ਬੇਅਦਬੀ ਘਟਨਾ: ਆਪਣੇ ਹੀ ਜਾਲ ਵਿਚ ਫਸ ਰਹੀ ਹੈ ਪੁਲਿਸ

ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਸਬੰਧੀ ਗ੍ਰਿਫਤਾਰ ਕੀਤੇ ਨੌਜਵਾਨਾਂ ਦੇ ਮਾਮਲੇ ਵਿਚ ਪੰਜਾਬ ਪੁਲਿਸ ਆਪ ਹੀ ਘਿਰਦੀ ਜਾ ਰਹੀ ਹੈ। ਗ੍ਰਿਫਤਾਰ ਨੌਜਵਾਨਾਂ ਨੂੰ ਪਿੰਡ ਵਾਸੀਆਂ ਤੋਂ ਇਲਾਵਾ ਪੰਥਕ ਜਥੇਬੰਦੀਆਂ ਦੀ ਹਮਾਇਤ ਕਾਰਨ ਪੁਲਿਸ ਨੂੰ ਜਵਾਬ ਦੇਣਾ ਔਖਾ ਹੋ ਗਿਆ ਹੈ। ਫਰੀਦਕੋਟ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਚੋਰੀ, ਪਿੰਡ ਬਰਗਾੜੀ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲਣ ਤੇ ਇਸ ਤੋਂ ਪਹਿਲਾਂ ਪਿੰਡ ਵਿਚ ਪੋਸਟਰ ਲੱਗਣ ਦੀ ਘਟਨਾ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਤਿੰਨ ਪਰਚੇ ਦਰਜ ਕੀਤੇ ਹਨ।

ਤਿੰਨ ਆਈæਪੀæਐੱਸ਼ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਉਤੇ ਕੀਤੀ ਗਈ ਪੜਤਾਲ ਤੋਂ ਬਾਅਦ ਦੋ ਸ਼ੱਕੀ ਵਿਅਕਤੀਆਂ ਦੇ ਸਕੈੱਚ ਜਾਰੀ ਕੀਤੇ ਗਏ ਸਨ ਤੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋ ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਪਾਵਨ ਸਰੂਪ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਸਕੈੱਚ ਪੂਰੀ ਪੜਤਾਲ ਤੋਂ ਬਾਅਦ ਤਿਆਰ ਕੀਤੇ ਗਏ ਹਨ। ਹੁਣ ਪੁਲਿਸ ਨੇ ਬਰਗਾੜੀ ਕਾਂਡ ਵਿਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਵੀ ਸਕੈੱਚ ਵਾਲੇ ਵਿਅਕਤੀਆਂ ਦੀ ਸ਼ਨਾਖਤ ਜਾਂ ਭੂਮਿਕਾ ਬਾਰੇ ਪੁਲਿਸ ਦੇ ਹੱਥ ਖਾਲੀ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਈ ਹੋਰ ਸੀਨੀਅਰ ਅਕਾਲੀ ਲੀਡਰਾਂ ਦੀ ਹਾਜ਼ਰੀ ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜੇ ਜਾਣ ਦਾ ਕੀਤਾ ਐਲਾਨ ਤੇ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਏæਡੀæਜੀæਪੀæ ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ ਦੋਸ਼ੀਆਂ ਦੇ ਬਾਹਰਲੇ ਦੇਸ਼ਾਂ ਵਿਚ ਵੀ ਸੰਪਰਕ ਦੇ ਕੀਤੇ ਖੁਲਾਸੇ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਪੁਲਿਸ ਮੁਖੀ ਸਹੋਤਾ ਦੇ ਇਸ ਦਾਅਵੇ ਉੱਪਰ ਵੀ ਸੁਆਲੀਆ ਚਿੰਨ੍ਹ ਲੱਗ ਰਿਹਾ ਹੈ ਕਿ ਫੜੇ ਗਏ ਕਥਿਤ ਦੋਸ਼ੀ ਸਕੇ ਭਰਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਕਈ ਦਿਨ ਤੋਂ ਗਾਇਬ ਸਨ। ਵੱਖ-ਵੱਖ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੰਜਗਰਾਈਂ ਵਿਖੇ ਕਰਿਆਨੇ ਦੀ ਦੁਕਾਨ ਵਿਚ ਕੰਮ ਕਰਦਾ ਹੈ ਤੇ ਉਸ ਦੇ ਦੋਵੇਂ ਪੁੱਤਰ ਅੰਮ੍ਰਿਤਧਾਰੀ ਹਨ। ਉਕਤ ਹਲਕਿਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਦਾਅਵੇ ਅਨੁਸਾਰ ਰੁਪਿੰਦਰ ਸਿੰਘ ਨੇ ਛੇ ਮਹੀਨੇ ਪਹਿਲਾਂ ਅੰਮ੍ਰਿਤ ਛਕਿਆ। ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਵਿਰੁੱਧ ਪੁਲਿਸ ਵੱਲੋਂ ਪੇਸ਼ ਕੀਤੇ ਗਏ ਸਬੂਤ ਤੇ ਜਾਰੀ ਕੀਤੀ ਰਿਪੋਰਟ ਪਿੰਡ ਵਾਸੀਆਂ ਦੇ ਗਲੇ ਤੋਂ ਹੇਠਾਂ ਨਹੀਂ ਉੱਤਰ ਰਹੀ। ਇਸ ਪਿੰਡ ਦੀ ਤਿੰਨ ਹਜ਼ਾਰ ਤੋਂ ਉੱਪਰ ਆਬਾਦੀ ਤੇ 2200-2300 ਦੇ ਕਰੀਬ ਵੋਟ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਤਕਰੀਬਨ ਪਿਛਲੇ ਪੰਜ ਦਹਾਕਿਆਂ ਤੋਂ ਇਸ ਪਿੰਡ ਵਿਚ ਰਹਿ ਰਿਹਾ ਹੈ।
ਪਿਛਲੇ ਸਮੇਂ ਤੋਂ ਇਸ ਪਰਿਵਾਰ ਦਾ ਸਮਾਜ ਵਿਰੋਧੀ ਗਤੀਵਿਧੀਆਂ ਨਾਲ ਕੋਈ ਵਾਹ ਵਾਸਤਾ ਨਹੀਂ, ਸਗੋਂ ਰੁਪਿੰਦਰ ਸਿੰਘ ਸਾਬਕਾ ਸਰਕਲ ਪ੍ਰਧਾਨ (ਬਾਘਾ ਪੁਰਾਣਾ) ਸਿੱਖ ਸਟੂਡੈਂਟ ਫੈੱਡਰੇਸ਼ਨ ਰਿਹਾ ਹੈ। ਜਸਵਿੰਦਰ ਸਿੰਘ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਉਹ ਬੇਹੱਦ ਸ਼ਰੀਫ ਇਨਸਾਨ ਹੈ, ਜਿਸ ਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਹੈ। ਉਕਤ ਪਰਿਵਾਰ ਪਿੰਡ ਵਿਚ ਕਰਿਆਨੇ ਦੀ ਦੁਕਾਨ ਤੇ ਪਿੰਡਾਂ ਵਿਚ ਹੋਲਸੇਲ ਦਾ ਕੰਮ ਚਲਾ ਕੇ ਗੁਜ਼ਾਰਾ ਕਰ ਰਿਹਾ ਹ। ਪਿੰਡ ਦੇ ਸਰਪੰਚ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਉਕਤ ਦੋਵੇਂ ਵਿਅਕਤੀ ਗੁਰਸਿੱਖ ਪਰਿਵਾਰ ਵਿਚੋਂ ਹਨ ਤੇ ਇਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ, ਸਗੋਂ ਕਿਸੇ ਸਾਜ਼ਿਸ਼ ਅਧੀਨ ਇਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ ਰੁਪਿੰਦਰ ਸਿੰਘ ਖਾਲਸਾ ਨੇ ਕੋਟਕਪੂਰੇ ਦੀ ਘਟਨਾਕ੍ਰਮ ਤੱਕ ਹਰੇਕ ਗਤੀਵਿਧੀ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਹੈ।
_____________________________________
ਵਿਦੇਸ਼ੀ ਹੱਥ ਬਾਰੇ ਪੁਲਿਸ ਦੀ ਕਹਾਣੀ ਵਿਚ ਦਮ ਨਹੀਂ
ਚੰਡੀਗੜ੍ਹ: ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਬੇਅਦਬੀ ਕਾਂਡ ਲਈ ਮੁਲਜ਼ਮਾਂ ਨੂੰ ਵਿਦੇਸ਼ ਤੋਂ ਪੈਸੇ ਭੇਜੇ ਗਏ ਸਨ। ਪੁਲਿਸ ਨੇ ਦੁਬਈ ਤੋਂ ਹਰਦੀਪ ਸਿੰਘ ਖਾਲਸਾ ਤੇ ਆਸਟਰੇਲੀਆ ਤੋਂ ਸੁਖਦੀਪ ਸਿੰਘ ਦਿਓਲ ‘ਤੇ ਪੈਸੇ ਭੇਜਣ ਦਾ ਦੋਸ਼ ਲਾਇਆ ਸੀ। ਹਰਦੀਪ ਸਿੰਘ ਖਾਲਸਾ ਤੇ ਸੁਖਦੀਪ ਸਿੰਘ ਦਿਓਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੈਸੇ ਇਸ ਸੰਘਰਸ਼ ਵਿਚ ਜਖਮੀ ਹੋਏ ਸਿੱਖਾਂ ਦੇ ਇਲਾਜ ਲਈ ਭੇਜੇ ਸਨ। ਦੁਬਈ ਤੋਂ ਫੋਨ ‘ਤੇ ਹਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਨ ਲਈ 60-70 ਬੰਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ, ਜਿਨ੍ਹਾਂ ਨੇ ਉੱਥੇ ਹੀ ਜ਼ਖ਼ਮੀਆਂ ਦੇ ਇਲਾਜ ਲਈ ਮਦਦ ਕਰਨ ਦਾ ਫੈਸਲਾ ਕੀਤਾ ਤੇ ਮੌਕੇ ਉੱਪਰ ਤਕਰੀਬਨ 75 ਹਜ਼ਾਰ ਰੁਪਏ ਇਕੱਤਰ ਕੀਤੇ। ਆਸਟਰੇਲੀਆ ਦੇ ਸੁਖਦੀਪ ਸਿੰਘ ਦਿਓਲ ਨੇ ਆਸਟਰੇਲੀਆ ਦੇ ਪੰਜਾਬੀ ਕੌਮੀ ਆਵਾਜ਼ ਰੇਡੀਓ ‘ਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤਾਂ-ਮਿੱਤਰਾਂ ਨੇ ਰਲ ਕੇ ਪੈਸੇ ਇਕੱਠੇ ਕੀਤੇ ਸਨ ਤੇ ਪੂਰੀ ਤਰ੍ਹਾਂ ਕਾਨੂੰਨੀ ਢੰਗ ਨਾਲ ਬੈਂਕ ਰਾਹੀਂ ਜਖਮੀਆਂ ਦੀ ਮਦਦ ਲਈ ਪੰਜਾਬ ਭੇਜੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਸਾਡੇ ਪੰਜਾਬ ਨਾਲ ਦਰਦ ਨੂੰ ਗਲਤ ਰੂਪ ਵਿਚ ਪੇਸ਼ ਕਰ ਰਹੀ ਹੈ। ਉਧਰ, ਹਾਲੀਆ ਘਟਨਾਵਾਂ ਵਿਚ ‘ਵਿਦੇਸ਼ੀ ਹੱਥ’ ਹੋਣ ਸਬੰਧੀ ਸੂਚਨਾ ਦੇ ਸਬੰਧ ਵਿਚ ਕੇਂਦਰ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ।
_____________________________________
ਫੜੇ ਨੌਜਵਾਨਾਂ ਦੇ ਕੇਸ ਮੁਫਤ ਲੜਾਂਗਾ: ਫੂਲਕਾ
ਸਮਾਲਸਰ: ਸੁਪਰੀਮ ਕੋਰਟ ਦੇ ਵਕੀਲ ਐਚæਐਸ਼ ਫੂਲਕਾ ਨੇ ਕਿਹਾ ਹੈ ਕਿ ਉਹ ਪੰਜਾਬ ਪੁਲਿਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਚ ਹੋਈ ਬੇਅਦਬੀ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪਿੰਡ ਪੰਜਗਰਾਂਈ ਖੁਰਦ ਦੇ ਦੋ ਨੌਜਵਾਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਕੇਸ ਮੁਫਤ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਮਲੇ ਹੇਠਲੀ ਅਦਾਲਤ ਵਿਚ ਲੜ ਰਹੇ ਵਕੀਲਾਂ ਨੂੰ ਉਹ ਮੁਫਤ ਸਲਾਹ ਦੇਣਗੇ।