ਤਿੱਖੇ ਵਿਰੋਧ ਕਾਰਨ ਪੰਥਕ ਲੀਡਰਾਂ ਨੂੰ ਘਰੋਂ ਨਿਕਲਣਾ ਹੋਇਆ ਔਖਾ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉਤੇ ਸਿੱਖਾਂ ਵਿਚ ਪੈਦਾ ਹੋਇਆ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਹ ਵਿਰੋਧ ਪੰਜਾਬ ਸਰਕਾਰ, ਐਸ਼ਜੀæਪੀæਸੀæ, ਪੰਜ ਤਖਤਾਂ ਦੇ ਜਥੇਦਾਰਾਂ ਤੇ ਪੁਲਿਸ ਖਿਲਾਫ ਹੈ। 12 ਅਕਤੂਬਰ ਤੋਂ ਸ਼ੁਰੂ ਹੋਇਆ ਧਰਨਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਵਿਚ ਥਾਂ-ਥਾਂ ਉਤੇ ਅਕਾਲੀ ਮੰਤਰੀਆਂ, ਅਕਾਲੀ ਲੀਡਰਾਂ, ਐਸ਼ਜੀæਪੀæਸੀæ ਮੈਂਬਰਾਂ ਤੇ ਜਥੇਦਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਥੋਂ ਤੱਕ ਕਿ ਕਈ ਥਾਵਾਂ ਉਤੇ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਚ ਅਰਦਾਸ ਵਿਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਗਿਆ। ਭੜਕੇ ਸਿੱਖਾਂ ਵੱਲੋਂ ਕਈ ਲੀਡਰਾਂ ਨਾਲ ਧੱਕਾ ਮੁੱਕੀ ਤੇ ਗੱਡੀਆਂ ਦੀ ਤੋੜ-ਭੰਨ ਕੀਤੀ ਜਾ ਚੁੱਕੀ ਹੈ। ਅਜਿਹੇ ਵਿਚ ਸਭ ਤੋਂ ਕਸੂਤੀ ਸਥਿਤੀ ਵਿਚ ਅਕਾਲੀ ਦਲ ਤੇ ਐਸ਼ਜੀæਪੀæਸੀæ ਨਜ਼ਰ ਆ ਰਹੇ ਹਨ। ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨ ਵਾਲਿਆਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਮੁੱਖ ਹਨ। ਵਿਰੋਧੀ ਧਿਰ ਲਗਾਤਾਰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ ਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਐਸ਼ਜੀæਪੀæਸੀæ ਪ੍ਰਧਾਨ ਉਤੇ ਲਗਾਤਾਰ ਸਿਆਸੀ ਦਬਾਅ ਦੇ ਚੱਲਦੇ ਪੰਥ ਵਿਰੋਧੀ ਫੈਸਲੇ ਲੈਣ ਦਾ ਇਲਜ਼ਾਮ ਲੱਗ ਰਿਹਾ ਹੈ। ਐਸ਼ਜੀæਪੀæਸੀæ ਪ੍ਰਧਾਨ ਅਵਤਾਰ ਸਿੰਘ ਵੱਲੋਂ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦੇ ਫੈਸਲੇ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਹੈ।
ਸਿੱਖ ਸੰਗਤ ਪੰਜ ਤਖਤਾਂ ਦੇ ਜਥੇਦਾਰਾਂ ਦਾ ਅਗਵਾਈ ਨੂੰ ਵੀ ਲਗਾਤਾਰ ਨਕਾਰ ਰਹੀ ਹੈ। ਇਹ ਵਿਰੋਧ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਤੇ ਫਿਰ ਫੈਸਲਾ ਬਦਲਣ ਤੋਂ ਸ਼ੁਰੂ ਹੋਇਆ ਸੀ। ਸਭ ਤੋਂ ਜ਼ਿਆਦਾ ਵਿਰੋਧ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗੁਰਮੁਖ ਸਿੰਘ ਦਾ ਹੋ ਰਿਹਾ ਹੈ।
ਪੰਜਾਬ ਪੁਲਿਸ ਵੱਲੋਂ ਕੋਟਕਪੂਰਾ ਤੇ ਬਹਿਬਲ ਪਿੰਡ ਵਿਚ ਚਲਾਈ ਗੋਲੀ ਦੌਰਾਨ ਦੋ ਸਿੱਖਾਂ ਦੀ ਮੌਤ ਦੇ ਰੋਸ ਵਜੋਂ ਪੁਲਿਸ ਦੇ ਕਈ ਅਫਸਰ ਵੀ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਦਾ। ਉਮਰਾਨੰਗਲ ਹੀ ਕੋਟਕਪੂਰਾ ਵਿਚ ਹੋਏ ਲਾਠੀਚਾਰਜ ਤੇ ਗੋਲੀ ਚਲਾਉਣ ਵਾਲੀ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸਨ।
ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ, ਬੀਬੀ ਜਗੀਰ ਕੌਰ ਤੇ ਸਾਬਕਾ ਮੰਤਰੀ ਉਪਿੰਦਰਜੀਤ ਕੌਰ ਸਮੇਤ ਕਈ ਮੰਤਰੀ ਤੇ ਲੀਡਰ ਵੀ ਸਿੱਖਾਂ ਦੇ ਰੋਸ ਦਾ ਸਾਹਮਣਾ ਕਰ ਚੁੱਕੇ ਹਨ। ਇਨ੍ਹਾਂ ਲੀਡਰਾਂ ਨੂੰ ਗੁਰਦੁਆਰਾ ਸਾਹਿਬ ਵਿਚ ਅਰਦਾਸ ਵਿਚ ਸ਼ਾਮਲ ਹੋਣ ਲੱਗਿਆਂ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।
____________________________
ਅਕਾਲੀ ਦਲ ਵਿਚ ਬਗਾਵਤ ਹੋਈ ਹੋਰ ਤੇਜ਼
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਮਗਰੋਂ ਵਾਪਰੀਆਂ ਹੋਰ ਘਟਨਾਵਾਂ ਕਾਰਨ ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਖਿਲਾਫ ਰੋਹ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਆਗੂਆਂ ਵੱਲੋਂ ਰੋਸ ਵਜੋਂ ਧੜਾ ਧੜ ਅਸਤੀਫੇ ਦਿੱਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਤੇ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਆਪਣੇ ਦੋਵਾਂ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜੇ ਅਸਤੀਫੇ ਵਿੱਚ ਸ੍ਰੀ ਸੰਧੂ ਨੇ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਵਾਪਰੇ ਦੁਖਾਂਤ ਨੇ ਉਸ ਦੇ ਮਨ ਨੂੰ ਅਸ਼ਾਂਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਉਤੇ ਹੋਈ ਘੋਰ ਬੇਅਦਬੀ, ਸ਼ਾਂਤਮਈ ਰੋਸ ਪ੍ਰਗਟ ਕਰਦੇ ਲੋਕਾਂ ‘ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ, ਪੰਜ ਪਿਆਰਿਆਂ ਨੂੰ ਮੁਅੱਤਲ ਕਰ ਕੇ ਨਿਰਾਦਰ ਕਰਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਵਾਦਤ ਗੁਰਮਤਾ ਕਰਨਾ, ਇਨ੍ਹਾਂ ਘਟਨਾਵਾਂ ਨੇ ਮੇਰੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।