ਪੰਥਕ ਧਿਰਾਂ ਵੱਲੋਂ ਬਾਦਲ ਧੜੇ ਨੂੰ ਘੇਰਨ ਲਈ ਚੜ੍ਹਾਈ

ਕੋਟਕਪੂਰਾ: ਪੰਥਕ ਧਿਰਾਂ ਨੇ ਪੰਜਾਬ ਸਰਕਾਰ ਨੂੰ ਪਿਛਲੇ ਕੁਝ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਤੇ ਹੋਰ ਮਸਲਿਆਂ ਨੂੰ ਹੱਲ ਕਰਨ ਲਈ 14 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਪੁਲਿਸ ਫਾਇਰਿੰਗ ਵਿਚ ਮਾਰੇ ਗਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤ ਦੀ ਪ੍ਰਵਾਨਗੀ ਨਾਲ ਨੌਂ ਮਤੇ ਪਾਸ ਕੀਤੇ ਗਏ। ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 14 ਨਵੰਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਦਿਨ 15 ਨਵੰਬਰ ਤੋਂ ਮੰਤਰੀਆਂ, ਹੁਕਮਰਾਨ ਗਠਜੋੜ ਦੇ ਵਿਧਾਇਕਾਂ, ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਦਾ ਘਿਰਾਓ ਕਰਕੇ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ।

ਇਕੱਠ ਵਿਚ ਅਮਰੀਕਾ, ਕੈਨੇਡਾ, ਫਰਾਂਸ ਤੋਂ ਇਲਾਵਾ ਉਤਰਾਖੰਡ, ਦਿੱਲੀ, ਰਾਜਸਥਾਨ, ਯੂæਪੀæ, ਹਿਮਾਚਲ ਪ੍ਰਦੇਸ਼ ਆਦਿ ਰਾਜਾਂ ਤੋਂ ਵੀ ਸੰਗਤ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਹਾਕਮ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨੇ ਉਤੇ ਰੱਖ ਕੇ ਤਿੱਖੇ ਸ਼ਬਦੀ ਹਮਲੇ ਕੀਤੇ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਅਮਰੀਕ ਸਿੰਘ ਅਜਨਾਲਾ, ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਜਗਦੀਸ਼ ਸਿੰਘ ਝੀਂਡਾ, ‘ਆਪ’ ਆਗੂ ਸੁੱਚਾ ਸਿੰਘ ਛੋਟੇਪੁਰ, ਡਾæ ਧਰਮਵੀਰ ਗਾਂਧੀ ਸਮੇਤ ਹੋਰਾਂ ਨੇ ਅਕਾਲੀ ਦਲ ‘ਤੇ ਪੰਥਕ ਸੋਚ ਨੂੰ ਖੋਰਾ ਲਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਪ੍ਰਸਤੀ ਕਰਨ ਵਾਲੀ ਕੱਟੜ ਹਿੰਦੂ ਜਥੇਬੰਦੀ ਨੂੰ ਖੁਸ਼ ਕਰਨ ਲਈ ਅਕਾਲੀ ਦਲ ਦੀ ਲੀਡਰਸ਼ਿਪ ਸਿੱਖ ਕੌਮ ਤੇ ਫ਼ਲਸਫ਼ੇ ਨੂੰ ਦਾਅ ਉਤੇ ਲਾ ਰਹੀ ਹੈ। ਤਾਜ਼ਾ ਘਟਨਾਵਾਂ ਡੂੰਘੀ ਸਾਜ਼ਿਸ਼ ਦਾ ਸਿੱਟਾ ਹਨ, ਜਿਸ ਤਹਿਤ ਸਿੱਖ ਕੌਮ ਨੂੰ ਖਾਨਾਜੰਗੀ ਵੱਲ ਧੱਕ ਕੇ ਖਤਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਬੁਲਾਰਿਆਂ ਨੇ ਅਕਾਲੀ ਦਲ ਉਤੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੇ ਦੋਸ਼ ਲਾਉਂਦਿਆਂ ਇਸ ਸੰਸਥਾ ਨੂੰ ਅਕਾਲੀ ਦਲ ਦੇ ਗਲਬੇ ਹੇਠੋਂ ਮੁਕਤ ਕਰਾਉਣ ਦਾ ਮਸ਼ਵਰਾ ਦਿੱਤਾ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਪੰਜ ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬੀੜ ਚੋਰੀ ਹੋਣ ਦੀ ਘਟਨਾ ਵੇਲੇ ਮੁਸਤੈਦੀ ਵਰਤਦੀ ਤਾਂ ਇਹ ਦਿਨ ਕਦੇ ਨਹੀਂ ਵੇਖਣੇ ਪੈਣੇ ਸਨ। ਉਨ੍ਹਾਂ ਸਾਰੇ ਮਾਮਲਿਆਂ ਵਿਚ ਸਰਕਾਰ ਦੀ ਭੂਮਿਕਾ ਉਤੇ ਸ਼ੰਕੇ ਵੀ ਜਤਾਏ। ਸਮਾਗਮ ਦੌਰਾਨ ਲਗਭਗ ਸਾਰੇ ਬੁਲਾਰਿਆਂ ਨੇ ਲੋਕਾਂ ਨੂੰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਵੱਖ-ਵੱਖ ਫਿਰਕਿਆਂ ਦਰਮਿਆਨ ਲਕੀਰ ਖਿੱਚ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਤੇ ਸੰਗਤ ਅਜਿਹੇ ਤੱਤਾਂ ਦੀਆਂ ਚਾਲਾਂ ਵਿਚ ਨਾ ਆਵੇ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੈਲਸਨ ਮੰਡੇਲਾ ਨਾਲ ਤੁਲਨਾ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਨੈਲਸਨ ਮੰਡੇਲਾ ਨੇ ਆਪਣੀ ਕੌਮ ਖਾਤਰ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੌਮ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਝੂਠੇ ਮੁਕੱਦਮਿਆਂ ਵਿਚ ਫਸਾ ਕੇ ਬਰਬਾਦ ਕੀਤਾ।
_______________________________
ਪੀæਟੀæਸੀæ ਚੈਨਲ ਦਾ ਰਾਹ ਡੱਕਿਆ
ਚੰਡੀਗੜ੍ਹ: ਸਮਾਗਮ ਦੇ ਦਰਵਾਜ਼ੇ ਉਪਰ ਪ੍ਰਬੰੰਧਕਾਂ ਵੱਲੋਂ ਸੀæਆਈæਡੀæ ਤੇ ਪੀæਟੀæਸੀæ ਚੈਨਲ ਦੇ ਨੁਮਾਇੰਦਿਆਂ ਨੂੰ ਅੰਦਰ ਆਉਣ ਤੋਂ ਵਰਜਿਆ ਗਿਆ ਤੇ ਚਿਤਾਵਨੀ ਦਿੱਤੀ ਗਈ ਕਿ ਅੰਦਰ ਆਉਣ ਉਤੇ ਉਹ ਆਪਣੇ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣਗੇ। ਪੁਲਿਸ ਵੀ ਸਮਾਗਮ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਰਹੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਉਤੇ ਸਿੱਖ ਨੌਜਵਾਨ ਜੋਗਾ ਸਿੰਘ ਵਾਸੀ ਲੁਧਿਆਣਾ ਤੇ ਉਨ੍ਹਾਂ ਦੇ ਕਰੀਬ ਇਕ ਦਰਜਨ ਸਾਥੀਆਂ ਨੇ ਸ਼ਰਾਬ ਪੀਣ ਦਾ ਦੋਸ਼ ਲਾਉਂਦਿਆਂ ਉਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਕਰਕੇ ਮਾਨ ਨੂੰ ਸਮਾਗਮ ਅੱਧ ਵਿਚਾਲੇ ਹੀ ਛੱਡ ਕੇ ਜਾਣਾ ਪਿਆ।
___________________________________
ਮਤਿਆਂ ਦਾ ਉਦੇਸ਼ ਸ਼ਾਂਤੀ ਭੰਗ ਕਰਨਾ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਬਰਗਾੜੀ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਧਿਰਾਂ ਵੱਲੋਂ ਦਿੱਤੇ ਭਾਸ਼ਣਾਂ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲੇ ਕਰਾਰ ਦਿੱਤਾ। ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਾਰੇ ਪੰਜਾਬ ਦੇ ਲੋਕ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਮੰਦਭਾਗੀ ਘਟਨਾਵਾਂ ਮਗਰੋਂ ਸ਼ਾਂਤੀ ਦੀ ਬਹਾਲੀ ਲਈ ਅਰਦਾਸ ਕਰ ਰਹੇ ਹਨ ਤੇ ਸੂਬੇ ਭਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾ ਰਹੇ ਹਨ, ਉਦੋਂ ਕਾਂਗਰਸ, ਮਾਨ ਦਲ ਤੇ ਹੋਰ ਵਿਰੋਧੀ ਧਿਰਾਂ ਨੇ ਆਪਣੇ ਸੌੜੇ ਰਾਜਸੀ ਉਦੇਸ਼ਾਂ ਦੀ ਪੂਰਤੀ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਯਤਨ ਵਿੱਢ ਦਿੱਤੇ ਹਨ।