ਜਲੰਧਰ: ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਹੋਏ ਸਿਆਸੀ ਤੇ ਇਖਲਾਕੀ ਨੁਕਸਾਨ ਦੀ ਭਰਪਾਈ ਲਈ ਸੱਤਾ ਪੱਖ ਅਕਾਲੀ ਦਲ ਨੇ ਮੁਹਿੰਮ ਵਿੱਢ ਦਿੱਤੀ ਹੈ। ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਮਾਲਵੇ ਦੇ ਛੇ ਜ਼ਿਲ੍ਹਿਆਂ- ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਮੋਗਾ, ਫਾਜ਼ਿਲਕਾ ਅਤੇ ਫ਼ਰੀਦੋਕਟ ਦੇ ਅਕਾਲੀ ਲੀਡਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਜ਼ਿਲ੍ਹਾ ਵਾਰ ਮੀਟਿੰਗਾਂ ਕੀਤੀਆਂ।
ਮੀਟਿੰਗਾਂ ਦੌਰਾਨ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਮੰਤਰੀ, ਅਕਾਲੀ ਵਿਧਾਇਕ ਤੇ ਹਲਕਾ ਇੰਚਾਰਜ ਵੀ ਉਚੇਚੇ ਤੌਰ ਉਤੇ ਮੌਜੂਦ ਸਨ। ਮੀਟਿੰਗ ਦੇ ਵੇਰਵਿਆਂ ਅਨੁਸਾਰ ਹੁਣ ਅਕਾਲੀ ਦਲ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਆਮ ਜਨਤਾ ਵਿਚ ਵਿਚਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਡੂੰਘੀ ਵਿਦੇਸ਼ੀ ਸਾਜ਼ਿਸ਼ ਤੇ ਅਕਾਲੀ ਸਰਕਾਰ ਵੱਲੋਂ ਸਾਜਿਸ਼ ਦਾ ਭਾਂਡਾ ਭੰਨਣ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਬਰਗਾੜੀ ਘਟਨਾ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਆਗੂਆਂ ਨੂੰ ਜਨਤਾ ਤੇ ਸਿੱਖ ਸੰਗਤ ਵਿਚ ਵਿਚਰ ਕੇ ਉਕਤ ਘਟਨਾ ਬਾਰੇ ਸਰਕਾਰ ਵੱਲੋਂ ਹੋਈ ਪੁਖਤਾ ਕਾਰਵਾਈ ਦੀ ਸਫਾਈ ਤੇ ਭਰੋਸਾ ਦੇਣ ਦੇ ਨਾਲ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਸੰਗਤ ਦੇ ਰੋਹ ਕਰਕੇ ਅਕਾਲੀ ਲੀਡਰਸ਼ਿਪ ਜਨਤਕ ਤੌਰ ‘ਤੇ ਲਗਪਗ ਗੁਆਚ ਗਈ ਸੀ ਤੇ ਵੱਡੀ ਗਿਣਤੀ ਅਕਾਲੀ ਆਗੂ ਘਰਾਂ ਵਿਚ ਲੁਕ ਕੇ ਬੈਠ ਗਏ ਸਨ। ਸੰਗਤਾਂ ਦੇ ਸੜਕਾਂ ਉਤੇ ਉਤਰਨ ਨਾਲ ਸੂਬਾ ਭਰ ਵਿਚ ਬਗਾਵਤ ਜਿਹੇ ਹਾਲਾਤ ਬਣ ਗਏ ਸਨ। ਉਕਤ ਮੀਟਿੰਗਾਂ ਨੂੰ ਮਾਲਵੇ ਵਿਚ ਤਾਜ਼ਾ ਘਟਨਾਵਾਂ ਕਰ ਕੇ ਅਕਾਲੀ ਸਰਕਾਰ ਦੇ ਮੈਲੇ ਹੋਏ ਅਕਸ ਤੇ ਸਮਾਜਿਕ ਤੇ ਇਖਲਾਕੀ ਸੇਕ ਦੀ ਭਰਪਾਈ ਤੇ ਅਕਾਲੀ ਦਲ ਨਾਲੋਂ ਤਿੜਕੇ ਲੋਕ ਮਨਾਂ ਨੂੰ ਮੁੜ ਤੋਂ ਨੌ-ਬਰ-ਨੌ ਕਰਨ ਖਾਤਰ ਨਵਾਂ ਮਾਹੌਲ ਸਿਰਜਣ ਦੀ ਕਵਾਇਦ ਮੰਨਿਆ ਜਾ ਰਿਹਾ ਹੈ ਤਾਂ ਜੋ ਸਮਾਂ ਰਹਿੰਦੇ ਅਕਾਲੀ ਦਲ ਘਾਟੇ-ਨਫ਼ੇ ਪੂਰੇ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ‘ਫਾਈਨਲ ਮੁਕਾਬਲੇ’ ਦੇ ਹਾਣ-ਪਰਵਾਣ ਹੋ ਸਕੇ।
ਦਰਅਸਲ, ਸ਼੍ਰੋਮਣੀ ਅਕਾਲੀ ਦਲ ਉਤੇ ਪਹਿਲੀ ਵਾਰੀ ਵੱਡਾ ਰਾਜਸੀ ਤੇ ਧਾਰਮਿਕ ਸੰਕਟ ਆਇਆ ਹੈ ਤੇ ਇਸ ਨਾਲ ਨਜਿੱਠਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਦੇ ਕਾਰਨ ਹੀ ਬਾਦਲ ਦਲ ਦੇ ਆਗੂਆਂ ਨੂੰ ਲੋਕਾਂ ਦੇ ਵਿਰੋਧ ਦਾ ਜਨਤਕ ਤੌਰ ‘ਤੇ ਹੀ ਸਾਹਮਣਾ ਹੀ ਨਹੀਂ ਕਰਨਾ ਪਿਆ ਸਗੋਂ ਕਈ ਕਮੇਟੀ ਮੈਂਬਰਾਂ ਤੇ ਆਗੂਆਂ ਦੀਆਂ ਲੋਕਾਂ ਨੇ ਗੱਡੀਆਂ ਵੀ ਭੰਨੀਆਂ ਹਨ।
____________________
ਪੰਜਾਬ ਸਰਕਾਰ ਦੀ ਬਰਤਰਫੀ ਮੰਗੀ
ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਇਸ ਲਈ ਪੰਜਾਬ ਸਰਕਾਰ ਨੂੰ ਬਰਤਰਫ਼ ਕੀਤਾ ਜਾਵੇ। ਇਥੇ ਰਾਜਪਾਲ ਨੂੰ ਮੰਗ ਪੱਤਰ ਦੇਣ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਰਾਜਪਾਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਸਲੇ ਨੂੰ ਰਾਸ਼ਟਰਪਤੀ ਕੋਲ ਭੇਜਣਗੇ। ਉਨ੍ਹਾਂ ਕਿਹਾ ਕਿ ਹਰਿਆਣਾ, ਪੰਜਾਬ ਦਾ ਗੁਆਂਢੀ ਹੈ ਤੇ ਇਸ ਕਰਕੇ ਪੰਜਾਬ ਵਿਚ ਜੋ ਕੁਝ ਵਾਪਰਦਾ ਹੈ, ਉਸ ਦਾ ਅਸਰ ਹਰਿਆਣਾ ਉਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਰਕੇ ਨਾ ਸਿਰਫ ਸੂਬੇ ਬਲਕਿ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਵਿਚ ਵੀ ਭਾਰੀ ਰੋਸ ਹੈ।