ਸਚਾ ਅਰਜੁ ਸਚੀ ਅਰਦਾਸਿ-2

ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਅਸੀਂ ਸਿੱਖ ਧਰਮ ਚਿੰਤਨ ਵਿਚ ਅਰਦਾਸ ਦੇ ਸੰਕਲਪ ਬਾਰੇ ਇਸ ਤੱਥ ਦਾ ਜ਼ਿਕਰ ਕਰ ਰਹੇ ਸੀ ਕਿ ਗੁਰੂ ਨਾਨਕ ਦੇਵ ਜੀ ਨੇ ‘ਅਰਦਾਸ’ ਨੂੰ ਹੁਕਮ ਨਾਲ ਜੋੜਿਆ ਹੈ ਅਤੇ ਗੁਰਬਾਣੀ ਅਨੁਸਾਰ ‘ਹੁਕਮ’ ਨੂੰ ਬੁੱਝ ਕੇ ਹੀ ‘ਹੁਕਮੀ’ ਤੱਕ ਪਹੁੰਚਿਆ ਜਾ ਸਕਦਾ ਹੈ; ਗੁਰੂ ਨਾਨਕ ਸਾਹਿਬ ਨੇ ਸ਼ਬਦ, ਸੱਚ ਅਤੇ ਹੁਕਮਿ ਦਾ ਸੁਮੇਲ ਅਰਦਾਸ ਵਿਚ ਕੀਤਾ ਹੈ।

ਗੁਰੂ ਨਾਨਕ ਸਾਹਿਬ ਅੱਗੇ ਦੱਸ ਰਹੇ ਹਨ ਕਿ ਅਰਦਾਸ ਦਾ ਵਾਹਿਗੁਰੂ ਦੇ ਹਜ਼ੂਰ ਮਨਜ਼ੂਰ ਹੋਣਾ ਵਾਹਿਗੁਰੂ ਦੀ ਨਦਰਿ ‘ਤੇ ਨਿਰਭਰ ਕਰਦਾ ਹੈ। ਜਿਸ ‘ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਉਸ ਦੀ ਅਰਦਾਸ ਸੁਣੀ ਜਾਂਦੀ ਹੈ ਅਤੇ ਉਸ ਜੀਵ ਨੂੰ ਅਕਾਲ ਪੁਰਖ ਦੇ ਸੱਚੇ ਦਰਬਾਰ ਵਿਚ ਆਦਰਯੋਗ ਸਥਾਨ ਪ੍ਰਾਪਤ ਹੁੰਦਾ ਹੈ, ਉਸ ਪਰਵਰਦਗਾਰ ਦੇ ਚਰਨਾਂ ਵਿਚ ਥਾਂ ਮਿਲਦੀ ਹੈ। ਗੁਰੂ ਸਾਹਿਬ ਗੁਰਮੁਖਿ ਦਾ ਰਸਤਾ, ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ ਮਨੁੱਖ ਦੀ ਗੱਲ ਕਰ ਰਹੇ ਹਨ ਅਤੇ ਉਸੇ ਸੰਦਰਭ ਵਿਚ ਦੱਸ ਰਹੇ ਹਨ ਕਿ ਗੁਰੂ ਦੇ ਸਨਮੁਖ ਹੋ ਕੇ ਕੀਤੀ ਅਰਦਾਸ ਅਕਾਲ ਪੁਰਖ ਅੱਗੇ ਸੱਚੀ ਅਰਦਾਸ ਹੁੰਦੀ ਹੈ, ਜੋ ਉਸ ਵੱਲੋਂ ਸੁਣੀ ਵੀ ਜਾਂਦੀ ਹੈ ਅਤੇ ਅਕਾਲ ਪੁਰਖ ਅਜਿਹੇ ਜੀਵ ‘ਤੇ ਆਪਣੀ ਮਿਹਰ ਕਰਦਾ ਹੈ ਅਤੇ ਆਦਰ-ਸਤਿਕਾਰ ਦਿੰਦਾ ਹੈ,
ਸਚਾ ਅਰਜੁ ਸਚੀ ਅਰਦਾਸਿ॥
ਮਹਲੀ ਖਸਮੁ ਸੁਣ ਸਾਬਾਸਿ॥
ਸਚੇ ਤਖਤਿ ਬੁਲਾਵੈ ਸੋਇ॥
ਦੇ ਵਡਿਆਈ ਕਰੇ ਸੁ ਹੋਇ॥ (ਪੰਨਾ 355)
ਨਦਰਿ ਦੇ ਨਾਲ ਹੀ ਅਰਦਾਸ ਦਾ ਦੂਸਰਾ ਪੱਖ ਇਸ ਦਾ ਇਲਹਾਮੀ ਹੋਣਾ ਜੁੜਿਆ ਹੋਇਆ ਹੈ। ਗੁਰੂ ਨਾਨਕ ਅਨੁਸਾਰ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਹੈ, ਉਹ ਅਕਾਲ ਪੁਰਖ ਦੇ ਹੁਕਮ ਵਿਚ ਕਿਹਾ ਹੈ। ਉਨ੍ਹਾਂ ਨੇ ਆਪਣੇ ਕੋਲੋਂ ਕੁਝ ਨਹੀਂ ਕਿਹਾ, ਉਹੀ ਕੁਝ ਕਿਹਾ ਹੈ ਜੋ ਅਕਾਲ ਪੁਰਖ ਨੇ ਉਨ੍ਹਾਂ ਕੋਲੋਂ ਕਹਿਣ ਲਈ ਹੁਕਮ ਕੀਤਾ ਹੈ। ਜਦੋਂ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਦੋਂ ਹੀ ਜੀਵ ਨੂੰ ਸਤਿ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਹ ਇਸ ਗਿਆਨ ਦਾ ਸੰਚਾਰ ਅੱਗੇ ਦੂਸਰਿਆਂ ਨੂੰ ਕਰਦਾ ਹੈ, ਦੂਸਰਿਆਂ ਅੰਦਰ ਇਸ ਗਿਆਨ ਨੂੰ ਵੰਡਦਾ ਹੈ। ਅਜਿਹੇ ਜੀਵ ਅੰਦਰ ਸੱਚਾ ਨਾਮ ਉਜਾਗਰ ਹੁੰਦਾ ਹੈ ਅਤੇ ਉਸ ਦੇ ਮਨ ਵਿਚੋਂ ਹਰ ਤਰ੍ਹਾਂ ਦੇ ਕਲੇਸ਼ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਮਨ ਸਹਿਜ ਅਨੰਦ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ। ਇਹ ਗਿਆਨ ਦੀ ਸਭ ਤੋਂ ਉਚੀ ਅਵਸਥਾ ਹੈ ਜਿਥੇ ਜਾ ਕੇ ਮਨੁੱਖ ਦਾ ਮਨ ਪਰਮਸਤਿ ਨਾਲ ਇਕਸੁਰ ਹੋ ਜਾਂਦਾ ਹੈ,
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥
ਅੰਮ੍ਰਿਤ ਹਰਿ ਕਾ ਨਾਮੁ ਮੇਰੈ ਮਨਿ ਭਾਇਆ॥
ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਇਆ॥
ਸੂਖੁ ਮਨ ਮਹਿ ਆਇ ਵਸਿਆ ਜਾਸਿ ਤੈ ਫੁਰਮਾਇਆ॥
ਨਦਰਿ ਤੁਧੁ ਅਰਦਾਸਿ ਮੇਰੀ ਜਿੰਨੀ ਆਪੁ ਉਪਾਇਆ॥
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ (ਪੰਨਾ 566)
ਗੁਰੂ ਨਾਨਕ ਨੇ ਅਕਾਲ ਪੁਰਖ ਨੁੰ ਧਿਆਉਣ ਦਾ, ਉਸ ਦੇ ਨਾਮ ਸਿਮਰਨ ਦਾ, ਉਸ ਅੱਗੇ ਅਰਦਾਸ ਕਰਨ ਦਾ ਸੰਗਤੀ ਮਾਡਲ ਦਿੱਤਾ ਹੈ। ਭਾਵ ਸਿੱਖ ਧਰਮ ਏਕਾਂਤਕ ਧਰਮ ਨਹੀਂ ਹੈ। ਇਸ ਮਾਡਲ ਅਨੁਸਾਰ ਮਨੁੱਖ ਨੇ ਸੰਗਤ ਵਿਚ ਜਾ ਕੇ ਨਾਮ ਦਾ ਸਿਮਰਨ ਕਰਨਾ ਹੈ, ਉਸ ਅਕਾਲ ਪੁਰਖ ਨੂੰ ਧਿਆਉਣਾ ਹੈ ਅਤੇ ਉਸ ਅੱਗੇ ਇਕੱਠਿਆਂ ਹੋ ਕੇ ਅਰਦਾਸ ਕਰਨੀ ਹੈ। ਸਿੱਖ ਧਰਮ ਚਿੰਤਨ ਵਿਚ ਸਿਮਰਨ ਅਤੇ ਅਰਦਾਸ ਦੇ ਸਮੂਹਕ ਪੱਖ ਨੂੰ ਬਹੁਤ ਹੀ ਅਹਿਮ ਸਥਾਨ ਪ੍ਰਾਪਤ ਹੈ, ਜਿਥੇ ਮਨੁੱਖ ਵਾਹਿਗੁਰੂ ਨਾਲ ਮੇਲ ਲਈ, ਉਸ ਦੀ ਨਦਰਿ ਦੀ ਪ੍ਰਾਪਤੀ ਲਈ ਮਿਲ ਬੈਠ ਕੇ ਘਾਲ ਘਾਲਦੇ ਹਨ, ਇਕੱਠਿਆਂ ਹੋ ਕੇ ਸੰਗਤ ਰੂਪ ਵਿਚ ਉਸ ਨੂੰ ਯਾਦ ਕਰਦੇ ਹਨ। ਇਸੇ ਲਈ ਸਿੱਖ ਧਰਮ ਚਿੰਤਨ ਵਿਚ ਅਰਦਾਸ ਵਿਚ ਸਾਧ-ਜਨਾਂ ਦੀ ਸੰਗਤ ਲਈ ਅਕਾਲ ਪੁਰਖ ਅੱਗੇ ਜੋਦੜੀ ਕੀਤੀ ਹੈ ਅਤੇ ਅਰਦਾਸ ਸਮੂਹਕ ਰੂਪ ਵਿਚ ਕੀਤੀ ਜਾਂਦੀ ਹੈ,
ਹਰਿ ਜੀਉ ਆਗੈ ਕੀ ਅਰਦਾਸਿ॥
ਸਾਧੂ ਜਨ ਸੰਗਤਿ ਹੋਇ ਨਿਵਾਸੁ॥
ਕਿਲਵਿਖ ਦੂਖ ਕਾਢੇ ਹਰਿਨਾਮੁ ਪ੍ਰਗਾਸੁ॥ (ਪੰਨਾ 415)
ਗੁਰੂ ਨਾਨਕ ਸਾਹਿਬ ਦੇ ਅਰਦਾਸ ਦੇ ਦਿੱਤੇ ਇਸ ਸੰਕਲਪ ਦੀ ਪ੍ਰੋੜਤਾ ਉਨ੍ਹਾਂ ਦੇ ਜਾਂਨਸ਼ੀਨ ਗੁਰੂ ਸਾਹਿਬਾਨ ਵੱਲੋਂ ਵੀ ਕੀਤੀ ਗਈ ਹੈ। ਗੁਰੂ ਅਮਰਦਾਸ ਤੀਸਰੀ ਨਾਨਕ ਜੋਤਿ ਇਸ ਤੱਥ ਦੀ ਪ੍ਰੋੜਤਾ ਕਰਦੇ ਹਨ ਕਿ ਇਸ ਦੁਨੀਆਂ ਵਿਚ ਬੁਰਾਈ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਕਾਰਨ ਹੀ ਪੈਦਾ ਹੁੰਦੀ ਹੈ ਅਤੇ ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਅਕਾਲ ਪੁਰਖ ਦੀ ਸ਼ਰਨ ਪਿਆਂ ਮਿਲਦਾ ਹੈ। ਅਕਾਲ ਪੁਰਖ ਦੇ ਘਰ ਦਾ ਰਸਤਾ ਮਨੁੱਖ ਨੂੰ ਗੁਰੂ ਪਾਸੋਂ ਪਤਾ ਲਗਦਾ ਹੈ। ਇਸ ਲਈ ਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਉਹ ਰਸਤਾ ਦਿਖਾਵੇ। ਗੁਰੂ ਅਮਰਦਾਸ ਅਨੁਸਾਰ ਇਸ ਸੰਸਾਰ ਨੂੰ ਵਿਕਾਰਾਂ ਦੀ ਅੱਗ ਵਿਚ ਸੜ ਰਿਹਾ ਦੇਖ ਕੇ ਜਿਹੜੇ ਮਨੁੱਖ ਦੌੜ ਕੇ ਅਕਾਲ ਪੁਰਖ ਦੇ ਓਟ-ਆਸਰੇ ਵਿਚ ਚਲੇ ਜਾਂਦੇ ਹਨ, ਉਹ ਇਸ ਅੱਗ ਵਿਚ ਸੜਨ ਤੋਂ ਬਚ ਜਾਂਦੇ ਹਨ। ਵਿਕਾਰਾਂ ਦੀ ਅੱਗ ਤੋਂ ਬਚਣ ਦਾ ਰਸਤਾ ਗੁਰੂ ਤੋਂ ਪਤਾ ਲਗਦਾ ਹੈ ਕਿਉਂਕਿ ਗਿਆਨ ਰਾਹੀਂ ਇਸ ਅੱਗ ਤੋਂ ਬਚ ਸਕੀਦਾ ਹੈ ਅਤੇ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਇਸ ਲਈ ਗਿਆਨ ਦੀ ਬਖਸ਼ਿਸ਼ ਲਈ ਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਉਹ ਪਰਮਾਤਮਾ ਦੇ ਨਾਮ ਦਾ ਗਿਆਨ ਬਖਸ਼ਿਸ਼ ਕਰੇ ਜੋ ਮਨੁੱਖ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ। ਇਹ ਦਾਤ ਸਿਰਫ ਗੁਰੂ ਕੋਲੋਂ ਹੀ ਪ੍ਰਾਪਤ ਹੁੰਦੀ ਹੈ ਅਤੇ ਗੁਰੂ ਰਾਹੀਂ ਮਨੁੱਖ ਅਕਾਲ ਪੁਰਖ ਦੀ ਸੇਵਾ ਅਤੇ ਭਗਤੀ ਵਿਚ ਆਉਂਦਾ ਹੈ। ਸੇਵਾ ਅਤੇ ਭਗਤੀ ਰਾਹੀਂ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਕਰ ਸਕੀਦੀ ਹੈ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਰਾਹੀਂ ਗੁਰੂ ਦਾ ਸ਼ਬਦ ਸਮਝਣ ਦੀ ਦਾਤਿ ਪ੍ਰਾਪਤ ਹੁੰਦੀ ਹੈ,
ਇਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ॥
ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ॥
ਰਖਿ ਲੇਵਹੁ ਸਰਣਾਈ ਹਰਿਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ॥
ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ॥
ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ॥
ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ॥3॥ (ਪੰਨਾ 571)
ਗੁਰੂ ਅਰਜਨ ਦੇਵ ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਂਦਿਆਂ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਮਿਹਰਾਂ ਦਾ ਪੁੰਜ ਹੈ, ਦਇਆਵਾਨ ਹੈ ਅਤੇ ਹਰ ਇੱਕ ‘ਤੇ ਦਇਆਲ ਹੁੰਦਾ ਹੈ। ਉਹ ਆਪਣੇ ਭਗਤਾਂ ਦੀ ਅਰਦਾਸ ਸਦਾ ਹੀ ਸੁਣਦਾ ਹੈ। ਉਹ ਇਸ ਸੰਸਾਰ ਰਚਨਾ ਦਾ ਮੂਲ ਹੈ, ਕਾਰਨ ਹੈ ਅਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ। ਉਸ ਦਾ ਨਾਮ ਸਿਮਰਨ ਕੀਤਿਆਂ ਦੁੱਖ-ਦਲਿੱਦਰ ਦੂਰ ਹੋ ਜਾਂਦੇ ਹਨ। ਉਸ ਨੇ ਸਦਾ ਹੀ ਆਪਣੇ ਸੇਵਕਾਂ ਦੀ ਅਰਦਾਸ ਸੁਣੀ ਹੈ ਅਤੇ ਉਸ ਦੀ ਮਿਹਰ ਸਦਕਾ ਸਾਰੀ ਲੁਕਾਈ ਸੁਖੀ ਵਸਦੀ ਹੈ,
ਮੇਰਾ ਪ੍ਰਭੁ ਹੋਆ ਸਦਾ ਦਇਆਲਾ॥
ਅਰਦਾਸਿ ਸੁਣੀ ਭਗਤਿ ਅਪੁਨੇ ਕੀ
ਸਭ ਜੀਅ ਭਇਆ ਕਿਰਪਾਲਾ॥ਰਹਾਉ॥ (ਪੰਨਾ 627)
ਅਰਦਾਸ ਪੂਰਨ ਸਮਰਪਣ ਹੈ, ਜਿਸ ਭਾਵਨਾ ਨੂੰ ਗੁਰੂ ਅਰਜਨ ਦੇਵ ਪਾਤਿਸ਼ਾਹ ਨੇ ‘ਸੁਖਮਨੀ’ ਵਿਚ ਦ੍ਰਿੜ ਕਰਵਾਇਆ ਹੈ। ਜਿਵੇਂ ਉਪਰ ਦੱਸਿਆ ਹੈ ਕਿ ਸਭ ਦਾ ਮਾਲਕ ਉਹ ਅਕਾਲ ਪੁਰਖ ਹੈ ਜੋ ਸੰਸਾਰ ਦਾ ਕਾਰਨ ਅਤੇ ਕਰਤਾ ਪੁਰਖ ਵੀ ਹੈ। ਇਸ ਲਈ ਅਰਦਾਸ ਵੀ ਉਸ ਇੱਕ ਅੱਗੇ ਹੀ ਕੀਤੀ ਜਾਂਦੀ ਹੈ। ਜੀਵ ਦੇ ਪ੍ਰਾਣ ਅਤੇ ਸਰੀਰ ਉਸ ਦੀ ਬਖਸ਼ਿਸ਼ ਹਨ ਅਤੇ ਉਸ ਦੀ ਨਦਰਿ ਦੀ ਪ੍ਰਾਪਤੀ ਹੀ ਅਸਲੀ ਆਤਮਕ ਸੁਖ ਦੀ ਪ੍ਰਾਪਤੀ ਹੈ। ਸਿੱਖ ਧਰਮ ਦਾ ਇਹ ਸਿਧਾਂਤ ਇਥੇ ਪਰਪੱਕ ਕੀਤਾ ਹੈ ਕਿ ਸਾਰੇ ਮਨੁੱਖ ਉਸ ਇੱਕ ਅਕਾਲ ਪੁਰਖ ਦੀ ਸੰਤਾਨ ਹਨ। ਇਸ ਲਈ ਉਸ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ। ਹੁਕਮ ਦਾ ਸਿਧਾਂਤ ਵੀ ਇਥੇ ਦ੍ਰਿੜ ਕੀਤਾ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਉਸ ਅਕਾਲ ਪੁਰਖ ਨੇ ਆਪਣੇ ਹੁਕਮ ਅਨੁਸਾਰ ਕਾਰਨ ਅਤੇ ਕਾਰਜ ਦੇ ਸੂਤਰ ਵਿਚ ਬੰਨ੍ਹ ਕੇ ਰੱਖਿਆ ਹੈ। ਸਭ ਕੁਝ ਇੱਕ ਪ੍ਰਬੰਧ ਅਨੁਸਾਰ ਵਾਪਰ ਰਿਹਾ ਹੈ। ਗੁਰੂ ਅਰਜਨ ਦੇਵ ਅਨੁਸਾਰ ਅਰਦਾਸ ਜੀਵ ਦੀ ਉਸ ਪਰਵਰਦਗਾਰ ਵਿਚ ਪੂਰਨ ਲਿਵਲੀਨਤਾ ਹੈ, ਉਸ ਤੋਂ ਸਦਕੇ ਜਾਣਾ ਹੈ,
ਤੂ ਠਾਕੁਰ ਤੁਮ ਪਹਿ ਅਰਦਾਸਿ॥
ਜੀਉ ਪਿੰਡ ਸਭੁ ਤੇਰੀ ਰਾਸਿ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥
ਤੁਮਰੀ ਕ੍ਰਿਪਾ ਮੈ ਸੂਖ ਘਨੇਰੇ॥æææ
ਪਹਿਲਾਂ ਵੀ ਇਸ ਵਿਸ਼ੇ ‘ਤੇ ਚਰਚਾ ਹੋ ਚੁੱਕੀ ਹੈ ਕਿ ਸਿੱਖ ਧਰਮ ਚਿੰਤਨ ਅਨੁਸਾਰ ਮਨੁੱਖ ਜਿਸ ਕਿਸਮ ਦੇ ਇਸ਼ਟ ਨੂੰ ਧਿਆਉਂਦਾ ਹੈ, ਅਰਾਧਨਾ ਕਰਦਾ ਹੈ, ਜਿਹੋ ਜਿਹਾ ਉਸ ਦਾ ਆਦਰਸ਼ ਹੁੰਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤਿਤਵ ਬਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਮੂਲ ਮੰਤਰ ਵਿਚ ਅਕਾਲ ਪੁਰਖ ਦੇ ਗੁਣ ਦਸਦਿਆਂ ਉਸ ਨੂੰ ਇੱਕੋ ਇੱਕ ਸਦੀਵੀ ਹਸਤੀ ਮੰਨਿਆ ਗਿਆ ਹੈ ਜੋ ਬ੍ਰਹਿਮੰਡ ਦਾ ਕਰਤਾ ਪੁਰਖ ਹੈ, ਇਸ ਨੂੰ ਰਚਣ ਵਾਲਾ ਹੈ, ਉਹ ਨਿਰਭਉ ਅਤੇ ਨਿਰਵੈਰ ਹੈ। ਉਹ ਸਮੇਂ ਵਿਚ ਨਹੀਂ ਆਉਂਦਾ ਭਾਵ ਅਕਾਲ ਹੈ ਪਰ ਇਹ ਸਾਰਾ ਸੰਸਾਰ ਉਸ ਦਾ ਪ੍ਰਗਟ ਰੂਪ ਹੈ। ਉਹ ਜਨਮ ਮਰਨ ਵਿਚ ਵੀ ਨਹੀਂ ਆਉਂਦਾ ਅਤੇ ਉਸ ਦੀ ਹੋਂਦ ਆਪਣੇ ਆਪ ਤੋਂ ਹੈ। ਉਸ ਨੂੰ ਗੁਰੂ ਦੀ ਮਿਹਰ ਸਦਕਾ ਪਾ ਸਕੀਦਾ ਹੈ ਭਾਵ ਉਸ ਨੂੰ ਪਾਉਣ ਦਾ ਰਸਤਾ ਗੁਰੂ ਪਾਸੋਂ ਪਤਾ ਲਗਦਾ ਹੈ। ਸਿੱਖ ਚਿੰਤਨ ਅਨੁਸਾਰ ਮਨੁੱਖ ਜਦੋਂ ਗਿਆਨ ਦੇ ਰਸਤੇ ‘ਤੇ ਚਲਦਾ ਹੋਇਆ ਗਿਆਨ ਦੀਆਂ ਬੁਲੰਦੀਆਂ ਨੂੰ ਪਾਰ ਕਰਦਾ ਹੋਇਆ ਸਿਖਰ ‘ਤੇ ਪਹੁੰਚਦਾ ਹੈ ਜਿਸ ਨੂੰ ਜਪੁਜੀ ਵਿਚ ‘ਸਚਿ ਖੰਡਿ’ ਕਿਹਾ ਹੈ ਤਾਂ ਉਸ ਨੂੰ ਪਰਮਸਤਿ ਦਾ ਅਨੁਭਵ ਹੁੰਦਾ ਹੈ। ਇਥੇ ਪਹੁੰਚ ਕੇ ਉਸ ਦੀ ਇੱਛਾ ਦੈਵੀ ਇੱਛਾ ਅਰਥਾਤ ਹੁਕਮ ਵਿਚ ਵਿਲੀਨ ਹੋ ਜਾਂਦੀ ਹੈ ਅਤੇ ਉਹ ਹੁਕਮ ਅਨੁਸਾਰ ਕਰਮ ਕਰਦਾ ਹੈ। ਇਹ ਹੀ ਸਿੱਖ ਦਾ ਰਹਿਤ ਪੱਖ ਹੈ ਜਿੱਥੇ ਰੱਬੀ ਹੁਕਮ ਮਨੁੱਖ ਦੇ ਕੀਤੇ ਕਰਮਾਂ ਵਿਚ ਪ੍ਰਗਟ ਹੁੰਦਾ ਹੈ। ਇਸ ਅਵਸਥਾ ਨੂੰ ਪਹੁੰਚਿਆ ਹੋਇਆ ਮਨੁੱਖ ਹੀ ‘ਗੁਰਮੁਖ’ ਜਾਂ ‘ਸਚਿਆਰ’ ਕਿਹਾ ਜਾਂਦਾ ਹੈ ਜੋ ਸਤਿਨਾਮ ਦਾ ਧਾਰਨੀ, ਨਿਰਭਉ ਅਤੇ ਨਿਰਵੈਰ ਹੋ ਕੇ ਜੀਵਨ ਵਿਚ ਵਿਚਰਦਾ ਹੈ। ਉਹ ਸੰਸਾਰਕ ਜਿੰਮੇਵਾਰੀਆਂ ਤੋਂ ਭਗੌੜਾ ਨਹੀਂ ਹੁੰਦਾ ਬਲਕਿ ਇਸ ਸੰਸਾਰ ਨੂੰ ਸਤਿ ਦੇ ਅਨੁਭਵ ਲਈ ਰਹਿਣ ਯੋਗ ਬਣਾਉਣ ਲਈ ਉਪਰਾਲਾ ਕਰਦਾ ਹੈ, ਜੂਝਦਾ ਹੈ।
ਸਿੱਖ ਧਰਮ ਦੀ ਰਹਿਤ ਮਰਿਆਦਾ ਵਿਚ ‘ਅਰਦਾਸ’ ਦਾ ਜੋ ਸਰੂਪ ਦਰਸਾਇਆ ਗਿਆ ਹੈ ਉਸ ਵਿਚੋਂ ਅਰਦਾਸ ਦਾ ਉਪਰ ਦਸਿਆ ਚਿੰਤਨਾਤਮਕ ਆਧਾਰ ਪੂਰੀ ਤਰ੍ਹਾਂ ਪ੍ਰਗਟ ਹੁੰਦਾ ਹੈ। ਅਰਦਾਸ ਵਿਚ ਸਭ ਤੋਂ ਪਹਿਲਾਂ ਉਸ ਇੱਕ ਅਕਾਲ ਪੁਰਖ ਨੂੰ ਧਿਆਇਆ ਗਿਆ ਹੈ ਅਤੇ ਫਿਰ ਦਸਾਂ ਗੁਰੂਆਂ ਨੂੰ ਸਿਮਰਿਆ ਗਿਆ ਹੈ ਅਤੇ ਦਸਾਂ ਗੁਰੂਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਕੀਤਾ ਗਿਆ ਹੈ। ਫਿਰ ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਤੋਂ ਲੈ ਕੇ ਤਮਾਮ ਰੱਬੀ ਪਿਆਰਿਆਂ ਦਾ, ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ, ਵੰਡ ਕੇ ਛਕਿਆ ਦੇਗ ਅਤੇ ਤੇਗ ਰਾਹੀਂ ਸੇਵਾ ਕੀਤੀ, ਉਨ੍ਹਾਂ ਤਮਾਮ ਸਿੰਘਾਂ, ਸਿੰਘਣੀਆਂ ਅਤੇ ਸਿੰਘ ਬੱਚਿਆਂ ਦਾ ਧਿਆਨ ਕੀਤਾ ਗਿਆ ਹੈ ਜਿਨ੍ਹਾਂ ਨੇ ਸਿੱਖੀ ਸਿਦਕ ਨੂੰ ਨਿਭਾਉਣ ਹਿੱਤ ਕੁਰਬਾਨੀਆਂ ਕੀਤੀਆਂ ਹਨ। ਫਿਰ ਸਿੱਖਾਂ ਦੇ ਪੰਜ ਤਖਤਾਂ, ਸਰਬਤ ਗੁਰਦੁਆਰਿਆਂ ਦਾ ਧਿਆਨ ਧਰਿਆ ਹੈ।
ਅਰਦਾਸ ਦਾ ਜੋ ਦਾਰਸ਼ਨਿਕ ਪੱਖ ਹੈ ਅਤੇ ਜਿਸ ਨੂੰ ਸਮਝਣ ਦੀ ਖਾਸ ਜ਼ਰੂਰਤ ਹੈ, ਉਹ ਇਹ ਹੈ ਕਿ ਅਰਦਾਸ ‘ਸਰਬੱਤ’ ਖਾਲਸਾ ਜੀ ਵੱਲੋਂ ਕੀਤੀ ਹੈ ਅਤੇ ਵਾਹਿਗੁਰੂ ਦਾ ਚਿੱਤ ਆਉਣਾ ਵੀ ਸਰਬੱਤ ਖਾਲਸੇ ਵਾਸਤੇ ਮੰਗਿਆ ਹੈ, ਰਛਿਆ ਰਿਆਇਤ ਵੀ ਸਰਬੱਤ ਖਾਲਸੇ ਲਈ ਹੈ ਭਾਵੇਂ ਉਹ ਕਿਤੇ ਵੀ ਬਿਰਾਜਮਾਨ ਹੈ। ਜਦੋਂ ਸਰਬੱਤ ਸਿੱਖਾਂ ਵਾਸਤੇ ਵਾਹਿਗੁਰੂ ਤੋਂ ਦਾਨ ਦੀ ਮੰਗ ਕੀਤੀ ਹੈ ਤਾਂ ਉਸ ਵਿਚੋਂ ਸਾਰਾ ਸਿਧਾਂਤ ਉਜਾਗਰ ਹੁੰਦਾ ਹੈ, ਜਿਸ ਅਨੁਸਾਰ ਸਿੱਖਾਂ ਲਈ ਇਰਾਦੇ ਦੀ ਪਰਪੱਕਤਾ, ਬਿਬੇਕ ਅਰਥਾਤ ਗਿਆਨ, ਵਾਹਿਗੁਰੂ ਵਿਚ ਭਰੋਸਾ, ਹੁਕਮ ਦਾ ਅਨੁਸਾਰੀ ਹੋ ਕੇ ਜੀਵਨ ਜਿਉਣ ਦਾ ਦਾਨ, ਸਿੱਖ ਅਸਥਾਨਾਂ ਦੇ ਦਰਸ਼ਨ ਇਸ਼ਨਾਨ ਅਤੇ ਧਰਮ ਦੀ ਜਿੱਤ (ਅਰਥਾਤ ਨਿਆਂ) ਦੀ ਜਿੱਤ ਦੀ ਕਾਮਨਾ ਕੀਤੀ ਹੈ। ਸਰਬ ਸਿੱਖਾਂ ਲਈ ਧੀਰਜ ਦੇ ਧਾਰਨੀ ਹੋਣ (ਮਨ ਨੀਵਾਂ) ਅਤੇ ਉਚਤਮ ਬੁੱਧੀ (ਮੱਤ ਉਚੀ) ਦੀ ਯਾਚਨਾ ਕੀਤੀ ਹੈ ਅਤੇ ਸਭ ਦਾ ਦੇਣਹਾਰ ਅਤੇ ਰਾਖਾ ਵਾਹਿਗੁਰੂ ਨੂੰ ਮੰਨਿਆ ਗਿਆ ਹੈ। ਹਲੀਮੀ (ਧੀਰਜ) ਅਤੇ ਉਚੀ ਮੱਤ ਇਹ ਸਿੱਖ ਦੇ ਉਚੇ ਚੱਲਣ ਨੂੰ ਦਰਸਾਉਂਦੇ ਹਨ। ਇਨ੍ਹਾਂ ਤੋਂ ਬਿਨਾ ਪਰਮਸਤਿ ਨਾਲ ਮਨੁੱਖ ਦਾ ਸੰਵਾਦ ਸੰਭਵ ਨਹੀਂ ਹੈ। ਅਖੀਰ ਵਿਚ ਨਾਮ ਦੇ ਸਹਾਰੇ ਲੱਗ ਕੇ ਚੜ੍ਹਦੀ ਕਲਾ ਵਿਚ ਰਹਿਣ ਅਤੇ ਸਰਬੱਤ ਦਾ ਭਲਾ ਮੰਗਿਆ ਹੈ। ਇਹ ਸਿੱਖ ਚਿੰਤਨ ਦਾ ਮੂਲ ਸਿਧਾਂਤ ਹੈ ਕਿ ਇਥੇ ਕਿਸੇ ਇੱਕ ਜਾਂ ਇਕੱਲੇ ਦਾ ਭਲਾ ਨਹੀਂ ਮੰਗਿਆ। ਅਰਦਾਸ ਵਿਚ ਦਰਸਾਏ ਇਸ ਸਿਧਾਂਤ ਤੋਂ ਥਿੜਕਣਾ ਸਿੱਖ ਧਰਮ ਤੋਂ ਥਿੜਕਣਾ ਹੈ। ਸਿੱਖ ਭਾਵੇਂ ਕਿੰਨੇ ਵੀ ਘੋਰ ਸੰਕਟ ਵਿਚ ਹੋਵੇ ਉਸ ਨੇ ਆਪਣੇ ਸਿਧਾਂਤ ‘ਤੇ ਕਾਇਮ ਰਹਿਣਾ ਹੈ। ਇਹੀ ਉਸ ਦੀ ਚੜ੍ਹਦੀ ਕਲਾ ਦਾ ਰਾਜ਼ ਵੀ ਹੈ ਅਤੇ ਪ੍ਰੇਰਨਾ ਸ੍ਰੋਤ ਵੀ। ਇਸੇ ਕਾਰਨ ਉਹ ਮੁਸ਼ਕਲ ਸਮੇਂ ਦਾ ਸਾਹਮਣਾ ਵੀ ਹੱਸ ਕੇ ਅਤੇ ਧੀਰਜ ਨਾਲ ਕਰਦਾ ਹੈ। ਇਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ।
ਸਿੱਖ ਧਰਮ ਵਿਚ ਅਰਦਾਸ ਦਾ ਵਿਲੱਖਣ ਸਰੂਪ ਅਤੇ ਸਥਾਨ ਹੈ। ਅਰਦਾਸ ਦਾ ਇਹ ਸਰੂਪ ਸਰਬ ਸਮਿਆਂ ਵਾਸਤੇ ਹੈ ਭਾਵੇਂ ਖੁਸ਼ੀ ਦਾ ਸਮਾਂ ਹੋਵੇ ਅਤੇ ਭਾਵੇਂ ਗਮੀ ਦਾ, ਭਾਵੇਂ ਕੋਈ ਵਕਤ ਹੋਵੇ ਮਸਲਨ ਸਵੇਰ, ਦੁਪਹਿਰ, ਸ਼ਾਮ ਜਾਂ ਰਾਤ ਦਾ ਸਮਾਂ। ਜਦੋਂ ਅਰਦਾਸ ਵਿਚ ਸਿੱਖ ਆਪਣੀ ਇੱਛਾ ਨੂੰ ਵਾਹਿਗੁਰੂ ਦੀ ਇੱਛਾ ਦੇ ਅਧੀਨ ਕਰ ਦਿੰਦਾ ਹੈ ਅਤੇ ਵਾਹਿਗੁਰੂ ਤੋਂ ਭਾਣਾ ਮੰਨਣ ਦਾ ਅਤੇ ਹੁਕਮ ਵਿਚ ਚੱਲਣ ਦਾ ਬਲ ਮੰਗਦਾ ਹੈ ਤਾਂ ਉਸ ਦਾ ਮਨ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਇਸੇ ਲਈ ਸਿੱਖ ਕਰੜੀ ਤੋਂ ਕਰੜੀ ਮੁਸੀਬਤ ਵਿਚ ਘਬਰਾਉਂਦਾ ਨਹੀਂ। ਉਸ ਦਾ ਮਨ ਖੁਸ਼ੀ ਅਤੇ ਗਮੀ-ਦੋਹਾਂ ਵਿਚ ਸ਼ਾਂਤ ਰਹਿੰਦਾ ਹੈ। ਇਹ ਉਸ ਦੇ ਸੰਤੁਲਿਤ ਵਿਅਕਤਿਤਵ ਨੂੰ ਦਰਸਾਉਂਦਾ ਹੈ। ਅਰਦਾਸ ਰਾਹੀਂ ਸਿੱਖ ਸਦਾ ਜੂਝਦੇ ਰਹਿਣ ਦੀ ਪ੍ਰੇਰਨਾ ਪ੍ਰਾਪਤ ਕਰਦਾ ਹੈ। ਸਿੱਖ ਦਾ ਮਨ ਜਦੋਂ ਵਾਹਿਗੁਰੂ ਨਾਲ ਇੱਕ-ਮਿੱਕ ਹੁੰਦਾ ਹੈ ਤਾਂ ਉਹ ‘ਨ ਕੋ ਵੈਰੀ ਨਾਹਿ ਬਿਗਾਨਾ ਸਗਲ ਸੰਗਿ ਹਮ ਕੋ ਬਣਿ ਆਈ’ ਦਾ ਧਾਰਨੀ ਹੋ ਜਾਂਦਾ ਹੈ। ਇਸੇ ਲਈ ਅਰਦਾਸ ਵਿਚ ਉਹ ਸਦਾ ‘ਚੜ੍ਹਦੀ ਕਲਾ’ ਅਤੇ ‘ਸਰਬੱਤ ਦਾ ਭਲਾ’ ਦੀ ਮੰਗ ਕਰਦਾ ਹੈ। ਸਿੱਖ ਧਰਮ ਵਿਚ ਅਰਦਾਸ ਇਕੱਲਾ ਮਨੁੱਖ ਤਾਂ ਕਰ ਹੀ ਸਕਦਾ ਹੈ ਪਰ ਇਹ ਸੰਗਤ ਵਿਚ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਕੀਤੀ ਜਾਂਦੀ ਹੈ। ਅਰਦਾਸ ਕਰਨ ਲਈ ਪੁਜਾਰੀ ਜਮਾਤ ਦੀ ਕੋਈ ਮਹੱਤਤਾ ਨਹੀਂ ਹੈ। ਕੋਈ ਵੀ ਸਿੱਖ ਜੋ ਅਰਦਾਸ ਕਰਨਾ ਜਾਣਦਾ ਹੈ, ਉਹ ਕਰ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਅਰਦਾਸ ਗ੍ਰੰਥੀ ਸਿੰਘ ਹੀ ਕਰੇ। ਸਿੱਖ ਧਰਮ ਵਿਚ ਅਰਦਾਸ ਦਾ ਇਹ ਵੀ ਇੱਕ ਵਿਲੱਖਣ ਪੱਖ ਹੈ। ਅਰਦਾਸ ਵਿਚ ਇੱਕ ਨਿਰੰਤਰਤਾ ਹੈ ਜੋ ਸਿੱਖ ਦੇ ਮਨ ਨੂੰ ਸਰਬ ਸਮਿਆਂ ਨਾਲ ਜੋੜੀ ਰੱਖਦੀ ਹੈ।