ਸੰਗਤ ਦੇ ਰੋਹ ਅੱਗੇ ਇਕ ਨਾ ਚੱਲੀ; ਡੇਰੇ ਬਾਰੇ ਫੈਸਲਾ ਵਾਪਸ

ਅੰਮ੍ਰਿਤਸਰ: ਸਿੱਖ ਸੰਗਤ ਦੇ ਰੋਹ ਅੱਗੇ ਝੁਕਦਿਆਂ ਪੰਜ ਜਥੇਦਾਰਾਂ ਨੇ ਹੰਗਾਮੀ ਇਕੱਤਰਤਾ ਦੌਰਾਨ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੇ ਆਪਣੇ ਗੁਰਮਤੇ ਨੂੰ ਆਪੇ ਹੀ ਰੱਦ ਕਰ ਦਿੱਤਾ ਹੈ। ਇਸ ਨਵੇਂ ਫੈਸਲੇ ਨਾਲ ਡੇਰਾ ਮੁਖੀ ਤੇ ਉਸ ਨਾਲ ਸਬੰਧਤ ਲੋਕਾਂ ਦਾ ਸਮਾਜਿਕ, ਰਾਜਨੀਤਕ ਤੇ ਧਾਰਮਿਕ ਬਾਈਕਾਟ ਕਰਨ ਵਾਲਾ 2007 ਦਾ ਫੈਸਲਾ ਮੁੜ ਸੁਰਜੀਤ ਹੋ ਗਿਆ ਹੈ।

ਇਕੱਤਰਤਾ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਸਨ। ਇਸ ਹੰਗਾਮੀ ਇਕੱਤਰਤਾ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਇਆ ਜਦੋਂ ਕਿ 24 ਸਤੰਬਰ ਦੀ ਇਕੱਤਰਤਾ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਗਿਆਨੀ ਰਾਮ ਸਿੰਘ ਸ਼ਾਮਲ ਹੋਏ ਸਨ, ਜਿਸ ਵਿਚ ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਜਥੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲਾ 24 ਸਤੰਬਰ ਦਾ ਗੁਰਮਤਾ ਰੱਦ ਕਰ ਦਿੱਤਾ ਗਿਆ ਹੈ। ਸਮੂਹ ਪੰਥ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਤੇ ਬਾਰੀਕੀ ਨਾਲ ਵਿਚਾਰਦਿਆਂ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਂ ਤਖਤਾਂ ਦੇ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਦੇ ਮਾਣ ਸਨਮਾਨ ਅੱਗੇ ਹਮੇਸ਼ਾ ਝੁਕਣ ਲਈ ਤਤਪਰ ਹਨ। ਉਨ੍ਹਾਂ ਆਖਿਆ ਕਿ ਗੁਰਮਤਾ ਸੋਧਿਆ, ਮੁੜ ਵਿਚਾਰਿਆ ਤੇ ਰੱਦ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਦੇ ਚਿਹਰੇ ਦੇ ਭਾਵਾਂ ਤੋਂ ਸਪੱਸ਼ਟ ਸੀ ਕਿ ਉਹ ਵੱਡੇ ਦਬਾਅ ਹੇਠ ਹਨ।
ਜ਼ਿਕਰਯੋਗ ਹੈ ਕਿ 2007 ਵਿਚ ਡੇਰਾ ਸਿਰਸਾ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਵਾਂਗ ਰਚਾਉਂਦਿਆਂ ਚੋਲਾ ਪਾ ਕੇ, ਸਿਰ ‘ਤੇ ਕਲਗੀ ਲਾ ਕੇ ਅੰਮ੍ਰਿਤ ਸੰਚਾਰ ਕਰਨ ਦੀ ਨਕਲ ਕੀਤੀ ਸੀ। ਉਸ ਨੇ ਰੂਹ ਅਫਜ਼ਾ ਦਾ ਘੋਲ ਤਿਆਰ ਕਰਕੇ ਸੱਤ ਪ੍ਰੇਮੀਆਂ ਨੂੰ ਛਕਾਇਆ ਸੀ ਤੇ ਉਨ੍ਹਾਂ ਨੂੰ ਇੰਸਾਂ ਦਾ ਦਰਜਾ ਦਿੱਤਾ ਸੀ।
ਇਸ ਬਾਰੇ ਅਖਬਾਰਾਂ ਵਿਚ ਵੱਡੇ ਇਸ਼ਤਿਹਾਰ ਵੀ ਛਪੇ ਸਨ। ਉਸ ਦੀ ਇਸ ਕਾਰਵਾਈ ਕਾਰਨ ਸਿੱਖ ਜਗਤ ਵਿਚ ਵੱਡਾ ਰੋਸ ਪੈਦਾ ਹੋ ਗਿਆ ਸੀ। ਜਿਸ ਪਿੱਛੋਂ ਡੇਰਾ ਮੁਖੀ ਤੇ ਉਸ ਦੇ ਸਬੰਧਤਾਂ ਦਾ ਸਮਾਜਿਕ, ਧਾਰਮਿਕ ਤੇ ਰਾਜਸੀ ਬਾਈਕਾਟ ਕੀਤਾ ਗਿਆ ਸੀ। ਇਸ ਦੌਰਾਨ ਇਕ ਵਾਰ ਡੇਰੇ ਦੇ ਆਗੂ ਰਾਹੀਂ ਮੁਆਫੀਨਾਮਾ ਭੇਜਿਆ ਗਿਆ ਸੀ, ਜੋ ਗੁਰਮੀਤ ਰਾਮ ਰਹੀਮ ਵੱਲੋਂ ਨਾ ਹੋਣ ਕਾਰਨ ਜਥੇਦਾਰ ਵੇਦਾਂਤੀ ਤੇ ਹੋਰਾਂ ਨੇ ਰੱਦ ਕਰ ਦਿੱਤਾ ਸੀ। ਹੁਣ 2015 ਵਿਚ ਉਸ ਵੱਲੋਂ ਇਹ ਸਪੱਸ਼ਟੀਕਰਨ ਉਸ ਵੇਲੇ ਭੇਜਿਆ ਗਿਆ ਜਦੋਂ ਉਸ ਦੀ ਫਿਲਮ ‘ਮੈਸੰਜਰ ਆਫ ਗੌਡ-2’ ਦੇ ਰਿਲੀਜ਼ ਹੋਣ ਉਤੇ ਅਣਐਲਾਨੀ ਰੋਕ ਲਾ ਦਿੱਤੀ ਗਈ ਸੀ। ਰੋਕ ਕਾਰਨ ਡੇਰਾ ਪ੍ਰੇਮੀਆਂ ਨੇ ਰੇਲ ਪਟੜੀਆਂ ‘ਤੇ ਧਰਨੇ ਦਿੱਤੇ ਸਨ, ਜਿਸ ਬਾਅਦ ਅਚਨਚੇਤੀ ਉਸ ਨੂੰ ਸ੍ਰੀ ਅਕਾਲ ਤਖਤ ਤੋਂ ਮੁਆਫੀ ਦੇ ਦਿੱਤੀ ਗਈ।
_______________________________________
ਪਹਿਲਾਂ ਵੀ ਰੱਦ ਹੋ ਚੁੱਕਿਆ ਹੈ ਗੁਰਮਤਾ
ਅੰਮ੍ਰਿਤਸਰ: ਪੰਜ ਜਥੇਦਾਰਾਂ ਵੱਲੋਂ ਗੁਰਮਤਾ ਰੱਦ ਕਰਨ ਦਾ ਫੈਸਲਾ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਗਿਆਨੀ ਪੂਰਨ ਸਿੰਘ ਵੱਲੋਂ ਕੀਤੇ ਗਏ ਵਿਵਾਦਤ ਫੈਸਲਿਆਂ ਨੂੰ ਸਾਲ 2000 ਵਿਚ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਰੱਦ ਕੀਤਾ ਗਿਆ ਸੀ। ਗਿਆਨੀ ਪੂਰਨ ਸਿੰਘ ਨੇ ਉਸ ਵੇਲੇ ਮੱਧ ਪ੍ਰਦੇਸ਼ ਦੇ ਸ਼ਹਿਰ ਗੁਣਾ ਤੋਂ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ। ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਸੀ। ਬਾਅਦ ਵਿਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਗਿਆਨੀ ਪੂਰਨ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪਿਆ ਗਿਆ ਸੀ, ਜਿਨ੍ਹਾਂ ਨੇ ਪੰਜ ਜਥੇਦਾਰਾਂ ਦੀ ਇਕੱਤਰਤਾ ਕਰਕੇ ਗਿਆਨੀ ਪੂਰਨ ਸਿੰਘ ਦੇ ਸਮੂਹ ਵਿਵਾਦਤ ਫੈਸਲਿਆਂ ਨੂੰ ਰੱਦ ਕਰ ਦਿੱਤਾ ਸੀ।