ਲੇਖਕਾਂ ਦੇ ਵਿਰੋਧ ਉਤੇ ਸਿਆਸਤ ਮਘੀ

ਨਵੀਂ ਦਿੱਲੀ: ਦੇਸ਼ ਵਿਚ ਵਧ ਰਹੀ ਅਸਹਿਣਸ਼ੀਲਤਾ ਤੇ ਬੁੱਧੀਜੀਵੀਆਂ ਨੂੰ ਨਿਸ਼ਾਨਾ ਬਣਾਏ ਜਾਣ ਉਤੇ ਲੇਖਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਉਤੇ ਸਿਆਸੀ ਅਖਾੜਾ ਵੀ ਗਰਮਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਲੇਖਕਾਂ ਦੇ ਵਿਰੋਧ ਨੂੰ ‘ਬਣਾਉਟੀ’ ਕਰਾਰ ਦੇਣ ਉਤੇ ਕਾਂਗਰਸ ਨੇ ਇਸ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ।

ਭਾਜਪਾ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਜਿਹੜੇ ਪੁਰਸਕਾਰ ਮੋੜ ਰਹੇ ਹਨ, ਉਹ ਆਪਣੇ ਸਰਪ੍ਰਸਤਾਂ ਦੀ ਹਾਰ ਤੋਂ ਬਾਅਦ ਨਵੀਂ ਤਰ੍ਹਾਂ ਦੀ ਸਿਆਸਤ ਕਰ ਰਹੇ ਹਨ ਤੇ ਇੰਜ ਜਾਪਦਾ ਹੈ ਕਿ ਇਹ ਕਾਂਗਰਸ ਪ੍ਰਾਯੋਜਿਤ ਹੈ ਕਿਉਂਕਿ ਉਹ ਇਸ ਪਾਰਟੀ ਦੀ ਹਮਾਇਤ ਵਿਚ ਖੜ੍ਹੇ ਹੋਏ ਹਨ।
ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਕਿਹਾ ਹੈ ਕਿ ਲੇਖਕਾਂ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਮੋੜਨ ਪਿੱਛੇ ਕੋਈ ਸਿਆਸੀ ਹਿੱਤ ਕੰਮ ਕਰ ਰਹੇ ਹਨ। ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਸਾਹਿਤ ਅਕਾਦਮੀ ਪੁਰਸਕਾਰ ਮੋੜਨਾ ਵਿਰੋਧ ਜ਼ਾਹਰ ਕਰਨ ਦਾ ਸਹੀ ਢੰਗ ਨਹੀਂ ਹੈ, ਸਗੋਂ ਇਸ ਨਾਲ ਸਨਮਾਨ ਦਾ ਅਪਮਾਨ ਹੁੰਦਾ ਹੈ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਸ੍ਰੀ ਜੇਤਲੀ ਨੇ ਲੇਖਕਾਂ ਦੇ ਵਿਰੋਧ ਨੂੰ ‘ਬਣਾਉਟੀ’ ਦੱਸ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਪੁਰਸਕਾਰ ਮੋੜਨ ਵਾਲੇ ਸਾਹਿਤਕਾਰਾਂ ਵਿਚ ਕਈ ਅਜਿਹੇ ਵੀ ਹਨ, ਜੋ ਸਮੇਂ ਸਮੇਂ ‘ਤੇ ਕਾਂਗਰਸ ਦਾ ਵੀ ਵਿਰੋਧ ਕਰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੇਖਕਾਂ ਨੂੰ ਸੰਵਿਧਾਨ ਵਿਚ ਦਿੱਤੀ ਗਈ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਭਰੋਸਾ ਦੇਣ ਵਿਚ ਨਾਕਾਮ ਰਹੀ ਹੈ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਸਾਰੇ ਲੇਖਕ ਨਰੇਂਦਰ ਮੋਦੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਨੰਦ ਸ਼ਰਮਾ ਇਹ ਜਵਾਬ ਦੇਣ ਕਿ ਜਦੋਂ ਤਸਲੀਮਾ ਨਸਰੀਨ ਨਾਲ ਬੰਗਾਲ ਵਿਚ ਘਟਨਾ ਵਾਪਰੀ ਸੀ ਤਾਂ ਇਹ ਲੇਖਕ ਕਿੱਥੇ ਸਨ। ਜਦੋਂ ਆਨੰਦ ਸ਼ਰਮਾ ਦੀ ਪਾਰਟੀ ਨੇ ਦੇਸ਼ ਵਿਚ ਐਮਰਜੈਂਸੀ ਲਾਈ ਸੀ ਤਾਂ ਕੁਲਦੀਪ ਨਈਅਰ ਤੇ ਰਾਮ ਨਾਥ ਗੋਇਨਕਾ ਨੂੰ ਛੱਡ ਕੇ ਬਾਕੀ ਦੇ ਲੇਖਕ ਕਿਥੇ ਸਨ। ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਲੇਖਕਾਂ ਵੱਲੋਂ ਪੁਰਸਕਾਰ ਮੋੜਨ ਦੀ ਘਟਨਾ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।
________________________________________
94 ਬੰਗਾਲੀ ਲੇਖਕਾਂ ਨੇ ਰਾਸ਼ਟਰਪਤੀ ਤੋਂ ਦਖਲ ਮੰਗਿਆ
ਕੋਲਕਾਤਾ: ਪੱਛਮੀ ਬੰਗਾਲ ਦੇ 94 ਲੇਖਕਾਂ ਤੇ ਬੁੱਧੀਜੀਵੀਆਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪੱਤਰ ਲਿਖ ਕੇ ਦਾਦਰੀ ਹੱਤਿਆ ਕਾਂਡ ਤੇ ਤਰਕਸ਼ੀਲਾਂ ਉਤੇ ਹਮਲਿਆਂ ਦੇ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। ਉਧਰ 17 ਸਾਲ ਦੀ ਲੜਕੀ ਰੀਆ ਵਿਤਾਸ਼ਾ ਨੇ ਬਾਲ ਸਾਹਿਤ ਤੇ ਰਾਜਸਥਾਨੀ ਲੇਖਕ ਨੰਦ ਭਾਰਦਵਾਜ ਨੇ ਸਾਹਿਤ ਅਕਾਦਮੀ ਪੁਰਸਕਾਰ ਮੋੜ ਦਿੱਤੇ ਹਨ। ਦੇਸ਼ ਵਿਚ ਵੱਧ ਰਹੀ ਅਸਹਿਣਸ਼ੀਲਤਾ ਦੇ ਵਿਰੋਧ ਵਿਚ ਸਾਹਿਤ ਅਕਾਦਮੀ ਪੁਰਸਕਾਰ ਮੋੜਨ ਵਾਲੇ ਲੇਖਕਾਂ ਦੀ ਗਿਣਤੀ 30 ਤੋਂ ਟੱਪ ਗਈ ਹੈ। ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਲੇਖਕਾਂ ਤੇ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਲੱਭਣ ਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਰਕਾਰ ਨਾਕਾਮ ਰਹੀ ਹੈ। ਡਰ ਤੇ ਅਨਿਸ਼ਚਤਤਾ ਦੇ ਮਾਹੌਲ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਨੂੰ ਢਾਹ ਲੱਗ ਰਹੀ ਹੈ।
_________________________________________
ਭਾਰਤੀ ਕਲਮਕਾਰਾਂ ਨੂੰ 150 ਦੇਸ਼ਾਂ ਦੀ ਹਮਾਇਤ
ਵਾਸ਼ਿੰਗਟਨ: ਦੇਸ਼ ਵਿਚ ਵਧਦੀ ਅਸਹਿਣਸ਼ੀਲਤਾ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਭਾਰਤੀ ਲੇਖਕਾਂ ਨਾਲ ਇਕਮੁਠਤਾ ਦਿਖਾਉਂਦਿਆਂ ਲੇਖਕਾਂ ਦੇ ਕੌਮਾਂਤਰੀ ਸੰਘ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਬਿਹਤਰ ਸੁਰੱਖਿਆ ਦੇਵੇ ਤੇ ਵਿਚਾਰ ਪ੍ਰਗਟ ਕਰਨ ਦੀ ਸੰਵਿਧਾਨਕ ਆਜ਼ਾਦੀ ਦੀ ਰੱਖਿਆ ਕਰੇ। ਕੈਨੇਡਾ ਦੇ ਕਿਊਬੇਕ ਸਿਟੀ ਵਿਚ ਪੈਨ ਇੰਟਰਨੈਸ਼ਨਲ ਦੀ 81ਵੀਂ ਕਾਂਗਰਸ ਵਿਚ ਹਿੱਸਾ ਲੈਣ ਵਾਲੇ 150 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਕ ਬਿਆਨ ਵਿਚ ਉਨ੍ਹਾਂ ਲੇਖਕਾਂ ਤੇ ਕਲਾਕਾਰਾਂ ਨਾਲ ਇਕਜੁੱਟਤਾ ਪ੍ਰਗਟਾਈ, ਜਿਨ੍ਹਾਂ ਨੇ ਵਿਰੋਧ ਦਰਜ ਕਰਵਾਉਣ ਲਈ ਆਪਣੇ ਵੱਕਾਰੀ ਪੁਰਸਕਾਰ ਵਾਪਸ ਕਰ ਦਿੱਤੇ। ਇਸ ਦੇ ਨਾਲ ਹੀ ਪੈਨ ਇੰਟਰਨੈਸ਼ਨਲ ਦੇ ਪ੍ਰਧਾਨ ਜੋਹਨ ਰਾਲਸਟੋਨ ਸੌਲ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਸਾਹਿਤ ਅਕਾਦਮੀ ਨੂੰ ਚਿੱਠੀ ਭੇਜ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੇਖਕਾਂ ਤੇ ਕਲਾਕਾਰਾਂ ਸਣੇ ਹਰ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਲਈ ਤੁਰੰਤ ਕਦਮ ਚੁੱਕੇ। ਚਿੱਠੀ ਵਿਚ ਕਿਹਾ ਗਿਆ ਹੈ, ‘ਅਸੀਂ ਅਕਾਦਮੀ ਨੂੰ ਆਪਣੇ ਪੁਰਸਕਾਰ ਮੋੜਨ ਵਾਲੇ 50 ਤੋਂ ਵੱਧ ਨਾਵਲਕਾਰਾਂ, ਵਿਦਵਾਨਾਂ, ਕਵੀਆਂ ਤੇ ਬੁੱਧੀਜੀਵੀਆਂ ਨਾਲ ਖੜੇ ਹਾਂ ਤੇ ਉਨ੍ਹਾਂ ਵੱਲੋਂ ਦਿਖਾਈ ਦਲੇਰੀ ਦੀ ਪ੍ਰਸ਼ੰਸਾ ਕਰਦੇ ਹਾਂ।’