗੁਰਮਤੇ ਰਾਹੀਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਕੀਤਾ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਂ ਤਖਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣ। ਉਨ੍ਹਾਂ ਆਖਿਆ ਕਿ ਪੰਜ ਪਿਆਰਿਆਂ ਵੱਲੋਂ 21 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਤਖਤ ਹਜ਼ੂਰ ਸਾਹਿਬ ਦੇ ਨੁਮਾਇੰਦੇ ਗਿਆਨੀ ਰਾਮ ਸਿੰਘ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਸਬੰਧੀ ਲਏ ਫੈਸਲੇ ਬਾਰੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ, ਪਰ ਕੋਈ ਵੀ ਜਥੇਦਾਰ ਹਾਜ਼ਰ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰਾਂ ਨੇ ਪੰਥਕ ਰਵਾਇਤਾਂ ਨੂੰ ਮੁੜ ਅਣਦੇਖਿਆ ਕੀਤਾ ਹੈ। ਅੰਤ੍ਰਿੰਗ ਕਮੇਟੀ ਨੂੰ ਫੈਸਲਾ ਤੁਰੰਤ ਲਾਗੂ ਕਰਨ ਦੀ ਹਦਾਇਤ ਕਰਦਿਆਂ ਉਨ੍ਹਾਂ ਆਖਿਆ ਕਿ ਜਥੇਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਜਾਣ।
ਸ਼੍ਰੋਮਣੀ ਕਮੇਟੀ ਵੱਲੋਂ ਮੁਅੱਤਲ ਕਰਨ ਬਾਰੇ ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਕੋਈ ਵੀ ਮੁਅੱਤਲ ਨਹੀਂ ਕਰ ਸਕਦਾ। ਜਦੋਂ ਉਹ ਸਾਧਾਰਨ ਕਰਮਚਾਰੀ ਜਾਂ ਮਨੁੱਖ ਹਨ ਤਾਂ ਉਨ੍ਹਾਂ ‘ਤੇ ਇਹ ਫੈਸਲਾ ਲਾਗੂ ਹੁੰਦਾ ਹੈ, ਪਰ ਪੰਜ ਪਿਆਰਿਆਂ ਉਤੇ ਅਜਿਹੇ ਫੈਸਲੇ ਲਾਗੂ ਨਹੀਂ ਹੁੰਦੇ।
ਪੰਜ ਪਿਆਰੇ ਜਦੋਂ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਕਰ ਰਹੇ ਸਨ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਹੋਰ ਅਮਲਾ ਵੀ ਮੌਜੂਦ ਸੀ। ਇਥੇ ਟਾਸਕ ਫੋਰਸ ਵੀ ਤਾਇਨਾਤ ਕੀਤੀ ਗਈ ਸੀ, ਪਰ ਪੰਜ ਪਿਆਰਿਆਂ ਨੂੰ ਆਉਣ ਤੇ ਮੀਟਿੰਗ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ।
____________________________
ਭੌਰ ਵੱਲੋਂ ਪੰਜ ਪਿਆਰਿਆਂ ਦੇ ਫੈਸਲੇ ਦਾ ਸਮਰਥਨ
ਚੰਡੀਗੜ੍ਹ: ਪੰਜ ਪਿਆਰਿਆਂ ਬਾਰੇ ਫੈਸਲਾ ਪ੍ਰਧਾਨ ਦਾ ਨਿੱਜੀ ਫੈਸਲਾ ਹੈ, ਸ਼੍ਰੋਮਣੀ ਕਮੇਟੀ ਦਾ ਨਹੀਂ ਹੈ। ਉਹ ਇਸ ਲਈ ਜਵਾਬਦੇਹ ਹਨ। ਜਦੋਂ ਅੰਤਰਿੰਗ ਕਮੇਟੀ ਕੋਈ ਫੈਸਲਾ ਕਰਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੁੰਦਾ ਹੈ। ਇਹ ਗੱਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਹੀ ਹੈ। ਉਨ੍ਹਾਂ ਜਥੇਦਾਰਾਂ ਵੱਲੋਂ ਪੰਜ ਪਿਆਰਿਆਂ ਦਾ ਫੈਸਲਾ ਨਾ ਮੰਨਣ ਉਤੇ ਕਿਹਾ ਕਿ ਜਥੇਦਾਰ ਜੋ ਮਰਜ਼ੀ ਗਲਤੀ ਕਰ ਦੇਣ, ਜਿਸ ਮਰਜ਼ੀ ਸੰਸਥਾ ਦਾ ਅਪਮਾਨ ਕਰ ਦੇਣ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਤਾਂ ਉਨ੍ਹਾਂ ਨੂੰ ਆਉਣਾ ਚਾਹੀਦਾ ਸੀ।
________________________________
ਜਥੇਦਾਰਾਂ ਨੂੰ ਤਲਬ ਨਹੀਂ ਕਰ ਸਕਦੇ ਪੰਜ ਪਿਆਰੇ
ਅੰਮ੍ਰਿਤਸਰ: ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਪੰਜ ਪਿਆਰਿਆਂ ਕੋਲ ਜਥੇਦਾਰਾਂ ਨੂੰ ਤਲਬ ਕਰਨ ਦਾ ਕੋਈ ਹੱਕ ਨਹੀਂ ਹੈ ਤੇ ਉਨ੍ਹਾਂ ਵੱਲੋਂ ਦਿੱਤਾ ਗਿਆ ਗੁਰਮਤਾ ਸਿੱਖ ਸਿਧਾਂਤਾਂ ਅਨੁਸਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਸੰਚਾਰ, ਸਿੱਖ ਧਰਮ ਦਾ ਪ੍ਰਚਾਰ ਤੇ ਨਗਰ ਕੀਰਤਨਾਂ ਵਿਚ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਤੇ ਅਜਿਹੇ ਫੈਸਲੇ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਹੇਠ ਨਹੀਂ ਆਉਂਦਾ ਹੈ। ਸਿੱਖ ਇਤਿਹਾਸ ਵਿਚ ਹੁਣ ਤੱਕ ਅਜਿਹਾ ਕਦੇ ਵੀ ਨਹੀਂ ਹੋਇਆ ਹੈ ਕਿ ਪੰਜ ਪਿਆਰਿਆਂ ਵੱਲੋਂ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਹੋਵੇ।