ਮੋਦੀ ਸਰਕਾਰ ਲਈ ਫਿਰ ਮੁਸੀਬਤ ਬਣੇ ਬੜਬੋਲੇ ਵਜ਼ੀਰ

ਨਵੀਂ ਦਿੱਲੀ: ਨਰੇਂਦਰ ਮੋਦੀ ਸਰਕਾਰ ਦੇ ਮੰਤਰੀ ਨਿੱਤ ਦਿਨ ਵਿਵਾਦਤ ਬਿਆਨ ਦੇ ਕੇ ਸਰਕਾਰ ਲਈ ਮੁਸੀਬਤ ਖੜੀ ਕਰ ਰਹੇ ਹਨ। ਕੇਂਦਰੀ ਮੰਤਰੀ ਵੀæਕੇæ ਸਿੰਘ ਵੱਲੋਂ ਹਰਿਆਣਾ ਦੇ ਜ਼ਿਲ੍ਹਾ ਫ਼ਰੀਦਾਬਾਦ ਵਿਚ ਦਲਿਤ ਪਰਿਵਾਰ ਨੂੰ ਸਾੜੇ ਜਾਣ ਦੀ ਘਟਨਾ ਬਾਰੇ ਦਿੱਤਾ ਬਿਆਨ ਸਰਕਾਰ ਲਈ ਨਮੋਸ਼ੀ ਬਣਿਆ ਹੋਇਆ ਹੈ। ਵਿਰੋਧੀ ਧਿਰ ਨੇ ਸਖਤ ਮੁਖ਼ਾਲਫ਼ਤ ਕਰਦਿਆਂ ਉਨ੍ਹਾਂ ਨੂੰ ਵਜ਼ਾਰਤ ਵਿਚੋਂ ਕੱਢੇ ਜਾਣ ਤੇ ਐਸ਼ਸੀæ-ਐਸ਼ਟੀæ ਸੁਰੱਖਿਆ ਐਕਟ ਤਹਿਤ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।

ਯਾਦ ਰਹੇ ਕਿ ਵੀæਕੇ ਸਿੰਘ ਨੇ ਕਿਹਾ ਸੀ ‘ਜੇ ਕੋਈ ਕੁੱਤੇ ਨੂੰ ਪੱਥਰ ਮਾਰ ਦੇਵੇ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੋ ਸਕਦੀ।’
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਵੀæਕੇæ ਸਿੰਘ ਦੇ ਇਸ ਬਿਆਨ ਨੂੰ ਬਹੁਤ ਹੀ ‘ਘਟੀਆ ਤੇ ਮੂਰਖਤਾਪੂਰਨ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘ਦੋ ਮਾਸੂਮ ਬੱਚਿਆਂ ਦੀ ਮੌਤ ਨੂੰ ਕੁੱਤੇ ਦੇ ਪੱਥਰ ਮਾਰਨ ਦੇ ਤੁੱਲ ਦੱਸਣ ਤੋਂ ਘਟੀਆ ਤੇ ਮੂਰਖਤਾਪੂਰਨ ਹੋਰ ਕੀ ਹੋ ਸਕਦਾ ਹੈ।’ ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਇਸ ਨੂੰ ਦੇਸ਼ ਦੇ ਸਮੁੱਚੇ ‘ਦਲਿਤਾਂ ਦੀ ਤੌਹੀਨ’ ਤੇ ਸੀæਪੀæਐਮæ ਆਗੂ ਬਰਿੰਦਾ ਕਰਤ ਨੇ ‘ਜਾਤ ਦਾ ਹੰਕਾਰ’ ਕਰਾਰ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਮੰਤਰੀਆਂ ਵੀæਕੇæ ਸਿੰਘ ਤੇ ਕਿਰੇਨ ਰਿਜੀਜੂ ਨੂੰ ਉਨ੍ਹਾਂ ਦੇ ਵਿਵਾਦਤ ਬਿਆਨਾਂ ਉਤੇ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਸੋਚ-ਵਿਚਾਰ ਕੇ ਬਿਆਨ ਦੇਣ ਕਿਉਂਕਿ ਬਾਅਦ ਵਿਚ ਇਹ ਆਖ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ੍ਰੀ ਰਾਜਨਾਥ ਸਿੰਘ ਨੇ ਦੋਹਾਂ ਕੇਂਦਰੀ ਮੰਤਰੀਆਂ ਵੱਲੋਂ ਦਿੱਤੇ ਬਿਆਨਾਂ ਉਤੇ ਕਿਹਾ ਕਿ ਆਗੂ ਬਿਆਨ ਦੇਣ ਸਮੇਂ ਸੰਜਮ ਰੱਖਣ ਤਾਂ ਜੋ ਉਸ ਦੀ ਗਲਤ ਵਿਆਖਿਆ ਨਾ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਸੀ ਕਿ ਦਿੱਲੀ ਦੇ ਸਾਬਕਾ ਉਪ ਰਾਜਪਾਲ ਨੇ ਇਕ ਵਾਰ ਆਖਿਆ ਸੀ ਕਿ ਉੱਤਰ ਭਾਰਤੀ ਨਿਯਮ ਤੋੜਨ ਵਿਚ ਮਾਣ ਮਹਿਸੂਸ ਕਰਦੇ ਹਨ। ਉਧਰ, ਬਸਪਾ ਮੁਖੀ ਮਾਇਆਵਤੀ ਨੇ ਕੇਂਦਰੀ ਮੰਤਰੀ ਵੀæਕੇæ ਸਿੰਘ ਵੱਲੋਂ ਦਲਿਤ ਵਿਰੋਧੀ ਬਿਆਨ ਦੇਣ ਉਤੇ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਕੇ ਜੇਲ੍ਹ ਭੇਜਣ ਦੇਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਨੇ ਥਲ ਸੈਨਾ ਦੇ ਸਾਬਕਾ ਮੁਖੀ ਖਿਲਾਫ ਐਸ਼ਸੀæ/ਐਸ਼ਟੀæ ਐਕਟ ਤਹਿਤ ਐਫ਼ਆਈæਆਰæ ਦਰਜ ਕਰਨ ਦੀ ਮੰਗ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਾਈ ਹੈ।
_______________________________________
ਸ਼ਿਵ ਸੈਨਾ ਦਾ ਭਾਜਪਾ ‘ਤੇ ਪੋਸਟਰ ਯੁੱਧ
ਮੁੰਬਈ: ਸ਼ਿਵ ਸੈਨਾ ਨੇ ਐਤਕੀ ਭਾਜਪਾ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਤੇ ਪੋਸਟਰ ਰਾਹੀ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਦਫਤਰ ਦੇ ਬਾਹਰ ਇਕ ਵੱਡਾ ਪੋਸਟਰ ਲਗਾਇਆ ਸੀ ਜਿਸ ਵਿਚ ਭਾਜਪਾ ਦੇ ਕਈ ਵੱਡੇ ਨੇਤਾ ਸ਼ਿਵ ਸੈਨਾ ਦੇ ਸਰਪ੍ਰਸਤ ਮਰਹੂਮ ਬਾਲਾ ਸਾਹਿਬ ਠਾਕਰੇ ਸਾਹਮਣੇ ਸਿਰ ਝੁਕਾਉਂਦੇ ਵਿਖਾਏ ਗਏ ਹਨ। ਪਾਕਿਸਤਾਨ ਦੇ ਕਲਾਕਾਰਾਂ ਤੇ ਕ੍ਰਿਕਟਰਾਂ ਦੇ ਵਿਰੋਧ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ਵਿਚ ਤਣਾਅ ਵੱਧ ਰਿਹਾ ਹੈ, ਉਥੇ ਹੁਣ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨੀਵਾਂ ਵਿਖਾਉਣ ਲਈ ਆਪਣੇ ਪਾਰਟੀ ਦਫਤਰ ਬਾਹਰ ਇਹ ਵੱਡਾ ਪੋਸਟਰ ਲਗਾ ਕੇ ਭਾਜਪਾ ਨੂੰ ਪੁਰਾਣੇ ਦਿਨ ਚੇਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਪੋਸਟਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਨਰੇਂਦਰ ਮੋਦੀ, ਰਾਜਨਾਥ ਸਿੰਘ, ਨਿਤਿਨ ਗਡਕਰੀ ਤੇ ਹੋਰ ਨੇਤਾ ਬਾਲਾ ਸਾਹਿਬ ਠਾਕਰੇ ਸਾਹਮਣੇ ਸਿਰ ਝੁਕਾਉਂਦੇ ਨਜ਼ਰ ਆ ਰਹੇ ਹਨ। ਪੋਸਟਰ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਪਾਖੰਡੀ ਕਰਾਰ ਦਿੰਦਿਆਂ ਲਿਖਿਆ ਹੈ ਕਿ ਜੋ ਹੁਣ ਫਖ਼ਰ ਨਾਲ ਸਿਰ ਉਠਾ ਰਹੇ ਹਨ, ਉਹ ਕਦੇ ਬਾਲਾ ਸਾਹਿਬ ਦੇ ਪੈਰਾਂ ਵਿਚ ਸਿਰ ਝੁਕਾਉਂਦੇ ਸੀ। ਇਹ ਫੋਟੋ ਪੁਰਾਣੇ ਸਮੇਂ ਵਿਚ ਮੋਦੀ ਤੇ ਠਾਕਰੇ ਦੀ ਮੁਲਾਕਾਤ ਸਮੇਂ ਲਈ ਗਈ ਸੀ।