ਅਸਹਿਣਸ਼ੀਲਤਾ ਤੇ ਧੱਕੇਸ਼ਾਹੀ ਖਿਲਾਫ ਸੜਕਾਂ ‘ਤੇ ਆਏ ਕਲਮਕਾਰ

ਨਵੀਂ ਦਿੱਲੀ: ਸਨਮਾਨ ਪੁਰਸਕਾਰ ਮੋੜਨ ਤੋਂ ਬਾਅਦ ਹੁਣ ਲੇਖਕਾ ਨੇ ਦੇਸ਼ ਵਿਚ ਵਧਦੀ ਅਸਿਹਣਸ਼ੀਲਤਾ ਖਿਲਾਫ ਸੜਕਾਂ ‘ਤੇ ਆਉਣ ਦਾ ਫੈਸਲਾ ਕੀਤਾ ਹੈ। ਭਾਰਤੀ ਸਾਹਿਤ ਅਕਾਦਮੀ ਦੀ ਕਾਰਜਕਾਰਨੀ ਬੈਠਕ ਦੇ ਮੱਦੇਨਜ਼ਰ ਦੇਸ਼ ਦੇ ਲੇਖਕਾਂ ਵੱਲੋਂ ਅਕਾਦਮੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਲੇਖਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਮੋਦੀ ਸਰਕਾਰ ਨੂੰ ਹਾਸ਼ੀਏ ਉਪਰ ਧੱਕਣ ਤੇ ਬੋਧਿਕ ਪੱਧਰ ਦਾ ਅਤਿਵਾਦ ਫੈਲਾਉਣ ਦਾ ਦੋਸ਼ ਵੀ ਲਾਇਆ ਗਿਆ। ਪ੍ਰਗਤੀਸ਼ੀਲ ਸਾਹਿਤਕਾਰਾਂ ਨੇ ਪ੍ਰੋਫੈਸਰ ਕਲਬੁਰਗੀ ਦੇ ਕਤਲ, ਦੇਸ਼ ਵਿਚ ਵਧਦੀ ਅਸਿਹਣਸ਼ੀਲਤਾ ਸਮੇਤ ਆਪਣੇ ਵਿਚਾਰ ਥੋਪਣ ਸਮੇਤ ਹੋਰ ਮੁੱਦਿਆਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਮੂੰਹ ਉਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ।

ਪ੍ਰਗਤੀਸ਼ੀਲ ਲੇਖਕਾਂ ਵੱਲੋਂ ਸਾਹਿਤ ਅਕਾਦਮੀ ਸਨਮਾਨ ਵਾਪਸ ਕਰਨ ਦੀ ਪਹਿਲ ਸ਼ੁਰੂ ਕੀਤੀ ਸੀ ਤੇ ਪੰਜਾਬੀ ਦੇ ਵੀ ਕਈ ਲੇਖਕਾਂ ਨੇ ਸਨਮਾਨ ਵਾਪਸ ਕੀਤੇ ਹਨ। ਇਹ ਰੋਸ ਮਾਰਚ ਧੜੇਬੰਦੀ ਦਾ ਸ਼ਿਕਾਰ ਵੀ ਹੋ ਗਿਆ। ਇਕ ਧੜਾ ਉਹ ਸੀ ਜੋ ਮੌਨ ਰੋਸ ਮਾਰਚ ਕੱਢ ਕੇ ਅਕਾਦਮੀ ਦੇ ਦਫਤਰ ਤੱਕ ਪੁੱਜਾ ਤੇ ਦੂਜੇ ਧੜੇ ਨੇ ਇਨ੍ਹਾਂ ਪ੍ਰਗਤੀਸ਼ੀਲ ਲੇਖਕਾਂ ਦੇ ਵਿਰੁੱਧ ਹੀ ਰੋਸ ਪ੍ਰਦਰਸ਼ਨ ਕਰ ਦਿੱਤਾ। ਦੂਜੇ ਪਾਸੇ ਰਾਸ਼ਟਰਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਲੇਖਕਾਂ ਦੇ ਧੜੇ ਨੇ ਖੱਬੇ ਪੱਖੀ ਲੇਖਕਾਂ ਉਤੇ ਸਿਆਸਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਵੱਲੋਂ ਪ੍ਰਗਤੀਸ਼ੀਲ ਲੇਖਕਾਂ ਉਪਰ ਭਾਰੂ ਹੋਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵੱਲੋਂ ਅਕਾਦਮੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਦਬਾਅ ਹੇਠ ਨਾ ਆਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਕਦੇ ਦੇਸ਼ ਵਿਚ ਦੁਰਘਟਨਾਵਾਂ ਜਾਂ ਦੰਗੇ ਹੋਏ ਤਾਂ ਕਿਸੇ ਨੇ ਸਾਹਿਤ ਅਕਾਦਮੀ ਸਨਮਾਨ ਵਾਪਸ ਨਹੀਂ ਕੀਤਾ ਸੀ। ਲੇਖਕ ਨਰਿੰਦਰ ਕੋਹਲੀ ਮੁਤਾਬਕ ਜਦੋਂ ਕਸ਼ਮੀਰ ਵਿਚ ਹਿੰਦੂਆਂ ਉਤੇ ਜ਼ੁਲਮ ਹੋ ਰਿਹਾ ਸੀ ਤੇ ਪੰਜਾਬ ਵਿਚ ਅਤਿਵਾਦ ਸਿਖਰ ਉਤੇ ਸੀ ਜਾਂ ਐਮਰਜੈਂਸੀ ਦੌਰਾਨ ਜਦੋਂ ਲੇਖਕਾਂ ਨੂੰ ਜੇਲ੍ਹਾਂ ਅੰਦਰ ਵੀ ਸੁੱਟਿਆ ਗਿਆ ਸੀ ਤਾਂ ਸਨਮਾਨ ਕਿਉਂ ਵਾਪਸ ਨਹੀਂ ਕੀਤੇ ਗਏ। ਇਸ ਧੜੇ ਦੇ ਇਕ ਲੇਖਕ ਨੇ ਸਵਾਲ ਕੀਤਾ ਕਿ ਜਦੋਂ ਕੰਨੜ ਬੁੱਧੀਜੀਵੀ ਦਾ ਕਤਲ ਹੋਇਆ ਸੀ ਤਾਂ ਕਰਨਾਟਕ ਵਿਚ ਕਾਂਗਰਸ ਸਰਕਾਰ ਹੈ ਤੇ ਜਿਥੇ ਦਾਦਰੀ ਕਾਂਡ ਹੋਇਆ ਉਥੇ ਸਮਾਜਵਾਦੀ ਪਾਰਟੀ ਦੀ ਸਰਕਾਰ ਹੈ। ਸਨਮਾਨ ਵਾਪਸ ਕਰਨ ਵਾਲੇ ਮੋਦੀ ਤੇ ਭਾਜਪਾ ਸਰਕਾਰ ਨੂੰ ਹਾਸ਼ੀਏ ਉਤੇ ਧੱਕਣ ਲਈ ਯਤਨਸ਼ੀਲ ਹਨ ਤੇ ਇਹ ਫਿਰਕਾਪ੍ਰਸਤੀ ਵੱਖਰੀ ਤਰ੍ਹਾਂ ਦੀ ਹੈ। ਸੂਰੀਆ ਕਾਂਤ ਬਾਲੀ ਮੁਤਾਬਕ ਜਿਨ੍ਹਾਂ ਲੇਖਕਾਂ ਨੇ ਸਨਮਾਨ ਵਾਪਸ ਕੀਤੇ ਹਨ ਉਨ੍ਹਾਂ ਨੂੰ ਸਨਮਾਨ ਕਾਂਗਰਸੀ ਤੇ ਖੱਬੀਆਂ ਧਿਰਾਂ ਦੀਆਂ ਸਰਕਾਰਾਂ ਦੌਰਾਨ ਮਿਲੇ ਸਨ।
___________________________________
ਸਾਹਿਤ ਅਕਾਦਮੀ ਨੇ ਵੀ ਆਖਰਕਾਰ ਚੁੱਪ ਤੋੜੀ
ਨਵੀਂ ਦਿੱਲੀ: ਭਾਰਤੀ ਸਾਹਿਤ ਅਕਾਦਮੀ ਨੇ ਦੇਸ਼ ਵਿਚ ਵਿਆਪਕ ਵਿਰੋਧ ਦੇ ਮੱਦੇਨਜ਼ਰ ਆਖਰਕਾਰ ਕੰਨੜ ਲੇਖਕ ਐਮæਐਮæ ਕਲਬੁਰਗੀ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਅਕਾਦਮੀ ਨੇ ਇਸ ਕਤਲ ਸਮੇਤ ਦੇਸ਼ ਵਿਚ ਵਧਦੀ ਅਸਹਿਣਸ਼ੀਲਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਅਕਾਦਮੀ ਨੇ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਹਿਤ ਅਕਾਦਮੀ ਨੂੰ ਮੋੜੇ ਆਪਣੇ ਸਨਮਾਨ ਵਾਪਸ ਲੈ ਲੈਣ। ਇਹ ਅਪੀਲ ਕਾਰਜਕਾਰਨੀ ਬੋਰਡ ਦੀ ਅਕਾਦਮੀ ਕੈਂਪਸ ਵਿਚ ਹੋਈ ਬੈਠਕ ਦੌਰਾਨ ਕੀਤੀ ਗਈ। ਅਕਾਦਮੀ ਨੇ ਲੇਖਕਾਂ ਦੇ ਵਿਚਾਰਾਂ ਦੀ ਆਜ਼ਾਦੀ ਦਾ ਸਾਥ ਦਿੱਤਾ ਹੈ। ਅਕਾਦਮੀ ਵੱਲੋਂ ਪਾਸ ਕੀਤੇ ਗਏ ਮਤੇ ਉਤੇ ਅਕਾਦਮੀ ਮੁਖੀ ਵਿਸ਼ਵਾਨਾਥ ਪ੍ਰਸ਼ਾਦ ਤਿਵਾੜੀ ਤੇ ਮੀਤ ਪ੍ਰਧਾਨ ਚੰਦਰਸ਼ੇਖਰ ਕੰਬਦ ਵੱਲੋਂ ਦਸਤਖਤ ਕੀਤੇ ਗਏ ਹਨ। ਅਕਾਦਮੀ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿਹਾ ਕਿ ਉਹ ਵੱਖ-ਵੱਖ ਫਿਰਕਿਆਂ ਵਿਚਾਲੇ ਭਾਈਚਾਰਕ ਸਾਂਝ ਬਣਾਈ ਰੱਖਣ ਵਿਚ ਭੂਮਿਕਾ ਨਿਭਾਉਣ।