ਬਠਿੰਡਾ: ਕੇਂਦਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਸੂਬੇ ਨੂੰ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦੇ ਦੂਜੇ ਪੜਾਅ ਦੇ ਤਕਰੀਬਨ 900 ਕਰੋੜ ਦੇ ਪ੍ਰੋਜੈਕਟ ਲਈ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸੜਕ ਯੋਜਨਾ ਦੇ ਪਹਿਲੇ ਪੜਾਅ ਲਈ ਵੀ ਕੇਂਦਰ ਨੇ ਫੰਡ ਦੇਣ ਤੋਂ ਹੱਥ ਘੁੱਟ ਲਿਆ ਹੈ, ਜਿਸ ਕਰ ਕੇ ਠੇਕੇਦਾਰਾਂ ਦੇ ਤਕਰੀਬਨ 100 ਕਰੋੜ ਦੀ ਅਦਾਇਗੀ ਫਸੀ ਪਈ ਹੈ। ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦਾ ਪਹਿਲਾ ਪੜਾਅ ਜੂਨ 2013 ਵਿਚ ਖਤਮ ਹੋਇਆ ਸੀ।
ਤਤਕਾਲੀ ਯੂæਪੀæਏæ ਸਰਕਾਰ ਨੇ ਉਦੋਂ ਪਹਿਲੇ ਪੜਾਅ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਸਮੇਤ ਸੱਤ ਸੂਬਿਆਂ ਨੂੰ ਸੜਕ ਯੋਜਨਾ ਦੇ ਦੂਜੇ ਪੜਾਅ ਲਈ ਚੁਣ ਲਿਆ ਸੀ। ਪੰਜਾਬ ਸਰਕਾਰ ਨੇ ਸੜਕ ਯੋਜਨਾ ਦੇ ਦੂਜੇ ਪੜਾਅ ਤਹਿਤ ਕੇਂਦਰ ਨੂੰ 868 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਸੀ, ਜੋ ਕੇਂਦਰ ਨੇ ਹੁਣ ਵਾਪਸ ਭੇਜ ਦਿੱਤਾ ਹੈ। ਦੂਜੇ ਪਾਸੇ ਕੇਂਦਰ ਨੇ ਹਰਿਆਣਾ ਤੇ ਬਿਹਾਰ ਨੂੰ ਦੂਜੇ ਪੜਾਅ ਲਈ ਫੰਡ ਜਾਰੀ ਕਰ ਦਿੱਤੇ ਹਨ।
ਕੌਮੀ ਦਿਹਾਤੀ ਸੜਕ ਵਿਕਾਸ ਏਜੰਸੀ ਦੇ ਤਕਨੀਕੀ ਸਲਾਹਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਦੂਜੇ ਪੜਾਅ ਦਾ ਪ੍ਰੋਜੈਕਟ ਬੇਰੰਗ ਮੋੜ ਦਿੱਤਾ ਹੈ। ਤਰਕ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਫੰਡਾਂ ਦੀ ਕਮੀ ਕਰ ਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਲਈ ਘੱਟ ਫੰਡ ਨਿਰਧਾਰਤ ਕੀਤੇ, ਜਿਸ ਕਰ ਕੇ ਪੰਜਾਬ ਨੂੰ ਫੰਡ ਨਹੀਂ ਦਿੱਤੇ ਜਾ ਸਕਦੇ। ਦੂਜੇ ਪਾਸੇ ਹਰਿਆਣਾ ਤੇ ਬਿਹਾਰ ਨੂੰ ਫੰਡ ਜਾਰੀ ਹੋ ਚੁੱਕੇ ਹਨ। ਪੰਜਾਬ ਸਰਕਾਰ ਨੇ ਸੂਬੇ ਦੀਆਂ 1346 ਕਿਲੋਮੀਟਰ ਸੜਕਾਂ ਦਾ ਇਸ ਕੇਂਦਰੀ ਯੋਜਨਾ ਤਹਿਤ 868 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਸੀ, ਜਿਸ ਵਿਚੋਂ 75 ਫੀਸਦੀ ਰਾਸ਼ੀ ਕੇਂਦਰ ਨੇ ਦੇਣੀ ਸੀ। ਇਸ ਪ੍ਰੋਜੈਕਟ ਤਹਿਤ ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਕੀਤਾ ਜਾਣਾ ਸੀ ਤੇ ਜੋ 18 ਫੁੱਟ ਸੜਕਾਂ ਸਨ, ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਣਾ ਸੀ। ਤਕਰੀਬਨ ਡੇਢ ਵਰ੍ਹੇ ਮਗਰੋਂ ਹੁਣ ਕੇਂਦਰ ਨੇ ਇਸ ਪ੍ਰੋਜੈਕਟ ਲਈ ਫੰਡ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਹੁਣ ਜਦੋਂ ਕੇਂਦਰ ਨੇ ਪਾਸਾ ਵੱਟ ਲਿਆ ਹੈ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਲਿੰਕ ਸੜਕਾਂ ਨੂੰ ਵੀ ਨਵੇਂ ਰਾਜ ਪ੍ਰੋਜੈਕਟਾਂ ਵਿਚ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਹੈ। ਇਹੋ ਨਹੀਂ ਜੋ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਪਹਿਲੇ ਪੜਾਅ ਦੇ ਤਕਰੀਬਨ 400 ਕਰੋੜ ਦੇ ਕੰਮ ਚੱਲ ਰਹੇ ਹਨ, ਉਨ੍ਹਾਂ ਲਈ ਵੀ ਕੇਂਦਰ ਪੈਸਾ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ। ਪਤਾ ਲੱਗਿਆ ਹੈ ਕਿ ਇਨ੍ਹਾਂ 400 ਕਰੋੜ ਦੇ ਕੰਮਾਂ ਬਦਲੇ ਕੇਂਦਰ ਸਰਕਾਰ ਨੇ ਸਾਲ 2015-16 ਵਿਚ ਸਿਰਫ 66 ਕਰੋੜ ਦੀ ਐਲੋਕੇਸ਼ਨ ਕੀਤੀ ਹੈ। ਪੰਜਾਬ ਦੇ ਅਫਸਰਾਂ ਨੂੰ ਪੁਰਾਣੇ ਕੰਮਾਂ ਦੇ ਪੈਸੇ ਲੈਣ ਲਈ ਦਿੱਲੀ ਵਿਚ ਹਾੜੇ ਕੱਢਣੇ ਪੈ ਰਹੇ ਹਨ।
ਪੈਸਾ ਨਾ ਮਿਲਣ ਕਰ ਕੇ ਪੰਜਾਬ ਦੇ ਬਹੁਤੇ ਠੇਕੇਦਾਰ ਤਾਂ ਕੰਮ ਬੰਦ ਕਰ ਗਏ ਹਨ ਤੇ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਕਿਉਂਕਿ ਉਨ੍ਹਾਂ ਕਾਫੀ ਸਮਾਂ ਪਹਿਲਾਂ ਬਿੱਲ ਵਿਭਾਗ ਨੂੰ ਜਮ੍ਹਾਂ ਕਰਾਏ ਹੋਏ ਹਨ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਯੋਗੇਸ਼ ਗੁਪਤਾ ਦਾ ਕਹਿਣਾ ਸੀ ਕਿ ਕੇਂਦਰ ਨੇ ਬਜਟ ਦੀ ਕਮੀ ਕਰ ਕੇ ਦੂਜੇ ਪੜਾਅ ਦਾ ਪ੍ਰੋਜੈਕਟ ਵਾਪਸ ਮੋੜ ਦਿੱਤਾ ਹੈ, ਪਰ ਕੇਂਦਰ ਨੇ ਹੁੰਗਾਰਾ ਵੀ ਭਰਿਆ ਹੈ ਕਿ ਜਿਉਂ ਹੀ ਐਲੋਕੇਸ਼ਨ ਵਿਚ ਵਾਧਾ ਹੋਇਆ, ਪੰਜਾਬ ਨੂੰ ਫੰਡ ਦਿੱਤੇ ਜਾਣਗੇ।
_________________________________
ਕੇਂਦਰ ਸਰਕਾਰ ਵੱਲੋਂ ਬਿਹਾਰ ਨੂੰ ਗੱਫੇ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਐਤਕੀਂ ਬਿਹਾਰ ਵਿਚ ਚੋਣਾਂ ਹੋਣ ਕਰ ਕੇ ਇਸ ਸੂਬੇ ਨੂੰ ਪ੍ਰੋਜੈਕਟ ਦੇ ਦੂਜੇ ਪੜਾਅ ਤਹਿਤ ਖੁੱਲ੍ਹੇ ਗੱਫੇ ਦਿੱਤੇ ਹਨ। ਸੂਤਰ ਆਖਦੇ ਹਨ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਸੜਕ ਯੋਜਨਾ ਨੂੰ ਪੈਸਾ ਦੇਣ ਤੋਂ ਹੱਥ ਘੁੱਟਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2013-14 ਦੀਆਂ ਮੁਰੰਮਤ ਹੋਣ ਵਾਲੀਆਂ ਸੜਕਾਂ ਨੂੰ ਵੀ ਦੂਜੇ ਪੜਾਅ ਵਿਚ ਪਾ ਦਿੱਤਾ ਸੀ, ਜਿਸ ਕਰ ਕੇ ਇਨ੍ਹਾਂ ਦੀ ਕਾਫੀ ਸਮੇਂ ਤੋਂ ਮੁਰੰਮਤ ਹੋਣੀ ਬਾਕੀ ਸੀ।