ਪੱਲੇ ਪਈ ਵਕਤ ਦੀ ਮਾਰ, ਸਮੁੰਦਰੋਂ ਪਾਰ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਬੂਟਾ ਸਿੰਘ ਦੀ ਆਸ ਨੂੰ ਬੂਰ ਪੈ ਗਿਆ ਸੀ। ਉਸ ਦੇ ਰਿਸ਼ਤੇਦਾਰ ਬਿੱਕਰ ਵੱਲੋਂ ਭਰੇ ਹੋਏ ਪੇਪਰ ਨਿਕਲ ਆਏ ਸਨ। ਹੁਣ ਉਹ ਚੰਡੀਗੜ੍ਹ ਤੇ ਦਿੱਲੀ ਵੱਲ ਇਉਂ ਤੁਰਿਆ ਰਹਿੰਦਾ ਜਿਵੇਂ ਢਾਬ ਵਾਲਾ ਖੇਤ ਹੋਵੇ। ਅਮਰੀਕਾ ਦੇ ਚਾਅ ਨਾਲ ਉਹ ਬਗੈਰ ਖੰਭਾਂ ਤੋਂ ਉਡਿਆ ਫਿਰਦਾ ਸੀ। ਜਦੋਂ ਘਰੋਂ ਤੁਰਨ ਲੱਗਦਾ ਤਾਂ ਮਾਂ ਦੇ ਬੁੱਢੇ ਹੱਥ ਗੁੜ ਮਸਾਂ ਤੋੜਦੇ, ਗੁੜ ਦੀ ਰੋੜੀ ਕੋਠੇ ਉਪਰ ਸੁੱਟ ਕੇ ਹੱਥ ਜੋੜਦੀ ਹੋਈ, ਇਕ ਰੋੜੀ ਬੂਟੇ ਦੇ ਮੂੰਹ ਵਿਚ ਪਾਉਂਦੀ ਤੇ ਅਸੀਸਾਂ ਦਿੰਦੀ, “ਪੁੱਤਰ ਜਿਹੜੇ ਕਾਰਜ ਨੂੰ ਚੱਲਿਆ ਏਂ, ਪਰਮਾਤਮਾ ਉਹ ਕਾਰਜ ਸਿਰੇ ਲਾ ਦੇਵੇ।” ਫਿਰ ਉਹ ਗਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਆਲੇ-ਦੁਆਲੇ ਦੇਖਦੀ, ਜੇ ਕੋਈ ਜਨਾਨੀ ਖਾਲੀ ਟੋਕਰੀ ਲਈ ਜਾਂ ਪਾਥੀਆਂ ਨਾਲ ਭਰੀ ਟੋਕਰੀ ਲਈ ਆਉਂਦੀ ਦਿਸਦੀ ਤਾਂ ਝੱਟ ਬੂਟੇ ਨੂੰ ਰੁਕਣ ਦਾ ਇਸ਼ਾਰਾ ਕਰ ਦਿੰਦੀ। ਫਿਰ ਆਲਾ-ਦੁਆਲਾ ਦੇਖਦੀ ਜੇ ਕੋਈ ਪੱਠਿਆਂ ਦੀ ਭਰੀ ਜਾਂ ਪੱਠਿਆਂ ਵਾਲੀ ਰੇਹੜੀ ਲਈ ਆਉਂਦਾ ਦੇਖ ਲੈਂਦੀ ਤਾਂ ਚੌਕ ਵਿਚ ਖੜ੍ਹੇ ਸਿਪਾਹੀ ਵਾਂਗ ਝੱਟ ਚੱਲਣ ਦਾ ਇਸ਼ਾਰਾ ਕਰ ਦਿੰਦੀ। ਬੂਟੇ ਦਾ ਸਕੂਟਰ ਬੂਹੇ ਤੋਂ ਲੰਘਾ ਕੇ ਫਿਰ ਹੱਥ ਜੋੜਦੀ, “ਪਰਮਾਤਮਾ, ਦਹਿਲੀਜ਼ ਟੱਪਣ ਸਮੇਂ ਹਰਾ ਮੱਥੇ ਲੱਗਿਆ ਹੈ, ਹੁਣ ਬੂਟੇ ਦਾ ਕੰਮ ਬਣ ਜਾਵੇ।” ਫਿਰ ਜਿਵੇਂ ਜਿਵੇਂ ਦਿਨ ਢਲਣ ਲੱਗਦਾ ਤਿਵੇਂ ਤਿਵੇਂ ਬੁੱਢੀ ਮਾਂ ਦਾ ਫਿਕਰ ਵਧਣ ਲੱਗ ਪੈਂਦਾ। ਉਹ ਕੰਮ ਕਰਦੀ ਬੂਹੇ ਵੱਲ ਦੇਖੀ ਜਾਂਦੀ। ਜਦ ਬੂਟਾ ਸਕੂਟਰ ਅੰਦਰ ਵਾੜਦਾ ਤਾਂ ਉਹ ਝੱਟ ਬੂਟੇ ਵੱਲ ਹੋ ਤੁਰਦੀ। ਪਿੱਤਲ ਦੇ ਗਿਲਾਸ ਵਿਚ ਪਾਣੀ ਭਰ ਲਿਆਉਂਦੀ। ਫਿਰ ਹਾਰੇ ਵਿਚੋਂ ਦੁੱਧ ਦਾ ਛੰਨਾ ਭਰ ਕੇ ਗੁੜ ਦੀ ਰੋੜੀ ਦਿੰਦੀ ਹੋਈ ਪੁੱਛਦੀ, “ਪੁੱਤ ਕਿਵੇਂ ਆ, ਕਾਗਤ ਬਣ ਗਏ?”
“ਹਾਂ ਬੀਬੀ, ਸਾਰੇ ਕਾਗਜ਼ ਤਿਆਰ ਹੋ ਗਏ।” ਐਤਕੀਂ ਇਹ ਕਹਿੰਦਿਆਂ ਬੂਟੇ ਦਾ ਗੱਚ ਭਰ ਆਇਆ।
“ਬੂਟੇ ਦੇ ਬਾਪੂ ਤੈਂ ਸੁਣਿਆ, ਬੂਟੇ ਦੇ ਕਾਗਤ ਬਣ ਗਏ। ਹੁਣ ਬੂਟਾ ਵੀ ‘ਮਰੀਕਾ ਚਲਿਆ ਜਾਊ।” ਬੁੱਢੀ ਮਾਂ ਬਗੈਰ ਦੰਦਾਂ ਤੋਂ ਹੱਸਦੀ ਵੀ ਬੂਟੇ ਦੇ ਬਾਪੂ ਨੂੰ ਖੁਸ਼ਖਬਰੀ ਸੁਣਾਉਂਦੀ ਭੱਜੀ ਗਈ।
ਬਾਪੂ ਵਿਚਾਰਾ ਪਾਟੇ ਹੋਏ ਹੱਥਾਂ ਨਾਲ ਮੱਝ ਦਾ ਕਿੱਲਾ ਗੱਡ ਰਿਹਾ ਸੀ। ਕੰਮ ਕਰਦਿਆਂ ਬਾਪੂ ਦੇ ਹੱਥਾਂ ‘ਤੇ ਮੋਟੀਆਂ ਤੇ ਡੂੰਘੀਆਂ ਤਰੇੜਾਂ ਪੈ ਚੁੱਕੀਆਂ ਸਨ। ਬੂਟੇ ਦੀ ਬੇਬੇ ਨੇ ਉਸ ਨੂੰ ਵੀ ਦੁੱਧ ਦਾ ਛੰਨਾ ਫੜਾਉਂਦਿਆਂ ਕਿਹਾ, “ਦੇਖ ਬੂਟੇ ਦੇ ਬਾਪੂ, ਆਪਾਂ ਤਾਂ ਸਾਰੀ ਜ਼ਿੰਦਗੀ ਮਰ-ਮਰ ਕੇ ਕੱਢ ਲਈ, ਜੇ ਬੂਟਾ ਚੱਲਿਆ ਜਾਵੇ, ਤਾਂ ਆਹ ਤੇਰੀਆਂ ਤਿੰਨੇ ਪੋਤੀਆਂ ਵੀ ਨੂੰਹ ਨਾਲ ਚਲੀਆਂ ਜਾਣੀਆਂ। ਕੱਲ੍ਹ ਨੂੰ ਇਨ੍ਹਾਂ ਦੇ ਵਿਆਹ ਦਾ ਫਿਕਰ ਵੀ ਨਹੀਂ ਰਹਿਣਾ। ਤੂੰ ਦਿਲ ਤਕੜਾ ਰੱਖੀਂ, ਹਰੇ ਰੰਗ ਦੀ ਗੋਲੀ ਖਾ ਲਈਂ। ਮੈਨੂੰ ਲੱਗਦਾ ਐਤਕੀਂ ਬੂਟਾ ਆਪਣਾ ਕੱਤਾ ਨਹੀਂ ਬੀਜਦਾ, ਪਹਿਲਾਂ ਹੀ ਚੱਲਿਆ ਜਾਊ। ਤੂੰ ਕਣਕ ਆਪੇ ਭਾੜੇ ‘ਤੇ ਬਿਜਾ ਲਈਂ।”
“ਬੂਟੇ ਦੀ ਮਾਂ, ਘਰ ਖਾਲੀ ਹੋ ਜਾਊæææਆਪਾਂ ਤਾਂ ਚਾਰ ਦਿਨ ਵੀ ਨਹੀਂ ਕੱਢਣੇ। ਫਿਰ ਕਿਸੇ ਨੇ ਆਪਣੇ ਕਾਨੀ ਵੀ ਨਹੀਂ ਲੱਗਣਾ।” ਬੂਟੇ ਦੇ ਬਾਪੂ ਨੇ ਪਰਨੇ ਦਾ ਮੈਲਾ ਲੜ ਅੱਖਾਂ ‘ਤੇ ਫੇਰਦਿਆਂ ਗੱਲ ਮਸਾਂ ਸਿਰੇ ਲਾਈ।
“ਐਵੇਂ ਨਾ ਮਨ ਹੌਲਾ ਕਰ, ਬੂਟੇ ਨੂੰ ਛੇਤੀ ਸੱਦ ਲਿਆ ਕਰਾਂਗੇ।” ਬੂਟੇ ਦੀ ਮਾਂ ਨੇ ਖਾਲੀ ਛੰਨਾ ਫੜਦਿਆਂ ਉਤਰ ਦਿੱਤਾ।
ਬੂਟਾ ਸਿੰਘ ਮਾਂ ਦਾ ਇਕਲੌਤਾ ਪੁੱਤ ਸੀ। ਬਾਰਾਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਘਰ ਦੇ ਵਿਹੜੇ ਵਿਚ ਬੂਟਾ ਲੱਗਿਆ ਸੀ। ਦੋਹਾਂ ਲਈ ਬੂਟਾ ਅੱਖਾਂ ਦਾ ਤਾਰਾ ਸੀ। ਚਾਵਾਂ-ਲਾਡਾਂ ਨਾਲ ਬੂਟੇ ਨੂੰ ਪਾਲਿਆ। ਅੱਠ ਜਮਾਤਾਂ ਪੜ੍ਹ ਕੇ ਬਾਪੂ ਨਾਲ ਵਾਹੀ ਕਰਨ ਲੱਗ ਗਿਆ। ਮਾਂ ਦੇ ਖੁਆਏ ਘਿਉ ਤੇ ਪਿਲਾਏ ਹੋਏ ਦੁੱਧ ਨਾਲ ਬੂਟਾ ਭਲਵਾਨਾਂ ਵਰਗਾ ਲੱਗਦਾ। ਮਾਂ ਲਾਲ ਮਿਰਚਾਂ ਬੂਟੇ ਦੇ ਸਿਰ ਨਾਲ ਛੁਹਾ ਕੇ ਚੁੱਲ੍ਹੇ ਵਿਚੋਂ ਸੁੱਟਦੀ। ਕੰਨਾਂ ਦੀਆਂ ਜੜ੍ਹਾਂ ਵਿਚ ਕਾਲਾ ਟਿੱਕਾ ਲਾਉਣਾ ਕਦੇ ਨਾ ਭੁੱਲਦੀ। ਬੂਟੇ ਦੀ ਜਵਾਨੀ ਤੋਂ ਕੁੜੀਆਂ ਕੁਰਬਾਨ ਹੋਣ ਲਈ ਤਿਆਰ ਹੁੰਦੀਆਂ, ਪਰ ਮਾਂ ਦਾ ਪਹਿਰਾ ਬਾਰਡਰ ‘ਤੇ ਖੜ੍ਹੇ ਫੌਜੀ ਨਾਲੋਂ ਵੀ ਵੱਧ ਸਖ਼ਤ ਸੀ।
ਫਿਰ ਮਾਂ ਨੇ ਬੂਟੇ ਦਾ ਰਿਸ਼ਤਾ ਪੱਕਾ ਕਰ ਦਿੱਤਾ। ਕੱਚਾ ਕੋਠਾ ਢਾਹ ਕੇ ਦੋ ਬੈਠਕਾਂ ਛੱਤ ਲਈਆਂ, ਮੂਹਰੇ ਵਰਾਂਡਾ ਤੇ ਖੱਬੀ ਨੁੱਕਰ ਵਿਚ ਰਸੋਈ ਛੱਤ ਲਈ। ਰਸੋਈ ਦੇ ਨਾਲ ਹੀ ਚੁੱਲ੍ਹਾ-ਚੌਂਕਾ ਬਣਾ ਲਿਆ। ਇਕ ਖੂੰਜੇ ਹਾਰਾ ਤੇ ਉਪਰ ਹਾਰੀ ਬਣਾ ਲਈ। ਥੱਲੇ ਦੁੱਧ ਕੜ੍ਹਦਾ ਰਹਿੰਦਾ ਤੇ ਉਪਰ ਦਾਲ ਰਿੱਜਦੀ ਰਹਿੰਦੀ। ਫਿਰ ਬੂਟੇ ਦੀ ਘਰਵਾਲੀ ਪਰੀਤੋ ਨੇ ਵਿਹੜੇ ਵਿਚ ਚੂੜਾ ਛਣਕਾ ਦਿੱਤਾ। ਬੂਟਾ ਤੇ ਪਰੀਤੋ ਹਾਣੋ-ਹਾਣੀ ਵਿਹੜੇ ਵਿਚ ਕਲੋਲਾਂ ਕਰਦੇ। ਬੇਬੇ ਬਾਪੂ ਦੋਹਾਂ ਨੂੰ ਦੇਖ-ਦੇਖ ਜਿਉਂਦੇ।
“ਬੂਟੇ ਦੇ ਬਾਪੂ, ਪਰੀਤੋ ਦਾ ਪੈਰ ਭਾਰਾ ਹੋ ਗਿਆ। ਮੈਂ ਪੋਤੇ ਜੰਮੇ ਤੋਂ ‘ਖੰਡ ਪਾਠ ਕਰਾ ਕੇ ਲੋਹੜੀ ਵੰਡਣੀ ਐ।” ਬੂਟੇ ਦੀ ਮਾਂ ਨੇ ਗੋਹੇ ਦੀ ਅੱਗ ‘ਤੇ ਗੁੱਗਲ ਧੂਫ ਪਾਉਂਦਿਆਂ ਕਿਹਾ।
“ਜਿਵੇਂ ਤੇਰੀ ਮਰਜ਼ੀ ਐ ਕਰ ਲਵੀਂ, ਮੈਂ ਤਾਂ ਪਹਿਲਾਂ ਹੀ ਮਿਸਤਰੀ ਨੂੰ ਕਹਿ ਕੇ ਥੰਮਲਿਆਂ ਵਿਚ ਕਿੱਲ ਲਵਾ ਲਏ ਸਨ ਕਿ ਕੱਲ੍ਹ ਨੂੰ ਪੋਤਾ ਹੋਏ ਤੋਂ ਨਿੰਮ ਕਿਵੇਂ ਬੰਨ੍ਹਾਂਗੇ।” ਬਾਪੂ ਨੇ ਆਪਣੀ ਅੰਦਰਲੀ ਖੁਸ਼ੀ ਸੁਣਾ ਦਿੱਤੀ।
ਪਰ ਦੋਹਾਂ ਦੀ ਆਸ ‘ਤੇ ਪਾਣੀ ਫਿਰ ਗਿਆ ਜਦੋਂ ਪਰੀਤੋ ਨੇ ਧੀ ਨੂੰ ਜਨਮ ਦੇ ਦਿੱਤਾ; ਫਿਰ ਵੀ ਬੂਟੇ ਦੀ ਮਾਂ ਕਹਿੰਦੀ, “ਬੂਟੇ ਦੇ ਬਾਪੂ, ਕੋਈ ਨਾ; ਜੇ ਹਨੇਰੀ ਆਈ ਹੈ ਤਾਂ ਮਗਰੇ ਮੀਂਹ ਵੀ ਆ ਜਾਊ।” ਪਰ ਉਨ੍ਹਾਂ ਦੇ ਪੋਤੇ ਵਾਲੇ ਚਾਅ ਸੁੱਕੇ ਹੀ ਰਹੇ। ਥੋੜ੍ਹੇ-ਥੋੜ੍ਹੇ ਫਰਕ ਨਾਲ ਵਿਹੜੇ ਵਿਚ ਤਿੰਨ ਪੋਤੀਆਂ ਆ ਗਈਆਂ ਤੇ ਡਾਕਟਰਾਂ ਨੇ ਪੋਤੇ ਦੀ ਆਸ ਵੀ ਮੁਕਾ ਦਿੱਤੀ। ਫਿਰ ਉਹ ਧੀਆਂ ਨੂੰ ਪੁੱਤ ਸਮਝ ਕੇ ਦਿਨ ਕੱਢਣ ਲੱਗੇ। ਅਮਰੀਕਾ ਤੋਂ ਬਿੱਕਰ ਨੇ ਡਾਲਰਾਂ ਨਾਲ ਦਿਲਾਸੇ ਵੀ ਭੇਜੇ, ਪਰ ਇਹ ਸਭ ਕੁਝ ਪਲ ਭਰ ਲਈ ਹੁੰਦੇ। ਸਾਹਾਂ ਦੀ ਗਿਣਤੀ ਨਾਲ ਹੀ ਦਿਨ ਨਿਕਲਦੇ ਗਏ ਤੇ ਬਿੱਕਰ ਵੱਲੋਂ ਭਰੇ ਪੇਪਰ ਹੁਣ ਨਿਕਲ ਆਏ ਸਨ।
ਬੂਟੇ ਨੇ ਭੱਜ-ਨੱਠ ਕੇ ਸਾਰੇ ਪੇਪਰ ਤਿਆਰ ਕਰਵਾ ਲਏ। ਵੀਜ਼ਾ ਲੱਗ ਕੇ ਪਾਸਪੋਰਟ ਘਰ ਆ ਗਏ। ਪਰੀਤੋ ਨੇ ਵੀ ਲੋੜ ਮੁਤਾਬਕ ਖਰੀਦੋ-ਫਰਖੋਤ ਕਰ ਲਈ। ਗਿਣਤੀ ਦੇ ਦਿਨ ਝੱਟ ਆ ਗਏ। ਬੂਟੇ ਨੇ ਬਾਪੂ ਨੂੰ ਸਾਰਾ ਲੈਣਾ-ਦੇਣਾ ਸਮਝਾ ਦਿੱਤਾ। ਪੋਤੀਆਂ ਸਵੇਰ ਦੀਆਂ ਹੀ ਸੋਹਣੇ ਕੱਪੜੇ ਪਾਈ ਫਿਰਦੀਆਂ ਸਨ। ਵਿਹੜੇ ਵਿਚ ਉਡਦੀਆਂ ਤਿੱਤਲੀਆਂ ਨੇ ਬਿੰਦ-ਝੱਟ ਨੂੰ ਉਡ ਜਾਣਾ ਸੀ, ਦੂਰ ਸੱਤ ਸਮੁੰਦਰ ਪਾਰ। ‘ਫਿਰ ਪਤਾ ਨਹੀਂ ਦੁਬਾਰਾ ਮੇਲ ਹੋਣਾ ਹੈ ਜਾਂ ਨਹੀਂ’-ਬਾਪੂ ਮੰਜੇ ਤੇ ਬੈਠਾ ਆਪਣੇ ਮਨ ਵਿਚ ਬੋਲ ਗਿਆ। ਤੁਰਨ ਦਾ ਸਮਾਂ ਆ ਗਿਆ। ਬੂਟੇ ਨੇ ਸਾਰੇ ਘਰ ਨੂੰ ਰੱਜ ਕੇ ਤੱਕਿਆ। ਮੱਝਾਂ ਦੇ ਪਿੰਡੇ ‘ਤੇ ਹੱਥ ਫੇਰਿਆ। ਦੋਹਾਂ ਬਲਦਾਂ ਨੂੰ ਗਲ ਨਾਲ ਲਾਇਆ। ਹਰ ਚੀਜ਼ ਨਾਲ ਉਸ ਦਾ ਮੋਹ ਟੁੱਟਦਾ ਨਜ਼ਰੀਂ ਆਇਆ। ਉਸ ਨੂੰ ਲੱਗਿਆ ਕਿ ਅਮਰੀਕਾ ਜਾਣਾ ਉਸ ਦਾ ਸਭ ਤੋਂ ਬੇਵਕੂਫ ਸਮਝੌਤਾ ਹੈ। ਫਿਰ ਬੇਬੇ ਦੇ ਗਲ ਲੱਗ ਰੋ ਪਿਆ, “ਬੇਬੇ! ਮੈ ਨਹੀਂ ਜਾਣਾ ਤੁਹਾਨੂੰ ਛੱਡ ਕੇ। ਮੈਥੋਂ ਬਿਨਾਂ ਹੋਰ ਕੌਣ ਹੈ ਤੁਹਾਡਾ? ਮੇਰੇ ਕੋਲੋਂ ਪੈਰ ਨਹੀਂ ਪੁੱਟ ਹੋਣਾ।” ਬੂਟੇ ਦਾ ਰੋਣ ਉਚਾ ਹੁੰਦਾ ਗਿਆ।
“ਮੇਰਾ ਕਮਲਾ ਪੁੱਤ, ਦੇਖ ਕਿਵੇਂ ਕੁੜੀਆਂ ਵਾਂਗੂੰ ਰੋਂਦੈ। ਜੇ ਤੇਰਾ ਜੀਅ ਨਾ ਲੱਗਿਆ ਤਾਂ ਮੁੜ ਆਵੀਂ।” ਬੁੱਢੀਆਂ ਬਾਹਾਂ ਨੇ ਰੋਂਦੇ ਪੁੱਤ ਨੂੰ ਹਿੱਕ ਨਾਲ ਲਾਉਂਦਿਆਂ ਦਿਲਾਸਾ ਦਿੱਤਾ।
ਬੇਬੇ ਦੀ ਬੁੱਕਲ ਵਿਚੋਂ ਨਿਕਲ ਕੇ ਉਹ ਬਾਪੂ ਦੇ ਗਲ ਲੱਗ ਰੋ ਪਿਆ। ਬਾਪੂ ਨੇ ਦਿਲਾਸੇ ਦਾ ਹੱਥ ਮੋਢੇ ‘ਤੇ ਰੱਖਦਿਆਂ ਵਿਛੋੜੇ ਦੀ ਚੀਸ ਅੰਦਰੇ ਹੀ ਦੱਬ ਲਈ। ਪਰੀਤੋ ਤੇ ਪੋਤੀਆਂ ਨੂੰ ਗਲ ਨਾਲ ਲਾ ਕੇ ਬੇਬੇ ਬਾਪੂ ਨੇ ਕੰਧਾਂ ਕੋਠੇ ਰੋਣ ਲਾ ਦਿੱਤੇ। ਪਰੀਤੋ ਨੂੰ ਜਿਥੇ ਭਰਾ-ਭਰਜਾਈ ਦੇ ਮਿਲਾਪ ਦੀ ਖੁਸ਼ੀ ਸੀ, ਉਥੇ ਮਾਪਿਆਂ ਵਰਗੇ ਸੱਸ-ਸਹੁਰੇ ਤੋਂ ਵਿਛੜਨ ਦਾ ਗਮ ਕਲੇਜਾ ਵੱਢ ਰਿਹਾ ਸੀ।
ਮੀਂਹ ਵਰਸਾਉਂਦੀਆਂ ਅੱਖਾਂ ਤੇ ਹਿਲਦੇ ਹੱਥਾਂ ਨੇ ਫਿਰਨੀ ਦਾ ਮੋੜ ਕੱਟ ਲਿਆ। ਉਚੀਆਂ ਇਮਾਰਤਾਂ ਤੇ ਚੌੜੀਆਂ ਸੜਕਾਂ ਨੇ ਬੂਟੇ ਦੇ ਚਾਅ ਹੋਰ ਗੂੜ੍ਹੇ ਕਰ ਦਿੱਤੇ। ਬਿੱਕਰ ਨੇ ਵੀ ਪਿਆਰ ਦੀ ਗਲਵੱਕੜੀ ਘੁੱਟ ਕੇ ਪਾਈ। ਇਕ ਮਹੀਨਾ ਤਾਂ ਪਿਆਰ ਦੀ ਗਲਵੱਕੜੀ ਢਿੱਲੀ ਨਾ ਹੋਣ ਦਿੱਤੀ, ਪਰ ਪਿੱਛੋਂ ਬਿੱਕਰ ਦੀ ਘਰਵਾਲੀ ਨੇ ਪਤਾ ਨਹੀਂ ਕੀ ਦੁੱਧ ਵਿਚ ਕੁਨੈਣ ਘੋਲ ਕੇ ਪਿਲਾ ਦਿੱਤੀ ਕਿ ਪਿਆਰ ਦੀਆਂ ਬਾਹਾਂ ਦਾ ਹਾਰ ਸ਼ਗਨਾਂ ਵਾਲੇ ਹਾਰ ਵਾਂਗ ਕੰਧ ‘ਤੇ ਲਟਕਦਾ ਦਿੱਸਿਆ। ਬਿੱਕਰ ਨੇ ਵੀ ਮਜਬੂਰੀ ਭਰੀ ਅਰਜ਼ੀ ਬੂਟੇ ਨੂੰ ਸੁਣਾ ਦਿੱਤੀ। ਬੂਟੇ ਦਾ ਬੋਰੀਆ ਬਿਸਤਰਾ ਵੱਖ ਕਰ ਦਿੱਤਾ। ਬੂਟੇ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਜਦੋਂ ਬਿੱਕਰ ਨੇ ਕਹਿ ਦਿੱਤਾ, “ਆਪਣਾ ਕਰੋ ਤੇ ਖਾਵੋ।” ਬੇਗਾਨਾ ਦੇਸ਼। ਨਾ ਕੋਈ ਹੋਰ ਜਾਣ, ਨਾ ਪਛਾਣ। ਬੂਟੇ ਨੂੰ ਆਪਣੀ ਹਾਲਤ ਪਿੰਡ ਵਾਲੇ ਸੀਰੀ ਤੋਂ ਵੀ ਮਾੜੀ ਜਾਪੀ। ਬਿੱਕਰ ਘਰਵਾਲੀ ਤੋਂ ਚੋਰੀ ਬੂਟੇ ਦੀ ਮਦਦ ਕਰ ਜਾਂਦਾ। ਆਪਣਾ ਘਰ ਟੁੱਟਣ ਦਾ ਵਾਸਤਾ ਪਾਉਂਦਾ ਮੁਆਫ਼ੀ ਮੰਗ ਛੱਡਦਾ। ਬਿੱਕਰ ਨੇ ਹੀ ਬੂਟੇ ਨੂੰ ਟਰੱਕ ਦਾ ਲਾਇਸੈਂਸ ਦਿਵਾ ਦਿੱਤਾ। ਫਿਰ ਹੌਲੀ-ਹੌਲੀ ਗੱਡੀ ਲੀਹ ‘ਤੇ ਆ ਗਈ। ਤਿੰਨੇ ਕੁੜੀਆਂ ਵੀ ਮੁਟਿਆਰ ਹੋ ਗਈਆਂ। ਬੂਟੇ ਦੇ ਸਿਰ ਜਿਵੇਂ ਅਸਮਾਨੀ ਬਿਜਲੀ ਡਿੱਗ ਪਈ ਹੋਵੇ ਜਦੋਂ ਪਿੰਡੋਂ ਕਿਸੇ ਮਿੱਤਰ ਨੇ ਦੱਸਿਆ ਕਿ ਬੂਟਿਆ, ਤੇਰੀ ਬੇਬੇ ਸੁਰਗਵਾਸ ਹੋ ਗਈ ਹੈ। ਬੂਟਾ ਰੋਂਦਾ ਕਰਲਾਉਂਦਾ ਪਿੰਡ ਪਹੁੰਚਿਆ। ਸਿਵਿਆਂ ਵਿਚ ਮਾਂ ਰਾਖ ਦੀ ਢੇਰੀ ਬਣੀ ਦੇਖੀ। ਰਾਖ ਦੀਆਂ ਮੁੱਠੀਆਂ ਭਰ ਭਰ ਮੱਥੇ ਨੂੰ ਲਾਉਂਦਾ, “ਮਾਂ ਮੈਂ ਮੁੜ ਆਇਆ ਹਾਂ। ਤੂੰ ਬੋਲ, ਬੋਲਦੀ ਕਿਉਂ ਨਹੀਂ? ਮੈਨੂੰ ਇਕੱਲਾ ਕਿਉਂ ਛੱਡ ਗਈ।” ਬੂਟੇ ਨੇ ਰੋਂਦਿਆਂ ਸਭ ਨੂੰ ਰੁਆ ਦਿੱਤਾ।
ਮਾਂ ਦੇ ਫੁੱਲ ਕੀਰਤਪੁਰ ਪਾ ਆਇਆ। ਮਾਂ ਨਾਲ ਜੁੜੀਆਂ ਯਾਦਾਂ ਲੱਭਦਾ ਫਿਰਦਾ। ਮਾਂ ਨੇ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਘਰ ਨੂੰ ਕਿੰਨਾ ਸੰਭਾਲ ਕੇ ਰੱਖਿਆ ਸੀ। ਘਰੋਂ ਸਕੂਟਰ ਕੱਢਦਾ ਤਾਂ ਭੁਲੇਖਾ ਪੈਂਦਾ, ਮਾਂ ਹੁਣੇ ਹੀ ਆਵੇਗੀ ਤੇ ਕਹੇਗੀ, “ਬੂਟਿਆ, ਰੁਕ ਮੈਂ ਗਲੀ ਵਿਚ ਦੇਖਦੀ ਹਾਂ, ਹਰਾ ਮੱਥੇ ਲੱਗਣ ‘ਤੇ ਬਾਹਰ ਨਿਕਲੀਂ।” ਪਰ ਹੁਣ ਮਾਂ ਨੇ ਕਿਥੇ ਆਉਣਾ ਹੈ! ਬਾਪੂ ਕੋਲ ਬੈਠਦਾ, ਮਾਂ ਬਾਰੇ ਗੱਲਾਂ ਪੁੱਛਦਾ। ਬਾਪੂ ਦੀ ਸਿਹਤ ਬਾਰੇ ਪੁੱਛਦਾ। ਬਾਪੂ ਬੋਲਦਾ ਘੱਟ, ਬੱਸ, ਹੁੰਗਾਰਾ ਭਰੀ ਜਾਂਦਾ। ਜਦੋਂ ਬੂਟੇ ਦੇ ਜਾਣ ਦਾ ਸਮਾਂ ਨੇੜੇ ਆਇਆ ਤਾਂ ਬਾਪੂ ਕਹਿੰਦਾ, “ਬੂਟਿਆ, ਰੁਕ ਜਾਹ ਚਾਰ ਦਿਨ। ਮੇਰਾ ਵੀ ਸਹਿਜ ਪਾਠ ਕਰਵਾ ਜਾਈਂ, ਫਿਰ ਕਿਥੇ ਭਾੜਾ ਪੱਟ ਕੇ ਭੱਜਿਆ ਆਵੇਂਗਾ।”
“ਬਾਪੂ ਇਸ ਤਰ੍ਹਾਂ ਕਿਉਂ ਬੋਲਦਾ ਏਂ? ਤੈਨੂੰ ਕੁਝ ਨਹੀਂ ਹੁੰਦਾ।” ਬੂਟੇ ਨੇ ਬਾਪੂ ਨੂੰ ਬੁੱਕਲ ਵਿਚ ਲੈਂਦਿਆਂ ਕਿਹਾ।
“ਬੂਟਿਆ! ਬੇਬੇ ਤੇਰੀ ਤੇਰਾ ਰਾਹ ਤੱਕਦੀ ਤੁਰ ਗਈ। ਮੈਂ ਤੈਨੂੰ ਤੋਰ ਕੇ ਜਿਉਂਦਾ ਨਹੀਂ ਰਹਿ ਸਕਦਾ। ਤੂੰ ਮੈਨੂੰ ਕੀਰਤਪੁਰ ਆਪਣੀ ਮਾਂ ਕੋਲ ਛੱਡ ਕੇ ਹੀ ਜਾਈਂ।” ਬਾਪੂ ਦਾ ਗੱਚ ਭਰ ਆਇਆ।
ਬਾਪੂ ਨੇ ਮਾਮਲੇ ਦਾ ਸਾਰਾ ਹਿਸਾਬ-ਕਿਤਾਬ ਬੂਟੇ ਨੂੰ ਦੇ ਦਿੱਤਾ। ਕਿਸੇ ਦਾ ਇਕ ਰੁਪਏ ਨਹੀਂ ਸੀ ਦੇਣ ਵਾਲਾ। ਬਾਪੂ ਨੇ ਬੂਟੇ ਨੂੰ ਹਿਸਾਬ-ਕਿਤਾਬ ਦੇ ਕੇ ਆਪਣੇ ਸਾਹਾਂ ਦਾ ਹਿਸਾਬ ਵੀ ਮੁਕਾ ਲਿਆ। ਦਿਲ ਦਾ ਦੌਰਾ ਪੈਣ ਕਾਰਨ ਬਾਪੂ ਵੀ ਜਹਾਨੋਂ ਕੂਚ ਕਰ ਗਿਆ। ਬਾਪੂ ਦੀ ਆਖੀ ਹੋਈ ਇਕ-ਇਕ ਗੱਲ ਯਾਦ ਆ ਗਈ। ਬਾਪੂ ਦਾ ਕਿਰਿਆ-ਕਰਮ ਕਰ ਕੇ ਭਰੇ ਘਰ ਨੂੰ ਜਿੰਦਾ ਲਾ ਕੇ ਬੂਟਾ ਵਾਪਸ ਆ ਗਿਆ।
ਮਾਂ-ਬਾਪ ਦੇ ਵਿਛੋੜੇ ਦਾ ਦਰਦ ਦਿਲ ‘ਤੇ ਰੱਖ ਕੇ ਬੂਟਾ ਕੰਮ ਤਾਂ ਕਰੀ ਜਾਂਦਾ ਪਰ ਸਰੀਰ ਚੌਵੀ ਘੰਟੇ ਚਿੰਤਾ ਦੀ ਚਿਤਾ ਉਤੇ ਮੱਚਦਾ ਰਹਿੰਦਾ। ਸੋਗਮਈ ਦਿਨ ਪਹਾੜਾਂ ਵਾਂਗ ਮੁੱਕਦਾ ਤਾਂ ਰਾਤ ਡੂੰਘੀ ਖੱਡ ਬਣ ਜਾਂਦੀ। ਦੁੱਖਾਂ ਦੇ ਗੇੜ ਨਾਲ ਸਮਾਂ ਲੰਘਿਆ ਤਾਂ ਵੱਡੀ ਧੀ ਦਾ ਵਿਆਹ ਕਰਨ ਬਾਰੇ ਸੋਚਣ ਲੱਗਾ। ਬਿੱਕਰ ਦੀ ਘਰਵਾਲੀ ਨੇ ਚਾਰ ਦਿਨ ਮਿੱਠੀਆਂ ਗੱਲਾਂ ਮਾਰ ਕੇ ਪਰੀਤੋ ਨੂੰ ਮਨਾ ਲਿਆ ਕਿ ਵੱਡੀ ਧੀ ਦਾ ਰਿਸ਼ਤਾ ਉਹਦੀ ਰਿਸ਼ਤੇਦਾਰੀ ਵਿਚੋਂ ਅਮਰੀਕਾ ਵਿਚ ਕੱਚੇ ਤੌਰ ‘ਤੇ ਰਹਿ ਰਹੇ ਮੁੰਡੇ ਨਾਲ ਕਰ ਦੇਵੇ। ਬੂਟਾ ਤਾਂ ਇਸ ਰਿਸ਼ਤੇ ਬਾਰੇ ਮੰਨਦਾ ਨਹੀਂ ਸੀ, ਪਰ ਸਾਰਿਆਂ ਦੇ ਦਬਾਅ ਹੇਠ ਝੁਕ ਗਿਆ। ਵੱਡੀ ਧੀ ਆਪਣੇ ਘਰ ਗਈ। ਬੂਟੇ ਤੋਂ ਜਿੰਨਾ ਹੋ ਸਕਿਆ, ਉਸ ਨੇ ਧੀ-ਜਵਾਈ ਦਾ ਕੀਤਾ। ਧੀ ਸਿਟੀਜ਼ਨ ਹੋਣ ਕਰ ਕੇ ਜਵਾਈ ਨੂੰ ਵੀ ਗਰੀਨ ਕਾਰਡ ਮਿਲ ਗਿਆ। ਉਹ ਵੀ ਪਿੰਡ ਆਪਣੇ ਮਾਪਿਆਂ ਨੂੰ ਮਿਲ ਆਇਆ। ਬੂਟੇ ਦੀ ਦੂਜੀ ਧੀ ਦਾ ਰਿਸ਼ਤਾ ਪਹਿਲੇ ਜਵਾਈ ਨੇ ਆਪਣੇ ਮਾਮੇ ਦੇ ਨਸ਼ੇੜੀ ਪੁੱਤ ਨੂੰ ਕਰਵਾ ਦਿੱਤਾ। ਬੂਟੇ ਨੇ ਬਥੇਰਾ ਕਿਹਾ ਕਿ ਮੁੰਡਾ ਨਸ਼ੇੜੀ ਲੱਗਦਾ ਹੈ; ਅੱਗਿਉਂ ਜਵਾਈ ਕਹਿੰਦਾ, “ਡੈਡੀ ਜੀ, ਹੁਣ ਪੰਜਾਬ ਵਿਚੋਂ ਦੁੱਧ ਧੋਤਾ ਤਾਂ ਮਿਲਣੋਂ ਰਿਹਾ, ਜੇ ਮਾੜਾ-ਮੋਟਾ ਕਰਦਾ ਹੋਊ, ਆਪੇ ਇਥੇ ਜਾ ਕੇ ਹਟ ਜਾਊ।”
ਝੱਟ ਮੰਗਣਾ ਪੱਟ ਵਿਆਹ ਹੋ ਗਿਆ। ਦੂਜਾ ਜਵਾਈ ਵੀ ਆ ਗਿਆ। ਮਾਮੇ-ਭੂਆ ਦੇ ਪੁੱਤ ਸਾਂਢੂ ਬਣ ਗਏ। ਫਿਰ ਦੋਹਾਂ ਨੇ ਬੂਟੇ ਨੂੰ ਪਿੰਡ ਵਾਲੀ ਜ਼ਮੀਨ ਵੇਚਣ ਵਾਸਤੇ ਮਨਾ ਲਿਆ।
“ਦੇਖੋ ਡੈਡੀ ਜੀ, ਰੱਬ ਨਾ ਕਰੇ ਤੁਹਾਨੂੰ ਕੱਲ੍ਹ ਨੂੰ ਕੁਝ ਹੋ ਜਾਵੇ; ਫਿਰ ਵੀ ਇਹ ਜ਼ਮੀਨ ਸਾਨੂੰ ਹੀ ਮਿਲਣੀ ਹੈ। ਫਿਰ ਕਿਉਂ ਨਾ ਆਪਾਂ ਹੁਣ ਜ਼ਮੀਨ ਵੇਚ ਕੇ ਘਰ ਲੈ ਲਈਏ ਤੇ ਨਾਲੇ ਕੋਈ ਬਿਜਨੈਸ ਦੇਖ ਲਈਏ।” ਵੱਡੇ ਜਵਾਈ ਨੇ ਕਿਹਾ।
“ਪੁੱਤ, ਅਜੇ ਮੈਂ ਤੀਜੀ ਧੀ ਦਾ ਵਿਆਹ ਕਰਨੈਂ। ਜ਼ਮੀਨ ਨਾਲ ਜੱਟ ਤੁਰਿਆ ਫਿਰਦਾ ਹੈ। ਇਹ ਜ਼ਮੀਨ ਮੇਰੇ ਪਿਉ-ਦਾਦੇ ਦੀ ਨਿਸ਼ਾਨੀ ਹੈ ਮੇਰੇ ਕੋਲ। ਮੇਰੇ ਮਰੇ ਤੋਂ ਭਲਾ ਦੂਜੇ ਦਿਨ ਵੇਚ ਦਿਉ। ਵਸੀਅਤ ਬੇਸ਼ੱਕ ਹੁਣੇ ਕਰਵਾ ਲਵੋ, ਪਰ ਜ਼ਮੀਨ ਵੇਚਣ ਦਾ ਨਾਂ ਨਾ ਲਵੋ।” ਕਹਿੰਦਾ ਹੋਇਆ ਬੂਟਾ ਰੋ ਪਿਆ। ਦੋਹਾਂ ਧੀਆਂ ਦੀਆਂ ਵੋਟਾਂ ਜਵਾਈਆਂ ਵੱਲ ਭੁਗਤ ਗਈਆਂ ਤੇ ਪਿੰਡ ਲਿਜਾ ਕੇ ਬੂਟੇ ਤੋਂ ਕਾਗਜ਼ਾਂ ‘ਤੇ ਘੁੱਗੀ ਮਰਵਾ ਲਈ। ਰੁਪਏ ਨੂੰ ਡਾਲਰਾਂ ਵਿਚ ਬਦਲ ਲਿਆ। ਤਿੰਨ ਵੰਡੀਆਂ ਪਾਉਣ ਦੀ ਥਾਂ ਦੋਹਾਂ ਜਵਾਈਆਂ ਨੇ ਡਾਲਰ ਵੰਡ ਲਏ। ਆਪੋ-ਆਪਣੇ ਘਰ ਲੈ ਲਏ, ਲਿੱਕਰ ਸਟੋਰ ਸਾਂਝਾ ਲੈ ਲਿਆ। ਬੂਟਾ ਵਿਚਾਰਾ ਪਰੀਤੋ ਤੇ ਛੋਟੀ ਧੀ ਨਾਲ ਅਪਾਰਟਮੈਂਟ ਵਿਚ ਹੀ ਰਹਿ ਰਿਹਾ ਸੀ।
ਜ਼ਮੀਨ ਵੇਚੀ ਦਾ ਗਮ ਬੂਟੇ ਨੂੰ ਮਰਨ ਬਰਾਬਰ ਕਰ ਗਿਆ। ਸੋਚਦਾ, ਤੀਜੀ ਧੀ ਦੇ ਹੱਥ ਪੀਲੇ ਕਰ ਦੇਵਾਂ। ਫਿਰ ਪਿੰਡ ਜਾ ਕੇ ਆਪਣੇ ਘਰ ਦੀ ਆਖਰੀ ਨਿਸ਼ਾਨੀ ਸਾਂਭ ਲਵਾਂ। ਦੋਹਾਂ ਧੀਆਂ ਤੇ ਜਵਾਈਆਂ ਨੇ ਵੀ ਬੂਟੇ ਨੂੰ ਚੱਲਿਆ ਹੋਇਆ ਕਾਰਤੂਸ ਹੀ ਸਮਝਿਆ। ਤੀਜੀ ਧੀ ਕਹਿੰਦੀ, “ਮੈਂ ਅਜੇ ਵਿਆਹ ਨਹੀਂ ਕਰਵਾਉਣਾ।” ਬੂਟਾ ਪਿੰਡ ਜਾ ਕੇ ਘਰ ਦੀਆਂ ਕੰਧਾਂ ਨਾਲ ਗੱਲਾਂ ਕਰ ਲੈਂਦਾ, ਮਾਂ ਦੀਆਂ ਯਾਦਾਂ ਨੂੰ ਗਲਫੜੀ ਵਿਚ ਲੈਂਦਾ ਹੋਇਆ ਬਾਪੂ ਦੇ ਹੁੰਗਾਰਿਆਂ ਦੀ ਉਡੀਕ ਕਰਦਾ ਰਹਿੰਦਾ। ਬੂਟੇ ਨੂੰ ਘਰੋਂ ਪੁੱਟੇ ਪੈਰ ਦੀ ਗਲਤੀ ਮੁੜ-ਮੁੜ ਮੁੱਠੀਆਂ ਮੀਚਣ ਲਾ ਦਿੰਦੀ। ਬੂਟੇ ਨੂੰ ਧੀਆਂ ਜੰਮਣ ਦਾ ਐਨਾ ਦੁੱਖ ਨਹੀਂ ਸੀ ਹੋਇਆ ਜਿੰਨਾ ਹੁਣ ਧੀਆਂ ਵਿਆਹ ਕੇ ਦੁੱਖ ਮਿਲਿਆ। ਬੂਟਾ ਸੋਚਦਾ, ਜੇ ਰੱਬ ਨੇ ਇਕ ਪੁੱਤ ਦਿੱਤਾ ਹੁੰਦਾ ਤਾਂ ਬੇਗਾਨੇ ਪੁੱਤ ਮੇਰੀ ਜ਼ਮੀਨ ਵੱਲ ਕਿਵੇਂ ਦੇਖ ਜਾਂਦੇ?

Be the first to comment

Leave a Reply

Your email address will not be published.