ਚੰਡੀਗੜ੍ਹ: ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਤਖਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਦਿੱਤੇ ਹੁਕਮ ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਹਮਾਇਤ ਕਾਰਨ ਅਕਾਲੀ ਲੀਡਰਸ਼ਿਪ ਬੁਰੀ ਤਰ੍ਹਾਂ ਘਿਰ ਗਈ ਹੈ। ਇਸ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਵੱਲੋਂ ਇਸ ਮਾਮਲੇ ਉਤੇ ਦਲ ਦੇ ਸੀਨੀਅਰ ਆਗੂਆਂ ਨਾਲ ਗੂੜ੍ਹ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਦੋਵੇਂ ਬਾਦਲਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਲੰਬਾ ਸਮਾਂ ਮੀਟਿੰਗ ਕੀਤੀ। ਸਰਕਾਰ ਤੇ ਹਾਕਮ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਰਾਜ ਭਰ ਵਿਚ ਫੈਲੇ ਰੋਸ ਦੇ ਮੱਠਾ ਪੈਣ ਨਾਲ ਰਤਾ ਸੁੱਖ ਦਾ ਸਾਹ ਲਿਆ ਸੀ ਕਿ ਅਕਾਲ ਤਖਤ ਉਤੇ ਵਾਪਰੀਆਂ ਘਟਨਾਵਾਂ ਨੇ ਅਕਾਲੀ ਦਲ ਨੂੰ ਰਾਜਸੀ ਤੇ ਧਾਰਮਿਕ ਤੌਰ ਉਤੇ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ।ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸਰਗਰਮੀਆਂ ਦਾ ਕੇਂਦਰ ਬਣੀ ਹੋਈ ਹੈ।
ਪੰਜ ਤਖਤਾਂ ਦੇ ਜਥੇਦਾਰਾਂ ਨੂੰ ਬਦਲਣ, ਹਾਲੀਆ ਘਟਨਾਵਾਂ ਦੇ ਪਾਰਟੀ ਉਤੇ ਪੈਣ ਵਾਲੇ ਸਿਆਸੀ ਅਸਰ ਤੇ ਭਵਿੱਖ ਦੀ ਰਾਜਸੀ ਤੇ ਧਾਰਮਿਕ ਰਣਨੀਤੀ ਨੂੰ ਅਕਾਲੀ ਦਲ ਵੱਲੋਂ ਇਕ ਤੋਂ ਬਾਅਦ ਮੀਟਿੰਗ ਕਰਕੇ ਵਿਚਾਰਿਆ ਜਾ ਰਿਹਾ ਹੈ। ਪਾਰਟੀ ਅੰਦਰਲੀ ਬਗਾਵਤ ਨੂੰ ਠੱਲ੍ਹ ਪਾਉਣ ਤੇ ਹੋਣ ਵਾਲੇ ਨੁਕਸਾਨ ਉਤੇ ਵੀ ਚਰਚਾ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਖਿਲਾਫ ਲੋਕਾਂ ਵਿਚ ਰੋਸ ਹੈ, ਜਿਸ ਨੂੰ ਸ਼ਾਂਤ ਕਰਨ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੀ ਕਾਰਵਾਈ ਦੀ ਤਾਂ ਭਾਵੇਂ ਹਮਾਇਤ ਨਹੀਂ ਕੀਤੀ, ਪਰ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ ਵਿਚ ਜੇ ਪੰਜ ਪਿਆਰਿਆਂ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਗਲਤ ਅਸਰ ਪਵੇਗਾ ਕਿਉਂਕਿ ਲੋਕਾਂ ਦੀ ਹਮਾਇਤ ਉਨ੍ਹਾਂ ਨਾਲ ਹੈ। ਦੂਜੇ ਪਾਸੇ ਜੇ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਦੇ ‘ਨਿਰਦੇਸ਼ਾਂ’ ਨੂੰ ਮੰਨ ਲਿਆ ਤਾਂ ਭਵਿੱਖ ਵਿਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਟਿੰਗ ਵਿਚ ਪਾਰਟੀ ਵਿਚਲੀ ਬਗਾਵਤ ਤੇ ਲੋਕਾਂ ਵੱਲੋਂ ਪਾਰਟੀ ਆਗੂਆਂ ਦੇ ਘਿਰਾਓ ਕੀਤੇ ਜਾਣ ਉਤੇ ਵੀ ਚਰਚਾ ਕੀਤੀ ਗਈ, ਪਰ ਜ਼ਿਆਦਾ ਧਿਆਨ ਅਕਾਲ ਤਖਤ ਦੀਆਂ ਘਟਨਾਵਾਂ ਉਤੇ ਹੀ ਰਿਹਾ।
ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ, ਜੋ ਮੀਟਿੰਗ ਵਿਚ ਹਾਜ਼ਰ ਸਨ, ਨੂੰ ਕਿਹਾ ਗਿਆ ਹੈ ਕਿ ਪੰਜ ਪਿਆਰਿਆਂ ਨਾਲ ਗੱਲਬਾਤ ਦਾ ਰਾਹ ਖੋਲ੍ਹ ਕੇ ਕੋਈ ਹੱਲ ਕੱਢਣ ਦਾ ਯਤਨ ਕੀਤਾ ਜਾਵੇ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਤਾਜ਼ਾ ਪੰਥਕ ਸੰਕਟ, ਰਾਜਸੀ ਤੇ ਸਿਆਸੀ ਪੱਖਾਂ ਤੋਂ ਬੇਹੱਦ ਗੰਭੀਰ ਹੈ। ਇਸ ਲਈ ਅਕਾਲੀ ਲੀਡਰਸ਼ਿਪ ਨੂੰ ਬੜਾ ਸੋਚ-ਵਿਚਾਰ ਕੇ ਹੀ ਫੈਸਲੇ ਲੈਣੇ ਪੈਣਗੇ। ਇਕ ਸੀਨੀਅਰ ਆਗੂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਲੋਕਾਂ ਵਿਚ ਹੋ ਰਹੀਆਂ ਟਿੱਪਣੀਆਂ ਦੀ ਵੀ ਚਰਚਾ ਕੀਤੀ ਤੇ ਕਿਹਾ ਕਿ ਇਸ ਧਾਰਮਿਕ ਸੰਸਥਾ ਨੂੰ ਧਾਰਮਿਕ ਰਵਾਇਤਾਂ ਮੁਤਾਬਕ ਹੀ ਚਲਾਇਆ ਜਾਵੇ ਤਾਂ ਜ਼ਿਆਦਾ ਠੀਕ ਹੈ। ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਆਦਿ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 26 ਅਕਤੂਬਰ ਨੂੰ ਚੰਡੀਗੜ੍ਹ ਵਿਚ ਸੱਦੀ ਗਈ ਹੰਗਾਮੀ ਇਕੱਤਰਤਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ।
____________________________________
ਸਿਆਸੀ ਤਾਕਤਾਂ ਨੂੰ ਵਿਕਾਸ ਹਜ਼ਮ ਨਾ ਹੋਇਆ: ਸੁਖਬੀਰ
ਫ਼ਿਰੋਜ਼ਪੁਰ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬੇਅਦਬੀ ਦੇ ਮਾਮਲਿਆਂ ਦਾ ਸਿੱਧਾ ਸਬੰਧ ਪੰਜਾਬ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਉਤੇ ਹੋਏ ਹਮਲੇ ਸਿਆਸੀ ਸਾਜ਼ਿਸ਼ ਦਾ ਹਿੱਸਾ ਜਾਪਦੇ ਹਨ। ਕੁਝ ਸਿਆਸੀ ਤਾਕਤਾਂ ਨੂੰ ਪੰਜਾਬ ਦਾ ਵਿਕਾਸ ਹਜ਼ਮ ਨਹੀਂ ਹੋ ਰਿਹਾ। ਇਸ ਕਰਕੇ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਰਹੇ ਹਨ।
______________________________________
ਬਾਦਲ ‘ਪੰਥ ਰਤਨ’ ਦੀ ਉਪਾਧੀ ਵਾਪਸ ਕਰੇ: ਬਾਜਵਾ
ਸ੍ਰੀ ਆਨੰਦਪੁਰ ਸਾਹਿਬ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਸਿੱਖ ਕੌਮ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਈ ਹੈ ਤੇ ਸਿੱਖ ਸੰਸਥਾਵਾਂ ਦਾ ਰਾਜਸੀਕਰਨ ਹੋਇਆ ਹੈ, ਇਸ ਲਈ ਉਹ ‘ਪੰਥ ਰਤਨ’ ਅਖਵਾਉਣ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖਤ ਤੋਂ ਮਿਲੀ ‘ਪੰਥ ਰਤਨ ਫਖ਼ਰੇ ਕੌਮ’ ਦੀ ਉਪਾਧੀ ਨੂੰ ਵਾਪਸ ਕਰਨ ਤਾਂ ਜੋ ਦੇਸਾਂ-ਵਿਦੇਸਾਂ ਵਿਚ ਵਸਦੇ ਸਿੱਖਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਸਕੇ।